ਮਾਲਵੇ ਵਿੱਚ ਕਿਨੂੰ ਦਾ ਆਕਾਰ ਕਿਉਂ ਹੋ ਗਿਆ ਛੋਟਾ

TeamGlobalPunjab
3 Min Read

ਮਾਲਵੇ ਖੇਤਰ ਦੇ ਫਾਜ਼ਿਲਕਾ ਅਤੇ ਮੁਕਤਸਰ ਜ਼ਿਲਿਆਂ ਵਿੱਚ ਵੱਡੀ ਪੱਧਰ ‘ਤੇ ਕਿਨੂੰਆਂ ਦੀ ਖੇਤੀ ਕੀਤੀ ਜਾਂਦੀ ਹੈ। ਇਥੋਂ ਦੇ ਬਾਗਾਂ ਵਿੱਚ ਫ਼ਸਲ ਵੀ ਭਰਪੂਰ ਹੁੰਦੀ ਹੈ। ਇਥੋਂ ਕਿਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਸਪਲਾਈ ਹੁੰਦੇ ਹਨ। ਇਥੋਂ ਦਾ ਪੌਣ ਪਾਣੀ ਇਸ ਫਲ ਲਈ ਕਾਫੀ ਸਹੀ ਮੰਨਿਆ ਜਾਂਦਾ ਸੀ। ਪਰ ਐਤਕੀਂ ਅਚਾਨਕ ਇਸ ਵਿੱਚ ਤਬਦੀਲੀ ਆਉਣ ਕਾਰਨ ਉਤਪਾਦਕ ਮਾਯੂਸ ਹੋ ਗਏ ਹਨ। ਬਾਗਾਂ ‘ਚ ਲੱਗੇ ਕਿਨੂੰ ਦਾ ਆਕਾਰ ਛੋਟਾ ਹੋ ਗਿਆ ਅਤੇ ਝੜਨੇ ਸ਼ੁਰੂ ਹੋ ਗਏ ਹਨ। ਫਲ ਵੱਡੀ ਪੱਧਰ ‘ਤੇ ਝੜ ਰਿਹਾ ਹੈ। ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਸ ਦਾ ਭਾਅ ਘੱਟ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਨੂੰ ‘ਤੇ ਮੌਸਮ ਵਿਚ ਆਈ ਤਬਦੀਲੀ ਅਤੇ ਆਕਾਸ਼ ਵਿੱਚ ਫੈਲਿਆ ਪਰਾਲੀ ਦਾ ਧੂੰਆਂ ਵੀ ਇਸ ਦੇ ਕਾਰਨ ਮੰਨੇ ਜਾਂਦੇ ਹਨ।
ਰਿਪੋਰਟਾਂ ਮੁਤਾਬਿਕ ਅਬੋਹਰ ਦੇ ਪਿੰਡ ਦੌਲਤਪੁਰਾ ਦੇ ਇਕ ਕਿਨੂੰ ਉਤਪਾਦਕ ਦਾ ਕਹਿਣਾ ਹੈ ਕਿ ਫ਼ਸਲ ਦੇ ਅਚਾਨਕ ਝੜਨ ਦੇ ਕਈ ਕਾਰਨ ਹੋ ਸਕਦੇ ਹਨ। ਹਵਾ ‘ਚ ਤਬਦੀਲੀ, ਮੀਂਹ ਦਾ ਘੱਟ ਪੈਣਾ ਅਤੇ ਨਵੰਬਰ ਮਹੀਨੇ ਵਿਚ ਬੇਮੌਸਮੀ ਬਰਸਾਤ ਨਾਲ ਵੀ ਫਲ ‘ਤੇ ਅਸਰ ਪਿਆ ਹੈ। ਪਿਛਲੇ ਸਾਲ ਨਾਲੋਂ ਫਲ ਦਾ ਆਕਾਰ ਵੀ ਘਟ ਗਿਆ ਜਿਸ ਕਾਰਨ ਵਿਕਰੀ ਵਿਚ ਕਾਫੀ ਫਰਕ ਪਿਆ ਹੈ। ਖੇਤਾਂ ਵਿਚ ਪਰਾਲੀ ਸਾੜਨ ਨਾਲ ਆਕਾਸ਼ ਵਿਚ ਫੈਲੇ ਧੂੰਏਂ ਦਾ ਕਿਨੂੰ ਦੀ ਫ਼ਸਲ ਉਪਰ ਅਸਰ ਪਿਆ ਲਗਦਾ ਹੈ। ਇਸ ਦੇ ਰੰਗ ਅਤੇ ਆਕਾਰ ‘ਤੇ ਵਾਤਾਵਰਨ ਦਾ ਕਾਫੀ ਪ੍ਰਭਾਵ ਹੈ। ਇਸੇ ਤਰ੍ਹਾਂ ਜ਼ਿਲਾ ਮੁਕਤਸਰ ਦੇ ਅਬੁਲ ਖੁਰਾਣਾ ਦੇ ਸਟੇਟ ਐਵਾਰਡੀ ਕਿਨੂੰ ਉਤਪਾਦਕ ਨੇ ਦੱਸਿਆ ਕਿ ਕਿਨੂੰਆਂ ਦੇ ਝੜਨ ਦੇ ਕਈ ਕਾਰਨ ਹੋ ਸਕਦੇ ਹਨ। ਮੌਸਮ ਇਸ ਦਾ ਮੁੱਖ ਕਾਰਨ ਹੈ। ਕੁਝ ਉਤਪਾਦਕ ਬੂਟੇ ਲਾਉਣ ਸਮੇਂ ਵਕਫਾ 20 ਫੁੱਟ ਤੋਂ ਘੱਟ ਛੱਡਦੇ ਹਨ। ਬਹੁਤ ਸਾਰੇ ਉਤਪਾਦਕ ਬੂਟਿਆਂ ਨੂੰ ਲਾਉਣ ਤੋਂ ਬਾਅਦ ਇਹਨਾਂ ਦੀ ਸੰਭਾਲ ਨਹੀਂ ਕਰਦੇ। ਇਸ ਕਾਰਨ ਅਬੋਹਰ ਖੇਤਰ ਵਿੱਚ ਕਿਨੂੰ ਝੜਨ ਲੱਗਦੇ ਹਨ। ਜ਼ਿਲਾ ਮੁਕਤਸਰ ਦੇ ਪਿੰਡ ਖੁੱਬਣ ਦੇ ਇਕ ਹੋਰ ਕਿਨੂੰ ਉਤਪਾਦਕ ਨੇ ਦੱਸਿਆ ਕਿ ਐਤਕੀਂ ਕਿਨੂੰ ਦਾ ਆਕਾਰ ਛੋਟਾ ਹੋ ਗਿਆ ਤੇ ਵੱਡੀ ਪੱਧਰ ‘ਤੇ ਝੜਨਾ ਸ਼ੁਰੂ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਮੌਨਸੂਨ ਦੌਰਾਨ ਮੀਂਹ ਘੱਟ ਪਏ ਅਤੇ ਰਾਤ ਦੇ ਤਾਪਮਾਨ ਵਿਚ ਤਬਦੀਲੀ ਆ ਗਈ। ਕਿੰਨੂਆਂ ਦੀ ਫ਼ਸਲ ਵਿਚ ਆਏ ਇਸ ਵਿਗਾੜ ਦੇ ਮੁੱਖ ਕਾਰਨ ਪਰਾਲੀ ਦਾ ਧੂੰਆਂ ਅਤੇ ਮੌਸਮ ਮੰਨਿਆ ਜਾਂਦਾ ਹੈ। ਪਰਾਲੀ ਦੇ ਧੂੰਏਂ ਕਾਰਨ ਫਲ ਉਪਰ ਕਈ ਕਈ ਦਿਨ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ ਜਿਸ ਕਾਰਨ ਫਲ ਝੜਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਧੂੰਏਂ ਦਾ ਅਸਰ ਸਬਜ਼ੀਆਂ ‘ਤੇ ਵੀ ਬਹੁਤ ਪੈਂਦਾ ਹੈ। ਫਾਜ਼ਿਲਕਾ ਦੇ ਇਕ ਹੋਰ ਕਿਨੂੰ ਉਤਪਾਦਕ ਦਾ ਕਹਿਣਾ ਹੈ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ ਫਲ ਉਪਰ ਓਸ ਦੇ ਤੁਪਕੇ ਦਾ ਨਾ ਪੈਣਾ ਵੀ ਇਸ ‘ਤੇ ਅਸਰ ਪਾਉਂਦਾ ਹੈ। ਫਲ ਦਾ ਝੜਨਾ ਮੌਸਮ ‘ਚ ਤਬਦੀਲੀ ਕਾਰਨ ਮੰਨਿਆ ਜਾਂਦਾ ਹੈ। ਕਿਨੂੰ ਦੇ ਭਾਅ ਵਿਚ ਗਿਰਾਵਟ ਇਥੋਂ ਤਕ ਆ ਗਈ ਕਿ ਉਤਪਾਦਕ ਚੰਗੀ ਕਿਸਮ ਦਾ ਕਿਨੂੰ ਵੀ 20 ਰੁਪਏ ਤਕ ਵੇਚ ਰਿਹਾ ਹੈ।

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

- Advertisement -

Share this Article
Leave a comment