ਪੰਜਾਬ ਕਾਂਗਰਸ ਦਾ ਘਰੇਲੂ ਕਲੇਸ਼ – ਕਿਸ ਨੇ ਗੱਡ ਦਿੱਤਾ ਘਰ ਵਿੱਚ ਸੇਹ ਦਾ ਤੱਕਲਾ ?

TeamGlobalPunjab
5 Min Read

-ਅਵਤਾਰ ਸਿੰਘ

ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਜ਼ੋਰਾਂ ‘ਤੇ ਹੈ। ਇਸ ਲਹਿਰ ਨੇ ਪਹਿਲਾਂ ਨਾਲੋਂ ਆਪਣਾ ਜ਼ੋਰ ਵੱਧ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹੁਣ ਪੰਜਾਬ ਸਮੇਤ ਕਈ ਸੂਬਿਆਂ ਦੇ ਪਿੰਡਾਂ ਵਿੱਚ ਵੜ ਗਈ ਹੈ। ਹਰ ਰੋਜ਼ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਮਰੀਜ਼ਾਂ ਨੂੰ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਲੋਕ ਆਪਣਿਆਂ ਦਾ ਅੰਤਿਮ ਵਿਛੋੜਾ ਦੇਖ ਕੇ ਕੁਰਲਾ ਰਹੇ ਹਨ। ਇਕ ਪਾਸੇ ਪ੍ਰਫੁਲਤ ਕਹਾਉਣ ਵਾਲੇ ਪੰਜਾਬ ਵਿੱਚ ਅਜਿਹਾ ਮਾਹੌਲ ਹੈ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਵਜ਼ੀਰਾਂ ਅਤੇ ਆਗੂਆਂ ਵਿਚਕਰ ਅਜਿਹਾ ਗ੍ਰਹਿ ਯੁੱਧ ਛਿੜ ਗਿਆ ਹੈ ਕਿ ਉਹ ਆਪਣਿਆਂ ਖਿਲਾਫ ਹੀ ਦੋ ਚਾਰ ਹੋ ਰਹੇ ਹਨ। ਇਹ ਗ੍ਰਹਿ ਯੁੱਧ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ।

ਪੰਜਾਬ ਦੀ ਨਵੀਂ ਸਫਬੰਦੀ ਅਨੁਸਾਰ ਅੱਜ ਮੰਗਲਵਾਰ ਨੂੰ ਇਕ ਦੂਜੇ ਦੇ ਪਾਰਟੀ ਵਿਰੋਧੀ ਰਹੇ ਕਾਂਗਰਸ ਦੇ ਰਾਜ ਸਭ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਨਵੇਂ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਮੁਲਾਕਾਤ ਕੀਤੀ ਹੈ। ਇਸ ਨੂੰ ਸਿਆਸੀ ਐਨਕਾਂ ਵਿੱਚ ਹੋਰ ਹੀ ਤਰ੍ਹਾਂ ਦੇਖਿਆ ਜਾਂਦਾ ਹੈ।

ਇਸੇ ਤਰ੍ਹਾਂ ਸੋਮਵਾਰ ਨੂੰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਦੇ ਛਾਉਣੀ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸ਼ਰੇਆਮ ਬਗਾਵਤੀ ਸੁਰਾਂ ਅਲਾਪ ਦਿੱਤੀਆਂ ਹਨ। ਦੂਜੇ ਪਾਸੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਚੇਅਰਪਰਸਨ ਨੇ ਕਿਹਾ ਕਿ ਚੰਨੀ ਵੱਲੋਂ ਸਾਲ 2018 ਵਿੱਚ ਇੱਕ ਮਹਿਲਾ ਅਫ਼ਸਰ ਨੂੰ ਭੇਜੇ ਗਏ ਅਸ਼ਲੀਲ ‘ਵਟਸਐਪ’ ਮੈਸੇਜ ਦੇ ਸੰਬੰਧ ਵਿੱਚ ਰਾਜ ਸਰਕਾਰ ਇੱਕ ਹਫ਼ਤੇ ਦੇ ਵਿੱਚ ਕਾਰਵਾਈ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਾਰਵਾਈ ਨਾ ਹੋਈ ਤਾਂ ਚੰਡੀਗੜ੍ਹ ਦੇ ਮਟਕਾ ਚੌਕ ਵਿੱਚ ਧਰਨਾ ਦਿੱਤਾ ਜਾਵੇਗਾ।

- Advertisement -

ਪਿਛਲੇ ਦਿਨਾਂ ਤੋਂ ਮੀਡੀਆ ਵਿੱਚ ਚੱਲ ਰਹੀਆਂ ਇਨ੍ਹਾਂ ਖ਼ਬਰਾਂ ਤੋਂ ਲਗਦਾ ਕਿ ਸੂਬੇ ਵਿੱਚ ਕ੍ਰੋਨਾਗ੍ਰਸ੍ਤ ਲੋਕਾਂ ਦਾ ਹਾਲ-ਚਾਲ ਪੁੱਛਣ ਵਿਚ ਇਨ੍ਹਾਂ ਆਗੂਆਂ ਦੀ ਕੋਈ ਦਿਲਚਸਪੀ ਨਹੀਂ ਹੈ। ਮੁੱਖ ਮੰਤਰੀ ਦਾ ਧੜਾ ਬਗਾਵਤੀ ਸੁਰਾਂ ਮੱਠੀਆਂ ਕਰਨ ਵਿੱਚ ਰੁਝਿਆ ਹੋਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਈ ਵਿਧਾਇਕਾਂ ਨੇ ਮੀਟਿੰਗ ਕਰਕੇ ਮੁੱਖ ਮੰਤਰੀ ਧੜੇ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਤਿਆਰੀ ਕਰ ਲਈ ਹੈ। ਪਰ ਕਾਂਗਰਸ ਆਗੂਆਂ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਮਾਮਲਿਆਂ ਨੂੰ ਨਜਿੱਠਣ ਲਈ ਥਾਪੇ ਗਏ ਹਰੀਸ਼ ਰਾਵਤ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਇਸ ਭਖਵੇਂ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਸ਼ ਕੀਤੀ ਹੈ।

ਕੱਲ੍ਹ ਵਿਧਾਇਕ ਪਰਗਟ ਸਿੰਘ ਨੇ ਚੰਡੀਗੜ੍ਹ ’ਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਇਕ ਸਨਸਨੀਖੇਜ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਸ ਨੂੰ ਫੋਨ ‘ਤੇ ਧਮਕੀ ਦਿੱਤੀ ਕਿ ਬਗਾਵਤ ਕਰਨੀ ਬੰਦ ਕਰ ਦੇਵੇ ਨਹੀਂ ਤਾਂ ਇਸ ਦੇ ਨਤੀਜੇ ਮਾੜੇ ਨਿਕਲਣਗੇ। ਪਰਗਟ ਸਿੰਘ ਨੇ ਇਥੋਂ ਤਕ ਕਿਹਾ ਕਿ ਜੇ ਬੇਅਦਬੀ ਮਾਮਲਿਆਂ ’ਤੇ ਲੋਕਾਂ ਨੂੰ ਇਨਸਾਫ਼ ਨਾ ਮਿਲਣ, ਨਾਜਾਇਜ਼ ਮਾਈਨਿੰਗ, ਸ਼ਰਾਬ ਦੀ ਕਾਲਾਬਾਜ਼ਾਰੀ ਅਤੇ ਹੋਰ ਮੁੱਦਿਆਂ ’ਤੇ ਗੱਲ ਕਰਨੀ ਗਲਤ ਹੈ ਤਾਂ ਉਹ “ਆਪਣੀ” ਸਰਕਾਰ ਦੀ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕਾਂਗਰਸੀ ਵਿਧਾਇਕ ਨੇ ਹਰ ਕਾਰਵਾਈ ਝੱਲਣ ਲਈ ਸਿੱਧੀ ਚੁਣੌਤੀ ਦੇ ਦਿੱਤੀ ਹੈ।

ਪਿਛਲੇ ਦਿਨਾਂ ਤੋਂ ਕੁਝ ਮੰਤਰੀਆਂ ਤੇ ਵਿਧਾਇਕਾਂ ਦੀ ਹੋਈ ਗੁਪਤ ਮੀਟਿੰਗ ਮਗਰੋਂ ਮਾਮਲਾ ਹੋਰ ਭਖ ਗਿਆ ਹੈ ਅਤੇ ਮੁੱਖ ਮੰਤਰੀ ਦਾ ਧੜਾ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਗੌਰਤਲਬ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨਾਲ ਮੰਤਰੀ ਸਮੇਂ ਦੌਰਾਨ ਤਾਇਨਾਤ ਰਹੇ ਵਿਅਕਤੀਆਂ ਵਿਰੁੱਧ ਵੀ ਵਿਜੀਲੈਂਸ ਦੀ ਸੰਭਾਵੀ ਕਾਰਵਾਈ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਗਰਮਾਇਆ ਰਿਹਾ। ਇਸ ਘਟਨਾਕ੍ਰਮ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਥੋਂ ਤਕ ਕਹਿ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਸੱਚ ਦੀ ਲੜਾਈ ਲੜ ਰਹੇ ਹਨ। ਉਹ ਉਨ੍ਹਾਂ ਦਾ ਸਾਥ ਦੇਣਗੇ।

ਕਾਂਗਰਸ ਦੇ ਇਸ ਘਰੇਲੂ ਕਲੇਸ਼ ਤੋਂ ਬਾਅਦ ਵਿਰੋਧੀ ਪਾਰਟੀਆਂ ਦੀਆਂ ਸੁਰਾਂ ਕੁਝ ਮੱਠੀਆਂ ਪੈ ਗਈਆਂ ਜਾਪਦੀਆਂ ਹਨ। ਕਹਿੰਦੇ ਹਨ ਕਿ ਜੇ ਕਿਸੇ ਨੇ ਆਪਣੀ ਕਿੜ੍ਹ ਕੱਢਣੀ ਹੋਵੇ ਤਾਂ ਗੁਆਂਢੀ ਦੇ ਘਰ ਸਹਿ ਦਾ ਤੱਕਲਾ ਦੱਬ ਦਿਓ ਲੜਾਈ ਖ਼ਤਮ ਨਹੀਂ ਹੁੰਦੀ। ਹੁਣ ਇਥੇ ਪਤਾ ਨਹੀਂ ਕੌਣ ਗੱਡ ਗਿਆ ਹੈ ਸੇਹ ਦਾ ਤੱਕਲਾ?

- Advertisement -
Share this Article
Leave a comment