ਜਗਤਾਰ ਸਿੰਘ ਸਿੱਧੂ;
ਪੰਜਾਬ ਦੇ ਕਿਸਾਨਾਂ ਦੀ ਖੇਤੀ ਪੈਦਾਵਾਰ ਦੇ ਮਾਮਲੇ ਵਿੱਚ ਦੁਰਦਸ਼ਾ ਕਿਉਂ? ਪੰਜਾਬ ਦੇ ਕਿਸਾਨ ਨੂੰ ਦੋਸ਼ੀ ਵਾਂਗ ਕਟਿਹਰੇ ਵਿਚ ਖੜ੍ਹਾ ਕੀਤਾ ਹੋਇਆ ਹੈ। ਆਖਿਰ ਪੰਜਾਬ ਦੇ ਕਿਸਾਨ ਦਾ ਕਸੂਰ ਕੀ ਹੈ? ਜਦੋ ਦੇਸ਼ ਠੂਠਾ ਫੜਕੇ ਦੂਜੇ ਦੇਸ਼ਾਂ ਤੋ ਅਨਾਜ ਮੰਗਣ ਜਾਂਦਾ ਸੀ ਤਾਂ ਪੰਜਾਬ ਦੇ ਕਿਸਾਨ ਨੇ ਅਨਾਜ ਭੰਡਾਰ ਦੇ ਮਾਮਲੇ ਵਿੱਚ ਦੇਸ਼ ਆਤਮ ਨਿਰਭਰ ਬਣਾਇਆ। ਹੁਣ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਹੈ ਤਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਕਿਸਾਨ ਨੂੰ ਪੂਰੀ ਤਰਾਂ ਦੋਸ਼ੀ ਠਹਿਰਾ ਰਹੀ ਹੈ ।ਅਦਾਲਤਾਂ ਵਲੋ ਕਿਹਾ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਸਰਕਾਰਾਂ ਸਖਤੀ ਕਿਉਂ ਨਹੀਂ ਕਰ ਰਹੀਆਂ? ਅਦਾਲਤਾਂ ਦਾ ਕਹਿਣਾ ਹੈਂ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਲਈ ਇੱਛਾ ਸ਼ਕਤੀ ਨਹੀਂ ਰੱਖਦੀਆਂ। ਸੁਪਰੀਮ ਕੋਰਟ ਵੱਲੋਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਕੋਲੋਂ ਕਾਰਵਾਈ ਨਾ ਕਰਨ ਲਈ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਦੇ ਮਸਲੇ ਲਈ ਟਰੈਕਟਰ ਅਤੇ ਹੋਰ ਸਮਾਨ ਦੀ ਮਦਦ ਕਰਨ ਦੀ ਮੰਗ ਨੂੰ ਰਦ ਕਰ ਦਿੱਤਾ ਗਿਆ ਹੈਂ ।ਦੇਸ਼ ਦੀ ਸਰਵ ਉੱਚ ਅਦਾਲਤ ਨੇ ਕਿਹਾ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਸੰਵਿਧਾਨ ਦੀ ਧਾਰਾ ਇੱਕੀ ਅਧੀਨ ਪ੍ਰਦੂਸ਼ਣ ਮੁਕਤ ਮਹੌਲ ਵਿੱਚ ਰਹਿਣ ਬਾਰੇ ਅਧਿਕਾਰ ਹੈ ।ਇਸੇ ਤਰ੍ਹਾਂ ਕੋਈ ਵੀ ਧਰਮ ਪ੍ਰਦੂਸ਼ਣ ਫੈਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਇਹ ਭਰਮ ਜਾਣਬੁਝਕੇ ਪੈਦਾ ਕੀਤਾ ਜਾਂਦਾ ਹੈ।
ਪੰਜਾਬ ਅਤੇ ਹਰਿਆਣਾ ਦੇ ਨਾਲ ਸੁਪਰੀਮ ਕੋਰਟ ਨੇ ਦਿੱਲੀ ਵਿੱਚ ਦਿਵਾਲੀ ਵੇਲੇ ਪਟਾਕਿਆਂ ਦੇ ਧੂੰਏਂ ਕਾਰਨ ਪੈਦਾ ਹੋਈ ਸਥਿਤੀ ਲਈ ਦਿੱਲੀ ਸਰਕਾਰ ਦੀ ਵੀ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਟਾਕਿਆਂ ਤੇ ਰੋਕ ਨਾ ਲਗਾਈ ਗਈ ਤਾਂ ਆਮ ਨਾਗਰਿਕ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ।
ਦਿੱਲੀ ਦੀ ਸਥਿਤੀ ਵਾਂਗ ਕਈ ਹੋਰ ਸੂਬਿਆਂ ਅੰਦਰ ਵੀ ਪ੍ਰਦੂਸ਼ਣ ਨੂੰ ਲੈਕੇ ਗੰਭੀਰ ਬਣੀ ਹੋਈ ਹੈ ਮਿਸਾਲ ਵਜੋਂ ਚੰਡੀਗੜ ਖੂਬਸੂਰਤ ਸ਼ਹਿਰ ਦੇ ਪ੍ਰਦੂਸ਼ਣ ਦਾ ਪਧਰ ਦੇਸ਼ ਵਿਚ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ ।ਸ਼ਾਮ ਪੈਂਦੇ ਹੀ ਹਨੇਰਾ ਹੋਣ ਲਗਦਾ ਹੈ ਅਤੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ।
ਸਵਾਲ ਤਾਂ ਇਹ ਵੀ ਹੈ ਕਿ ਇਸ ਸਾਰੇ ਕਾਸੇ ਦੇ ਚਲਦਿਆਂ ਕਿਧਰੇ ਕਿਸਾਨ ਦੀ ਸੁਣਵਾਈ ਹੋਈ ਹੈ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਦੇਸ਼ ਦੇ ਨਾਗਰਿਕ ਨੂੰ ਪ੍ਰਦੂਸ਼ਣ ਮੁਕਤ ਮਾਹੌਲ ਵਿੱਚ ਜਿਉਣ ਦਾ ਪੂਰਾ ਅਧਿਕਾਰ ਹੈ ਪਰ ਕਿਸਾਨ ਨੂੰ ਸਨਮਾਨ ਵਾਲੀ ਜਿੰਦਗੀ ਜਿਉਣ ਦਾ ਅਧਿਕਾਰ ਕਿਉ ਨਹੀਂ ਹੈ । ਕਦੇ ਕਿਸੇ ਨੇ ਸਵਾਲ ਕੀਤਾ ਹੈ ਕਿ ਕਿਸਾਨ ਨੂੰ ਆਪਣੀ ਫਸਲ ਸਨਮਾਨਯੋਗ ਢੰਗ ਨਾਲ ਵੇਚਣ ਦਾ ਅਧਿਕਾਰ ਕਿਉ ਨਹੀ? ਪਰਾਲੀ ਦੇ ਪ੍ਰਬੰਧਨ ਲਈ ਕੇਂਦਰ ਜਾਂ ਸੂਬਾ ਸਰਕਾਰਾਂ ਦੀ ਕਿਸਾਨ ਦੀ ਮਦਦ ਕਰਨ ਦੀ ਕੋਈ ਜਿੰਮੇਵਾਰੀ ਨਹੀਂ ?ਸਮੇਂ ਸਿਰ ਅਨਾਜ ਪੰਜਾਬ ਵਿੱਚੌਂ ਨਾ ਚੁੱਕਿਆ ਗਿਆ ਤਾਂ ਕੌਣ ਜਿੰਮੇਵਾਰ ਹੈ? ਫਸਲ ਨਹੀਂ ਖਰੀਦੀ ਗਈ ਤਾਂ ਕਿਸਾਨ ਆਪਣਾ ਖਰਚਾ ਕਿਸ ਤੋ ਲੈ ਕੇ ਚਲਾਏਗਾ? ਕਦੇ ਕਿਸੇ ਨੇ ਪੁਛਿਆ ਕਿ ਕਿਸਾਨ ਦੀ ਫ਼ਸਲ ਨਹੀਂ ਵਿਕੀ ਤਾਂ ਕਰਜੇ ਦੀ ਕਿਸ਼ਤ ਕਿਵੇ ਮੋੜੇਗਾ? ਪਰਾਲੀ ਸਾੜਨ ਲਈ ਕਿਸਾਨ ਕਟਿਹਰੇ ਵਿੱਚ ਖੜਾ ਕੀਤਾ ਹੈ ਪਰ ਕਿਸਾਨ ਦੀ ਦੁਰਦਸ਼ਾ ਲਈ ਕਿਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ ਅਤੇ ਕਿਹੜੀ ਸ਼ਕਤੀ ਇਸ ਦਾ ਫੈਸਲਾ ਕਰੇਗੀ?
ਸੰਪਰਕ: 9814002186