ਬੁੱਤਪ੍ਰਸਤ ਮੋਦੀ ਸਰਕਾਰ ਤੋਂ ਨਾਰਾਜ਼ ਹਨ ਬਿਸ਼ਨ ਸਿੰਘ ਬੇਦੀ – ਤਿਆਗ ਦਿੱਤੇ ਸਾਰੇ ਅਹੁਦੇ

TeamGlobalPunjab
6 Min Read

-ਅਵਤਾਰ ਸਿੰਘ

ਭਾਰਤ ਇਕ ਗਰੀਬ ਦੇਸ਼ ਹੈ। ਇਥੋਂ ਦੇ ਬਹੁਗਿਣਤੀ ਲੋਕ ਕਿਸਾਨ ਤੇ ਮਜ਼ਦੂਰ ਹਨ। ਬਹੁਤੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਸਾਲ 2020 ਵਿੱਚ ਮਹਾਮਾਰੀ ਫੈਲਣ ਕਾਰਨ ਹੋਏ ਲੌਕ ਡਾਊਨ ਦੌਰਾਨ ਪ੍ਰਾਈਵੇਟ ਨੌਕਰੀਆਂ ਕਰਦੇ ਮੁਲਾਜ਼ਮ ਰੁਜ਼ਗਾਰ ਖੁਸਣ ਕਾਰਨ ਘਰ ਬੈਠ ਗਏ ਹਨ। ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਇਨ੍ਹਾਂ ਦਾ ਵਿਰੋਧ ਕਰਦੇ ਹੋਏ ਲਗਪਗ ਇਕ ਮਹੀਨੇ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਰੋਕੀ ਬੈਠੇ ਹਨ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਕੰਨ ਉਪਰ ਜੂੰ ਤਕ ਨਹੀਂ ਸਰਕ ਰਹੀ ਹੈ। ਇਹ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਦਾ ਭਲਾ ਸੋਚਣ ਦੀ ਬਜਾਇ ਬੁੱਤਾਂ ਉਪਰ ਬੇਤਹਾਸ਼ਾ ਪੈਸੇ ਰੋੜਨ ‘ਤੇ ਲੱਗੀ ਹੋਈ ਹੈ। ਪ੍ਰਧਾਨ ਸੇਵਕ ਆਪਣੇ ਲਈ ਮਹਿੰਗੇ ਜਹਾਜ਼ ਖਰੀਦ ਰਹੇ ਹਨ। ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ਉਪਰ 3000 ਕਰੋੜ ਰੁਪਿਆ ਖਰਚਿਆ ਗਿਆ। ਇਸੇ ਤਰ੍ਹਾਂ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿੱਚ ਮਰਹੂਮ ਵਿੱਤ ਮੰਤਰੀ ਅਰੁਣ ਜੇਤਲੀ ਦਾ ਬੁੱਤ ਲਗਾਉਣ ਦੀ ਤਜਵੀਜ਼ ਹੈ ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਮਰਹੂਮ ਪ੍ਰਧਾਨ ਅਰੁਣ ਜੇਤਲੀ ਦਾ ਬੁੱਤ ਲਗਾਉਣ ਦੇ ਫੈਸਲੇ ਤੋਂ ਖਫ਼ਾ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੇ ਕ੍ਰਿਕਟ ਐਸੋਸੀਏਸ਼ਨ (ਸੀ ਏ) ਨੂੰ ਦਰਸ਼ਕ ਸਟੈਂਡ ਤੋਂ ਆਪਣਾ ਨਾਂ ਹਟਾਉਣ ਲਈ ਲਿਖਿਆ ਹੈ। ਇਥੇ ਹੀ ਬਸ ਨਹੀਂ ਬੁੱਤ ਲਗਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਉਨ੍ਹਾਂ ਡੀਡੀਸੀਏ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਰਿਪੋਰਟਾਂ ਮੁਤਾਬਿਕ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਉਪਰ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ 74 ਸਾਲਾ ਬੇਦੀ ਨੇ ਭਾਈ ਭਤੀਜਾਵਾਦ ਅਤੇ ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਣ ਦਾ ਦੋਸ਼ ਲਾਉਂਦਿਆਂ ਐਸੋਸੀਏਸ਼ਨ ਦੀ ਮੁਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ।

- Advertisement -

ਡੀਡੀਸੀਏ ਦੇ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੂੰ ਲਿਖੇ ਇਕ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਮੈਂ ਬਹੁਤ ਸਹਿਣਸ਼ੀਲ ਇਨਸਾਨ ਹਾਂ ਪਰ ਹੁਣ ਮੇਰਾ ਸਬਰ ਦਾ ਪਿਆਲਾ ਭਰ ਚੁੱਕਾ ਹੈ। ਡੀਡੀਸੀਏ ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ, ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ ਹੈ।

ਸ਼੍ਰੀ ਬੇਦੀ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਮੈਂ ਫੈਸਲਾ ਬਹੁਤ ਸੋਚ ਵਿਚਾਰ ਕੇ ਲਿਆ ਹੈ। ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਹਾਂ ਜੋ ਸਨਮਾਨ ਦਾ ਅਪਮਾਨ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਸਨਮਾਨ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਮੈਂ ਸਨਮਾਨ ਵਾਪਸ ਕਰ ਰਿਹਾ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੀਆਂ ਕਦਰਾਂ ਕੀਮਤਾਂ ਨਾਲ ਮੈਂ ਕ੍ਰਿਕਟ ਖੇਡਦਿਆਂ ਦੇਸ਼ ਦੀ ਨੁਮਾਇੰਦਗੀ ਕੀਤੀ ਹੈ, ਉਹ ਮੇਰੇ ਸਨਿਆਸ ਤੋਂ ਚਾਰ ਦਹਾਕਿਆਂ ਬਾਅਦ ਵੀ ਕਾਇਮ ਹਨ।

ਬਿਸ਼ਨ ਸਿੰਘ ਬੇਦੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਜੇਤਲੀ ਦੇ ਕੰਮ ਕਰਨ ਦੇ ਢੰਗ ਦੇ ਪ੍ਰਸ਼ੰਸ਼ਕ ਨਹੀਂ ਰਹੇ, ਹਮੇਸ਼ਾ ਉਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਜੋ ਉਨ੍ਹਾਂ ਨੂੰ ਸਹੀ ਨਹੀਂ ਲਗਦੇ ਸਨ। ਲੋਕਾਂ ਨੂੰ ਡੀਡੀਸੀਏ ਦਾ ਕੰਮ ਚਲਾਉਣ ਲਈ ਚੁਣਦੇ ਸੀ, ਉਸ ਨੂੰ ਲੈ ਕੇ ਮੇਰਾ ਇਤਰਾਜ਼ ਸਭ ਨੂੰ ਪਤਾ ਹੈ। ਮੈਂ ਇਕ ਵਾਰ ਉਨ੍ਹਾਂ ਦੇ ਘਰ ਚੱਲ ਰਹੀ ਇਕ ਮੀਟਿੰਗ ਤੋਂ ਬਾਹਰ ਆ ਗਿਆ ਸੀ ਕਿਉਂਕਿ ਉਹ ਉਸ ਆਦਮੀ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਸਕੇ ਜੋ ਦੁਰਵਿਵਹਾਰ ਕਰ ਰਿਹਾ ਸੀ।

ਸਾਬਕਾ ਕ੍ਰਿਕਟਰ ਬੇਦੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਬਹੁਤ ਸਖ਼ਤ ਹਨ। ਮੈਨੂੰ ਇਕ ਭਾਰਤੀ ਕ੍ਰਿਕਟਰ ਹੋਣ ‘ਤੇ ਇੰਨਾ ਮਾਣ ਹੈ ਕਿ “ਮੈਂ ਅਰੁਣ ਜੇਤਲੀ ਦੀ ਚਾਪਲੂਸੀ ਕਰਨ ਵਾਲਿਆ ਨਾਲ ਭਰੇ ਦਰਬਾਰ ਵਿਚ ਜਾਣਾ ਜ਼ਰੂਰੀ ਨਹੀਂ ਸਮਝਦਾ ਸੀ।”

ਉਨ੍ਹਾਂ ਕਿਹਾ ਕਿ ਫਿਰੋਜ਼ਸ਼ਾਹ ਕੋਟਲਾ ਮੈਦਾਨ ਦਾ ਨਾਂ ਮਰਹੂਮ ਅਰੁਣ ਜੇਤਲੀ ਦੇ ਨਾਂ ‘ਤੇ ਰੱਖਿਆ ਗਿਆ ਜੋ ਗਲਤ ਸੀ। ਪਰ ਮੈਂ ਉਡੀਕ ਕਰ ਰਿਹਾ ਸੀ ਕਿ ਕਦੇ ਤਾਂ ਸਮਝ ਆਵੇਗੀ। ਬੇਦੀ ਨੇ ਭਾਵੁਕ ਹੁੰਦਿਆਂ ਕਿਹਾ ਹੁਣ ਮੈਂ ਸੁਣਿਆ ਕਿ ਅਰੁਣ ਜੇਤਲੀ ਦਾ ਬੁੱਤ ਲਗਾਇਆ ਜਾ ਰਿਹਾ ਹੈ। ਮੇਰੇ ਸਮੇਤ ਕੋਈ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਮਰਹੂਮ ਜੇਤਲੀ ਅਸਲ ਵਿੱਚ ਇੱਕ ਨੇਤਾ ਸਨ ਅਤੇ ਸੰਸਦ ਨੂੰ ਉਨ੍ਹਾਂ ਦੀਆਂ ਯਾਦਾਂ ਦੀ ਕਦਰ ਕਰਨੀ ਚਾਹੀਦੀ ਹੈ।

- Advertisement -

ਬੇਦੀ ਨੇ ਇਹ ਵੀ ਯਾਦ ਕਰਵਾਇਆ ਕਿ ਲਾਰਡਜ਼ ਵਿੱਚ ਡਬਲਯੂ ਜੀ ਗ੍ਰੇਸ, ਓਵਲ ਵਿਖੇ ਸਰ ਜੈਕ ਹੌਬਜ਼, ਸਿਡਨੀ ਕ੍ਰਿਕਟ ਗਰਾਉਂਡ ਵਿੱਚ ਸਰ ਡੌਨ ਬ੍ਰੈਡਮੈਨ, ਬਾਰਬਾਡੋਸ ਵਿੱਚ ਵੀ ਸਰ ਗੈਰੀ ਸੋਬਰਜ਼ ਅਤੇ ਮੈਲਬਰਨ ਕ੍ਰਿਕਟ ਗਰਾਉਂਡ ਵਿਚ ਸ਼ੇਨ ਵਾਰਨ ਦੀਆਂ ਮੂਰਤੀਆਂ ਹੀ ਸਥਾਪਤ ਹਨ।

ਖੇਡ ਦੇ ਮੈਦਾਨ ਵਿਚ ਖੇਡਾਂ ਨਾਲ ਸਬੰਧਤ ਰੋਲ ਮਾਡਲ ਹੋਣੇ ਚਾਹੀਦੇ ਹਨ। ਪ੍ਰਬੰਧਕਾਂ ਦੀ ਥਾਂ ਉਨ੍ਹਾਂ ਦੇ ਸ਼ੀਸ਼ੇ ਦੇ ਕੈਬਿਨ ਵਿਚ ਹੀ ਹੈ। ਡੀਡੀਸੀਏ ਇਸ ਵਿਸ਼ਵਵਿਆਪੀ ਸਭਿਆਚਾਰ ਨੂੰ ਨਹੀਂ ਸਮਝਦਾ ਤਾਂ ਇਸ ਲਈ ਮੇਰੇ ਖਿਆਲ ਨਾਲ ਇਸ ਤੋਂ ਪਰੇ ਰਹਿਣਾ ਸਹੀ ਹੈ। ਮੈਂ ਕਿਸੇ ਅਜਿਹੇ ਸਟੇਡੀਅਮ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜਿਸ ਦੀਆਂ ਤਰਜੀਹਾਂ ਗ਼ਲਤ ਹੋਣ ਅਤੇ ਜਿੱਥੇ ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਿਆ ਜਾਂਦਾ ਹੋਵੇ। ਕਿਰਪਾ ਕਰਕੇ ਮੇਰਾ ਨਾਮ ਤੁਰੰਤ ਹਟਾ ਦਿਓ।

ਗੌਰਤਲਬ ਹੈ ਕਿ ਜੇਤਲੀ 1999 ਅਤੇ 2013 ਦਰਮਿਆਨ 14 ਸਾਲਾਂ ਲਈ ਡੀਡੀਸੀਏ ਦੇ ਪ੍ਰਧਾਨ ਰਹੇ ਸਨ। ਕ੍ਰਿਕਟ ਐਸੋਸੀਏਸ਼ਨ ਉਨ੍ਹਾਂ ਦੀ ਯਾਦ ਵਿੱਚ ਕੋਟਲਾ ਉੱਤੇ ਛੇ ਫੁੱਟ ਦਾ ਬੁੱਤ ਲਗਾਉਣ ਬਾਰੇ ਸੋਚ ਵਿਚਾਰ ਕਰ ਰਹੀ ਹੈ। ਸਾਬਕਾ ਸਪਿਨਰ ਬਿਸ਼ਨ ਸਿੰਘ ਬੇਦੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਫੈਸਲਾ ਬਦਲਣਾ ਚਾਹੀਦਾ ਹੈ। ਪਾਵਰ ਦੇ ਨਸ਼ੇ ਵਿੱਚ ਆ ਕੇ ਕਈ ਵਾਰ ਹਾਕਮ ਗ਼ਲਤ ਕੰਮ ਕਰ ਬੈਠਦੇ ਹਨ ਪਰ ਬਾਅਦ ਵਿੱਚ ਹੱਥ ਮਿਲਦੇ ਰਹਿੰਦੇ ਹਨ।#

Share this Article
Leave a comment