ਕੈਨੇਡਾ ਦੇ ਹਵਾਈ ਸਫਰ ਨੂੰ ਲੈ ਕੇ ਪੰਜਾਬੀਆਂ ਲਈ ਕਦੋਂ ਮੁੱਕੇਗੀ ਖੱਜਲ-ਖੁਆਰੀ?

Prabhjot Kaur
6 Min Read

ਨਿਊਜ਼ ਡੈਸਕ: ਬੀਤੀ 2 ਸਤੰਬਰ ਨੂੰ ਜਰਮਨੀ ਦੀ ਏਅਰਲਾਈਨ ਲੁਫਥਾਸਾਂ ਦੇ ਪਾਇਲਟਾਂ ਦੀ ਹੜਤਾਲ਼ ਕਾਰਨ ਉਹਨਾਂ ਦੀਆਂ ਦੁਨੀਆਂ ਭਰ ਵਿੱਚ ਉਡਾਣਾਂ ਰੱਦ ਹੋਈਆਂ। ਲੁਫਥਾਂਸਾ ਨੇ ਜਰਮਨੀ ਦੇ ਸ਼ਹਿਰਾਂ ਫਰੈਂਕਫਰਟ ਅਤੇ ਮਿਊਨਿਕ ਸਥਿਤ ਆਪਣੇ ਹੱਬ ਤੋਂ ਲਗਭਗ 800 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਅੰਦਾਜ਼ਨ 130,000 ਯਾਤਰੀ ਪ੍ਰਭਾਵਿਤ ਹੋਏ। ਦਿੱਲੀ ਤੋਂ ਵੀ ਲੁਫਥਾਸਾਂ ਦੀ ਫਰੈਂਕਫਰਟ ਅਤੇ ਮਿਉਨਿਕ ਜਰਮਨੀ ਲਈ ਉਡਾਣ ਰੱਦ ਹੋਣ ਕਾਰਣ ਤਕਰੀਬਨ 700 ਯਾਤਰੀ ਪ੍ਰਭਾਵਿਤ ਹੋਏ।

ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੱਤੀ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਜੱਦ ਮਾਹੋਲ ਬਹੁਤ ਤਲਖ ਹੋ ਗਿਆ ਤਾਂ ਟੀਵੀ ਚੈਨਲਾਂ ਅਤੇ ਸੋਸਲ ਮੀਡੀਆ ਤੇ ਵਿਖਾਏ ਜਾ ਰਹੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਯਾਤਰੀਆਂ ਦੀ ਬਹੁਤਾਤ ਗਿਣਤੀ ਪੰਜਾਬੀਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਦੀ ਦੇਖੀ ਗਈ ਜਿਸ ਵਿੱਚ ਏਅਰਪੋਰਟ ਦੇ ਬਾਹਰ ਨਾਅਰੇਬਾਜੀ ਕਰਦੇ ਉਹਨਾਂ ਦੇ ਰਿਸ਼ਤੇਦਾਰ ਵੀ ਸਨ।

ਗੁਮਟਾਲਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਨੀਸ਼ੀਏਟਿਵ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਵਾਈ ਅੱਡਾ ਤੋਂ ਕੈਨੇਡਾ ਤੇ ਹੋਰਨਾਂ ਕਈ ਮੁਲਕਾਂ ਲਈ 50 ਪ੍ਰਤੀਸ਼ਤ ਤੋਂ ਵੱਧ ਅੰਤਰਰਾਸ਼ਟਰੀ ਯਾਤਰੀ ਪੰਜਾਬ ਤੋਂ ਹੁੰਦੇ ਹਨ। ਇਕ ਵਾਰ ਫਿਰ ਇਹ ਸਿੱਧ ਹੋ ਗਿਆ, ਖਾਸ ਕਰਕੇ ਕੈਨੇਡਾ ਲਈ ਦਿੱਲੀ ਤੋਂ ਜਾਣ ਵਾਲੇ ਯਾਤਰੀਆਂ ਦੀ ਬਹੁਤਾਤ (70 ਤੋਂ 80 ਪ੍ਰਤੀਸ਼ਤ) ਗਿਣਤੀ ਪੰਜਾਬ ਤੋਂ ਹੈ। ਇਹੀ ਨਹੀਂ ਇਹਨਾਂ ਰੱਦ ਹੋਈਆਂ ਉਡਾਣਾਂ ਦੇ ਯਾਤਰੀ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਤੋਂ ਵਿਸਤਾਰਾ, ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਉਡਾਣ ਲੈ ਕੇ ਦਿੱਲੀ ਪਹੁੰਚੇ ਸਨ।

ਉਹਨਾਂ ਦੱਸਿਆ ਕਿ ਕੈਨੇਡਾ ਲਈ ਅਗਸਤ ਅਤੇ ਸਤੰਬਰ ਮਹੀਨੇ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ ਕਿਉਂਕਿ ਕੈਨੇਡਾ ਲਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸ ਕਰ ਰਹੇ ਵਿਦਿਆਰਥੀਆਂ ਦੀਆਂ ਅਗਸਤ ਜਾਂ ਸਤੰਬਰ ਮਹੀਨੇ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ ਹਨ। ਉਹਨਾਂ ਨੇ ਇਕ ਪਾਸੇ ਜਾਣ ਦੀ ਟਿਕਟ ’ਤੇ 2 ਤੋਂ 3 ਲੱਖ ਰੁਪਏ ਖ਼ਰਚੇ ਹਨ। ਸਿੱਧੀਆਂ ਉਡਾਣਾਂ ਦੀ ਇਕ ਪਾਸੇ ਦੀ 3 ਲੱਖ ਦੀ ਇਕਾਨਮੀ ਕਲਾਸ ਦੀ ਟਿਕਟ ਕੋਵਿਡ ਤੋਂ ਪਹਿਲਾਂ ਬਿਜਨਸ ਕਲਾਸ ਦੀ ਆਓਣ ਜਾਣ ਦੇ ਕਿਰਾਏ ਦੀ ਟਿਕਟ ਨੂੰ ਵੀ ਮਾਤ ਦੇ ਗਈ ਹੈ।

- Advertisement -

ਕੋਵਿਡ ਦੋਰਾਨ ਜੱਦ ਤਾਲਾਬੰਦੀ ਤੋਂ ਬਾਦ ਕੈਨੇਡਾ ਦੇ ਹਜਾਰਾਂ ਵਾਸੀ ਪੰਜਾਬ ਫਸ ਗਏ ਤਾਂ ਉਹਨਾਂ ਨੂੰ ਵਾਪਸ ਜਾਣ ਲਈ 3500 ਤੋਂ 5000 ਡਾਲਰ ਤੱਕ ਖਰਚਣੇ ਪਏ ਸਨ। ਉਸ ਉਪਰੰਤ ਮੁੜ ਪਾਬੰਦੀਆਂ ਕਾਰਨ ਕੁੱਝ ਹੀ ਉਡਾਣਾਂ ਦੂਜੇ ਮੁਲਕਾਂ ਰਾਹੀਂ ਉਪਲੱਬਧ ਸਨ ਅਤੇ ਉਦੋਂ ਵੀ ਪੰਜਾਬੀ ਦੂਜੇ ਮੁਲਕਾਂ ਰਾਹੀਂ ਖੱਜਲ-ਖੁਆਰ ਹੋ ਕੇ ਜਾ ਰਹੇ ਸਨ।

ਕੁੱਝ ਮਹੀਨੇ ਪਹਿਲਾਂ ਅੰਮ੍ਰਿਤਸਰ ਤੋਂ ਮੁੜ ਸ਼ੁਰੂ ਹੋਈ ਸਕੂਟ ਵੱਲੋਂ ਅੰਮ੍ਰਿਤਸਰ – ਸਿੰਗਾਪੁਰ ਉਡਾਣ ਨੂੰ ਆਪਣੀ ਭਾਈਵਾਲ ਸਿੰਗਾਪੁਰ ਏਅਰ ਦੀ ਸਿੰਗਾਪੁਰ-ਵੈਨਕੂਵਰ ਉਡਾਣਾਂ ਨਾਲ ਜੋੜਿਆ ਗਿਆ ਹੈ। ਇਸ ਦੀਆਂ ਵੈਨਕੂਵਰ ਉਡਾਣ ਲਈ ਅਗਸਤ-ਸਤੰਬਰ ਮਹੀਨੇ ਦੀਆਂ ਸਾਰੀਆਂ ਟਿਕਟਾਂ ਜੁਲਾਈ ਮਹੀਨੇ ਦੇ ਸ਼ਰੁੂ ਵਿੱਚ ਹੀ ਵਿੱਕ ਗਈਆ ਸਨ।

ਗੁਮਟਾਲਾ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਤੋਂ ਯਾਤਰੀਆਂ ਦੀ ਇੰਨੀ ਵੱਡੀ ਗਿਣਤੀ ਹੋਣ ਅਤੇ ਮਹਿੰਗੀਆਂ ਟਿਕਟਾਂ ਖਰੀਦਣ ਦੇ ਬਾਵਜੂਦ ਵੀ ਏਅਰ ਇੰਡੀਆ ਜਾਂ ਏਅਰ ਕੈਨੇਡਾ ਨੇ ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਹਾਲੇ ਪੂਰਾ ਨਹੀਂ ਕੀਤਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਵਾਓਣ ਲਈ ਉਪਰਾਲੇ ਨਹੀਂ ਕਰ ਰਹੀ।

ਕੋਵਿਡ ਤੋਂ ਪਹਿਲਾਂ ਸਤੰਬਰ 2019 ਵਿੱਚ ਜੱਦ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਹੋਈ ਸੀ ਤਾਂ ਉਹ ਪੁੱਛਦੇ ਸੀ ਕਿ ਪੰਜਾਬ ਤੋਂ ਬਿਜਨਸ ਕਲਾਸ ਸਵਾਰੀ ਕਿੰਨੀ ਮਿਲੇਗੀ, ਕਈ ਏਵੀਏਸ਼ਨ ਦੇ ਮਾਹਰ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਤੋਂ ਪੂਰੇ ਸਾਲ ਦੀ ਬਜਾਏ ਕੁੱਝ ਮਹੀਨਿਆਂ ਲਈ ਟ੍ਰੈਫ਼ਿਕ ਹੁੰਦੀ ਹੈ, ਕਈ ਕਹਿੰਦੇ ਸਨ ਅਤੇ ਹਾਲੇ ਵੀ ਕਹਿ ਰਹੇ ਹਨ ਕਿ ਬਾਕੀ ਮਹੀਨਿਆਂ ਵਿੱਚ ਮੁਨਾਫ਼ਾ ਘੱਟ ਹੁੰਦਾ ਹੈ।

ਸਤੰਬਰ 2019 ਅਤੇ ਮਈ 2022 ਵਿੱਚ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਅਸੀਂ ਮੁੜ ਇਹ ਅੰਕੜੇ ਪੇਸ਼ ਕੀਤੇ ਕਿ ਪੰਜਾਬੀ ਸਿੱਧੀਆਂ ਉਡਾਣਾਂ ਨੂੰ ਬਹੁਤ ਤਰਜੀਹ ਦੇ ਰਹੇ ਹਨ ਅਤੇ ਇਹਨਾਂ ਵੱਧ ਕਿਰਾਇਆ ਵੀ ਖਰਚ ਰਹੇ ਹਨ। ਅਸੀਂ ਇਹ ਵੀ ਬੇਨਤੀ ਕੀਤੀ ਸੀ ਕਿ ਸਰਦੀਆਂ ਦੇ ਮੌਸਮ ਦੋਰਾਨ ਅਕਤੂਰਬ ਤੋਂ ਮਾਰਚ ਦੇ ਅਖੀਰ ਤੱਕ ਉਡਾਣਾਂ ਸ਼ੁਰੂ ਕਰ ਦਵੋ ਜਿਵੇਂ ਉਹਨਾਂ ਪਹਿਲਾਂ ਦਿੱਲੀ ਅਤੇ ਮੁੰਬਈ ਲਈ ਕੀਤਾ ਸੀ ਪਰ ਹਾਲੇ ਤੱਕ ਇਹ ਮੰਗ ਪੂਰੀ ਨਹੀਂ ਹੋਈ।

- Advertisement -

ਇਸ ਸਭ ਤੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਦੋਨਾਂ ਏਅਰਲਾਈਨਾਂ ਨੂੰ ਪਤਾ ਹੈ ਕਿ ਇਹਨਾਂ ਪੰਜਾਬ ਵਾਲਿਆਂ ਨੂੰ ਮਜਬੂਰੀ ਵੱਸ ਦਿੱਲੀ ਤੋਂ ਹੀ ਜਾਣਾ ਪੈਣਾ। ਭਾਰਤ ਸਰਕਾਰ ਵੀ ਦੂਜੇ ਮੁਲਕਾਂ ਦੀਆਂ ਏਅਰਲਾਈਨ ਨੂੰ ਹਵਾਈ ਸਮਝੋਤਿਆਂ ਵਿੱਚ ਅੰਮ੍ਰਿਤਸਰ ਲਈ ਉਡਾਣਾਂ ਸ਼ਰੁੂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਜਿਵੇਂ ਕਿ ਯੂਏਈ, ਕੂਵੇਤ, ਓਮਾਨ, ਇਟਲੀ, ਜਰਮਨੀ ਆਦਿ। ਹਾਲ ਹੀ ਵਿੱਚ ਯੂਏਈ ਨੇ ਭਾਰਤ ਸਰਕਾਰ ਨੂੰ ਅੰਮ੍ਰਿਤਸਰ ਸਮੇਤ ਭਾਰਤ ਦੇ 6 ਹੋਰਨਾਂ ਹਵਾਈ ਅੱਡਿਆਂ ਲਈ ਐਮੀਰੇਟਜ ਅਤੇ ਫਲਾਈ ਦੁਬਈ ਨੂੰ ਇਜਾਜਤ ਦੇਣ ਦੀ ਮੰਗ ਕੀਤੀ ਹੈ ਪਰ ਸਰਕਾਰ ਦਾ ਫੈਸਲਾ ਨਾ-ਪੱਖੀ ਹੀ ਰਿਹਾ ਹੈ। ਇਸ ਕਾਰਨ ਉਹ ਉਡਾਣਾਂ ਸ਼ੁਰੂ ਨਹੀਂ ਕਰ ਸਕਦੇ। ਇਸ ਕਾਰਨ ਵੀ ਪੰਜਾਬੀਆਂ ਨੂੰ ਦਿੱਲੀ ਜਾਣ ਲਈ ਮਜਬੂਰ ਹੋਣਾ ਪੈਂਦਾ।

Share this Article
Leave a comment