Home / ਓਪੀਨੀਅਨ / ਜਾਨ ਤੋਂ ਵੱਧ ਪਿਆਰੀ ਕਿਉਂ ਲਗਦੀ ਹੈ ਸ਼ਰਾਬ!

ਜਾਨ ਤੋਂ ਵੱਧ ਪਿਆਰੀ ਕਿਉਂ ਲਗਦੀ ਹੈ ਸ਼ਰਾਬ!

-ਅਵਤਾਰ ਸਿੰਘ 

ਨਸ਼ਾ ਸਿਹਤ ਲਈ ਠੀਕ ਨਹੀਂ ਹੈ। ਮਨੁੱਖ ਦੀ ਜਾਨ ਦਾ ਹਰ ਪੱਖੋਂ ਨੁਕਸਾਨ ਪਹੁੰਚਾਉਂਦਾ ਹੈ। ਨਸ਼ੇ ਦੀ ਆਦਤ ਉਸ ਨੂੰ ਆਰਥਿਕ ਪੱਖੋਂ ਖੋਖਲਾ ਕਰਕੇ ਘਰੇਲੂ ਹਾਲਾਤ ਮਾੜੇ ਹੋ ਜਾਂਦੇ ਹਨ। ਅਸਲ ਵਿਚ ਨਸ਼ਾ ਉਹ ਚੀਜ਼ ਹੈ ਜਿਸ ਤੋਂ ਬਿਨਾ ਮਨੁੱਖ ਦਾ ਸਰੀਰ ਕੰਮ ਕਰਨ ਤੋਂ ਜਵਾਬ ਦੇ ਰਿਹਾ ਹੋਵੇ ਤੇ ਉਸ ਦਾ ਸੇਵਨ ਕਰਨ ਨਾਲ ਉਹ ਇਕ ਦਮ ਚੁਸਤ ਫੁਰਤ ਹੋ ਜਾਵੇ। ਰਿਸ਼ੀ ਮੁਨੀ ਜੰਗਲਾਂ ਵਿਚ ਤਪ ਕਰਦੇ ਸਮੇਂ ਅੱਕ ਧਤੂਰੇ ਤੇ ਹੋਰ ਜੜ੍ਹੀ ਬੂਟੀਆਂ ਦਾ ਸੇਵਨ ਕਰਕੇ ਆਪਣੀ ਧੁਨ ਰੱਬ ਨਾਲ ਮਿਲਾਉਣ ਬਾਰੇ ਦਸੇ ਜਾਂਦੇ ਹਨ।

ਸਮਾਂ ਬਦਲਣ ਨਾਲ ਮਨੁੱਖ ਨੇ ਆਪਣੇ ਆਰਾਮ ਲਈ ਅਜਿਹੀਆਂ ਚੀਜ਼ਾਂ ਦੀ ਖੋਜ ਕਰ ਲਈ ਜਿਸ ਨਾਲ ਉਹ ਵੱਧ ਤੋਂ ਸੁਖ ਭੋਗ ਸਕੇ। ਇਸ ਤਰ੍ਹਾਂ ਸਰੀਰਕ ਅਕੇਵਾਂ ਲਾਹੁਣ ਦਾ ਬਹਾਨਾ ਬਣਾ ਕੇ ਸ਼ਰਾਬ, ਅਫੀਮ ਤੇ ਹੋਰ ਨਸ਼ੇ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਇਨਸਾਨ ਨੇ ਇਸ ਦੀ ਲੋਰ ਦਾ ਲੁਤਫ਼ ਲੈਣਾ ਸ਼ੁਰੂ ਕਰ ਦਿੱਤਾ ਅਤੇ ਹੌਲ਼ੀ ਹੌਲ਼ੀ ਨਸ਼ੇ ਦਾ ਗੁਲਾਮ ਹੋਣਾ ਸ਼ੁਰੂ ਹੋ ਗਿਆ। ਮਨੁੱਖ ਦੀ ਨਸ਼ੇ ਦੀ ਇਸ ਗੁਲਾਮੀ ਦਾ ਲਾਭ ਮਨੁੱਖ ਨੇ ਹੀ ਲੈਣਾ ਸ਼ੁਰੂ ਕਰ ਦਿੱਤਾ। ਸਰਕਾਰੀ ਤੌਰ ‘ਤੇ ਸ਼ਰਾਬ ਦੀ ਵਿਕਰੀ ਤੋਂ ਬਾਅਦ ਇਸ ਦੀ ਤਸਕਰੀ ਸ਼ੁਰੂ ਹੋ ਗਈ। ਪੰਜਾਬ ਵਿੱਚ ਪਿਛਲੇ ਡੇਢ ਦੋ ਦਹਾਕਿਆਂ ਤੋਂ ਸ਼ਰਾਬ ਤੋਂ ਇਲਾਵਾ ਕਈ ਤਰ੍ਹਾਂ ਦੇ ਨਸ਼ਿਆਂ ਦੀ ਤਸਕਰੀ ਸ਼ੁਰੂ ਹੋ ਰਹੀ ਹੈ। ਇਸ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ

ਪੰਜਾਬ ਦੇ ਜਿਹੜੇ ਛੇ ਫੁੱਟੇ ਗੱਭਰੂ ਸੂਬੇ ਦਾ ਮਾਣ ਅਖਵਾ ਕੇ ਦੇਸ਼ ਦੇ ਹਰ ਖੇਤਰ ਵਿੱਚ ਮੱਲਾਂ ਮਾਰਦੇ ਸਨ ਅੱਜ ਉਹ ਜਾਂ ਤਾਂ ਵਿਦੇਸ਼ ਵਿਚ ਬੈਠੇ ਹਨ ਜਾਂ ਨਸ਼ਿਆਂ ਦੇ ਗੁਲਾਮ ਹੋ ਕੇ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ। ਨਸ਼ਿਆਂ ਕਾਰਨ ਜ਼ਮੀਨਾਂ ਵਿੱਕ ਗਈਆਂ, ਤਲਾਕ ਅਤੇ ਘਰੇਲੂ ਕਲੇਸ਼ ਉਤਪਨ ਹੋ ਗਏ। ਆਪਣੇ ਖੁਸ਼ਹਾਲ ਪੰਜਾਬ ਦਾ ਬਾਕੀ ਹਾਲ ਸਭ ਦੇ ਸਾਹਮਣੇ ਹੀ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪਿਛਲੇ ਲਗਪਗ ਸਵਾ ਮਹੀਨੇ ਤੋਂ ਸਰਕਾਰਾਂ ਨੇ ਕਰਫ਼ਿਊ ਲਗਾਇਆ ਹੋਇਆ ਸੀ। ਸਾਰੇ ਲੋਕ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਆਪਣੇ ਘਰਾਂ ਅੰਦਰ ਡੱਕੇ ਬੈਠੇ ਹਨ। ਇਸ ਲਾਗ ਦੀ ਬਿਮਾਰੀ ਤੋਂ ਬਚਣ ਲਈ ਮੂੰਹ ‘ਤੇ ਮਾਸਕ ਪਾਉਣਾ ਤੇ ਮਨੁੱਖ ਤੋਂ ਮਨੁੱਖ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਕੀਤਾ ਗਿਆ। ਘਰਾਂ ਅੰਦਰ ਬੰਦਾ ਅੱਕ ਗਿਆ ਤੇ ਜਨ ਜੀਵਨ ਠੱਪ ਹੋ ਗਿਆ ਸੀ। ਰੋਜ਼ ਰੋਟੀ ਕਮਾ ਕੇ ਖਾਣ ਵਾਲਿਆਂ ਲਈ ਪਰਿਵਾਰ ਦਾ ਨਿਰਬਾਹ ਕਰਨਾ ਔਖਾ ਹੋ ਗਿਆ ਸੀ।

ਵੱਖ ਵੱਖ ਰਾਜਾਂ ਵਿੱਚ ਸੋਮਵਾਰ (4 ਮਈ) ਨੂੰ ਸਰਕਾਰ ਵੱਲੋਂ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ ਕਿ ਜਨ-ਜੀਵਨ ਕੁਝ ਦਰੁਸਤ ਹੋ ਜਾਵੇ ਤੇ ਲੋਕ ਆਪਣੀ ਲੋੜ ਦੀਆਂ ਜ਼ਰੂਰੀ ਚੀਜ਼ਾਂ ਬਾਜ਼ਾਰ ਤੋਂ ਲਿਆ ਸਕਣ। ਪਰ ਟੇਲੀਵਿਜਨ ਚੈਨਲਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿਚ ਮਾਰਕੀਟਾਂ ਦੇ ਜੋ ਦ੍ਰਿਸ਼ ਵੇਖਣ ਨੂੰ ਮਿਲੇ ਉਹ ਹੈਰਾਨੀਜਨਕ ਸਨ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਰਾਜਾਂ ਵਿੱਚ ਰਾਸ਼ਨ ਤੇ ਹੋਰ ਘਰੇਲੂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨਾਲੋਂ ਸ਼ਰਾਬ ਦੇ ਠੇਕਿਆਂ ਅੱਗੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਤਾਲਾਬੰਦੀ ਦੇ ਤੀਜੇ ਪੜਾਅ ਵਿਚ ਪਾਬੰਦੀਆਂ ’ਚ ਢਿੱਲ ਮਗਰੋਂ ਕਰੀਬ 40 ਦਿਨਾਂ ਬਾਅਦ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਅੱਗੇ ਪੂਰੇ ਦੇਸ਼ ਵਿਚ ਹਜ਼ਾਰਾਂ ਲੋਕ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਸਮਾਜਿਕ ਦੂਰੀ ਦੇ ਨੇਮਾਂ ਦੀ ਉਲੰਘਣਾ ਵੀ ਹੋਈ ਤੇ ਪੁਲੀਸ ਨੂੰ ਜੱਦੋਜਹਿਦ ਕਰਨੀ ਪਈ।

ਮਹਾਰਾਸ਼ਟਰ ’ਚ ਸ਼ਰਾਬ ਦੇ ਠੇਕੇ ਖੁੱਲ੍ਹਣ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਵਿਚ ਹਜ਼ਾਰਾਂ ਲੋਕ ਠੇਕਿਆਂ ਅੱਗੇ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਰਿਪੋਰਟਾਂ ਮੁਤਾਬਕ ਮੁੰਬਈ, ਥਾਣੇ, ਪੁਣੇ, ਨਾਗਪੁਰ, ਨਾਸਿਕ, ਰਤਨਾਗਿਰੀ ਤੇ ਹੋਰ ਥਾਵਾਂ ’ਤੇ ਲੋਕ ਠੇਕਿਆਂ ਅੱਗੇ ਕਤਾਰਾਂ ਵਿਚ ਦੇਖੇ ਗਏ ਤੇ ਸੁਵੱਖਤੇ ਹੀ ਕਤਾਰਾਂ ਬਣਾ ਲਈਆਂ। ਕੁਝ ਦੁਕਾਨਾਂ ਥੋੜ੍ਹੇ ਸਮੇਂ ਲਈ ਖੁੱਲ੍ਹੀਆਂ ਪਰ ਕੁਝ ਸਮੇਂ ਬਾਅਦ ਬੰਦ ਹੋ ਗਈਆਂ। ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਐਤਵਾਰ ਪ੍ਰਵਾਨਗੀ ਦਿੱਤੀ ਸੀ। ਰਾਜਸਥਾਨ ਵਿਚ ਵੀ ਸਵੇਰ ਤੋਂ ਹੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ। ਸਰਕਾਰ ਨੇ ਇੱਥੇ ਕੰਟੇਨਮੈਂਟ ਤੇ ਕਰਫ਼ਿਊ ਜ਼ੋਨ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਠੇਕੇ ਖੋਲ੍ਹਣ ਦਾ ਐਲਾਨ ਕੀਤਾ ਹੈ। ਭੀੜ ਵਧਣ ਕਾਰਨ ਰਾਜਸਥਾਨ ਵਿਚ ਕਈ ਠੇਕੇ ਬੰਦ ਕਰਨੇ ਪਏ। ਆਂਧਰਾ ਪ੍ਰਦੇਸ਼ ਵਿਚ ਵੀ ਸ਼ਰਾਬ ਦੇ ਸ਼ੌਕੀਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪੁਲੀਸ ਨੂੰ ਭੀੜ ਕਾਬੂ ਕਰਨ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ। ਯੂਪੀ ਵਿਚ 26,000 ਠੇਕੇ ਖੁੱਲ੍ਹੇ ਤੇ ਵੱਡੀਆਂ ਕਤਾਰਾਂ ਲੱਗੀਆਂ। ਛੱਤੀਸਗੜ੍ਹ ਵਿਚ ਵੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗਣ ਦੀਆਂ ਰਿਪੋਰਟਾਂ ਹਨ।

ਔਰੰਗਾਬਾਦ ਤੋਂ ਲੋਕ ਸਭਾ ਮੈਂਬਰ ਤੇ ਏਆਈਐਮਆਈਐਮ ਆਗੂ ਇਮਤਿਆਜ਼ ਜਲੀਲ ਨੇ ਕਿਹਾ ਕਿ ਠੇਕੇ ਖੋਲ੍ਹਣਾ ਜਾਇਜ਼ ਨਹੀਂ ਹੈ ਤੇ ਉਨ੍ਹਾਂ ਦੀ ਪਾਰਟੀ ਠੇਕਿਆਂ ਨੂੰ ‘ਜਬਰੀ ਬੰਦ ਕਰਵਾਏਗੀ।’ ਉਨ੍ਹਾਂ ਇਸ ਨਾਲ ਘਰੇਲੂ ਹਿੰਸਾ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ। ਦਿੱਲੀ ਸਰਕਾਰ ਨੇ 150 ਠੇਕੇ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਕੌਮੀ ਰਾਜਧਾਨੀ ਵਿਚ ਸ਼ਰਾਬ ਲੈਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਫ਼ਾਸਲਾ ਕਾਇਮ ਰੱਖਣ ਦੇ ਨੇਮਾਂ ਦੀ ਵੀ ਕਾਫ਼ੀ ਥਾਵਾਂ ’ਤੇ ਉਲੰਘਣਾ ਕੀਤੀ ਗਈ। ਇਸ ਕਾਰਨ ਕਈ ਦੁਕਾਨਾਂ ਬੰਦ ਕਰਨੀਆਂ ਪਈਆਂ ਤੇ ਪੁਲੀਸ ਨੂੰ ਲੋਕਾਂ ਨੂੰ ਖਦੇੜਨ ਲਈ ਡੰਡਾ ਵੀ ਚਲਾਉਣਾ ਪਿਆ। ਕਾਂਗਰਸ ਨੇ ਦਿੱਲੀ ਦੀ ‘ਆਪ’ ਸਰਕਾਰ ਦੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਨਿਖੇਧੀ ਵੀ ਕੀਤੀ। ਦਿੱਲੀ ਸਰਕਾਰ ਦੇ ਇਕ ਤਾਜ਼ਾ ਫੈਸਲੇ ਅਨੁਸਾਰ ਉਸ ਨੇ ਸ਼ਰਾਬ ਉਪਰ 70 ਫ਼ੀਸਦ ਕੋਰੋਨਾ ਟੈਕਸ ਲਗਾ ਦਿੱਤਾ ਹੈ। ਹੁਣ ਦੇਖਣਾ ਹੈ ਕਿ ਕੀ ਇਹ ਟੈਕਸ ਲੱਗਣ ਨਾਲ ਸ਼ਰਾਬ ਪੀਣ ਵਾਲਿਆਂ ਵਿੱਚ ਕਮੀ ਆਏਗੀ ਤੇ ਲਾਈਨਾਂ ਛੋਟੀਆਂ ਹੋ ਜਾਣਗੀਆਂ? ਇਸ ਸੰਕਟ ਦੀ ਘੜੀ ਵਿੱਚ ਜਾਨ ਤੋਂ ਵੱਧ ਪਿਆਰੀ ਕਿਉਂ ਲੱਗ ਰਹੀ ਹੈ ਸ਼ਰਾਬ।

ਸੰਪਰਕ : 7888973676

Check Also

ਬਜਬਜ ਘਾਟ ਦਾ ਸਾਕਾ ਤੇ ‘ਕਾਮਾਗਾਟਾ ਮਾਰੂ ਜਹਾਜ਼’

-ਅਵਤਾਰ ਸਿੰਘ 1914 ‘ਚ ਬਾਬਾ ਗੁਰਦਿਤ ਸਿੰਘ ਸਰਹਾਲੀ ਜਿਲਾ ਤਰਨ ਤਾਰਨ ਜੋ ਵਪਾਰ ਕਰਨ ਸਿੰਗਾਪੁਰ …

Leave a Reply

Your email address will not be published. Required fields are marked *