ਕੈਪਟਨ ਨੇ ਕਿਉਂ ਮੰਨਿਆ ਸੋਨੀਆ ਦਾ ਫੈਸਲਾ?

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ (ਐਡੀਟਰ)

ਸਿੱਧੂ ਬਾਰੇ ਮੁੱਖ ਮੰਤਰੀ ਦੀ ਚੁੱਪੀ ਦਾ ਸੁਨੇਹਾ! ਰਾਜਸੀ ਧਿਰਾਂ ਦੇ ਨੇਤਾ ਅਤੇ ਸਰਕਸ ਦੇ ਖਿਡਾਰੀ ਜਦੋਂ ਕਲਾਬਾਜੀਆਂ ਲਾਉਦੇਂ ਹਨ ਤਾਂ ਦਰਸ਼ਕ ਕਈ ਵਾਰ ਸਾਹ ਰੋਕ ਕੇ ਬੈਠ ਜਾਂਦੇ ਹਨ ਕਿ ਪਤਾ ਨਹੀਂ ਹੁਣ ਕੀ ਹੋਣ ਵਾਲਾ ਹੈ ਪਰ ਨੇਤਾ ਅਤੇ ਸਰਕਸ ਦੇ ਖਿਡਾਰੀ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਖੇਡ ਕਿੱਥੇ ਜਾ ਕੇ ਖਤਮ ਕਰਨੀ ਹੈ ਕਿਉਂਕਿ ਅਜਿਹਾ ਉਹ ਪਹਿਲੀ ਵਾਰ ਨਹੀਂ ਕਰ ਰਹੇ ਹੁੰਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਠੀਕ ਕੁਝ ਇਸੇ ਤਰ੍ਹਾਂ ਹੀ ਕੀਤਾ ਹੈ। ਪੂਰੀ ਪਾਰਟੀ ਅਤੇ ਮੰਤਰੀ ਮੰਡਲ ਦੇ ਮੰਤਰੀਆਂ ਦੀਆਂ ਕਈ ਦਿਨ ਡੰਡ ਬੈਠਕਾਂ ਲੁਆਈਆਂ। ਪਰਗਟ ਸਿੰਘ ਵਰਗੇ ਖਿਡਾਰੀਆਂ ਦਾ ਦਮ ਪਰਖਿਆ ਗਿਆ। ਨਵਜੋਤ ਸਿੰਘ ਸਿੱਧੂ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿਚ ਛਿੱਕੇ ਮਾਰਦਾ ਰਿਹਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬਹੁਤ ਸਿਆਣਾ ਬੰਦਾ ਹੈ। ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਲਾਈਨ ਦੇ ਕਿਸ ਪਾਸੇ ਖੜੇ।ਇਹ ਵੀ ਨਹੀਂ ਪਤਾ ਕਿ ਪ੍ਰਧਾਨ ਵੀ ਹੈ ਜਾਂ ਨਹੀਂ? ਦੇਸ਼ ਦੀ ਵੰਡ ਨਾਲ ਜੁੜੀ ਪੰਜਾਬੀ ਦੀ ਬਹੁਤ ਮਸ਼ਹੂਰ ਕਹਾਣੀ ਹੈ-ਟੋਭਾ ਟੇਕ ਸਿੰਘ। ਉਸ ਦੇ ਮੁੱਖ ਪਾਤਰ ਦੀ ਮੌਤ ਮੁਲਕਾਂ ਦੀ ਵੰਡ ਵਾਲੀ ਲਾਈਨ ‘ਤੇ ਹੋਈ ਸੀ। ਜਾਖੜ ਨਾਲ ਤਾਂ ਟੋਭਾ ਟੇਕ ਸਿੰਘ ਦੇ ਪਾਤਰ ਵਾਲੀ ਹੋਈ। ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਦਾ ਫੈਸਲਾ ਮੰਨਣ ਦੀ ਗੱਲ ਤਾਂ ਪਾਰਟੀ ਪ੍ਰਧਾਨ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਆਖ ਸਕਦਾ ਸੀ। ਐਨੇ ਦਿਨਾਂ ਤੋਂ ਸਰਕਾਰ ਦਾ ਕੰਮ ਠੱਪ ਪਿਆ ਹੈ। ਸੂਬੇ ਦੇ ਕਿਸੇ ਹਿੱਸੇ ਵਿਚ ਪੰਜਾਬ ਦਾ ਇਕੋ ਕੈਪਟਨ ਦੇ ਬੋਰਡ ਲੱਗੇ ਹੋਏ ਹਨ।

ਅਜਿਹੇ ਸ਼ਾਨਦਾਰ ਬੈਨਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਲੱਗੇ ਹੋਏ ਹਨ। ਸਿੱਧੂ ਅਜੇ ਕਮਜ਼ੋਰ ਪਾਰਟੀ ਹੈ। ਇਸ ਕਰਕੇ ਰਾਤ ਨੂੰ ਕਈ ਵਾਰ ਸਿੱਧੂ ਦੇ ਬੋਰਡ ਵੀ ਕੋਈ ਲਾਹ ਜਾਂਦਾ ਹੈ ਤਾਂ ਫਿਰ ਉਹ ਟਵਿੱਟਰ ਦਾ ਹੈਂਡਲ ਹੱਥ ’ਚ ਫੜ ਲੈਂਦਾ ਹੈ।ਵੀਡੀੳ ਬਣਾ ਕੇ ਗਰੁੱਪਾਂ ਵਿਚ ਸੁੱਟਦਾ ਹੈ।ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵੇਲੇ ਕੁਵੇਲੇ ਬੋਰਡ ਲਗਵਾ ਹੀ ਦਿੰਦਾ ਹੈ।ਇਸ ਸਾਰੀ ਲੜਾਈ ਤੋਂ ਬਾਅਦ ਹੁਣ ਕੈਪਟਨ ਨੇ ਇਹ ਤਾਂ ਮੰਨ ਹੀ ਲਿਆ ਕਿ ਪਾਰਟੀ ਪ੍ਰਧਾਨ ਦਾ ਫੈਸਲਾ ਪ੍ਰਵਾਨ ਹੋਵੇਗਾ। ਕੱਲ੍ਹ ਨੂੰ ਫੈਸਲੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੀ ਕੋਈ ਵੱਡੀ ਜ਼ਿੰਮੇਵਾਰੀ ਦਾ ਪਤਾ ਖੁਲ੍ਹੇਗਾਂ ਤਾਂ ਸੁਭਾਵਿਕ ਹੈ ਕਿ ਕੈਪਟਨ ਨੂੰ ਪ੍ਰਵਾਨ ਹੋਵੇਗਾ। ਕੌਮੀ ਪਾਰਟੀਆਂ ਅੰਦਰ ਪਾਰਟੀ ਹਾਈਕਮਾਂਡ ਦੇ ਸਹਿਮਤੀ ਨਾਲ ਹੀ ਚਲਿਆ ਜਾ ਸਕਦਾ ਹੈ। ਕੈਪਟਨ ਦੀ ਗੱਲ ਤਾਂ ਛੱਡੋ, ਪਾਰਟੀ ਦਾ ਹਰ ਛੋਟੇ ਤੋਂ ਵੱਡਾ ਵਰਕਰ ਪਾਰਟੀ ਹਾਈ ਕਮਾਂਡ ਦੇ ਫੈਸਲੇ ‘ਤੇ ਫੁੱਲ ਚੜਾਉਂਦਾ ਹੈ। ਜਿਹੜੇ ਇੰਜ ਨਹੀਂ ਕਰਦੇ ਉਨ੍ਹਾਂ ਨਾਲ ਸੁਖਪਾਲ ਖਹਿਰਾ ਵਰਗੀ ਹੁੰਦੀ ਹੈ।

ਪਾਠਕਾਂ ਦੇ ਧਿਆਨ ਵਿੱਚ ਇਕ ਛੋਟੀ ਜਿਹੀ ਪਰ ਅਹਿਮ ਮਿਸਾਲ ਧਿਆਨ ਵਿੱਚ ਲਿਆ ਰਿਹਾ ਹਾਂ। ਬੇਅਤ ਸਿੰਘ ਦੀ ਹੱਤਿਆ ਤੋਂ ਬਾਅਦ ਹਰਚਰਨ ਸਿੰਘ ਬਰਾੜ ਉਸੇ ਸ਼ਾਮ ਹੀ ਮੁੱਖ ਮੰਤਰੀ ਬਣ ਗਏ। ਦੋਹਾਂ ਆਗੂਆਂ ਦੀਆਂ ਸਰਕਾਰ ਦੇ ਵਿੱਚ ਸਰਕਾਰੀ ਕੋਠੀਆਂ ਨਾਲੋ ਨਾਲ ਸਨ। ਬੇਅਤ ਸਿੰਘ ਦੇ ਘਰ ਰੋਣਾ ਸੀ। ਨੇਤਾ ਅਫਸੋਸ ਕਰ ਰਹੇ ਸਨ। ਉਸੇ ਕੋਠੀ ਦੀ ਦੀਵਾਰ ਦੇ ਦੂਜੇ ਪਾਸੇ ਬਰਾੜ ਨੂੰ ਵਧਾਈਆਂ ਮਿਲ ਰਹੀਆਂ ਸਨ। ਕਈ ਨੇਤਾ ਪਹਿਲਾਂ ਵਧਾਈ ਦੇ ਜਾਂਦੇ ਅਤੇ ਫਿਰ ਮੂੰਹ ਲਮਕਾ ਕੇ ਬੇਅਤ ਸਿੰਘ ਦੀ ਕੋਠੀ ਵਲ ਚਲੇ ਜਾਂਦੇ। ਰੱਬ ਦੀ ਕਰਨੀ! ਕੁਝ ਅਰਸੇ ਬਾਅਦ ਕਾਂਗਰਸ ਵਿਚ ਕਲੇਸ਼ ਪੈ ਗਿਆ ਤਾਂ ਬੀਬੀ ਰਜਿੰਦਰ ਕੋਰ ਭੱਠਲ ਮੁੱਖ ਮੰਤਰੀ ਬਣ ਗਈ। ਭੱਠਲ ਦੀ ਚੋਣ ਮੌਕੇ ਪੰਜਾਬ ਕਾਂਗਰਸ ਭਵਨ ਵਿਚ ਸਵਾਗਤ ਲਈ ਧੱਕਾ ਪੈ ਰਿਹਾ ਸੀ। ਮੇਰੇ ਇਕ ਸੀਨੀਅਰ ਪੱਤਰਕਾਰ ਸਾਥੀ ਪੀ.ਪੀ.ਐਸ ਗਿੱਲ ਨੇ ਕਿਹਾ ਕਿ ਚੱਲ ਬਰਾੜ ਦਾ ਹਾਲ ਚਾਲ ਹੀ ਪੁੱਛ ਆਈਏ। ਬਰਾੜ ਸਰਕਾਰੀ ਕੋਠੀ ਵਿੱਚ ਲੋਈ ਦੀ ਬੁੱਕਲ ਮਾਰੀ ਇਕ ਛੋਟੇ ਜਿਹੇ ਟੈਂਟ ਹੇਠ ਬੈਠਾ ਸੀ। ਨਾਲ ਸ਼ਾਇਦ ਇੱਕੋ ਨੇਤਾ ਚੌਧਰੀ ਦਰਸ਼ਨ ਸਿੰਘ ਬੈਠਾ ਸੀ। ਖਾਲੀ ਕੋਠੀ ਭਾਂ ਭਾਂ ਕਰੇ। ਸਾਨੂੰ ਮਿਲੇ ਬਗੈਰ ਹੀ ਬਰਾੜ ਅੰਦਰ ਚਲਾ ਗਿਆ। ਕੈਪਟਨ ਅਮਰਿੰਦਰ ਸਿੰਘ ਬਹੁਤ ਸੁਲਝਿਆ ਹੋਇਆ ਨੇਤਾ ਹੈ ਅਤੇ ਕੌਮੀ ਪਾਰਟੀਆਂ ਦੇ ਕੰਮ ਕਰਨ ਦੇ ਰੰਗ ਢੰਗ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ।

- Advertisement -

ਰਹੀ ਗੱਲ ਵਾਅਦਿਆਂ ਦੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕਾਤਲਾਂ ਨੂੰ ਸਜ਼ਾ ਦਾ ਮਾਮਲਾ ਹੈ। ਕਿਸਾਨੀ , ਬਿਜਲੀ, ਰੁਜ਼ਗਾਰ, ਸਿਹਤ, ਨਸ਼ੇ ਅਤੇ ਹੋਰ ਵੀ ਵੱਡੇ ਮੁੱਦੇ ਹਨ। ਇਨ੍ਹਾਂ ਮਾਮਲਿਆਂ ਲਈ ਤਾਂ ਹੁਣ ਸਾਰੀਆਂ ਰਾਜਸੀ ਧਿਰਾਂ ਰਾਜਨੀਤੀ ਕਰ ਰਹੀਆਂ ਹਨ। ਇਹ ਤਾਂ ਹੁਣ ਵੋਟਰਾਂ ਦੇ ਪਰਖ ਦੀ ਘੜੀ ਹੋਵੇਗੀ ਕਿ ਉਹ ਕੀ ਫੈਸਲਾ ਕਰਨਗੇ?

ਸੰਪਰਕ: 9814002186

Share this Article
Leave a comment