ਲਾਜ਼ਮੀ ਹੈ ਔਰਤਾਂ ਦਾ ਭਾਵਨਾਤਮਕ ਤੌਰ ‘ਤੇ ਮਜ਼ਬੂਤ ਹੋਣਾ

TeamGlobalPunjab
5 Min Read

-ਅਸ਼ਵਨੀ ਚਤਰਥ;

ਇੱਕ ਔਰਤ ਆਪਣੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ ਅਨੇਕਾਂ ਮੁਸ਼ਕਲ ਇਮਤਿਹਾਨਾਂ ਵਿੱਚੋਂ ਲੰਘਦੀ ਹੈ ਅਤੇ ਇਸ ਦੌਰਾਨ ਉਸ ਨੂੰ ਜੀਵਨ ਦੇ ਵੱਖ ਵੱਖ ਪੜਾਵਾਂ ਵਿੱਚ ਤਿੰਨ ਤਿੰਨ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਹਰੇਕ ਪੜਾਅ ਉੱਤੇ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮੀ ਕਲਾਕਾਰ ਦੀ ਤਰ੍ਹਾਂ ਇੱਕ ਮਹਿਲਾ ਜੀਵਨ ਭਰ ਅਨੇਕਾਂ ਕਿਰਦਾਰ ਨਿਭਾਉਂਦੀ ਹੈ, ਉਹ ਕਦੇ ਧੀ, ਕਦੇ ਭੈਣ, ਪਤਨੀ, ਨੂੰਹ ਅਤੇ ਕਦੇ ਮਾਂ ਆਦਿ ਅਨੇਕਾਂ ਕਿਰਦਾਰ ਨਿਭਾਉਂਦੀ ਆਪਣਾ ਜੀਵਨ ਬਤੀਤ ਕਰਦੀ ਹੈ। ਪਰ ਦੋਵਾਂ ਦੇ ਕਿਰਦਾਰਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇੱਕ ਫਿਲਮੀ ਕਲਾਕਾਰ ਨੂੰ ਤਾਂ ਤਿੰਨ ਘੰਟਿਆਂ ਲਈ ਆਪਣੀ ਅਦਾਕਾਰੀ ਦਾ ਮੁਜ਼ਾਹਰਾ ਕਰਨਾ ਹੁੰਦਾ ਹੈ ਜਦਕਿ ਇੱਕ ਔਰਤ ਨੂੰ ਅਸਲੀ ਜ਼ਿੰਦਗੀ ਵਿੱਚ ਅਨੇਕਾਂ ਤਕਲੀਫਾਂ ਨਾਲ ਦੋ ਚਾਰ ਹੁੰਦੇ ਹੋਏ ਚੁਣੌਤੀਪੂਰਨ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਅਤੇ ਉਹ ਵੀ ਜੀਵਨ ਭਰ ਬਦਲਦੇ ਹੋਏ ਰੂਪਾਂ ਵਿੱਚ।

ਇਸ ਦੌਰਾਨ ਉਸ ਨੂੰ ਅਣਗਿਣਤ ਸ਼ਰੀਰਕ, ਮਾਨਸਿਕ ਅਤੇ ਭਾਵਨਾਤਮਕ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ ਜਿਸ ਲਈ ਉਸ ਦੀ ਭਾਵਨਾਤਮਕ ਤੌਰ ‘ਤੇ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ। ਇਨ੍ਹਾਂ ਸਾਰੇ ਹਕੀਕੀ ਕਿਰਦਾਰਾਂ ਨੂੰ ਸਿਰੇ ਚੜ੍ਹਾਉਣ ਲਈ ਇੱਕ ਭਾਰਤੀ ਮਹਿਲਾ ਨੂੰ ਸਲਾਮ ਕਰਨਾ ਬਣਦਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਔਰਤ ਨੂੰ ਹਰ ਕਦਮ ਉੱਤੇ ਇੱਕ ਨਵੀਂ ਪਰਖ ਵਿੱਚੋਂ ਲੰਘਣਾ ਪੈਂਦਾ ਹੈ। ਉਸ ਦੇ ਇਮਤਿਹਾਨਾਂ ਦੀ ਸ਼ੁਰੂਆਤ ਜਨਮ ਲੈਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਬੱਚੇ ਦੇ ਜੰਮਣ ਤੋਂ ਪਹਿਲਾਂ ਹੀ ਘਰ ਦੇ ਜੀਅ ਇੱਕ ਮੁੰਡੇ ਦੇ ਜੰਮਣ ਦੀ ਆਸ ਲਗਾਈ ਰੱਖਦੇ ਹਨ ਅਤੇ ਲੜਕੀ ਦੇ ਪੈਦਾ ਹੋਣ ਨੂੰ ਇੱਕ ਪਹਾੜ ਜਿਹਾ ਆ ਡਿੱਗਿਆ ਸਮਝ ਵਾਂਗ ਲਿਆ ਜਾਂਦਾ ਹੈ। ਕਈ ਵਾਰ ਤਾਂ ਲੋਕ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਟੈਸਟ ਕਰਵਾ ਕੇ ਲੜਕੀ ਨੂੰ ਜਹਾਨ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਕਰਨ ਦਾ ਗੁਨਾਹ ਵੀ ਕਰਦੇ ਹਨ।

ਜੇਕਰ ਇਹ ਪੜਾਅ ਪਾਰ ਕਰਕੇ ਇੱਕ ਲੜਕੀ ਦੁਨੀਆਂ ਵਿੱਚ ਆ ਵੀ ਜਾਵੇ ਤਾਂ ਉਸ ਦੀ ਲੜੀਵਾਰ ਪਰਖ ਦੀ ਪ੍ਰਤੀਕਿਰਿਆ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਘਰੇਲੂ ਕੰਮਕਾਜ ਕਰਦਿਆਂ, ਭੋਜਨ ਪਰੋਸਦਿਆਂ ਜਾਂ ਪੜ੍ਹਾਈ ਵੱਲ ਕਦਮ ਵਧਾਉਂਦਿਆਂ ਹਰ ਕਦਮ ਉੱਤੇ ਲੜਕੇ ਤੋਂ ਬਾਅਦ ਹੀ ਉਸ ਨੂੰ ਜਗ੍ਹਾ ਦਿੱਤੀ ਜਾਂਦੀ ਹੈ। ਇਹ ਭਾਰਤੀ ਸਮਾਜ ਦੀ ਪਿਛਾਂਹ-ਖਿੱਚੂ ਸੋਚ ਹੀ ਹੈ ਜਿਸ ਕਰਕੇ ਮਾਂ ਪਿਉ ਲੜਕੀ ਨੂੰ ਬੇਗਾਨਾਪਨ ਕਹਿੰਦੇ ਹਨ ਅਤੇ ਉਸ ਨੂੰ ਜਿੰਮੇਵਾਰੀ ਦਖ ਪੰਡ ਸਮਝ ਕੇ ਪਰਿਵਾਰ ਲਈ ਬੋਝ ਮੰਨਦੇ ਹਨ। ਜ਼ਮਾਨੇ ਦੀ ਭੈੜੀ ਨਜ਼ਰ ਅਤੇ ਸਮਾਜ ਵਿੱਚ ਵਾਪਰਦੀਆਂ ਭਿਆਨਕ ਘਟਨਾਵਾਂ ਕਾਰਨ ਬੱਚੀਆਂ ਨੂੰ ਪੜ੍ਹਨ-ਲਿਖਣ ਜਾਂ ਕੰਮਕਾਜ ਲਈ ਬਾਹਰ ਜਾਣ ਸਮੇਂ ਵੀ ਮਾਪਿਆਂ ਦਾ ਧਿਆਨ ਹਰ ਸਮੇਂ ਉਹਨਾ ਵੱਲ ਹੀ ਲੱਗਾ ਰਹਿੰਦਾ ਹੈ।

- Advertisement -

ਵਿਆਹ ਮਗਰੋਂ ਸਹੁਰੇ ਘਰ ਵਿੱਚ ਤਾਂ ਲੜਕੀ ਲਈ ਹੋਰ ਵੀ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਉੱਥੇ ਉਸ ਨੂੰ ਇੱਕ ਹਰਫਨ ਮੌਲਾ ਖਿਡਾਰੀ ਦੀ ਤਰ੍ਹਾਂ ਹਰ ਕੰਮ ਵਿੱਚ ਸੰਪੂਰਨ ਅਤੇ ਨਿਪੁੰਨ ਮਹਿਲਾ ਸਮਝ ਲਿਆ ਜਾਦਾ ਹੈ ਅਤੇ ਕਿਸੇ ਵੀ ਕੰਮ ਵਿੱਚ ਛੋਟੀ ਜਿਹੀ ਗਲਤੀ ਦੀ ਉਮੀਦ ਵੀ ਉਸ ਕੋਲੋਂ ਨਹੀਂ ਕੀਤੀ ਜਾਂਦੀ। ਲੜਕੀ ਨੂੰ ਉਸ ਦੀਆਂ ਛੋਟੀਆਂ ਛੋਟੀਆਂ ਗਲਤੀਆ ਵਾਸਤੇ ਟੋਕਿਆ ਜਾਂਦਾ ਹੈ ਅਤੇ ਗਲਤੀ ਕਰਨ ਤੇ ਉਸ ਦੇ ਮਾਪਿਆਂ ਨੂੰ ਚੰਗਾ-ਮਾੜਾ ਵੀ ਬੋਲਿਆ ਜਾਦਾ ਹੈ। ਉਸ ਵੇਲੇ ਲੜਕੀ ਭਾਰੀ ਭਾਵਨਾਤਮਕ ਇਮਤਿਹਾਨ ਵਿੱਚੋਂ ਲੰਘ ਰਹੀ ਹੁੰਦੀ ਹੈ।

ਇਸ ਸਮੇਂ ਜੇਕਰ ਉਸ ਦਾ ਜੀਵਨ ਸਾਥੀ ਸਹਿਯੋਗੀ ਹੋਵੇ ਤਾਂ ਇਹ ਪਰਖ ਕੁਝ ਸੁਖਾਲੀ ਹੋ ਜਾਂਦੀ ਹੈ। ਵਿਆਹੁਤਾ ਜੀਵਨ ਵਿੱਚ ਇੱਕ ਵਾਰ ਫਿਰ ਪਹਿਲੇ ਵਾਲੀ ਚੁਣੌਤੀ ਸਾਹਮਣੇ ਆ ਖਲੌਂਦੀ ਹੈ ਜਦੋਂ ਉਸ ਕੋਲੋਂ ਇੱਥ ਲੜਕੇ ਨੂੰ ਜਨਮ ਦੇਣ ਦੀ ਆਸ ਰੱਖੀ ਜਾਂਦੀ ਹੈ। ਇਸ ਪੜਾਅ ਉੱਤੇ ਇੱਕ ਵਾਰ ਫਿਰ ਲੜਕੀ ਦੀ ਮਾਨਸਿਕ ਪਰਖ ਹੁੰਦੀ ਹੈ ਅਤੇ ਉਸ ਦਾ ਭਾਵਨਾਤਮਕ ਤੌਰ ‘ਤੇ ਮਜ਼ਬੂਤ ਬੇਹੱਦ ਲਾਜ਼ਮੀ ਹੁੰਦਾ ਹੈ। ਕੰਮਕਾਜੀ ਮਹਿਲਾਵਾਂ ਨੂੰ ਤਾਂ ਹੋਰ ਵੀ ਸ਼ਰੀਰਕ, ਮਾਨਸਿਕ ਅਤੇ ਭਾਵਨਾਤਮਕ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ ਜਦੋਂ ਉਹਨਾਂ ਨੂੰ ਘਰ ਅਤੇ ਕੰਮਕਾਜ ਵਾਲੀ ਥਾਂ ਉੱਤੇ ਕੰਮ ਕਰਦਿਆਂ ਦੋਹਰੀ ਜਿੰਮੇਵਾਰੀ ਨਿਭਾਉਣੀ ਪੈਂਦੀ ਹੈ। ਇਸ ਤੋਂ ਅਗਲਾ ਪੜਾਅ ਜਿਸ ਵਿੱਚ ਇੱਕ ਔਰਤ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਘਰ ਸੰਭਾਲਣਾ ਅਤੇ ਬੱਚਿਆਂ ਦਾ ਭਵਿੱਖ ਸੰਵਾਰਨਾ ਇੱਕ ਭਾਰੀ ਜਿੰਮੇਵਾਰੀ ਦਾ ਕੰਮ ਹੁੰਦਾ ਹੈ।

ਅਕਸਰ ਵੇਖਿਆ ਜਾਂਦਾ ਹੈ ਕਿ ਘਰ ਤੋਂ ਬਾਹਰ ਜਾਂਦੇ ਜੀਅ ਆਪਦੇ ਆਪਣੇ ਖੇਤਰਾਂ ਵਿੱਚ ਮਿਲਦੀਆਂ ਪ੍ਰੇਸ਼ਾਨੀਆਂ ਦੀ ਭੜਾਸ ਵੀ ਘਰ ਦੀ ਮਹਿਲਾ ਉੱਤੇ ਹੀ ਕੱਢਦੇ ਹਨ। ਇੱਥੋਂ ਤੱਕ ਕਿ ਬੱਚਿਆਂ ਅਤੇ ਘਰ ਦੇ ਮਰਦਾਂ ਨੂੰ ਸਹਿਪਾਠੀਆਂ ਅਤੇ ਸਹਿਕਰਮੀਆਂ ਵੱਲੋਂ ਮਿਲ ਰਹੀਆਂ ਜਜਬਾਤੀ ਪ੍ਰੇਸ਼ਾਨੀਆਂ ਦੂਰ ਕਰਨ ਲਈ ਗੁੱਸੇ ਦਾ ਸ਼ਿਕਾਰ ਵੀ ਅਕਸਰ ਘਰ ਦੀ ਮਹਿਲਾ ਨੂੰ ਹੀ ਹੋਣਾ ਪੈਂਦਾ ਹੈ । ਬੱਚੇ ਤਾਂ ਗੁੱਸੇ ਵਿੱਚ ਆਪਣੀ ਮਾਂ ਨੂੰ ਪਰਾਣੇ ਵਿਚਾਰਾਂ ਵਾਲੀ ਅਤੇ ਪੁਰਾਣੇ ਜ਼ਮਾਨੇ ਦੀ ਕਹਿ ਕੇ ਸੰਬੋਧਨ ਕਰਦੇ ਹਨ।

ਇੰਝ ਕਹਿ ਲਓ ਕਿ ਇੱਕ ਔਰਤ ਨੂੰ ਸਾਰੀ ਉਮਰ ਜ਼ਜਬਾਤੀ ਸਦਮਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਸ ਦਾ ਸ਼ਰੀਰਕ ਅਤੇ ਮਾਨਸਿਕ ਤੰਦਰੁਸਤ ਹੋਣ ਦੇ ਨਾਲ ਨਾਲ ਭਾਵਨਾਤਮਕ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ।

Share this Article
Leave a comment