Home / ਓਪੀਨੀਅਨ / ਵਿਸ਼ਵ ਨਸ਼ਾ ਵਿਰੋਧੀ ਦਿਵਸ – ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ ਪੰਜਾਬ ‘ਚੋਂ ?

ਵਿਸ਼ਵ ਨਸ਼ਾ ਵਿਰੋਧੀ ਦਿਵਸ – ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ ਪੰਜਾਬ ‘ਚੋਂ ?

– ਅਵਤਾਰ ਸਿੰਘ;

ਅੱਜ 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਨਾਲ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨਸ਼ੇੜੀ ਨੌਜਵਾਨ ਆਪਣੇ ਟੱਬਰਾਂ ‘ਤੇ ਹਮਲਾ ਕਰ ਦਿੰਦੇ ਹਨ।

ਨਸ਼ੇ ਦੀ ਅਲਾਮਤ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਲਈ ਅਕਸਰ ਜੁਰਮ ਦੀ ਦੁਨੀਆਂ ਵਿੱਚ ਚਲੇ ਜਾ ਰਹੇ ਹਨ ਜਿਸ ਦਾ ਖਾਮਿਆਜਾ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਸਮੱਸਿਆ ਬਣ ਚੁੱਕਾ ਹੈ ਅਤੇ 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਹੀ ਸੱਤਾ ਵਿੱਚ ਆਈ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖ਼ਾ ਕੇ ਕਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਵਿੱਚੋਂ ਨਸ਼ਾ 4 ਹਫ਼ਤਿਆਂ ਵਿੱਚ ਖ਼ਤਮ ਕਰ ਦੇਣਗੇ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ 4 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪੰਜਾਬ ਦੇ ਹਾਲਤ ਪਹਿਲਾ ਨਾਲੋਂ ਵੀ ਬਦਤਰ ਹੋ ਚੁੱਕੇ ਹਨ।

ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਮੁੰਡਿਆਂ ਦੀਆ ਖ਼ਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਨੂੰ ਚੀਕ ਚੀਕ ਕੇ ਕਹਿ ਰਹੀਆਂ ਹੁੰਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਨਸ਼ੇ ਨੂੰ ਖ਼ਤਮ ਕਰਨ ਦੀ ਸਹੁੰ ਨਹੀਂ ਖਾਧੀ ਸੀ ਉਨ੍ਹਾਂ ਨੇ ਤਾਂ ਨਸ਼ੇ ਦੇ ਲੱਕ ਤੋੜਨ ਦੀ ਸਹੁੰ ਖਾਧੀ ਸੀ ਇਸ ਲਈ ਉਨ੍ਹਾਂ ਨੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਨਸ਼ੇ ਦੇ ਟੁੱਟੇ ਲੱਕ ਦੀ ਅਸਲੀਅਤ ਬਿਆਨ ਅੱਜ ਦੇ ਅਖ਼ਬਾਰ ਕਰ ਰਹੇ ਹਨ।ਜੇਕਰ ਕੈਪਟਨ ਸਾਹਿਬ ਇਸ ਨੂੰ ਨਸ਼ੇ ਦਾ ਲੱਕ ਤੋੜਨਾ ਕਹਿੰਦੇ ਹਨ ਤਾਂ ਫਿਰ ਉਹ ਮੰਜਰ ਕਿ ਹੋਵੇਗਾ ਜਿਸ ਵਿੱਚ ਸਰਕਾਰ ਦੀ ਨਜ਼ਰ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੋਵੇਗਾ।

ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ ਪਰ ਧਰਾਤਲ ਪੱਧਰ ‘ਤੇ ਸਚਾਈ ਕੁੱਝ ਹੋਰ ਹੈ ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਗਰਕ ਰਹੇ ਹਨ। ਸਰਕਾਰ ਕਹਿੰਦੀ ਹੈ ਨੌਜਵਾਨਾਂ ਨੂੰ ਨਸ਼ੇ ਛੁਡਵਾਉਣ ਲਈ ਉਹ ਨਸ਼ਾ ਛੁਡਾਓ ਕੇਂਦਰ ਖੋਲ੍ਹ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਚਲੇ ਜਾ ਰਹੇ ਹਨ। ਸਰਕਾਰ ਜੇ ਸਮੁੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਲਈ ਚੰਗੀ ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਏ।

ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਉਣ ਦੀ ਸ਼ੁਰੂਆਤ ਨਿਉਯਾਰਕ ਵਿਖੇ ਯੂ ਐਨ ਉ ਦੇ ਇਜਲਾਸ ਵਿੱਚ 7 ਦਸੰਬਰ 1987 ਨੂੰ ਵਿਸ਼ੇਸ ਮਤਾ ਪਾਉਣ ਨਾਲ ਹੋਈ। ਜਿਸ ਅਨੁਸਾਰ ਹਰ ਸਾਲ 26 ਜੂਨ 1988 ਤੋਂ ‘ਵਿਸ਼ਵ ਨਸ਼ਾ ਵਿਰੋਧੀ ਦਿਵਸ (ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਵਿਰੋਧੀ ਦਿਵਸ) ਮਨਾਉਣ ਦਾ ਫੈਸਲਾ ਕੀਤਾ ਗਿਆ।

ਚੀਨ ਦੇ ਦੱਖਣੀ ਤੱਟ ‘ਤੇ ਸਥਿਤ ਰਾਜ ਗੁਆਂਗਡਾਂਗ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਜੋਰ ਸੀ। ਉਥੋਂ ਦੇ ਵਿਦਵਾਨ ਲਿਨ ਯੈਂਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਵਿੱਚ ਅਫੀਮ ਦੇ ਵਪਾਰ ਵਿਰੋਧ ਚਲਾਈ ਮੁਹਿੰਮ ਵਿੱਚ ਕਾਮਯਾਬੀ ਹਾਸਲ ਕੀਤੀ। ਉਸ ਦੇ ਜਨਮ ਦਿਨ ਨੂੰ ਇਹ ਦਿਵਸ ਸਮਰਪਿਤ ਹੈ। ਨਸ਼ਾ ਕੀ ਹੈ? “ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿੰਦੇ ਹਨ।”

ਸ਼ਰਾਬ ਤੋਂ ਅਗਲਾ ਨਸ਼ਾ ਤੰਬਾਕੂ ਹੈ ਜੋ ਸਸਤਾ ਤੇ ਹਰ ਥਾਂ ਤੇ ਮਿਲਣ ਕਾਰਨ ਹਰੇਕ ਦੀ ਪਹੁੰਚ ਵਿੱਚ ਹੈ। ਭਾਰਤ ਵਿੱਚ ਹਰ ਸਾਲ ਦਸ ਲੱਖ ਤੋਂ ਵੱਧ ਮੌਤਾਂ ਤੰਬਾਕੂ ਨਾਲ ਸਬੰਧਤ ਸਿਗਰਟ, ਬੀੜੀ ਆਦਿ ਨਾਲ ਹੁੰਦੀਆਂ ਹਨ। ਪੰਜਾਬ ਵਿੱਚ 15 ਸਾਲ ਤੋਂ ਉਪਰ 24 ਲੱਖ ਲੋਕਾਂ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਵਰਤੋਂ ਕਰਦੇ ਹਨ। ਅੱਜ ਕੱਲ ਵੱਧ ਰਿਹਾ ਨਸ਼ਾ ਸਮੈਕ ਤੇ ਹੈਰੋਇਨ ਦਾ ਹੈ, ਜਿਹੜਾ ਰੋਜਾਨਾ ਕਈ ਘਰ ਤਬਾਹ ਕਰ ਰਿਹਾ ਹੈ।

ਅਸ਼ਲੀਲ ਤੇ ਚਿਟੇ ਬਾਰੇ ਗਾਇਕ ਵੀਤ ਬਲਜੀਤ ਤੇ ਸੰਨੀ ਬਰਾੜ ਦੇ ਗੀਤ “ਬਾਰਡਰ ਨਹੀਂ ਟੱਪਦਾ ਚਿੱਟਾ,ਓ ਮੁੰਡਾ ਲੁਧਿਆਣੇ ਉਡੀਕਦਾ।” ਤੇ “ਓ ਕੁੜੀ ਚਿੱਟੇ ਰੰਗ ਦੀ,ਜੱਟ ਚਿੱਟੇ ਤੇ ਮਰਦਾ।” ਇਹ ਕੀ ਸੁਨੇਹਾ ਦੇਣਾ ਚਾਹੁੰਦੇ ਨਵੀਂ ਪੀੜੀ ਨੂੰ।ਅਫੀਮ,ਭੰਗ,ਪੋਸਤ, ਗਾਂਜਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ ਆਦਿ ਅਨੇਕਾਂ ਨਸ਼ੇ ਹਨ। ਪਾਕਿ ਸਰਹੱਦ `ਤੇ ਸੀਮਾ ਸੁਰੱਖਿਆ ਬਲ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਪੰਜ ਕਰੋੜ ਰੁਪਏ ਦੱਸਿਆ ਜਾਂਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ-ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜ ਤੋਂ ਢਾਈ ਕਰੋੜ ਰੁਪਏ ਦੇ ਕਰੀਬ ਹੈ। ਥਾਈਲੈਂਡ, ਮਲੇਸ਼ੀਆ ਤੇ ਖਾੜੀ ਦੇ ਦੇਸ਼ਾਂ `ਚ ਇਸ ਦਾ ਰੇਟ ਇਕ ਕਰੋੜ ਤੇ ਅਮਰੀਕਾ, ਯੂਰਪ ਤੇ ਆਸਟਰੇਲੀਆ ਆਦਿ `ਚ ਇਸ ਦੀ ਕੀਮਤ ਦੋ ਤੋਂ ਢਾਈ ਕਰੋੜ ਦੇ ਵਿਚਾਲੇ ਰਹਿੰਦਾ ਹੈ।

ਭਾਰਤ `ਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ-ਵੱਖ ਸੂਬਿਆਂ `ਚ ਹੀ ਵਿਕਦਾ ਹੈ, ਜਦੋਂਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਸਮੱਗਲਰ ਹੋ ਰਹੀ ਹੈ।ਪੁਲਿਸ ਸੂਤਰਾਂ ਮੁਤਾਬਕ ਅਫਗਾਨਿਸਤਾਨ `ਚ ਹੈਰੋਇਨ ਦੀ ਕੀਮਤ ਸਵਾ ਤੋਂ ਡੇਢ ਲੱਖ ਰੁਪਏ ਪ੍ਰਤੀ ਕਿਲੋ ਹੈ, ਹਿੰਦ-ਪਾਕਿ ਸਰਹੱਦ `ਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ `ਤੇ ਇਸ ਦੀ ਕੀਮਤ ਢਾਈ ਲੱਖ ਰੁਪਏ ਅਤੇ ਸਰਹੱਦ ਪਾਰ ਕਰਨ ਪਿੱਛੋਂ ਤਿੰਨ ਲੱਖ ਰੁਪਏ ਹੋ ਜਾਂਦੀ ਹੈ।

ਹਿੰਦ-ਪਾਕਿ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਲਈ ਸਮੱਗਲਰਾਂ ਨੂੰ ਪ੍ਰਤੀ ਕਿਲੋ 50 ਹਜ਼ਾਰ ਰੁਪਏ ਮਿਲਦੇ ਹਨ ਤੇ ਬਹੁਤੀ ਵਾਰ ਇਹ ਵੀ ਨਕਦੀ ਦੀ ਥਾਂ ਹੈਰੋਇਨ ਦੇ ਰੂਪ `ਚ ਦਿੱਤੇ ਜਾਂਦੇ ਹਨ,ਜਿਸ ਨੂੰ ਇਹ ਸਮੱਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਹਨ।ਦਿੱਲੀ ਵਿਖੇ ਪੁੱਜਣ `ਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ, ਮੁੰਬਈ,ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੱਕ ਪੁੱਜਣ `ਤੇ ਇਸ ਦੀ ਕੀਮਤ 20 ਤੋਂ 25 ਲੱਖ ਹੋ ਜਾਂਦੀ ਹੈ।

ਸਰਵੇ ਅਨੁਸਾਰ 15-24 ਸਾਲ ਦੇ 73.6% ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਹਨ।ਬੇਰੁਜ਼ਗਾਰ 45%,ਅਨਪੜ 27%,ਪੜੇ ਲਿਖੇ 23%,ਵਿਦਿਆਰਥੀ 26%, ਮਜਦੂਰ 17%, ਕਿਸਾਨ 7:5,ਵਪਾਰੀ 5%, ਨੌਕਰੀ ਪੇਸ਼ਾ 5%, ਪੁਲਿਸ 15% ਨਸ਼ੇ ਕਰਦੇ ਹਨ। ਨਸ਼ਿਆਂ ਕਾਰਨ 70% ਚੋਰੀਆਂ ਤੇ ਲੁੱਟ-ਮਾਰ, 80% ਐਕਸੀਡੈਂਟ, 69% ਬਲਾਤਕਾਰ, 70% ਘਰਾਂ ਵਿਚ ਝਗੜੇ ਤੇ 60% ਬਿਮਾਰੀਆਂ ਲੱਗਦੀਆਂ ਹਨ।

Check Also

ਰਿਆਇਤਾਂ ਅਤੇ ਲੁਭਾਉਣੇ ਸੁਪਨੇ, ਗਰੀਬ ਦਾ ਢਿੱਡ ਨਹੀਂ ਭਰ ਸਕਦੇ

ਗੁਰਮੀਤ ਸਿੰਘ ਪਲਾਹੀ     ਇਹ ਕਿਹੋ ਜਿਹਾ ਵਿਕਾਸ ਹੈ ਕਿ ਇੱਕ ਪਾਸੇ ਦੇਸ਼ ਦੀ …

Leave a Reply

Your email address will not be published. Required fields are marked *