ਵਿੰਨੀਪੈਗ: ਮੈਨੀਟੋਬਾ ਦੀ ਸਿਹਤ ਪ੍ਰਣਾਲੀ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਦੇਣ ਦੇ ਦਾਅਵਿਆਂ ਵਿਚਾਲੇ ਵਿੰਨੀਪੈਗ ਤੋਂ ਸਾਹਮਣੇ ਆਏ ਇੱਕ ਮਾਮਲੇ ਨੇ ਐਮਰਜੈਂਸੀ ਸੇਵਾਵਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਦਾ ਦਾਅਵਾ ਹੈ ਕਿ ਚੌਥੇ ਪੜਾਅ ਦੇ ਕੈਂਸਰ ਨਾਲ ਜੂਝ ਰਹੀ 70 ਸਾਲਾ ਕੋਲੀਨ ਟਿਟਾਨਿਚ ਨੂੰ ਹੈਲਥ ਸਾਇੰਸਿਜ਼ ਸੈਂਟਰ ਦੇ ਐਮਰਜੈਂਸੀ ਵਿਭਾਗ ਵਿੱਚ ਕਰੀਬ 20 ਘੰਟੇ ਬੈੱਡ ਲਈ ਉਡੀਕ ਕਰਨੀ ਪਈ।
ਮਾਂ ਦੀ ਹਾਲਤ ਵਿਗੜਨ ’ਤੇ ਬੁਲਾਈ ਐਂਬੂਲੈਂਸ
ਕੋਲੀਨ ਨੂੰ 2025 ਵਿੱਚ ਕੈਂਸਰ ਹੋਣ ਦੀ ਪਛਾਣ ਹੋਈ ਸੀ। ਪਰਿਵਾਰ ਮੁਤਾਬਕ ਬਿਮਾਰੀ ਫੇਫੜਿਆਂ ਤੋਂ ਦਿਮਾਗ਼, ਰੀੜ੍ਹ ਦੀ ਹੱਡੀ, ਖ਼ੂਨ ਅਤੇ ਹੱਡੀਆਂ ਤੱਕ ਫੈਲ ਚੁੱਕੀ ਹੈ। ਉਹ ਆਪਣੀ ਧੀ ਥੈਰੇਸਾ ਚੈਨੋਵਸਕੀ ਨਾਲ ਰਹਿ ਰਹੀ ਸੀ।
ਥੈਰੇਸਾ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੇ ਮਹਿਸੂਸ ਕੀਤਾ ਕਿ ਮਾਂ ਦੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਉਹ ਹੁਣ ਤੁਰਨ ਦੇ ਸਮਰੱਥ ਨਹੀਂ ਰਹੀ। ਇਸ ਤੋਂ ਬਾਅਦ ਪਰਿਵਾਰ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਧੀ ਮੁਤਾਬਕ ਇਹ ਫ਼ੈਸਲਾ ਪਰਿਵਾਰ ਲਈ ਬਹੁਤ ਮੁਸ਼ਕਲ ਸੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮਾਂ ਨੂੰ ਘਰ ਵਾਪਸ ਲਿਆਉਣਾ ਸ਼ਾਇਦ ਸੰਭਵ ਨਾ ਹੋਵੇ।
ਐਮਰਜੈਂਸੀ ਵਿੱਚ 20 ਘੰਟੇ ਉਡੀਕ ਦਾ ਦਾਅਵਾ
ਥੈਰੇਸਾ ਮੁਤਾਬਕ ਹਸਪਤਾਲ ਦਾ ਐਮਰਜੈਂਸੀ ਵਿਭਾਗ ਭਰਿਆ ਹੋਇਆ ਸੀ। ਉੱਥੇ ਰੌੲ, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਦੇ ਨਾਲ ਵੱਖ-ਵੱਖ ਹਾਲਾਤਾਂ ਵਾਲੇ ਮਰੀਜ਼ ਵੀ ਸਨ। ਉਸ ਦੀ ਮਾਂ ਦਰਦ ਵਿੱਚ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਕੋਲੀਨ ਨੂੰ ਘੱਟ ਤਰਜੀਹ ਵਾਲੇ ਮਰੀਜ਼ ਵਜੋਂ ਦਰਜ ਕੀਤਾ ਗਿਆ ਅਤੇ ਬੈੱਡ ਮਿਲਣ ਤੱਕ ਉਸ ਨੇ ਲਗਭਗ ਹਾਲ ‘ਚ 20 ਘੰਟੇ ਸਟ੍ਰੈਚਰ ’ਤੇ ਬਿਤਾਏ। ਧੀ ਨੇ ਇਸ ਤਜਰਬੇ ਨੂੰ ਬੇਹੱਦ ਦੁਖਦਾਈ ਦੱਸਦਿਆਂ ਸਵਾਲ ਕੀਤਾ ਕਿ ਇੰਨੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ ਨੂੰ ਇੰਨਾ ਲੰਮਾ ਇੰਤਜ਼ਾਰ ਕਿਉਂ ਕਰਨਾ ਪਿਆ।
ਸਿਹਤ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਤੋਂ ਬਾਅਦ ਮਿਲਿਆ ਬੈੱਡ
ਥੈਰੇਸਾ ਨੇ ਦੱਸਿਆ ਕਿ ਜਦੋਂ ਉਸ ਨੇ ਸਿਹਤ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ, ਉਸ ਤੋਂ ਬਾਅਦ ਆਖ਼ਰਕਾਰ ਕੋਲੀਨ ਨੂੰ ਬੈੱਡ ਮਿਲਿਆ ਅਤੇ ਉਸ ਨੂੰ ਪੈਲੀਏਟਿਵ ਕੇਅਰ ਵਿੱਚ ਤਬਦੀਲ ਕਰ ਦਿੱਤਾ ਗਿਆ।
ਮੈਨੀਟੋਬਾ ਨਰਸਿਜ਼ ਯੂਨੀਅਨ ਦੀ ਪ੍ਰਧਾਨ ਡਾਰਲੀਨ ਜੈਕਸਨ ਨੇ ਵੀ ਅਜਿਹੀਆਂ ਸਥਿਤੀਆਂ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿੱਚ ਲੰਬੇ ਇੰਤਜ਼ਾਰ ਕਾਰਨ ਕੁਝ ਮਰੀਜ਼ ਡਾਕਟਰ ਨੂੰ ਮਿਲੇ ਬਿਨਾਂ ਹੀ ਵਾਪਸ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਹੋਰ ਗੰਭੀਰ ਹਾਲਤ ਵਿੱਚ ਵਾਪਸ ਆਉਂਦੇ ਹਨ।
ਸਰਕਾਰ ਨੇ ਕਿਹਾ, ਸਮੱਸਿਆ ਹੱਲ ਕਰਨ ਵਿੱਚ ਲੱਗੇਗਾ ਸਮਾਂ
ਮੈਨੀਟੋਬਾ ਦੀ ਸਿਹਤ ਮੰਤਰੀ ਉਜ਼ੋਮਾ ਅਸਾਗਵਾਰਾ ਨੇ ਮੰਨਿਆ ਕਿ ਐਮਰਜੈਂਸੀ ਵਿੱਚ ਲੰਬੇ ਉਡੀਕ ਸਮੇਂ ਗੰਭੀਰ ਚੁਣੌਤੀ ਹਨ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇੱਕ ਰਾਤ ਵਿੱਚ ਪੈਦਾ ਨਹੀਂ ਹੋਈ ਅਤੇ ਇਸ ਨੂੰ ਹੱਲ ਕਰਨ ਵਿੱਚ ਵੀ ਸਮਾਂ ਲੱਗੇਗਾ।
ਪਰ ਕੋਲੀਨ ਦੇ ਪਰਿਵਾਰ ਲਈ ਇਹ ਮਾਮਲਾ ਸਿਰਫ਼ ਉਡੀਕ ਸਮੇਂ ਦਾ ਨਹੀਂ, ਸਗੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ ਨੂੰ ਦਰਦ ਤੋਂ ਰਾਹਤ, ਮਨੁੱਖੀ ਮਰਿਆਦਾ ਅਤੇ ਆਖ਼ਰੀ ਸਮੇਂ ਵਿੱਚ ਸਨਮਾਨ ਨਾਲ ਦੇਖਭਾਲ ਮਿਲਣ ਦਾ ਸਵਾਲ ਹੈ।

