[alg_back_button]
ਬਟਾਲਾ : ਥਾਣਾ ਸਿਟੀ ਬਟਾਲਾ ਪੁਲਿਸ ਨੇ ਇੱਥੋਂ ਦੇ ਐਸਡੀਐਮ ਦੀ ਸ਼ਿਕਾਇਤ ‘ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਕੁਝ ਹੋਰਨਾਂ ਵਿਰੁੱਧ ਸਰਕਾਰੀ ਡਿਊਟੀ ਵਿੱਚ ਵਿਘਣ ਪਾਉਣ,ਬਦਨੀਤੀ ਨਾਲ ਜ਼ਬਰਦਸਤੀ ਦਫਤਰ ਵਿੱਚ ਦਾਖਲ ਹੋਣ, ਦੰਗਾ ਕਰਨ,ਝੂਠੀ ਸੂਚਨਾ ਦੇਣ, ਤੇ ਧਮਕਾਉਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਦੱਸ ਦਈਏ ਕਿ ਬੈਂਸ ਦੀ ਇੱਥੋਂ ਦੇ ਡੀਸੀ ਨਾਲ ਉਸ ਵੇਲੇ ਗਰਮਾ ਗਰਮ ਬਹਿਸ ਹੋ ਗਈ ਸੀ ਜਦੋਂ ਉਹ ਬਟਾਲਾ ਪਟਾਕਾ ਫੈਕਟਰੀ ਧਮਾਕੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਡੀਸੀ ਕੋਲ ਇਨਸਾਫ ਦੀ ਮੰਗ ਕਰਨ ਗਏ ਸਨ ਤੇ ਇਸੇ ਬਹਿਸਬਾਜੀ ਦਾ ਬੈਂਸ ਨੂੰ ਖਾਮਿਆਜਾ ਭੁਗਤਨਾ ਪਿਆ ਹੈ। ਇਸ ਸਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਬਹੁਤ ਜਲਦ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਦੱਸ ਦਈਏ ਕਿ ਬੀਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਬਟਾਲਾ ਦੇ ਡੀਸੀ ਕੋਲ ਪਟਾਕਾ ਫੈਕਟਰੀ ਧਮਾਕੇ ‘ਚ ਮਾਰੇ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਲੈ ਕੇ ਡੀਸੀ ਕੋਲ ਗਏ ਸਨ। ਇਸ ਦੌਰਾਨ ਡੀਸੀ ਨੇ ਉੱਥੇ ਮੌਜੂਦ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਫਤਰ ‘ਚੋਂ ਬਾਹਰ ਜਾਣ ਦੇ ਹੁਕਮ ਦੇ ਦਿੱਤੇ ਜਿਸ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਦੀ ਡੀਸੀ ਨਾਲ ਬਹਿਸਬਾਜ਼ੀ ਹੋ ਗਈ। ਇੱਸੇ ਬਹਿਸਬਾਜ਼ੀ ਦੌਰਾਨ ਬੈਂਸ ਨੇ ਡੀਸੀ ਨੂੰ ਗੱਸੇ ‘ਚ ਆ ਕੇ ਵੀ ਇਹ ਪੁੱਛ ਲਿਆ ਕਿ, “ਕੀ ਇਹ ਦਫਤਰ ਤੇਰੇ ਬਾਪ ਦਾ ਹੈ? ਤੂੰ ਆਉਂਦਿਆਂ ਹੀ ਸਾਰਿਆਂ ਦੀ ਬੇਇੱਜ਼ਤੀ ਕਰਦਾ ਹੈਂ?”ਜਿਸ ਤੋਂ ਬਾਅਦ ਡੀਸੀ ਨੇ ਇਹ ਕਹਿ ਕੇ ਬੈਂਸ ਨਾਲ ਗੱਲ ਮੁਕਾ ਦਿੱਤੀ ਕਿ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਜਿਉਂ ਹੀ ਬੈਂਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ‘ਤੇ ਹਰ ਬੰਦੇ ਨੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ। ਕਿਸੇ ਦਾ ਕਹਿਣਾ ਸੀ ਕਿ ਬੈਂਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਡੀਸੀ ਇੱਕ ਸਤਿਕਾਰਿਤ ਆਹੁਦਾ ਹੁੰਦਾ ਹੈ ਤੇ ਅਜਿਹੇ ਆਹੁਦੇ ‘ਤੇ ਬਿਰਾਜ਼ਮਾਨ ਵਿਅਕਤੀ ਦੀ ਬੇਇੱਜ਼ਤੀ ਕਰਨਾ ਇੱਕ ਵਿਧਾਇਕ ਨੂੰ ਸੋਭਾ ਨਹੀਂ ਦਿੰਦਾ ਤੇ ਕਿਸੇ ਦਾ ਕਹਿਣਾ ਸੀ ਕਿ ਅਜਿਹੇ ਆਹੁਦਿਆਂ ‘ਤੇ ਬੈਠੇ ਲੋਕ ਆਮ ਜਨਤਾ ਨੂੰ ਕੀੜੇ ਮਕੌੜੇ ਹੀ ਸਮਝਣ ਲੱਗੇ ਪੈਂਦੇ ਹਨ ਉਸ ਵੇਲੇ ਡੀਸੀ ਵੀ ਇਹ ਭੁੱਲ ਗਿਆ ਸੀ ਕਿ ਜਿਹੜੇ ਪੀੜਤ ਇੱਥੇ ਆਏ ਹਨ ਉਨ੍ਹਾਂ ਦੇ ਆਪਣੇ ਜਾਂ ਤਾਂ ਮਾਰੇ ਗਏ ਹਨ ਤੇ ਜਾਂ ਫਿਰ ਹਸਪਤਾਲਾਂ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਅਜਿਹੇ ਵਿੱਚ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨੀ ਬਣਦੀ ਸੀ, ਪਰ ਡੀਸੀ ਉਨ੍ਹਾਂ ਨੂੰ ਬਾਹਰ ਕੱਢਣ ਦੇ ਹੁਕਮ ਦੇ ਰਿਹਾ ਸੀ ਜੋ ਕਿ ਉਨ੍ਹਾਂ ਲੋਕਾਂ ਨਾਲ ਵੀ ਧੱਕਾ ਸੀ ਜਿਹੜੇ ਲੋਕਾਂ ਨੂੰ ਆਪਣਿਆਂ ਦੀਆਂ ਲਾਸ਼ਾਂ ਵੀ ਨਸੀਬ ਨਹੀਂ ਹੋ ਰਹੀਆਂ ਸਨ। ਫਿਲਹਾਲ ਬੈਂਸ ‘ਤੇ ਪਰਚਾ ਦਰਜ ਕੀਤੇ ਜਾਣ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਸਰਕਾਰ ਨੇ ਆਪਣੇ ਅਧਿਕਾਰੀ ਦਾ ਪੂਰਾ ਸਮਰਥਨ ਕੀਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਬੈਂਸ ਅਤੇ ਪੀੜਤ ਪਰਿਵਾਰਾਂ ਦੀ ਇਸ ਮਾਮਲੇ ‘ਚ ਅੱਗੇ ਕੀ ਪ੍ਰਤੀਕਿਰਿਆ ਆਉਂਦੀ ਹੈ।
[alg_back_button]