ਔਰਤਾਂ ਨੂੰ ਗਰੰਟੀ ਦੇਣ ਬਾਰੇ ਚੁੱਪੀ ਕਿਉਂ?  

Global Team
5 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਵਿਧਾਨਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਮੁਕੰਮਲ ਪਲੇਠਾ ਬਜਟ ਪੇਸ਼ ਕੀਤਾ ਗਿਆ। ਬਜਟ ਵਿੱਚ ਬੇਸ਼ੱਕ ਵੱਖ-ਵੱਖ ਖੇਤਰਾਂ ਵਿੱਚ ਵਧਾਏ ਗਏ ਬਜਟ ਅਤੇ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਵੀ ਅਹਿਮ ਹੈ ਕਿ ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਸ਼ੁਰੂ ਵਿੱਚ ਹੀ ਕੇਂਦਰ ਸਰਕਾਰ ਬਾਰੇ ਤਿੱਖੀ ਆਲੋਚਨਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਭਲੇ ਲਈ ਮਾਨ ਸਰਕਾਰ ਆਪਣੇ ਹੀ ਸਾਧਨਾਂ ਨਾਲ ਕੰਮ ਕਰ ਰਹੀ ਹੈ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬਜਟ ਪੇਸ਼ ਕਰਨ ਦੇ ਮੌਕੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸਾਲ ਮੁਕੰਮਲ ਕਰ ਚੁੱਕੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਪਿਛਲੀਆਂ ਵਿੱਤੀ ਮੁਸ਼ਕਲਾਂ ਦੇ ਬਾਵਜੂਦ ਵਿਕਾਸ ਦਰ ਵਿੱਚ ਵਾਧਾ ਹੋਇਆ ਹੈ। ਵਿੱਤ ਮੰਤਰੀ ਨੇ ਖੇਤੀ ਸੈਕਟਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਬਾਸਮਤੀ ਲਈ ਵਿਸ਼ੇਸ਼ ਫ਼ੰਡ ਰੱਖ ਰਹੀ ਹੈ। ਕਪਾਹ ਦੇ ਬੀਜਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ। ਇਸੇ ਤਰੀਕੇ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 30 ਫ਼ੀਸਦੀ ਕਟੌਤੀ ਹੋਈ ਹੈ। ਪਰਾਲੀ ਨਾਲ ਸਬੰਧਿਤ ਖੇਤੀ ਮਸ਼ੀਨਰੀ ਲਈ 350 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਟਾਕਰੇ ਲਈ ਛੇਤੀ ਹੀ ਫ਼ਸਲੀ ਬੀਮਾ ਸਕੀਮ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਸਹਿਕਾਰੀ ਖੇਤਰ ਦੇ ਧੰਦਿਆਂ ਲਈ ਵੱਖਰੇ ਫ਼ੰਡਾਂ ਦਾ ਵੀ ਜ਼ਿਕਰ ਕੀਤਾ।

ਸਿੱਖਿਆ ਖੇਤਰ ਬਾਰੇ ਬੋਲਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਕੂਲੀ ਅਤੇ ਉਚੇਰੀ ਸਿੱਖਿਆ ਲਈ ਬਜਟ ਵਿੱਚ 12 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਉੱਪਰ ਵੀ ਜ਼ੋਰ ਦਿੱਤਾ ਜਾਵੇਗਾ। ਸਿੱਖਿਆ ਖੇਤਰ ਦੀ ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਰਾਜਪਾਲ ਅਤੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਟ੍ਰੇਨਿੰਗ ਲਈ ਭੇਜੇ ਜਾਣ ਬਾਰੇ ਪੁੱਛੇ ਸਵਾਲਾਂ ਦੇ ਬਾਵਜੂਦ ਬਜਟ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਟ੍ਰੇਨਿੰਗ ਦਾ ਸਿਲਸਿਲਾ ਇਸੇ ਤਰਾਂ ਜਾਰੀ ਰਹੇਗਾ। ਇਸ ਮੰਤਵ ਲਈ 20 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰੀਕੇ ਨਾਲ ਨਵੀਂ ਖੇਡ ਨੀਤੀ ਆਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਖੇਡਾਂ ਲਈ ਪਿਛਲੇ ਸਾਲ ਦੇ ਮੁਕਾਬਲੇ 55 ਫ਼ੀਸਦੀ ਰਕਮ ਵਧੇਰੇ ਰੱਖੀ ਗਈ ਹੈ।

ਸਿਹਤ ਅਤੇ ਪਰਿਵਾਰ ਭਲਾਈ ਨੂੰ ਵੀ ਬਜਟ ਵਿੱਚ ਤਰਜੀਹ ਦਿੱਤੀ ਗਈ ਹੈ। ਵਿੱਤ ਮੰਤਰੀ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਵਿੱਚ ਖ਼ਾਸ ਤੌਰ ਤੇ ਮੁਹੱਲਾ ਕਲੀਨਿਕ ਦੀਆਂ ਸੇਵਾਵਾਂ ਦੀ ਖ਼ੂਬ ਵਡਿਆਈ ਕੀਤੀ ਗਈ ਹੈ। ਵਿੱਤ ਮੰਤਰੀ ਨੇ ਦੱਸਿਆ ਮੁਹੱਲਾ ਕਲੀਨਿਕਾਂ ਵਿੱਚ 80 ਫ਼ੀਸਦੀ ਦਵਾਈਆਂ ਮੁਫ਼ਤ ਮਿਲਦੀਆਂ ਹਨ। ਸਾਢੇ ਦੱਸ ਲੱਖ ਲੋਕ ਮੁਹੱਲਾ ਕਲੀਨਿਕਾਂ ਤੋਂ ਆਪਣਾ ਇਲਾਜ ਕਰਾ ਚੁੱਕੇ ਹਨ।

ਬਜਟ ਵਿੱਚ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਪੂਰੀ ਤਰਾਂ ਸੁਰੱਖਿਅਤ ਰਹਿਣਗੀਆਂ। ਪਰਵਾਸੀਆਂ ਦੇ ਯੋਗਦਾਨ ਲਈ ਸਰਕਾਰ ਵੱਲੋਂ ਛੇਤੀ ਹੀ ਸਿੱਖਿਆ ਅਤੇ ਸਿਹਤ ਫ਼ੰਡ ਕਾਇਮ ਕੀਤਾ ਜਾਵੇਗਾ। ਸਰਕਾਰ ਵੱਲੋਂ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਦੀ ਮਦਦ ਵਾਸਤੇ 84 ਕਰੋੜ ਰੁਪਏ ਰੱਖੇ ਗਏ ਹਨ। ਬਜਟ ਵਿੱਚ ਪੁਲਿਸ ਨੂੰ ਹਰ ਤਰਾਂ ਦੀ ਚੁਨੌਤੀ ਦਾ ਸਾਹਮਣਾ ਕਰਨ ਲਈ ਪਹਿਲਾਂ ਦੇ ਮੁਕਾਬਲੇ ਵਧੇਰੇ ਫ਼ੰਡ ਰੱਖੇ ਗਏ ਹਨ।

ਬਜਟ ਖ਼ਤਮ ਹੁੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ, ਵਿੱਤ ਮੰਤਰੀ ਵੱਲੋਂ ਆਮ ਲੋਕਾਂ ਲਈ ਬਜਟ ਪੇਸ਼ ਕੀਤਾ ਗਿਆ ਹੈ। ਇਹ ਵੀ ਕਿਹਾ ਹੈ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਇਹ ਚੰਗੀ ਤਰਾਂ ਜਾਣਦੇ ਹਨ ਕਿ ਪਿਛਲੇ ਰਵਾਇਤੀ ਬਜਟਾਂ ਦੀ ਤਰਾਂ ਹੁਣ ਸਰਕਾਰਾਂ ਆਪਣੇ ਬਜਟ ਵਿੱਚ ਨਵਾਂ ਟੈਕਸ ਨਹੀਂ ਲਗਾਉਂਦੀਆਂ। ਟੈਕਸਾਂ ਦਾ ਬੋਝ ਤਾਂ ਸਰਕਾਰ ਬਗੈਰ ਬਜਟ ਦੇ ਵੀ ਲੋਕਾਂ ਦੀਆਂ ਜੇਬਾਂ ਉੱਤੇ ਪਾਉਂਦੀ ਰਹਿੰਦੀ ਹੈ ਪਰ ਇਸਦੇ ਬਾਵਜੂਦ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਦੂਜੇ ਪਾਸੇ ਵਿਰੋਧੀ ਧਿਰ ਨੇ ਸਰਕਾਰ ਤੋਂ ਸਵਾਲ ਜ਼ਰੂਰ ਪੁੱਛੇ ਹਨ ਕਿ ਪੰਜਾਬੀਆਂ ਨਾਲ ਕੀਤੀਆਂ ਗਰੰਟੀਆਂ ਦਾ ਕੀ ਬਣਿਆ? ਖ਼ਾਸ ਤੌਰ ਤੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਗਰੰਟੀ ਬਾਰੇ ਬਜਟ ਚੁੱਪ ਕਿਉਂ ਹੈ?

Share This Article
Leave a Comment