ਵਾਸ਼ਿੰਗਟਨ: ਡੋਨਲਡ ਟਰੰਪ ਨੇ ਕਿਹਾ ਕਿ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ‘ਇਲੈਕਟੋਰਲ ਕਾਲਜ’ ਦੇ ਜੋਅ ਬਾਇਡਨ ਨੂੰ ਜੇਤੂ ਐਲਾਨੇ ਜਾਣ ‘ਤੇ ਹੀ ਉਹ ਵ੍ਹਾਈਟ ਹਾਊਸ ਛੱਡਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਚੋਣਾਂ ਵਿੱਚ ਧੋਖਾਧੜੀ ਦੇ ਆਪਣੇ ਬੇਬੁਨਿਆਦ ਦਾਅਵੇ ਦੁਹਰਾਏ।
ਟਰੰਪ ਨੇ ‘ਥੈਂਕਸਗਿਵਿੰਗ ਡੇਅ’ ‘ਤੇ ਆਪਣੇ ਭਾਸ਼ਣ ‘ਚ ਇਹ ਵੀ ਕਿਹਾ ਕਿ ਜੇਕਰ ਬਾਇਡਨ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ ਤਾਂ ਇਹ ਇਲੈਕਟੋਰਲ ਕਾਲਜ ਦੀ ਇਕ ਵੱਡੀ ਗਲਤੀ ਹੋਵੇਗੀ। ਟਰੰਪ ਵੱਲੋਂ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੇ ਪੁੱਛਿਆ ਸੀ ਕਿ ‘ਇਲੈਕਟੋਰਲ ਕਾਲਜ’ ਦੇ ਬਾਇਡਨ ਨੂੰ ਜੇਤੂ ਐਲਾਨਣ ‘ਤੇ ਉਹ ਕੀ ਕਰਨਗੇ ? ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਇਸ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੋਵੇਗਾ।
ਵ੍ਹਾਈਟ ਹਾਊਸ ਛੱਡਣ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਮੈਂ ਛੱਡਾਂਗਾ ਅਤੇ ਇਹ ਤੁਹਾਨੂੰ ਵੀ ਪਤਾ ਹੈ। ਵ੍ਹਾਈਟ ਹਾਊਸ ਵਿਚ ਆਪਣੇ ਆਖ਼ਰੀ ਥੈਂਕਸਗਿਵਿੰਗ ਦੀਆਂ ਯੋਜਨਾਵਾਂ ਵਾਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਤੁਸੀਂ ਨਹੀਂ ਦੱਸ ਸਕਦੇ ਕਿ, ਕੀ ਪਹਿਲਾਂ ਹੈ ਤੇ ਕੀ ਆਖ਼ਰੀ।