ਸਕੂਲੀ ਸਿੱਖਿਆ ਲਈ ਆਨੰਦਮਈ ਅਤੇ ਅਨੁਕੂਲ ਬਜਟ

-ਅਨੀਤਾ ਕਰਵਾਲ*

ਕੋਵਿਡ-19 ਮਹਾਮਾਰੀ ਦੁਆਰਾ ਸਕੂਲੀ ਸਿੱਖਿਆ ਵਿੱਚ ਪਾਈਆਂ ਰੁਕਾਵਟਾਂ ਦਾ ਪ੍ਰਭਾਵ ਸ਼ਾਇਦ ਵਿਦਿਆਰਥੀਆਂ ਦੀ ਇੱਕ ਪੂਰੀ ਪੀੜ੍ਹੀ ਦੁਆਰਾ ਮਹਿਸੂਸ ਕੀਤਾ ਜਾਵੇਗਾ। ਜੇਕਰ ਸਕੂਲ ਬੰਦ ਹੋਣ ਨਾਲ ਸਿੱਖਿਆ ਪ੍ਰਦਾਨ ਕਰਨ ਦੇ ਤਰੀਕਿਆਂ ਵਿੱਚ ਪਰਿਵਰਤਨ ਆਇਆ ਹੈ ਤਾਂ ਇਸੇ ਸਕੂਲਬੰਦੀ ਨੇ ਬੱਚਿਆਂ ਦੇ ਸਹਿਜ ਗਿਆਨ ਵਾਲੇ, ਮਨੋਕਿਰਿਆਤਮਕ ਅਤੇ ਜਜ਼ਬਾਤੀ ਕਾਰਜ-ਖੇਤਰਾਂ ਦੇ ਵਿਕਾਸ ਵਿੱਚ ਸਕੂਲਾਂ ਦੀ ਸਮਰਪਿਤ ਭੂਮਿਕਾ ਨੂੰ ਵੀ ਦ੍ਰਿੜ੍ਹਤਾ ਨਾਲ ਰੇਖਾਂਕਿਤ ਕੀਤਾ ਹੈ। ਜਿੱਥੇ ਇੱਕ ਪਾਸੇ ਮਹਾਮਾਰੀ ਨੇ ਕੁਝ ਕਮੀਆਂ ਦਰਸਾਈਆਂ ਹਨ ਜਿਨ੍ਹਾਂ ਨੂੰ ਕਿ ਦੂਰ ਕਰਨ ਦੀ ਜ਼ਰੂਰਤ ਹੈ, ਉੱਥੇ ਦੂਜੇ ਪਾਸੇ, ਇਸ ਨੇ ਸਕੂਲੀ ਸਿੱਖਿਆ ਖੇਤਰ ਵਿੱਚ ਇਨੋਵੇਟ ਕਰਨ ਦੀ ਅੰਦਰੂਨੀ ਸਮਰੱਥਾ ਅਤੇ ਪ੍ਰਵਿਰਤੀ ਨੂੰ ਵੀ ਪ੍ਰਗਟ ਕੀਤਾ ਹੈ। ਵਰ੍ਹਿਆਂ ਤੋਂ ਸਿੱਖਿਆ ਖੇਤਰ ਵਿੱਚ ਇੱਕ ਵੱਡੀ ਤਸਵੀਰ ਨੂੰ ਅਸੀਂ ਬਾਰੀਕੀ ਨਾਲ ਦੇਖਦੇ ਰਹੇ ਹਾਂ ਅਤੇ ਨਾਮਾਂਕਣ ਦਰ, ਪਹੁੰਚ ਅਨੁਪਾਤ, ਵਿਦਿਆਰਥੀ-ਅਧਿਆਪਿਕ ਅਨੁਪਾਤ, ਉਪਲਬਧੀ ਦਰ ਆਦਿ ਵਿੱਚ ਪ੍ਰਗਤੀ ਦਰਜ ਕਰਦੇ ਰਹੇ ਹਾਂ। ਇਸ ਮਹਾਮਾਰੀ ਦੇ ਕਾਰਨ ਸਾਨੂੰ ਸੂਖ਼ਮ ਪੱਧਰ ’ਤੇ ਜਾ ਕੇ ਹਰੇਕ ਬੱਚੇ ਅਤੇ ਹਰੇਕ ਅਧਿਆਪਿਕ ਅਤੇ ਹਰੇਕ ਸਕੂਲ ਨੂੰ ਟ੍ਰੈਕ ਕਰਨ ਦੀ ਜ਼ਰੂਰਤ ਪਈ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਵੱਖ-ਵੱਖ ਰਚਨਾਤਮਕ ਫਾਰਮੈਟਾਂ ਵਿੱਚ ਜਾਰੀ ਰਹੇ ਅਤੇ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ। ਹਾਲਾਂਕਿ ਅਨੁਕੂਲਤਾ ਦੀ ਗੱਲ ਆਫਤਾਂ ਦੇ ਨਿਵਾਰਨ ਜਾਂ ਅਰਥਵਿਵਸਥਾ ਦੇ ਪ੍ਰਬੰਧਨ ਵਿੱਚ ਤਾਂ ਅਕਸਰ ਕੀਤੀ ਜਾਂਦੀ ਰਹੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ, 2020 ਜਿਸ ਨੂੰ ਕਿ ਹੇਠਲੇ ਪੱਧਰ ’ਤੇ ਵਿਸਤ੍ਰਿਤ ਸਲਾਹ- ਮਸ਼ਵਰਾ ਕਰਨ ਉਪਰੰਤ ਮਹਾਮਾਰੀ ਦੇ ਦੌਰਾਨ ਹੀ ਜਾਰੀ ਕੀਤਾ ਗਿਆ ਸੀ, ਇਹ “ਜਦੋਂ ਵੀ ਅਤੇ ਜਿੱਥੇ ਵੀ ਸਿੱਖਿਆ ਦੇ ਰਵਾਇਤੀ ਅਤੇ ਵਿਅਕਤਿਤਵ ਤੌਰ-ਤਰੀਕੇ ਸੰਭਵ ਨਾ ਹੋਂਣ, ਤਾਂ ਗੁਣਵੱਤਾ-ਪੂਰਨ ਸਿੱਖਿਆ ਦੇ ਵਿਕਲਪਕ ਸਾਧਨਾਂ ਲਈ ਤਿਆਰ ਰਹਿਣ” ਦੀ ਜ਼ਰੂਰਤ ਬਾਰੇ ਗੱਲ ਕਰਦੀ ਹੈ।

ਸਕੂਲ ਸਿੱਖਿਆ ਖੇਤਰ ਲਈ ਹਾਲ ਹੀ ਦੇ ਬਜਟ ਐਲਾਨਾਂ ਨੂੰ ਉਪਰੋਕਤ ਦੀ ਰੋਸ਼ਨੀ ਵਿੱਚ ਦੇਖਣ ਦੀ ਲੋੜ ਹੈ। ਬੱਚਿਆਂ ਨੂੰ ਕੇਂਦਰ ਵਿੱਚ ਰੱਖਦੇ ਹੋਏ, ਵਿੱਤ ਵਰ੍ਹੇ 2021-22 ਵਿੱਚ ਸਿੱਖਿਆ ਲਈ ਐਲੋਕੇਸ਼ਨਸ ਦਾ ਫੋਕਸ, ਸਕੂਲਾਂ ਦੇ ਗੁਣਾਤਮਕ ਸੁਦ੍ਰਿੜ੍ਹੀਕਰਨ ਅਤੇ ਸਮਾਵੇਸ਼ੀ, ਸਰਬਪੱਖੀ ਤੇ ਖ਼ੁਸ਼ਹਾਲ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਿਕਾਂ ਦੇ ਗਹਿਨ ਸਮਰੱਥਾ ਨਿਰਮਾਣ ਉੱਤੇ ਹੈ। ਇਸ ਨੂੰ ਸਿੱਖਿਆ ਦੇ ਇੱਕ ਵਿਆਪਕ ਆਈਟੀ ਬੁਨਿਆਦੀ ਢਾਂਚੇ ਦਾ ਵੀ ਸਹਿਯੋਗ ਪ੍ਰਾਪਤ ਹੈ।

ਕਲਾਸਰੂਮ ਅਤੇ ਸਕੂਲ ਵਿੱਚ ਸਕਾਰਾਤਮਕ ਬੌਧਿਕ ਅਤੇ ਭਾਵਨਾਤਮਕ ਅਨੁਭਵਾਂ ਦੇ ਜ਼ਰੀਏ ਸਿੱਖਣ ਦਾ ਆਨੰਦ, ਬੱਚੇ ਦੇ ਦਿਮਾਗ਼ ਵਿੱਚ ਇੱਕ ਆਜੀਵਨ ਹੁਨਰ ਵਜੋਂ ਸਥਾਨ ਲੈ ਲੈਂਦਾ ਹੈ। ਇਹ ਯੋਜਨਾ ਉਲੀਕੀ ਗਈ ਹੈ ਕਿ ਦੇਸ਼ ਭਰ ਤੋਂ ਲਗਭਗ 15,000 ਸਕੂਲਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਾਲੇ ਉਤਕ੍ਰਿਸ਼ਟ ਸਕੂਲਾਂ ਵਜੋਂ ਉੱਭਾਰਨ ਲਈ, ਤਿੰਨ ਤੋਂ ਪੰਜ ਸਾਲ ਦੀ ਅਵਧੀ ਵਿੱਚ ਇੱਕ ਨਿਰਪੱਖ, ਸਮਾਵੇਸ਼ੀ ਅਤੇ ਖੁਸ਼ਹਾਲ ਸਕੂਲੀ ਵਾਤਾਵਰਣ ਜੋ ਕਿ ਵਿਭਿੰਨ ਪਿਛੋਕੜਾਂ, ਬਹੁਭਾਸ਼ਾਈ ਲੋੜਾਂ ਅਤੇ ਬੱਚਿਆਂ ਦੀਆਂ ਵੱਖ ਵੱਖ ਵਿੱਦਿਅਕ ਯੋਗਤਾਵਾਂ ਦਾ ਧਿਆਨ ਰੱਖਦਾ ਹੋਵੇ, ਵਾਲੇ ਸਕੂਲਾਂ ਨੂੰ ਚੰਗੇ ਬੁਨਿਆਦੀ ਢਾਂਚੇ, ਵੈੱਲ-ਟ੍ਰੇਂਡ ਅਧਿਆਪਿਕਾਂ ਅਤੇ ਰਚਨਾਤਮਕ ਅਧਿਆਪਨ ਵਿਧੀਆਂ ਨਾਲ ਲੈਸ ਕਰ ਦਿੱਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਸਾਰੇ ਸਰਕਾਰੀ ਸਕੂਲਾਂ ਨੂੰ ਮੁੱਢਲਾ ਬੁਨਿਆਦੀ ਢਾਂਚਾ, ਸੁਵਿਧਾਵਾਂ, ਪਹੁੰਚ, ਗੁਣਵੱਤਾ ਅਤੇ ਨਿਰਪੱਖਤਾ ਵਧਾਉਣ ਵਾਲੇ ਸੰਸਾਧਨਾਂ ਵਾਸਤੇ ਬਜਟ ਐਲੋਕੇਸ਼ਨ ਕਰਕੇ ਇਨ੍ਹਾਂ ਨੂੰ ਵਿਕਸਿਤ ਕੀਤਾ ਜਾਣਾ ਜਾਰੀ ਰਹੇਗਾ।

ਅਧਿਆਪਿਕ ਸਭ ਤੋਂ ਮਹੱਤਵਪੂਰਨ ਵਿਅਕਤੀ ਹਨ, ਰੀੜ੍ਹ ਦੀ ਹੱਡੀ ਹਨ ਅਤੇ ਅਜਿਹਾ ਬਲ ਹਨ ਜੋ ਇੱਕ ਗੁਣਾਤਮਕ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਕਾਇਮ ਰੱਖਦੇ ਹਨ। ਇਨ੍ਹਾਂ ਉਤਕ੍ਰਿਸ਼ਟ ਸਕੂਲਾਂ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਹੋਣ ਲਈ, ਅਧਿਆਪਕਾਂ ਨੂੰ ਕੁਝ ਸਿੱਖਣ, ਮੁੜ ਸਿੱਖਣ ਦੇ ਨਾਲ-ਨਾਲ ਨਵੇਂ ਤਰੀਕਿਆਂ ਨਾਲ ਸਿੱਖਣ ਅਤੇ ਨਿਸ਼ਚਿਤ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਪ੍ਰਯਤਨ ਕਰਨ ਦੀ ਜ਼ਰੂਰਤ ਹੋਵੇਗੀ। ਚਾਕ ਨਾਲ ਲਿਖਣ ਅਤੇ ਬੋਲਣ ਦੇ ਤੌਰ-ਤਰੀਕਿਆਂ ‘ਤੇ ਬਹੁਤ ਜ਼ਿਆਦਾ ਨਿਰਭਰਤਾ ਤੋਂ ਅੱਗੇ ਵਧਦਿਆਂ, ਅਧਿਆਪਿਕਾਂ ਨੂੰ ਰਚਨਾਤਮਕ ਅਧਿਆਪਨ – ਜਿਵੇਂ ਕਿ ਕਲਾ / ਖੇਡਾਂ/ਕਹਾਣੀਆਂ ਸੁਣਾਉਣਾ / ਆਈਟੀ / ਗਤੀਵਿਧੀ / ਜੀਵਨ ਕੁਸ਼ਲਤਾ/ ਕਦਰਾਂ ਕੀਮਤਾਂ ਨਾਲ ਏਕੀਕ੍ਰਿਤ ਪੜ੍ਹਾਈ, ਸ਼ੁਰੂਆਤੀ ਵਰ੍ਹਿਆਂ ਵਿੱਚ ਮਾਂ ਬੋਲੀ ਦਾ ਇੱਕ ਪੁਲ਼ ਵਜੋਂ ਉਪਯੋਗ ਕਰਨਾ, ਸਟੇਜ ਅਨੁਕੂਲ ਲਰਨਿੰਗ ਨਤੀਜੇ, ਮਾਪਦੰਡ ਸੰਦਰਭਿਤ ਮੁਲਾਂਕਣ ਬਾਰੇ ਜਾਣਨ ਦੀ ਜ਼ਰੂਰਤ ਹੋਏਗੀ। ਵਿੱਦਿਅਕ ਸਾਲ ਦੇ ਦੌਰਾਨ, ਦੇਸ਼ ਭਰ ਦੇ ਸਾਰੇ ਅਧਿਆਪਿਕ ਪਬਲਿਕ ਡੋਮੇਨ ਵਿੱਚ ਉਪਲੱਬਧ ਔਨਲਾਈਨ ਨਿਸ਼ਠਾ (ਨੈਸ਼ਨਲ ਇਨੀਸ਼ੇਟਿਵ ਫਾਰ ਸਕੂਲ ਹੈੱਡਸ ਐਂਡ ਟੀਚਰਸ ਫਾਰ ਹੋਲਿਸਟਿਕ ਅਡਵਾਂਸਮੈਂਟ) ਟ੍ਰੇਨਿੰਗ ਮੌਡਿਊਲਸ ਦਾ ਸਹਾਰਾ ਲੈ ਸਕਦੇ ਹਨ ਜੋ ਸ਼ੁਰੂ ਤੋਂ ਲੈ ਕੇ ਗ੍ਰੇਡ 12 ਤੱਕ ਦੀ ਪੜ੍ਹਾਈ ਲਈ ਇਨ੍ਹਾਂ ਸਾਰਿਆਂ ਖੇਤਰਾਂ ਅਤੇ ਹੋਰਨਾਂ ਨੂੰ ਕਵਰ ਕਰਨਗੀਆਂ। ਸਾਰੇ ਅਧਿਆਪਕਾਂ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਪੇਸ਼ੇਵਰ ਗੁਣ, ਗਿਆਨ ਅਤੇ ਕੌਸ਼ਲ ਹਰੇਕ ਕਲਾਸਰੂਮ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਮਾਰਗਦਰਸ਼ਨ ਕਰਨ ਲਈ ਨੈਸ਼ਨਲ ਪ੍ਰੋਫੈਸ਼ਨਲ ਸਟੈਂਡਰਡਸ ਫਾਰ ਟੀਚਰਸ ਦੇ ਮਾਧਿਅਮ ਨਾਲ ਇੱਕ ਬੈਂਚਮਾਰਕ ਵਜੋਂ ਨਿਰਧਾਰਿਤ ਕੀਤੇ ਜਾਣਗੇ। ਇਹ ਬਦਲਾਅ ਰਾਤੋ ਰਾਤ ਨਹੀਂ ਹੋ ਸਕਦੇ। ਸਮੁੱਚੀ ਪਰਿਵਰਤਨਕਾਰੀ ਪ੍ਰਕਿਰਿਆ ਦੌਰਾਨ ਟੀਚਰਸ ਅਤੇ ਟੀਚਰ ਐਜੂਕੇਟਰਸ ਲਈ ਇੱਕ ਵਿਵਸਥਿਤ ਮਸ਼ਵਰਾ ਨੀਤੀ ਦੀ ਯੋਜਨਾ ਬਣਾਈ ਗਈ ਹੈ।

ਇਸ ਸਭ ਦੇ ਕੇਂਦਰ ਵਿੱਚ, ਹਮੇਸ਼ਾ ਵਿਦਿਆਰਥੀ ਹੀ ਰਹੇਗਾ। ਪ੍ਰੀ-ਸਕੂਲ ਤੋਂ ਲੈ ਕੇ ਗ੍ਰੇਡ 12 ਦੇ ਵਿਦਿਆਰਥੀਆਂ ਲਈ ਇੱਕ ਵਿਲੱਖਣ ਖਿਡੌਣਾ-ਅਧਾਰਿਤ ਪੜ੍ਹਾਈ ਅਤੇ ਅਧਿਐਨ-ਵਿਧੀ, ਪ੍ਰਕਿਰਿਆ ਅਧੀਨ ਹੈ। ਟੀਚਿੰਗ ਅਤੇ ਲਰਨਿੰਗ ਦੀ ਪ੍ਰਕਿਰਿਆ ਵਿੱਚ ਨਾ ਸਿਰਫ ਸਵਦੇਸ਼ੀ ਖਿਡੌਣੇ ਹੋਣਗੇ ਬਲਕਿ ਖੇਡਾਂ (ਬੋਰਡ ਗੇਮਸ, ਕਾਰਡ ਗੇਮਸ, ਇਲੈਕਟ੍ਰੌਨਿਕ ਗੇਮਜ਼ ਸਮੇਤ), ਪਹੇਲੀਆਂ, ਕਠਪੁਤਲੀਆਂ, ਗਤੀਵਿਧੀਆਂ ਆਦਿ ਦਾ ਉਪਯੋਗ ਵੀ ਭਾਸ਼ਾ ਤੋਂ ਲੈ ਕੇ ਵਿਗਿਆਨ, ਗਣਿਤ, ਇਤਿਹਾਸ ਆਦਿ ਨਾਲ ਜੁੜੇ ਵਿਸ਼ਿਆਂ ਦੀ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਵਿੱਚ ਕੀਤਾ ਜਾਵੇਗਾ। ਇਸ ਸਾਲ ਪ੍ਰਾਥਮਿਕ ਕਲਾਸਾਂ ਲਈ ਟੀਚਰਾਂ, ਮਾਪਿਆਂ, ਸਵੈ ਅਤੇ ਸਾਥੀਆਂ ਦੁਆਰਾ ਹਰ ਬੱਚੇ ਵਿੱਚ ਵਿਲੱਖਣਤਾ ਦਾ ਮੁਲਾਂਕਣ ਹੋਲਿਸਟਿਕ ਪ੍ਰੋਗਰੈੱਸ ਕਾਰਡ ਦੁਆਰਾ ਕੀਤਾ ਜਾਵੇਗਾ। ਇਹ ਰਟਣ ਅਤੇ ਪਾਠ ਪੁਸਤਕ/ਪਾਠ-ਕ੍ਰਮ ਪੂਰਾ ਕਰਨ ’ਤੇ ਫੋਕਸ ਨੂੰ ਘਟਾਏਗਾ ਅਤੇ ਬੱਚੇ ਨੂੰ ਉਤਕ੍ਰਿਸ਼ਟ ਰਚਨਾਤਮਿਕਤਾ ਅਤੇ ਸੰਚਾਰ-ਕੌਸ਼ਲ ਨਾਲ ਇੱਕ ਮਹੱਤਵਪੂਰਨ ਵਿਚਾਰਕ ਅਤੇ ਸਮੱਸਿਆ ਦਾ ਸਮਾਧਾਨ ਕਰਨ ਵਾਲਾ ਬਣਨ ਵਿੱਚ ਮਦਦ ਕਰੇਗਾ। ਪੂਰਨ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਭਾਰਤੀ ਸੰਕੇਤਕ ਭਾਸ਼ਾ ਨੂੰ ਸਟੈਂਡਰਡਾਈਜ਼ ਕੀਤਾ ਜਾਵੇਗਾ। ਸੀਬੀਐੱਸਈ ਦੁਆਰਾ ਬੋਰਡ ਪ੍ਰੀਖਿਆ ਸੁਧਾਰ ਪਹਿਲਾਂ ਹੀ ਆਰੰਭ ਕੀਤੇ ਜਾ ਚੁੱਕੇ ਹਨ ਅਤੇ ਇਸ ਨਾਲ ਬਦਲਾਅ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।

ਉਪਰੋਕਤ ਉਪਰਾਲਿਆਂ ਦੇ ਨਾਲ-ਨਾਲ ਐੱਨ-ਡੀਈਏਆਰ ਮਾਧਿਅਮ ਨਾਲ ਸਕੂਲ ਸਿੱਖਿਆ ਦੇ ਖੇਤਰ ਵਿੱਚ ਲਚੀਲਾਪਣ ਲਿਆਂਦਾ ਜਾਵੇਗਾ। ਨੈਸ਼ਨਲ ਡਿਜੀਟਲ ਐਜੂਕੇਸ਼ਨ ਆਰਕੀਟੈਕਚਰ ਦਾ ਖਾਕਾ ਵੀ ਇਸੇ ਸਾਲ ਤਿਆਰ ਹੋ ਜਾਵੇਗਾ। ਇਸ ਦੀ ਪਰਿਕਲਪਨਾ ਇੱਕ ਖੁੱਲ੍ਹੇ, ਸਕੇਲੇਬਲ ਅਤੇ ਅੰਤਰ-ਪ੍ਰਚਾਲਣਯੋਗ ਡਿਜੀਟਲ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ ਜੋ ਸਕੂਲੀ ਸਿੱਖਿਆ ਦੀ ਯੋਜਨਾ, ਪ੍ਰਸ਼ਾਸਨ ਅਤੇ ਸ਼ਾਸਨ ਲਈ ਕੇਂਦਰ ਅਤੇ ਰਾਜਾਂ ਦੋਹਾਂ ਲਈ ਹੀ ਲਾਭਦਾਇਕ ਹੋਵੇਗਾ। ਇਹ ਅਧਿਆਪਿਕਾਂ, ਵਿਦਿਆਰਥੀਆਂ ਅਤੇ ਸਕੂਲਾਂ ਨੂੰ ਨਿਰਵਿਘਨ ਡਿਜੀਟਲ ਲਰਨਿੰਗ ਦਾ ਅਨੁਭਵ ਪ੍ਰਦਾਨ ਕਰੇਗਾ।

ਸਾਨੂੰ ਮਹਾਮਾਰੀ ਦੇ ਰੁਕ ਜਾਣ ਦੀ ਉਮੀਦ ਹੈ, ਇਸ ਸਾਲ ਦਾ ਬਜਟ, ਬੱਚਿਆਂ ਦਾ ਹਿਤ ਸਭ ਤੋਂ ਪਹਿਲਾਂ ਦੇ ਦ੍ਰਿਸ਼ਟੀਕੋਣ ਨਾਲ ਸਕੂਲੀ ਸਿੱਖਿਆ ਵਿੱਚ ਆਨੰਦ ਅਤੇ ਅਨੁਕੂਲਤਾ ਲਿਆਉਣ ਦਾ ਵਾਅਦਾ ਕਰਦਾ ਹੈ।

*ਲੇਖਿਕਾ ਸਕੱਤਰ, ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਹਨ।

Check Also

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਸੁਨੇਹਾ! 

ਜਗਤਾਰ ਸਿੰਘ ਸਿੱਧੂ ਐਡੀਟਰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ …

Leave a Reply

Your email address will not be published.