ਨਵੀਂ ਦਿੱਲੀ: ਕੇਰਲ ਕਾਂਗਰਸ ਵਿੱਚ ਨਵੀਂ ਲੀਡਰਸ਼ਿਪ ਅਤੇ ਸੰਭਾਵਿਤ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ, ਕਾਂਗਰਸ ਅਬਜ਼ਰਵਰਾਂ ਨੇ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਰਿਪੋਰਟ ਦੁਪਹਿਰ ਕਰੀਬ 12 ਵਜੇ ਖੜਗੇ ਨੂੰ ਸੌਂਪੀ ਗਈ ਹੈ। ਕੇਰਲ ਦੇ ਕਾਂਗਰਸ ਅਬਜ਼ਰਵਰਾਂ ਨੇ ਸੂਬੇ ਦੇ ਸਾਰੇ ਵਿਧਾਇਕਾਂ ਦੀ ਰਾਏ ਲਈ ਹੈ। ਉਨ੍ਹਾਂ ਨੇ ਪਹਿਲਾਂ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਫਿਰ ਇਕ-ਇਕ ਕਰਕੇ ਨਿੱਜੀ ਗੱਲਬਾਤ ਕੀਤੀ, ਜਿਸ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਕੇ.ਸੀ ਵੇਣੂਗੋਪਾਲ ਦੇ ਸਮਰਥਨ ‘ਚ ਵਿਧਾਇਕਾਂ ਦਾ ਸਭ ਤੋਂ ਵੱਧ ਝੁਕਾਅ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 40 ਤੋਂ 43 ਵਿਧਾਇਕ ਉਨ੍ਹਾਂ ਦੇ ਸਮਰਥਨ ‘ਚ ਹਨ, ਜਿਸ ਕਾਰਨ ਉਹ ਵਿਧਾਇਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਹਾਲਾਂਕਿ ਉਨ੍ਹਾਂ ਦੇ ਨਾਂ ‘ਤੇ ਅੰਤਿਮ ਫੈਸਲਾ ਆਸਾਨ ਨਹੀਂ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਅਤੇ ਵਿਸ਼ਵਾਸਪਾਤਰ ਮੰਨੇ ਜਾਂਦੇ ਹਨ। ਅਜਿਹੇ ‘ਚ ਇਹ ਵੀ ਚਰਚਾ ਹੈ ਕਿ ਕੀ ਰਾਹੁਲ ਗਾਂਧੀ ਕੇਰਲ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣਾ ਚਾਹੁਣਗੇ ਜਾਂ ਨਹੀਂ ਅਤੇ ਇਹ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਵਾਂ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਜੇਕਰ ਕੇ.ਸੀ ਵੇਣੂਗੋਪਾਲ ਦਾ ਨਾਂ ਅੱਗੇ ਨਹੀਂ ਆਉਂਦਾ ਤਾਂ ਰਮੇਸ਼ ਚੇਨੀਥਲਾ ਨੂੰ ਮੁੱਖ ਮੰਤਰੀ ਅਹੁਦੇ ਲਈ ਵਿਕਲਪ ਵਜੋਂ ਦੇਖਿਆ ਜਾ ਸਕਦਾ ਹੈ। ਚੇਨੀਥਲਾ ਦੇ ਸਮਰਥਨ ਵਿੱਚ 20 ਤੋਂ ਵੱਧ ਵਿਧਾਇਕ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਵੀ ਡੀ ਸਤੀਸਨ ਨੂੰ ਕਾਂਗਰਸ ਦੇ ਨਾਲ-ਨਾਲ ਯੂਡੀਐਫ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਦਾ ਵੀ ਸਮਰਥਨ ਦੱਸਿਆ ਜਾਂਦਾ ਹੈ।ਇਨ੍ਹਾਂ ਵਿੱਚ IUML, ਕੇਰਲ ਕਾਂਗਰਸ (ਜੋਸਫ਼ ਧੜਾ) ਅਤੇ ਆਰਐਸਪੀ ਸ਼ਾਮਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਤੀਸਨ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਜ਼ਮੀਨੀ ਪੱਧਰ ‘ਤੇ ਚੰਗਾ ਕੰਮ ਕੀਤਾ ਹੈ। ਸਹਿਯੋਗੀ ਪਾਰਟੀਆਂ ਦਾ ਵੀ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸਿਰਫ਼ ਇੱਕ ਵਿਧਾਇਕ ਦੀ ਚੋਣ ਹੋਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

