ਕਿਸਾਨਾਂ ਦਾ ਘਰਾਂ ਨੂੰ ਪਰਤਣਾ ਮੁਸ਼ਕਲ ਕਿਉਂ?

Global Team
4 Min Read

ਜਗਤਾਰ ਸਿੰਘ ਸਿਧੂ

ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਰਾਜਾਂ ਦੇ ਮੁੱਖ ਮੰਤਰੀ ਚੰਡੀਗੜ੍ਹ ਪੁੱਜਕੇ ਹਰਿਆਣਾ ਵਿਚ ਪਾਰਟੀ ਦੀ ਜਿੱਤ ਬਾਅਦ ਨਵੀਂ ਸਰਕਾਰ ਲਈ ਰੱਖੇ ਸੰਹੁ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਕੇ ਸਤਾ ਪ੍ਰਾਪਤੀ ਦੇ ਜਸ਼ਨ ਦਾ ਸੁਨੇਹਾ ਦੇ ਰਹੇ ਸਨ ਤਾਂ ਠੀਕ ਉਸ ਵੇਲੇ ਪੰਜਾਬ ਅਤੇ ਹਰਿਆਣਾ ਦਾ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਵਿਕਰੀ ਲਈ ਵੱਖ-ਵੱਖ ਸੜਕਾਂ ਦੇ ਚੌਕਾਂ ਅਤੇ ਟੋਲ ਪਲਾਜਿਆਂ ਉੱਪਰ ਜੂਝ ਰਿਹਾ ਸੀ। ਉਸ ਮੌਕੇ ਮੈਂ ਵੀ ਪਟਿਆਲਾ ਨੇੜਲੇ ਇਕ ਟੋਲ ਪਲਾਜ਼ਾ ਉੱਤੇ ਕਿਸਾਨਾ ਦੇ ਰੋਸ ਧਰਨੇ ਨੂੰ ਨਜ਼ਦੀਕ ਤੋਂ ਵੇਖ ਰਿਹਾ ਸੀ ।ਪਟਿਆਲਾ ਨੂੰ ਜਾਂਦੀਆਂ ਸਾਰੀਆਂ ਸੜਕਾਂ ਉੱਤੇ ਜਾਮ ਵਰਗੇ ਹਾਲਾਤ ਬਣੇ ਹੋਏ ਸਨ।

ਭਾਜਪਾ ਦੀ ਸਾਰੀ ਲੀਡਰਸ਼ਿਪ ਹਰਿਆਣਾ ਦੇ ਨਵੇਂ ਮੰਤਰੀ ਮੰਡਲ ਨੂੰ ਸੰਹੁ ਚੁਕਾ ਕੇ ਕਿਸਾਨਾ ਸਣੇ ਸੂਬੇ ਦੇ ਹਰ ਵਰਗ ਦੇ ਲੋਕਾਂ ਦੇ ਵਿਕਾਸ ਅਤੇ ਦੇਸ਼ ਦੀ ਬੇਹਤਰੀ ਲਈ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਉਪਰ ਲੈਣ ਦੇ ਏਜੰਡੇ ਦੀ ਗੱਲ ਕਰਕੇ ਸੈਂਕੜੇ ਮੀਲਾਂ ਦਾ ਸਫਰ ਪੂਰਾ ਕਰਦੀ ਹੋਈ ਸ਼ਾਮ ਨੂੰ ਆਪੋ ਆਪਣੇ ਘਰਾਂ ਵਿਚ ਪਰਤ ਗਈ ਪਰ ਮੈਂ ਮਿੱਟੀ ਘੱਟੇ ਨਾਲ ਭਰੇ ਚੇਹਰਿਆਂ ਵਾਲੇ ਕਿਸਾਨਾਂ ਦੇ ਮੱਥੇ ਤੇ ਲਿਖੀ ਹੋਣੀ ਪੜ ਰਿਹਾ ਸੀ ਕਿ ਕੀ ਕਿਸਾਨ ਕਦੇ ਘਰਾਂ ਨੂੰ ਨਹੀਂ ਪਰਤੇਗਾ?

ਕੁਝ ਦੂਰੀ ਉੱਤੇ ਸ਼ੰਭੂ ਅਤੇ ਖਿਨੌਰੀ ਦੇ ਬਾਰਡਰਾਂ ਉਪਰ ਲੰਮੇ ਸਮੇਂ ਤੋਂ ਧਰਨੇ ਉਪਰ ਬੈਠੇ ਕਿਸਾਨ ਕਦੋਂ ਘਰਾਂ ਨੂੰ ਪਰਤਣਗੇ? ਗਰਮੀਆਂ ਦੀ ਤੱਤੀ ਲੋਅ, ਬਰਸਾਤਾਂ ਦੇ ਸਿਰਾਂ ਤੇ ਵਰਦੇ ਮੀਂਹ , ਅਤੇ ਕਕਰੀਲੀਆਂ ਰਾਤਾਂ ਉਨਾਂ ਦੇ ਭਰੋਸੇ ਨੂੰ ਨਹੀਂ ਤੋੜ ਸਕੀਆਂ ਅਤੇ ਟੱਬਰ ‘ਚ ਬੈਠਕੇ ਕਦੇ ਨਿੱਕੇ ਨਿਆਣਿਆਂ ਅਤੇ ਵਡਿਆਂ ਨਾਲ ਕਬੀਲਦਾਰੀ ਦੀਆਂ ਗਲ਼ਾਂ ਕਰਨ ਦਾ ਮੋਹ ਉਸ ਨੂੰ ਘਰ ਦੇ ਵੇਹੜੇ ਵੱਲ ਨਾ ਖਿੱਚ ਸਕਿਆ? ਕਿਉਂ? ਕੁਝ ਕਿਲੋਮੀਟਰਾਂ ਦੀ ਦੂਰੀ ਤੇ ਜਿੱਤ ਦਾ ਸੁਨੇਹਾ ਦੇਣ ਵਾਲੇ ਹਾਕਮਾਂ ਦੇ ਜਹਾਜ ਕੁਝ ਮਿੰਟਾਂ ਦਾ ਸਫਰ ਤੈਅ ਕਰਕੇ ਉਨਾ ਦੇ ਸਿਰ ਉਪਰਲੇ ਨੀਲੇ ਅੰਬਰ ਤੋਂ ਉਡਾਣ ਭਰ ਰਹੇ ਸਨ ਤਾਂ ਉਹ ਤਾਂ ਗਰਦਨ ਉੱਚੀ ਕਰਕੇ ਸੁਨੇਹਾ ਵੀ ਨਾ ਦੇ ਸਕੇ ਕਿ ਸਾਡਾ ਤਾਂ ਘਰਾਂ ਨੂੰ ਪਰਤਣਾ ਹੁਣ ਮੁਸ਼ਕਲ ਬੜਾ ਹੈ?

- Advertisement -

ਕਿਸਾਨ ਕਿਉਂ ਆਖ ਰਿਹਾ ਹੈ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ? ਪਟਿਆਲਾ ਦੇ ਜਿਸ ਟੋਲ ਪਲਾਜ਼ੇ ਤੇ ਮੈਂ ਖੜਾ ਸੀ ਤਾਂ ਦੇਖ ਰਿਹਾ ਸੀ ਚੰਡੀਗੜ੍ਹ ਅਤੇ ਅੰਬਾਲਾ ਕੌਮੀ ਸ਼ਾਹ ਮਾਰਗ ਤੇ ਸੈਂਕੜੇ ਗੱਡੀਆਂ, ਬੱਸਾਂ ਟਰਕ, ਟੈਂਪੂ , ਮੋਟਰ ਸਾਈਕਲ ਅਤੇ ਸਾਈਕਲ ਸਵਾਰ ਆਪੋ ਆਪਣੇ ਰਾਹਾਂ ਦੀ ਤਲਾਸ਼ ਘਰੋ ਘਰ ਪਹੁੰਚਣ ਲਈ ਕਰ ਰਹੇ ਸਨ । ਕਈ ਉਹ ਵੀ ਸਨ ਜੋ ਪੀ ਜੀ ਆਈ ਡਾਕਟਰ ਨੂੰ ਮਰੀਜ਼ ਵਿਖਾਕੇ ਘਰਾਂ ਨੂੰ ਪਰਤ ਰਹੇ ਸਨ। ਕਿਸੇ ਨੇ ਏਅਰ ਪੋਰਟ ਪੁਜਣਾ ਸੀ। ਪਟਿਆਲਾ ਦੀ ਮੁਖ ਸੜਕ ਜਾਮ ਸੀ ਅਤੇ ਨੇੜਲੇ ਕਸਬਿਆਂ ਦੀ ਹਾਲਤ ਵੀ ਇਹੋ ਜਿਹੀ ਸੀ। ਬਹੁਤ ਸਾਰੀਆਂ ਗਡੀਆਂ ਦੇ ਲੋਕ ਲਿੰਕ ਸੜਕਾਂ ਰਾਹੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।

ਸਾਰਿਆਂ ਨੂੰ ਆਪਣੇ ਘਰਾਂ ਵਿਚ ਪਰਤਣ ਦੀ ਕਾਹਲ ਸੀ ਪਰ ਲਿੰਕ ਸੜਕਾਂ ਉਪਰ ਵੀ ਲੰਮੀਆਂ ਕਤਾਰਾਂ। ਪਿੰਡਾਂ ਦੀਆਂ ਵਲ ਖਾਂਦੀਆਂ ਸੜਕਾਂ ਸ਼ਾਇਦ ਕਈਆਂ ਨੇ ਪਹਿਲੀਵਾਰ ਵੇਖੀਆਂ ਹੋਣਗੀਆਂ। ਸੜਕਾ ਦੇ ਚੁਫੇਰੇ ਝੋਨੇ ਦੀਆਂ ਪਕੀਆਂ ਲਹਿਲਹਾਉਂਦੀਆਂ ਫਸਲਾਂ ਜਿੰਨਾਂ ਦਾ ਵਾਜਿਬ ਭਾਅ ਲਈ ਕਿਸਾਨ ਸੜਕਾਂ ਉਤੇ ਬੈਠੇ ਹਨ। ਦੇਸ਼ ਦਾ ਹੁਕਮਰਾਨ ਤਾਂ ਸੁਨੇਹਾ ਦੇ ਰਿਹਾ ਹੈ ਮੀਡੀਆ ਦੀਆਂ ਸੁਰਖੀਆਂ ‘ਚ ਕਿ ਕਿਸਾਨ ਦੀ ਜਿੰਦਗੀ ਹੋਰ ਬੇਹਤਰ ਬਨਾਉਣ ਲਈ ਨਵੀ ਫਸਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ ਪਰ ਕਿਸਾਨ ਫਿਰ ਵੀ ਘਰਾਂ ਨੂੰ ਨਹੀ ਪਰਤ ਰਿਹਾ। ਤਿਉਹਾਰਾਂ ਦੇ ਦਿਨ ਹਨ। ਦਿਵਾਲੀ ਦੇ ਦੀਵੇ ਬਨੇਰਿਆਂ ਨੂੰ ਰੁਸ਼ਨਾਉਣਗੇ। ਕੀ ਦੀਵੀਆਂ ਦੀ ਰੌਸ਼ਨੀ ਨੂੰ ਬਨੇਰਿਆਂ ਤੇ ਵੇਖਣ ਲਈ ਕਿਸਾਨ ਘਰਾਂ ਨੂੰ ਪਰਤਣਗੇ? ਇਸ ਦਾ ਜਵਾਬ ਸ਼ੰਭੂ ਬਾਰਡਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਜਿੱਤ ਦਾ ਹਰਿਆਣਾ ਵਿਚ ਜਸ਼ਨ ਮਨਾਕੇ ਪਰਤੇ ਹੁਕਮਰਾਨ ਹੀ ਦੇ ਸਕਦੇ ਹਨ

ਸੰਪਰਕ 9814002186

Share this Article
Leave a comment