Home / ਓਪੀਨੀਅਨ / ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਸੁਰੱਖਿਅਤ ਰੀਚਾਰਜਿੰਗ ਤਕਨੀਕਾਂ

ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਸੁਰੱਖਿਅਤ ਰੀਚਾਰਜਿੰਗ ਤਕਨੀਕਾਂ

-ਰਾਜਨ ਅਗਰਵਾਲ

 

ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53% ਖੇਤਰ ਵਾਲਾ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ ਵਿਚ 27-40% ਚੌਲ ਅਤੇ 43-75% ਕਣਕ ਦਾ ਯੋਗਦਾਨ ਦੇ ਰਿਹਾ ਹੈ। ਸਿੰਚਾਈ ਅਧੀਨ ਕੁੱਲ ਖੇਤਰ ਵਿਚੋਂ 99% ਰਕਬਾ ਹੈ, ਜਿਸ ਵਿਚੋਂ ਧਰਤੀ ਹੇਠਲੇ ਪਾਣੀ ਨਾਲ (72%) ਅਤੇ ਨਹਿਰੀ ਪਾਣੀ (28%) ਨਾਲ ਸਿੰਜਿਆ ਜਾਂਦਾ ਹੈ। ਝੋਨੇ-ਕਣਕ ਫਸਲਾਂ ਦੀ ਪ੍ਰਣਾਲੀ ਦੁਆਰਾ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ, ਧਰਤੀ ਹੇਠਲੇ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਸਤਹੀ ਪਾਣੀ ਦੀ ਸਪਲਾਈ ਅਢੁਕਵੀਂ ਹੈ ਟਿਊਬਵੈਲਾਂ ਦੀ ਗਿਣਤੀ ਮੌਜੂਦਾ ਸਮੇਂ ਵਿਚ ਵਧ ਕੇ 14.76 ਲੱਖ ਹੋ ਗਈ ਹੈ ਜੋ 1970-71 ਵਿਚ 1.92 ਲੱਖ ਸੀ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਨਤੀਜਾ ਇਹ ਹੋਇਆ ਕਿ ਰਾਜ ਦੇ 109 ਬਲਾਕ ਅਤਿ- ਸੋਸ਼ਿਤ ਅਤੇ ਸਿਰਫ 22 ਬਲਾਕ ਸੁਰੱਖਿਅਤ ਹਨ। ਇਹ 22 ਬਲਕਾ ਵੀ ਉਹ ਹਨ ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਮਾੜਾ ਹੈ (ਦੱਖਣ- ਪੱਛਮੀ ਪੰਜਾਬ ),ਜਾਂ ਬਹੁਤ ਡੂੰਘਾ ਹੈ (ਕੰਢੀ ਇਲਾਕਾ)। ਪਿਛਲੇ ਦੋ ਦਹਾਕਿਆਂ ਦੌਰਾਨ, ਰਾਜ ਵਿਚ ਹਰ ਸਾਲ ਜ਼ਮੀਨ ਹੇਠਲਾ ਪਾਣੀ ਔਸਤਨ 50 ਸੈਂਟੀਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਇਹ ਸਮੱਸਿਆ ਕੇਂਦਰੀ ਪੰਜਾਬ (ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਮੋਗਾ, ਸੰਗਰੂਰ, ਫਤਿਹਗੜ ਸਾਹਿਬ, ਕਪੂਰਥਲਾ, ਬਰਨਾਲਾ ਅਤੇ ) ਵਿੱਚ ਹੋਰ ਵੀ ਗੰਭੀਰ ਹੈ, ਜਿੱਥੇ ਕਿ ਇਹ ਦਰ ਇੱਕ ਮੀਟਰ ਤੋਂ ਵੀ ਵੱਧ ਹੈ। ਸੋ ਆਪਣੇ ਜ਼ਮੀਨ ਹੇਠਲੇ ਪਾਣੀ ਦੇ ਸਮੱਸਿਆ ਤੇ ਬਹੁਤ ਜ਼ਿਆਦਾ ਦਬਾਅ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਦੀ ਸਖ਼ਤ ਜ਼ਰੂਰਤ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ ਜਿਵੇਂ ਕਿ ਛੱਤਾਂ ਰਾਹੀਂ, ਖੇਤਾਂ ਦਾ ਰੇੜੂ ਪਾਣੀ ਜਾਂ ਵਾਧੂ ਨਹਿਰੀ ਪਾਣੀ ਨੂੰ ਪੁਰਾਣੇ ਖੂਹਾਂ ਰਾਹੀਂ ਰੀਚਾਰਜ, ਝੋਨੇ ਵਿੱਚ ਵੱਟਾਂ ਦੀ ਉੱਚਾਈ ਅਤੇ ਪਿੰਡਾਂ ਦੇ ਛੱਪੜਾਂ ਦੇ ਪਾਣੀ ਦਾ ਸ਼ੋਧਿਕਰਣ ਅਤੇ ਇਸਤੇਮਾਲ।

ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ: ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਅੱਜ ਦੇ ਸਮੇਂ ਦੀ ਲੋੜ ਹੈ ਇਸ ਦਾ ਇਕ ਬਹੁਤ ਹੀ ਸਰਲ ਤੇ ਸਸਤੀ ਇਕਾਈ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ। ਇਹ ਇਕਾਈ ਵਿੱਦਿਅਕ ਸੰਸਥਾਨਾਂ, ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ ਅਤੇ ਉਦਯੋਗਿਕ ਕੰਪਲੈਕਸਾਂ (ਜਿੱਥੇ ਕਿ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਹੈ) ਵਿਚ ਆਸਾਨੀ ਨਾਲ ਅਪਣਾਈ ਜਾ ਸਕਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਮੰਨਿਆ ਜਾਵੇ ਕਿ ਹਰੇਕ ਘਰ ਦਾ ਔਸਤਨ ਬਾਰਿਸ਼ ਵਾਲਾ ਖੇਤਰ 100 ਮੀਟਰ 2 ਹੋਵੇ ਤਾਂ 13500 ਕਰੋੜ ਲੀਟਰ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਨਾਂ-ਸਿਰਫ ਭੂਮੀਗਤ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਸੱਤਰ ਵੀ ਉੱਪਰ ਹੋਵੇਗਾ । ਇਸ ਦੇ ਇਲਾਵਾ ਇਸ ਨਾਲ ਸੜਕਾਂ ਦੀ ਹਾਲਤ ਵੀ ਸੁਧਰੇਗੀ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।

ਛੱਤਾਂ ਉੱਪਰ ਇਕੱਠੇ ਹੋਏ ਪਾਣੀ ਦੇ ਨਮੂਨਿਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ ਪਾਇਆ ਗਿਆ ਕਿ ਇਸ ਵਿੱਚ ਜੀਵ-ਜੰਤੂਆਂ ਦੀ ਮੌਜੂਦਗੀ ਨਹੀਂ ਹੁੰਦੀ ਅਤੇ ਮੀਂਹ ਦਾ ਪਾਣੀ ਰਸਾਇਣਕ ਅਸ਼ੁੱਧੀਆਂ ਤੋਂ ਮੁਕਤ ਪਾਇਆ ਗਿਆ। ਪਰ ਫਿਰ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਪਾਣੀ ਵਿੱਚ ਮੌਜੂਦ ਮਿੱਟੀ ਅਤੇ ਗਾਰ ਤੋਂ ਸਾਫ ਕੀਤਾ ਜਾਵੇ। ਇਕੱਠੇ ਕੀਤੇ ਪਾਣੀ ਦੀ ਸ਼ੁੱਧਤਾ ਲਈ ਫਿਲਟਰ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਫਿਲਟ੍ਰੇਸ਼ਨ ਇਕਾਈ ਤਿਆਰ ਕੀਤੀ ਹੈ। ਇਸ ਇਕਾਈ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ, ਜੋ ਕਿ ਨਿਥਾਰਣ ਦਾ ਕੰਮ ਕਰਦਾ ਹੈਂ, ਪਾਣੀ ਵਿੱਚੋ ਮਿੱਟੀ ਤੇ ਗਾਰ ਹੇਠਾਂ ਬੈਠ ਜਾਂਦੀ ਹੈਂ ਤੇ ਇਸ ਤੋਂ ਬਾਅਦ ਪਾਣੀ ਫਿਲਟਰੇਸ਼ਨ ਇਕਾਈ ‘ਚੋਂ ਨਿਕਲ ਕੇ ਰੀਚਾਰਜ ਬੋਰ ਦੇ ਵਿੱਚ ਚਲਾ ਜਾਂਦਾ ਹੈ। ਇਸ ਇਕਾਈ ਦਾ ਖਰਚਾ ਛੱਤ ਦੇ ਖੇਤਰਫਲ, ਬਾਰਿਸ਼ ਅਤੇ ਭੂਮੀਗਤ ਹਾਲਤਾਂ ਤੇ ਨਿਰਭਰ ਕਰਦਾ ਹੈ। ਪਰ ਆਮ ਤੌਰ ‘ਤੇ ਇਸ ਦਾ ਖਰਚਾ, ਛੱਤ ਦੇ ਖੇਤਰਫਲ ਦੇ ਹਿਸਾਬ ਨਾਲ 100-500 ਮੀ. 2 ਤਕਰੀਬਨ 30 ਤੋਂ 70 ਹਜ਼ਾਰ ਤੱਕ ਹੁੰਦਾ ਹੈ। ਇਹ ਇਕਾਈ 15 ਤੋਂ 20 ਸਾਲ ਚੱਲਦੀ ਹੈ। ਇਸ ਇਕਾਈ ਦੀ ਉਮਰ ਅਤੇ ਗੁਣਵੱਤਾ ਨੂੰ ਵਧਾਉਣ ਵਾਸਤੇ ਸਮੇਂ-ਸਮੇਂ ਤੇ ਇਸ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲੀ ਬਾਰਿਸ਼ ਦਾ ਪਾਣੀ ਇਸ ਇਕਾਈ ਦੇ ਵਿੱਚ ਨਾ ਪਾਇਆ ਜਾਵੇ ਅਤੇ ਛੱਤ ਨੂੰ ਸਾਫ ਰੱਖਿਆ ਜਾਵੇ।

ਪੁਰਾਣੇ ਸੁੱਕੇ ਖੂਹਾਂ ਦੁਆਰਾਂ ਪਾਣੀ ਦਾ ਰਿਚਾਰਜ : ਇਹ ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਭਾਰੀ ਮੀਂਹ ਦੇ ਦੌਰਾਨ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਜਾਂਦਾ ਹੈ। ਜਿਸ ਨਾਲ ਝੋਨੇ ਤੋਂ ਬਿਨਾਂ ਹੋਰ ਫਸਲਾਂ ਜਿਵੇਂ ਕਿ ਮੱਕੀ, ਕਪਾਹ, ਸਬਜ਼ੀਆਂ, ਤੇਲ ਬੀਜ ਆਦਿ ਪ੍ਰਭਾਵਿਤ ਹੁੰਦੇ ਹਨ ਅਤੇ ਨਾਲ ਹੀ ਪਾਣੀ ਦੀ ਵੱਡੀ ਮਾਤਰਾ ਵਿੱਚ ਬਰਬਾਦੀ ਹੁੰਦੀ ਹੈ। ਮੀਂਹ ਦੇ ਪਾਣੀ ਦੀ ਸੰਭਾਲ ਦੇ ਤਰੀਕਿਆਂ ਨੂੰ ਅਪਣਾ ਕੇ ਅਸੀਂ ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾ ਸਕਦੇ ਹਾਂ ਅਤੇ ਫਸਲਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਾ। ਖੇਤਾਂ ਵਿੱਚ ਖੜ੍ਹੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਪੁਰਾਣੇ ਸੁੱਕੇ ਖੂਹਾਂ ਰਾਹੀਂ ਰਿਚਾਰਜ ਕੀਤਾ ਜਾਵੇ। ਇਹ ਉਹ ਖੂਹ ਨੇ ਜਿਨ੍ਹਾਂ ਤੋਂ ਪਹਿਲਾਂ ਸਿੰਚਾਈ ਹੁੰਦੀ ਸੀ ਪਰ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਕੇ ਅੱਜ ਇਹ ਸੁੱਕ ਗਏ ਹਨ ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਇਹ ਖੂਹ 15 ਤੋਂ 35 ਫੁੱਟ ਡੂੰਘੇ ਅਤੇ 5 ਤੋਂ 6 ਫੁੱਟ ਵਿਆਸ ਦੇ ਹਨ। ਨਹਿਰਾਂ ਦਾ ਵਾਧੂ ਪਾਣੀ ਵੀ ਇਹਨਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਕਈ ਵਾਰੀ ਮੀਂਹ ਦੇ ਮੌਸਮ ਵਿੱਚ ਨਹਿਰੀ ਪਾਣੀ ਦੀ ਮਾਤਰਾ ਕਾਫੀ ਵੱਧ ਜਾਂਦੀ ਤੇ ਕਿਸਾਨ ਨੂੰ ਸਿੰਚਾਈ ਲਈ ਉਸ ਦੀ ਜ਼ਰੂਰਤ ਨਹੀਂ ਹੁੰਦੀ। ਹਾੜੀ ਦੀ ਰੁੱਤ ਵਿੱਚ ਫਸਲ ਨੂੰ ਪਾਣੀ ਦੀ ਲੋੜ ਕਾਫੀ ਘੱਟ ਮਾਤਰਾ ਵਿੱਚ ਹੁੰਦੀ ਹੈ ਅਤੇ ਜੇਕਰ ਮੀਂਹ ਪੈ ਜਾਣ ਤਾਂ ਨਹਿਰੀ ਪਾਣੀ ਵਾਧੂ ਹੋ ਜਾਂਦਾ ਹੈ। ਇਸ ਪਾਣੀ ਨੂੰ ਨਾ-ਵਰਤੋਂ ਵਿੱਚ ਆਉਣ ਵਾਲੇ ਖੂਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਖੂਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਨ੍ਹਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਇਹ ਗੱਲ ਆਮ ਸਾਹਮਣੇ ਆਉਂਦੀ ਹੈ ਕਿ ਜਾਂ ਤਾਂ ਇਹ ਖੂਹ ਕੂੜੇ-ਕਰਕਟ ਨਾਲ ਭਰ ਦਿੱਤੇ ਗਏ ਹਨ। ਇਹ ਦੇਖਿਆ ਗਿਆ ਹੈ ਕਿ ਇਨ੍ਹਾਂ ਖੂਹਾਂ ਦੇ ਆਲੇ-ਦੁਆਲੇ ਜੰਗਲੀ ਘਾਹ-ਬੂਟੀ ਕਾਫੀ ਹੁੰਦੀ ਹੈ ਇਨ੍ਹਾਂ ਨੂੰ ਵੀ ਸਾਫ ਕਰਨਾ ਜ਼ਰੂਰੀ ਹੈ ਕਿਉਂਕਿ ਖੂਹ ਖੇਤ ਵਿੱਚ ਉੱਚੀ ਥਾਂ ਤੇ ਹੁੰਦਾ ਹੈ ਜਿਸ ਕਰਕੇ ਪਾਣੀ ਦਾ ਰੁੱਖ ਖੂਹ ਵੱਲ ਮੋੜਨਾ ਪੈਂਦਾ ਹੈ। ਵਰਖਾ ਰੁੱਤ ਸਮੇਂ ਖੂਹ ਵਿੱਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਕਿ ਜਾਨਲੇਵਾ ਹੋ ਸਕੱਦਿਆਂ ਹਨ, ਸਾਨੂੰ ਵਾਧੂ ਇਹਤਿਆਤ ਵਰਤਣ ਦੀ ਜਰੂਰਤ ਹੈਂ। ਖੂਹ ਦੀ ਸਫ਼ਾਈ ਕਰਨ ਤੋਂ ਬਾਅਦ, ਤਲ ਦੇ 15 ਸੈਂਟੀਮੀਟਰ ਉਪਰਲੀ ਮਿੱਟੀ ਦੀ ਪਰਤ ਨੂੰ, ਸ਼ਿਲਿੰਗ ਪ੍ਰਭਾਵ ਤੋਂ ਬਚਾਣ ਲਈ, ਹਟਾ ਦੇਣਾ ਜਾਣਾ ਚਾਹੀਦਾ ਹੈ। ਖੂਹ ਤੋਂ ਥੋੜ੍ਹਾ ਪਹਿਲੇ ਪਾਣੀ ਨੂੰ ਟੋਏ ਵਿੱਚ ਪਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿਚਲਾ ਗਾਰ ਹੇਠਾਂ ਰਹਿ ਜਾਵੇ ਅਤੇ ਨਿੱਤਰਿਆ ਹੋਇਆ ਪਾਣੀ ਖੂਹ ਵੱਲ ਜਾਵੇ। ਇਹ ਵੀ ਸ਼ਿਫਾਰਸ ਕੀਤੀ ਜਾਂਦੀ ਹੈ ਟੋਏ ਦੀ ਬਨਾਵਟ ਸ਼ੰਕੂ ਆਕਾਰ ਵਿੱਚ ਕੀਤੀ ਜਾਵੇ ਤਾਂ ਉਹ ਪਾਸਿਆ ਤੋਂ ਡਿੱਗਦਾ ਨਹੀਂ ਹੈ।

ਝੋਨੇ ਦੇ ਖੇਤਾਂ ਵਿਚ ਵੱਟਾ ਦੀ ਵਾਧੂ ਉਚਾਈ:- ਝੋਨੇ ਦੇ ਖੇਤਾਂ ਦੀ ਵੱਟ ਦੀ ਉਚਾਈ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਤੇ ਕਿਸਾਨ ਦੇ ਖੇਤ ਦਾ ਖਾਦ ਉਸਦੇ ਖੇਤ ਵਿੱਚ ਰਹੇ । ਝੋਨੇ ਦੇ ਖੇਤ ਵਿਚ, ਵੱਧ ਤੋਂ ਵੱਧ ਮੀਂਹ ਦੀ ਸੰਭਾਲ ਵਾਸਤੇ, ਹਲਕਿਆਂ, ਮੱਧਮ ਅਤੇ ਭਾਰੀ ਜ਼ਮੀਨਾਂ ਵਿਚ ਪ੍ਰਭਾਵਸ਼ਾਲੀ ਵੱਟ ਦੀ ਉਚਾਈ 17.5, 22.5 ਅਤੇ 27.5 ਸੈਂਟੀਮੀਟਰ ਕ੍ਰਮਵਾਰ ਦੀ ਸਿਫਾਰਸ਼ ਕੀਤੀ ਗਈ ਹੈ । ਇਸ ਸਧਾਰਣ ਅਭਿਆਸ ਨਾਲ ਝੋਨੇ ਦਾ ਖੇਤ ਬਰਸਾਤ ਦੇ ਮੌਸਮ ਵਿਚ ਰੀਚਾਰਜ ਬੇਸਿਨ ਦਾ ਕੰਮ ਕਰੇਗਾ।

ਪਿੰਡ ਦੇ ਛੱਪੜਾਂ ਦਾ ਸ਼ੋਧੀਕਰਣ: ਰਾਜ ਵਿੱਚ 18,000 ਤੋਂ ਵੱਧ ਪਿੰਡ ਦੇ ਛੱਪੜ ਹਨ। ਪਿੰਡ ਦੇ ਘਰਾਂ ਦਾ ਗੰਦਾ ਪਾਣੀ ਇਨ੍ਹਾਂ ਛੱਪੜਾਂ ਵਿੱਚ ਵਗਦਾ ਹੈ । ਪਾਈਪਾਂ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ਦੇ ਨਾਲ ਨਾਲ ਪਿੰਡਾਂ ਦੇ ਘਰਾਂ ਤੱਕ ਪਹੁੰਚਣ ਨਾਲ, ਸਾਲਾਂ ਤੋਂ ਇਨ੍ਹਾਂ ਛੱਪੜਾਂ ਵਿੱਚ ਵਗਦਾ ਪਾਣੀ ਕਾਫ਼ੀ ਵੱਧ ਗਿਆ ਹੈ। ਪਾਣੀ ਸੰਭਾਲਣ ਦੀ ਸਮਰੱਥਾ ਵਧਾਉਣ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਪਾਣੀ ਦੀ ਕੁਆਲਟੀ ਖੇਤੀਬਾੜੀ ਲਈ ਠੀਕ ਹੈ ਤਾਂ ਜੋ ਛੱਪੜਾਂ ਦਾ ਸ਼ੋਧਿਕਰਣ ਕੀਤਾ ਜਾਵੇ। ਇਸ ਦੇ ਨਾਲ ਨਾ ਕੇਵਲ ਜੰਮੇਂ ਹੇਠਲੇ ਪਾਣੀ ਦਾ ਸੱਤਰ ਉੱਪਰ ਆਏਗਾ ਬਲਕਿ ਪੰਡੂ ਵਤਾਵਨ ਅਤੇ ਆਰਥਿਕ ਹਾਲਾਤਾਂ ਵਿਚ ਵੀ ਸੁਧਾਰ ਹੋਵੇਗਾ । ਪਾਣੀ ਨੂੰ ਖੇਤੀਬਾੜੀ ਦੇ ਖੇਤਾਂ ਵਿਚ ਲਿਜਾਣ ਲਈ ਇਨ੍ਹਾਂ ਤਲਾਬਾਂ ਵਿਚੋਂ ਜ਼ਮੀਨਦੋਜ਼ ਪਾਈਪਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਵਿਭਾਗ ਦੇ ਇੱਕ ਅੰਦਾਜ਼ੇ ਅਨੁਸਾਰ ਸਿੰਜਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਅਤੇ ਮੁੜ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਮੀ. ਤੱਕ ਘੱਟ ਜਾਵੇਗੀ।

ਧਰਤੀ ਹੇਠਲੇ ਪਾਣੀ ਦਾ ਰੀਚਾਰਜ ਕਰਦੇ ਸਮੇਂ ਸਾਵਧਾਨੀਆਂ : ਇਹ ਦੇਖਿਆ ਗਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਉਹ ਸਿੱਧੇ ਤੌਰ ‘ਤੇ ਆਪਣੇ ਖੇਤ ਦਾ ਰੇੜੂ ਪਾਣੀ ਨੂੰ ਬੋਰ ਖੂਹ ਜਾਂ ਸਬਮਰਸੀਬਲ ਬੋਰਾਂ ਵੱਲ ਮੋੜ ਰਹੇ ਹਨ. ਅਜਿਹਾ ਕਰਦੇ ਸਮੇਂ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਬਹੁਤ ਵੱਡਾ ਜੋਖਮ ਹੁੰਦਾ ਹੈ । ਝੋਨੇ ਦੇ ਖੇਤ ਵਿੱਚ ਕਈ ਖੇਤੀ ਰਸਾਇਣ ਜਿਵੇਂ ਕੀਟ ਨਾਸ਼ਕਾਂ, ਖਾਦਾਂ, ਨਦੀਨ ਨਾਸ਼ਕਾਂ, ਜੈਵਿਕ ਖਾਦ, ਸੂਖਮ ਜੀਵ-ਜੰਤੂ ਆਦਿ ਮੌਜੂਦ ਹਨ। ਜੇ ਅਸੀਂ ਇਸ ਕਿਸਮ ਦੇ ਪਾਣੀ ਨੂੰ ਸ਼ੁੱਧ ਧਰਤੀ ਹੇਠਲੇ ਪਾਣੀ ਵਿਚ ਸਿੱਧਾ ਰਿਚਾਰਜ ਕਰਦਾ ਹੈਂ, ਤਾਂ ਅਸੀਂ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹਾਂ ਜੋ ਅਸੀਂ ਰੋਜ਼ਾਨਾ ਆਪਣੀਆਂ ਜ਼ਰੂਰਤਾਂ ਲਈ ਵਰਤ ਰਹੇ ਹਾਂ । ਇਸ ਨਾਲ ਪਾਣੀ ਦੀ ਗੁਣਵੱਤਾ ‘ਤੇ ਵੀ ਮਾੜਾ ਅਸਰ ਪਵੇਗਾ। ਇਸ ਨੂੰ ਦੂਸ਼ਿਤ ਧਰਤੀ ਹੇਠਲੇ ਪਾਣੀ ਨੂੰ ਸ਼ੁੱਧ ਕਰਨ ਲਈ ਬਹੁਤ ਸਾਰੇ ਯਤਨਾਂ ਕਰਨ ਦੀ ਲੋੜ ਪਵੇਗੀ ਅਤੇ ਇਸਦਾ ਮੁੜ ਸੁਧ ਕਰਨਾ ਮੁਸ਼ਕਲ ਹੈ । ਧਰਤੀ ਹੇਠਲੇ ਪਾਣੀ ਦਾ ਰੀਚਾਰਜ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਨੂੰ ਵਧਾਏਗਾ ਪਰ ਇਹ ਸਾਡੀ ਚੰਗੀ ਕੁਆਲਟੀ ਦੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਦੀ ਕੀਮਤ ਤੇ ਨਹੀਂ ਕੀਤਾ ਜਾਣਾ ਚਾਹੀਦਾ । ਜੇ ਕਿਸਾਨ ਖੇਤਾਂ ਦਾ ਰੇੜੂ ਪਾਣੀ ਨੂੰ ਸਬਮਰਸੀਬਲ ਬੋਰ ਵੱਲ ਮੋੜ ਰਹੇ ਹਨ ਤਾਂ ਸਬਮਰਸੀਬਲ ਪੰਪ ਦੀ ਕਾਰਜ ਸਮਰੱਥਾ ਤੇ ਮਾੜਾ ਅਸਰ ਪੈਂਦਾ ਹੈਂ ਅਤੇ ਓਹ ਲੰਬੇ ਸਮੇਂ ਤਕ ਸਹੀ ਕਾਮ ਨਹੀਂ ਕਰ ਸਕੇਗਾ । ਇਸ ਲਈ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਤਕਨੀਕ ਨੂੰ ਅਪਣਾਉਂਦੇ ਸਮੇਂ ਸਾਨੂੰ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਤੇ ਅਣਜਾਣੇ ਵਿੱਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਪਾਣੀ ਦੀ ਸੰਭਾਲ ਜ਼ਰੂਰੀ ਹੈ ਅਤੇ ਕੋਈ ਵੀ ਵਿਅਕਤੀ ਜੋ ਅਸਲ ਵਿੱਚ ਆਪਣੇ ਪੱਧਰ ‘ਤੇ ਪਾਣੀ ਦੀ ਸੰਭਾਲ ਕਰਨਾ ਚਾਹੁੰਦਾ ਹੈ, ਉਸ ਨੂੰ ਮਾਹਰਾਂ ਦੀ ਰਹਿਨੁਮਾਈ ਵਿੱਚ ਅਜਿਹਾ ਕਰਨਾ ਚਾਹੀਦਾ ਹੈ।

ਸੰਪਰਕ: 98722-08744

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *