ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਹਨ ਇਤਿਹਾਸ ਰਚਣ ਵਾਲੀਆਂ ਹਾਕੀ ਖਿਡਾਰਨਾਂ

TeamGlobalPunjab
4 Min Read

-ਅਵਤਾਰ ਸਿੰਘ;

ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਨਾਂ ਮੈਡਲ ਟੈੱਲੀ ਵਿੱਚ ਕਿਧਰੇ ਨਜ਼ਰ ਨਾ ਆਉਣ ਤੋਂ ਦੇਸ਼ ਦੇ ਲੋਕ ਬਹੁਤ ਮਾਯੂਸ ਹੋ ਗਏ ਸਨ। ਪਰ ਕਰਨਾਟਕ ਦੀ ਪੀ ਵੀ ਸਿੰਧੂ, ਪੰਜਾਬ ਦੀ ਸਿਮਰਨਜੀਤ ਕੌਰ, ਪੁਰਸ਼ ਹਾਕੀ ਤੋਂ ਮਹਿਲਾ ਹਾਕੀ ਵਿੱਚ ਇਤਿਹਾਸ ਰਚਣ ਵਾਲੀਆਂ ਕੁੜੀਆਂ ਨੇ ਆਪਣੇ ਵਤਨ ਦੇ ਵਾਸੀਆਂ ਦੇ ਨਿਰਾਸ਼ ਪਲ ਖੁਸ਼ੀਆਂ ਵਿੱਚ ਬਦਲ ਕੇ ਉਨ੍ਹਾਂ ਦੇ ਚਿਹਰਿਆਂ ਉਪਰ ਰੌਣਕਾਂ ਲਿਆ ਦਿੱਤੀਆਂ ਹਨ। ਮਹਿਲਾ ਹਾਕੀ ਵਿੱਚ ਇਤਿਹਾਸ ਰਚਣ ਵਾਲੀਆਂ ਇਹ ਖਿਡਾਰਨਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਦੇ ਮਾਪਿਆਂ ਨੇ ਇਨ੍ਹਾਂ ਖਿਡਾਰਨਾਂ ਨੂੰ ਬਹੁਤ ਸੰਘਰਸ਼ ਕਰਕੇ ਇਥੋਂ ਤਕ ਪਹੁੰਚਾਇਆ ਹੈ।

ਓਲੰਪਿਕਸ ਖੇਡਾਂ ਦੇ ਸਮੁਚੇ ਇਤਿਹਾਸ ‘ਚ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਦਾਖਲ ਹੋ ਕੇ ਆਸਟ੍ਰੇਲੀਆ ਦੀ ਟੀਮ ਨੂੰ ਪਛਾੜਿਆ ਹੈ। ਇਸ ਤੋਂ ਪਹਿਲਾਂ ਸਾਲ 1980 ਵਿੱਚ ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਓਲੰਪਿਕਸ ਵਿੱਚ ਭਾਗ ਲਿਆ ਸੀ। ਟੀਮ ਦੇ ਬੇਹਤਰੀਨ ਪ੍ਰਦਰਸ਼ਨ ਨੇ ਦੇਸ਼ ਦਾ ਮਾਣ ਵਧਾਇਆ ਹੈ।

ਮਹਿਲਾ ਹਾਕੀ ਵਿੱਚ ਬੇਹਤਰੀਨ ਭੂਮਿਕਾ ਨਿਭਾਉਣ ਵਾਲੀ ਗੁਰਜੀਤ ਕੌਰ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਪਿੰਡ ਮਿਆਦੀ ਕਲਾਂ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਗੁਰਜੀਤ ਦਾ ਪਿੰਡ ਭਾਰਤ-ਪਾਕਿਸਤਾਨ ਦੀ ਸਰਹਦ ਉਪਰ ਹੋਣ ਕਰਕੇ ਇਥੇ ਸਹੂਲਤਾਂ ਦੀ ਘਾਟ ਹੈ ਪਰ ਪਰਿਵਾਰ ਵਲੋਂ ਮਿਲੇ ਸਹਿਯੋਗ ਕਾਰਨ ਉਹ ਇਸ ਮੁਕਾਮ ਤਕ ਅਪੜ ਸਕੀ ਹੈ। ਹਰ ਖਿਡਾਰੀ ਦਾ ਸੁਫਨਾ ਹੁੰਦਾ ਕਿ ਉਸ ਨੂੰ ਓਲੰਪਿਕ ਵਿੱਚ ਖੇਡਣ ਦਾ ਮੌਕਾ ਮਿਲੇ। ਗੁਰਜੀਤ ਕੌਰ ਦੀ ਮੇਹਨਤ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਉਸ ਦਾ ਸੁਪਨਾ ਸਾਕਾਰ ਹੋ ਗਿਆ। ਟੋਕੀਓ ਓਲੰਪਿਕਸ ਵਿੱਚ ਗੁਰਜੀਤ ਕੌਰ ਪਹਿਲੀ ਵਾਰ ਖੇਡਣ ਆਈ। ਗੁਰਜੀਤ ਆਪਣੇ ਪਿੰਡ ਤੋਂ ਅਜਨਾਲਾ ਉਸ ਦਾ ਸਕੂਲ ਕਰੀਬ 17-18 ਕਿਲੋਮੀਟਰ ਦੂਰ ਹੋਣ ਕਾਰਨ ਉਸ ਦਾ ਪਿਤਾ ਸਾਈਕਲ ਉਪਰ ਛੱਡਣ ਆਓਂਦਾ ਸੀ। ਭਾਰਤੀ ਮਹਿਲਾ ਹਾਕੀ ਦੀ ਖਿਡਾਰਨ ਗੁਰਜੀਤ ਕੌਰ ਭਾਰਤ ਦੀ ਹੀ ਨਹੀਂ ਸਗੋਂ ਦੁਨੀਆਂ ਦੇ ਵਧੀਆ ਡਰੈਗ ਫਲਿਕਰਜ਼ ਵਿਚੋਂ ਇੱਕ ਹੈ। ਅਜਿਹੀ ਬੇਹਤਰੀਨ ਖਿਡਾਰਨ ਨੂੰ ਜੇ ਪੰਜਾਬ ਸਰਕਾਰ ਵਲੋਂ ਹੱਲਾਸ਼ੇਰੀ ਮਿਲੀ ਹੁੰਦੀ ਤਾਂ ਇਸ ਤੋਂ ਪਹਿਲਾਂ ਕਿਸੇ ਵੱਡੇ ਮੁਕਾਮ ਉਪਰ ਪਹੁੰਚ ਸਕਦੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਚ, ਹੋਸਟਲ ਅਤੇ ਖੇਡ ਮੈਦਾਨ ਵਲ ਧਿਆਨ ਦੇਵੇ ਨਹੀਂ ਤਾਂ ਭਵਿੱਖ ਵਿੱਚ ਮਹਿਲਾ ਹਾਕੀ ਖਤਮ ਹੋ ਜਾਵੇਗੀ।

- Advertisement -

ਇਸੇ ਤਰ੍ਹਾਂ ਹਰਿਆਣਾ ਦੇ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਭਾਰਤੀ ਮਹਿਲਾ ਹਾਕੀ ਟੀਮ ਦੀ ਕੈਪਟਨ ਰਾਣੀ ਰਾਮਪਾਲ ਹੈ। ਉਸ ਦੇ ਪਿਤਾ ਰੇਹੜਾ ਚਲਾ ਕੇ ਪਰਿਵਾਰ ਦਾ ਨਿਰਬਾਹ ਕਰਦਾ ਹੈ। ਮਜ਼ਦੂਰ ਪਿਓ ਦੀ ਧੀ ਨੇ ਦੇਸ਼ ਅਤੇ ਸੂਬੇ ਦਾ ਨਾਂ ਚਮਕਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਾਕੀ ਟੀਮ ਦੀ ਅਗਵਾਈ ਕਰਦਿਆਂ ਰਾਣੀ ਰਾਮਪਾਲ ਦੇ ਕਈ ਅਹਿਮ ਸ਼ਾਰਟ ਦੂਜੀਆਂ ਖਿਡਾਰਨਾਂ ਨੇ ਗੋਲ ਵਿੱਚ ਬਦਲੇ ਹਨ। ਰਾਣੀ ਨੂੰ ਸਾਲ 2020 ਵਿੱਚ ਹਾਕੀ ਖਿਡਾਰਨ ਵਜੋਂ ‘ਵਰਲਡ ਗੇਮਜ਼ ਅਥਲੀਟ ਆਫ ਦਿ ਯੀਅਰ ਐਵਾਰਡ’ ਮਿਲਿਆ ਸੀ।

ਦੇਸ਼ ਦੇ ਸਿਆਸੀ ਆਗੂ ਆਪਣੀਆਂ ਰਾਜਨੀਤਕ ਚਾਲਾਂ ਚਲਾਉਣ ਵਿੱਚ ਤਾਂ ਹਰ ਵੇਲੇ ਮਸਰੂਫ ਰਹਿੰਦੇ ਹਨ ਪਰ ਦੇਸ਼ ਦੇ ਅਜਿਹੇ ਹੀਰਿਆਂ ਨੂੰ ਅਣਗੌਲਿਆਂ ਕਰ ਰੱਖਦੇ ਹਨ। ਜੇ ਅਜਿਹੇ ਖਿਡਾਰੀਆਂ ਨੂੰ ਸਹੀ ਸਮੇਂ ਉਪਰ ਸਹੀ ਇਮਦਾਦ ਮਿਲ ਜਾਵੇ ਤਾਂ ਉਹ ਦੇਸ਼ ਅਤੇ ਸੂਬੇ ਦਾ ਨਾਂ ਚਮਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸੋ, ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਇਨ੍ਹਾਂ ਖਿਡਾਰੀਆਂ ਨੂੰ ਹਰ ਸੰਭਵ ਮਦਦ ਦੇਵੇ।

Share this Article
Leave a comment