ਕਿਸਾਨ ਖੁਦਕੁਸ਼ੀਆਂ : ਪੰਜਾਬ ਦੇ ਅੰਕੜੇ ਵਧੇ, ਕੌਮੀ ਪੱਧਰ ‘ਤੇ ਘਟੇ

TeamGlobalPunjab
3 Min Read

-ਅਵਤਾਰ ਸਿੰਘ

ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਧੇ ਹਨ, ਜਦਕਿ ਕੌਮੀ ਪੱਧਰ ‘ਤੇ ਅੰਕੜੇ ਘਟੇ ਹੋਏ ਦਿਖਾਏ ਗਏ ਹਨ। ਰਿਪੋਰਟਾਂ ਮੁਤਾਬਿਕ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਤਾਜ਼ਾ ਰਿਪੋਰਟ ਦੇ ਅੰਕੜਿਆਂ ਅਨੁਸਾਰ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਕਾਫੀ ਘਟ ਗਏ ਹਨ। ਪਰ ਪੰਜਾਬ ਬਾਰੇ ਦਰਸਾਏ ਗਏ ਅੰਕੜੇ ਇਸ ਨਾਲ ਮੇਲ ਨਹੀਂ ਖਾ ਰਹੇ।

ਰਿਪੋਰਟ ਅਨੁਸਾਰ ਸਾਲ 2018 ਦੌਰਾਨ ਦੇਸ਼ ਵਿੱਚ 10,349 ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਵਿੱਚ ਸਾਲ 2017 ਦੇ ਅੰਕੜੇ ਜਾਰੀ ਨਹੀਂ ਕੀਤੇ ਗਏ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ 2016 ‘ਚ ਜਾਰੀ ਕੀਤੀ ਗਈ ਰਿਪੋਰਟ ਵਿੱਚ 11,379 ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਅੰਕੜੇ ਦਰਸਾਏ ਗਏ ਸਨ। ਉਧਰ ਸਾਲ 2018 ਦੇ ਅੰਕੜੇ ਨਸ਼ਰ ਕਰਨ ਲੱਗਿਆਂ ਐੱਨ ਸੀ ਆਰ ਬੀ ਨੇ ਝਿਜਕ ਮਹਿਸੂਸ ਕੀਤੀ ਗਈ ਲੱਗਦੀ ਹੈ।

ਕਿਸਾਨ ਖੁਦਕੁਸ਼ੀਆਂ ਬਾਰੇ ਰਾਜ ਸਰਕਾਰ ਅਤੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵਲੋਂ ਇਕੱਤਰ ਕੀਤੇ ਗਏ ਅੰਕੜੇ ਕੁਝ ਹੋਰ ਕਹਿ ਰਹੇ ਹਨ। ਇਹਨਾਂ ਦਾ ਕਹਿਣਾ ਹੈ ਕਿ ਸਾਲ 2016 ਨਾਲੋਂ ਸਾਲ 2017 ਅਤੇ 2019 ਵਿੱਚ ਕਿਸਾਨਾਂ ਨੇ ਵੱਧ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨ ਖੁਦਕੁਸ਼ੀਆਂ ਬਾਰੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਸਾਲ 2017 ਵਿੱਚ 370, 2018 ਵਿੱਚ 536 ਅਤੇ ਸਾਲ 2019 ਦੌਰਾਨ 501 ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ।

- Advertisement -

ਛਪੀਆਂ ਰਿਪੋਰਟਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਹਲਕਾ ਸੰਗਰੂਰ ਦੇ ਆਗੂ ਸੁਖਪਾਲ ਸਿੰਘ ਕਣਕਵਾਲ ਦਾ ਕਹਿਣਾ ਹੈ ਕਿ ਕਿਸਾਨ ਖੁਦਕੁਸ਼ੀਆਂ ਬਾਰੇ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਡਾਟਾ ਖੁਦਕੁਸ਼ੀਆਂ ਸੰਬੰਧੀ ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ‘ਤੇ ਆਧਾਰਤ ਹੈ। ਉਹਨਾਂ ਅੱਗੇ ਦੱਸਿਆ ਕਿ ਕਰਜ਼ੇ ਨਾਲ ਝੰਬੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦਾ ਅੰਕੜਾ ਅਖਬਾਰਾਂ ਦੀਆਂ ਰਿਪੋਰਟਾਂ ਤੋਂ ਵੀ ਵੱਧ ਹੈ। ਪਰ ਪੰਜਾਬ ਦੇ ਮਾਲ ਮਹਿਕਮੇ ਵੱਲੋਂ ਅਪ੍ਰੈਲ, 2017 ਅਤੇ ਦਸੰਬਰ, 2019 ਦੇ ਵਿਚਕਾਰ ਤਿਆਰ ਕੀਤੀ ਗਈ ਰਿਪੋਰਟ ਵਿੱਚ 452 ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਮੁਆਵਜਾ ਵੀ ਦਿੱਤਾ ਜਾ ਚੁੱਕਾ ਹੈ। ਕਿਸਾਨ ਆਗੂ ਅਨੁਸਾਰ ਪੜਤਾਲ ਕਰਨ ‘ਤੇ ਇਹ ਅੰਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ।

ਸਿਤਮਜ਼ਰੀਫੀ ਇਹ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2013 ਤੋਂ ਫਰਵਰੀ, 2017 ਦੌਰਾਨ ਵੱਧ ਤੋਂ ਵੱਧ 309 ਕਿਸਾਨਾਂ ਨੇ ਖੇਤੀ ਧੰਦੇ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕੀਤੀਆਂ ਹਨ, ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾ ਚੁੱਕਾ ਹੈ।

ਉਧਰ ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੀ ਰਿਪੋਰਟ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਵੇਰਵੇ ਸੂਬੇ ਅਨੁਸਾਰ ਨਹੀਂ ਹਨ। ਉਹ ਪੰਜਾਬ ਦੇ ਅੰਕੜੇ ਬਿਊਰੋ ਤੋਂ ਲੈਣਗੇ। ਉਹਨਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਉਹਨਾਂ ਨੂੰ ਨਿਯਮ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਣਗੇ। ਉਹ ਪੀੜਤ ਪਰਿਵਾਰਾਂ ਨਾਲ ਵੀ ਸੰਪਰਕ ਕਰਨਗੇ।

Share this Article
Leave a comment