-ਜਗਤਾਰ ਸਿੰਘ ਸਿੱਧੂ, ਐਡੀਟਰ;
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਸਬੰਧੀ ਏ ਡੀ ਜੀ ਸੀ ਯਾਦਵ ਦੀ ਅਗਵਾਈ ਵਾਲੀ (ਸਿਟ) ਜਾਂਚ ਕਮੇਟੀ ਵਲੋਂ ਤਲਬ ਕੀਤੇ ਜਾਣ ਨਾਲ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਦਬਾਅ ਵਧਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਫੈਸਲਾ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰਨਾ ਹੈ ਕਿ ਉਸ ਨੇ 16 ਜੂਨ ਨੂੰ ਮੋਹਾਲੀ ਵਿੱਚ ਯਾਦਵ ਦੀ ਸਿੱਟ ਅੱਗੇ ਪੇਸ਼ ਹੋਣਾ ਹੈ ਜਾਂ ਨਹੀਂ ਪਰ ਇਹ ਸਾਫ ਹੈ ਕਿ-ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਲਈ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਵੱਡਾ ਮੁੱਦਾ ਹੈ। ਇਹ ਡਰ ਕਾਂਗਰਸ ਪਾਰਟੀ ਅੰਦਰ ਬੈਠੇ ਨੇਤਾਵਾਂ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰਾਂ ਨੂੰ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਮੁੱਦੇ ‘ਤੇ ਕਟਿਹਰੇ ਵਿਚ ਖੜੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਚੁੱਕ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਸਹੁੰ ਖਾਧੀ ਸੀ। ਕੈਪਟਨ ਸਰਕਾਰ ਵੇਲੇ ਇਹ ਮਾਮਲਾ ਕਈ ਅਹਿਮ ਮੌਕਿਆਂ ‘ਤੇ ਉਠਦਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਕਾਂਗਰਸ ਦੇ ਕਈ ਆਗੂਆਂ ਨੇ ਝੋਲੀਆਂ ਅੱਡ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਮੰਗ ਕੀਤੀ ਸੀ। ਕੈਪਟਨ ਸਰਕਾਰ ਦੇ ਸਮੇਂ ਵਿਚ ਬਹੁਤ ਸਾਰਾ ਪਾਣੀ ਪੁਲਾਂ ਹੇਠ ਹੀ ਨਿਕਲ ਚੁੱਕਾ ਹੈ। ਕੈਪਟਨ ਅਮਰਿੰਦਰ ਤੋਂ ਹੁਣ ਪੰਜਾਬੀ ਪੁੱਛ ਰਹੇ ਹਨ ਕਿ ਬੇਅਦਬੀ ਦੇ ਮੁਦੇ ‘ਤੇ ਸੱਚਾ ਕੋਣ ਹੈ? ਕੈਪਟਨ ਅਮਰਿੰਦਰ ਜਾਂ ਪ੍ਰਕਾਸ਼ ਸਿੰਘ ਬਾਦਲ !
ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਅੱਗੇ ਵੀ ਬਾਦਲ ਪੇਸ਼ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਦੂਜੀ ਵਾਰ ਤਲਬ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਦੀ ਰਿਪੋਰਟ ਨੂੰ ਰੱਦ ਕਰ ਚੁੱਕੀ ਹੈ। ਨਵੀਂ ਬਣੀ ਸਿੱਟ ਵਲੋਂ ਸਾਬਕਾ ਡੀ ਜੀ ਪੀ ਅਤੇ ਮਾਮਲੇ ਨਾਲ ਸਬੰਧਤ ਕਈ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਪੁਲਿਸ ਅਧਿਕਾਰੀਆਂ ਦੀ ਪੁੱਛ-ਗਿੱਛ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨਾ ਅਹਿਮ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਲੀ ਚਲਣ ਤੋਂ ਪਹਿਲਾਂ ਫਰੀਦਕੋਟ ਪ੍ਰਸ਼ਾਸ਼ਨ ਵਲੋਂ ਤਤਕਾਲੀ ਮੁੱਖ ਮੰਤਰੀ ਨਾਲ ਲੰਮੀ ਗੱਲਬਾਤ ਕੀਤੀ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਗੱਲਬਾਤ ਵਿਚ ਇਹ ਰਾਇ ਸੀ ਕਿ ਧਰਨਾਕਾਰੀਆਂ ਨਾਲ ਮਾਮਲਾ ਗੱਲਬਾਤ ਕਰਕੇ ਨਿਪਟਾਇਆ ਜਾਵੇ। ਪਰ ਗੱਲਬਾਤ ਦੇ ਤਕਰੀਬਨ ਇਕ ਘੰਟੇ ਬਾਅਦ ਗੋਲੀ ਚੱਲ ਗਈ ਅਤੇ ਦੋ ਸਿੱਖ ਸ਼ਹੀਦ ਹੋ ਗਏ। ਹੁਣ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ?
ਕੋਟਕਪੂਰਾ ਗੋਲੀ ਕਾਂਡ ਕਿਸ ਹੁਕਮ ਨਾਲ ਕੀਤਾ ਗਿਆ? ਇਹ ਸੱਚ ਤਾਂ ਜਾਂਚ ਵਿਚ ਸਾਹਮਣੇ ਆਉਣਾ ਚਾਹੀਦਾ ਹੈ ਪਰ ਮੁੜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਉੱਤੇ ਵੀ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਅਜੇ ਤੱਕ ਕੋਈ ਵੀ ਸਿਟ ਡੇਰਾ ਸਿਰਸਾ ਮੁਖੀ ਕੋਲੋਂ ਪੁੱਛ-ਗਿੱਛ ਨਹੀਂ ਕਰ ਸਕੀ ਅਤੇ ਇਸ ਮਾਮਲੇ ਵਿਚ ਭਾਜਪਾ ਸਰਕਾਰ ਉੱਤੇ ਵੀ ਸਵਾਲ ਉਠ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਅੰਦਰਲੇ ਵਿਰੋਧੀਆਂ ਅਤੇ ਦੂਜੀਆਂ ਰਾਜਸੀ ਧਿਰਾਂ ਵਲੋਂ ਇਹ ਸਵਾਲ ਕੀਤੇ ਜਾ ਰਹੇ ਹਨ ਕਿ ਕੈਪਟਨ ਸਰਕਾਰ ਹੁਣ ਬਚੇ 6 ਮਹੀਨਿਆਂ ਵਿਚ ਪੰਜਾਬ ਨਾਲ ਕੀਤਾ ਵਾਅਦਾ ਪੂਰਾ ਕਰ ਸਕੇਗੀ? ਬੇਸ਼ਕ ਪਾਰਟੀ ਅੰਦਰ ਕੈਪਟਨ ਦੇ ਵਿਰੋਧੀ – ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਤਲਬ ਕਰਨਾ ਸਿੱਟ ਦਾ ਸਹੀ ਦਿਸ਼ਾ ਵੱਲ ਕਦਮ ਹੈ ਪਰ ਕੋਈ ਕਾਂਗਰਸੀ ਨੇਤਾ ਇਸ ਸਚਾਈ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਜੇਕਰ ਬੇਅਦਬੀ ਦੇ ਦੋਸ਼ੀਆਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਈ ਤਾਂ ਅਕਾਲੀ ਦਲ ਵਾਂਗ ਇਸ ਮੁੱਦੇ ‘ਤੇ ਕੈਪਟਨ ਨੂੰ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਲੋਕਾਂ ਦੀਆਂ ਅੱਖਾ ਵਿਚ ਘੱਟਾ ਪਾ ਕੇ ਸੱਤਾ ਹਾਸਲ ਕਰਨ ਦੀਆਂ ਰਾਜਸੀ ਚਾਲਾਂ ਪਹਿਲਾਂ ਹੀ ਪੰਜਾਬ ਨੂੰ ਡੂੰਘੇ ਸੰਕਟ ਵਿਚ ਧੱਕ ਚੁੱਕੀਆਂ ਹਨ ਅਤੇ ਪੰਜਾਬ ਦੇ ਭਲੇ ਲਈ ਇਹ ਗੰਦੀ ਰਾਜਨੀਤੀ ਹੁਣ ਪੰਜਾਬੀਆਂ ਨੂੰ ਵੀ ਰੱਦ ਕਰਨੀ ਚਾਹੀਦੀ ਹੈ।
ਸੰਪਰਕ-9814002186