ਅਮਰੀਕਾ ਦੀ ਰਾਜਸੀ ਸਥਿਤੀ ‘ਤੇ ਵਿਅੰਗ ਕੱਸਣ ਵਾਲਾ ਕੌਣ ਸੀ ਅਦਾਕਾਰ

TeamGlobalPunjab
5 Min Read

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਸਿਆਣੇ ਆਖ਼ਦੇ ਨੇ ਕਿ ਕਿਸੇ ਦੇ ਦੁਖ਼ੀ ਮਨ ਨੂੰ ਖ਼ੁਸ਼ ਕਰਨਾ ਤੇ ਕਿਸੇ ਦੇ ਵਗ਼ਦੇ ਹੰਝੂ ਪੂੰਝ ਕੇ ਉਸਦੇ ਬੁੱਲ੍ਹਾਂ ‘ਤੇ ਮੁਸਕਾਨ ਲਿਆ ਦੇਣਾ ਬੜਾ ਵੱਡਾ ਪੁੰਨ ਹੁੰਦਾ ਹੈ ਤੇ ਹਾਲੀਵੁੱਡ ਅਦਾਕਾਰ ਚਾਰਲੀ ਚੈਪਲਿਨ ਨੇ ਇਹ ਪੁੰਨ ਸਾਰੀ ਉਮਰ ਹੀ ਖੱਟਿਆ ਸੀ। ਉਸਨੇ ਉਮਰ ਭਰ ਹਾਸੇ ਵੰਡੇ ਸਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਨੇ ਆਪਣੇ ਜੀਵਨ ਵਿੱਚ ਬੜੇ ਉਤਰਾਅ-ਚੜਾਅ ਵੇਖਣੇ ਪਏ ਸਨ ਤੇ ਉਸਨੇ ਆਪਣੇ ਹੰਝੂਆਂ ਨੂੰ ਆਪਣੀਆਂ ਪਲਕਾਂ ਦੀਆਂ ਬਰੂੰਹਾਂ ਤੱਕ ਨਹੀਂ ਸੀ ਆਉਣ ਦਿੱਤਾ। ਉਹ ਸਚਮੁੱਚ ਹੀ ਮਹਾਨ ਫ਼ਨਕਾਰ ਸੀ।

ਚਾਰਲੀ ਚੈਪਲਿਨ ਉਹ ਸ਼ਖ਼ਸ ਹੈ ਜਿਸਦਾ ਨਾਂ ਜ਼ਹਿਨ ‘ਚ ਆਉਂਦਿਆਂ ਹੀ ਖੁੱਲ੍ਹੀ ਪੈਂਟ, ਤੰਗ ਕੋਟ, ਛੋਟੀ ਟੋਪੀ, ਵੱਡੇ ਬੂਟ, ਮਾਸੂਮ ਚਿਹਰਾ ਤੇ ਮੱਖੀ ਮੁੱਛ ਵਾਲਾ ਇੱਕ ਕਿਰਦਾਰ ਅੱਖਾਂ ਸਾਹਮਣੇ ਆ ਖਲੋਂਦਾ ਹੈ। ਉਸਦਾ ਪਹਿਰਾਵਾ ਤੇ ਹਾਵ-ਭਾਵ ਲੋਕਾਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਦਿੰਦੇ ਸਨ। ਉਸਦੀਆਂ ਅਧਿਕਤਰ ਫ਼ਿਲਮਾਂ ਮੂਕ ਭਾਵ ਆਵਾਜ਼ ਰਹਿਤ ਸਨ ਪਰ ਉਸਦੀ ਅਦਾਕਾਰੀ ਦੀ ਬੁਲੰਦ ਆਵਾਜ਼ ਹਰੇਕ ਦਰਸ਼ਕ ਦੇ ਦਿਲ ਨੂੰ ਛੂਹ ਜਾਂਦੀ ਸੀ।

ਭਾਰਤ ਵਿੱਚ ਅਦਾਕਾਰ ਰਾਜ ਕਪੂਰ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚ ਕਿਸੇ ਨਾ ਕਿਸੇ ਅਦਾਕਾਰ ਨੇ ਚਾਰਲੀ ਦੀ ਨਕਲ ਕਰਨ ਦਾ ਯਤਨ ਜ਼ਰੂਰ ਕੀਤਾ ਸੀ।

- Advertisement -

16 ਅਪ੍ਰੈਲ,1889 ਨੂੰ ਲੰਦਨ ਦੇ ਵੈੱਲਵਰਥ ਇਲਾਕੇ ‘ਚ ਜਨਮੇ ਚਾਰਲੀ ਦਾ ਪੂਰਾ ਨਾਂ ਚਾਰਲਸ ਸਪੈਂਸਰ ਚੈਪਲਿਨ ਸੀ ਤੇ ਉਸਦੇ ਮਾਪੇ ਚਾਰਲਸ ਚੈਪਲਿਨ ਤੇ ਹੈਨਾ ਹਿਲ ਰੰਗਮੰਚ ਅਦਾਕਾਰ ਸਨ। ਚਾਰਲੀ ਕੇਵਲ ਤਿੰਨ ਵਰ੍ਹਿਆਂ ਦਾ ਸੀ ਜਦੋਂ ਘਰੇਲੂ ਕਲੇਸ਼ ਦੇ ਚਲਦਿਆਂ ਉਸਦੀ ਮਾਂ ਉਸਨੂੰ ਲੈ ਕੇ ਉਸਦੇ ਪਿਤਾ ਤੋਂ ਵੱਖ ਹੋ ਗਈ।

ਇੱਕ ਦਿਨ ਉਹ ਰੰਗਮੰਚ ‘ਤੇ ‘ ਦਿ ਕੈਂਟੀਨ ‘ ਨਾਮਕ ਨਾਟਕ ‘ਚ ਅਦਾਕਾਰੀ ਕਰ ਰਹੀ ਸੀ ਕਿ ਅਚਾਨਕ ਉਸਦਾ ਗਲਾ ਬੰਦ ਹੋ ਗਿਆ। ਦਰਸ਼ਕਾਂ ਨੇ ਫ਼ਬਤੀਆਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੂਰੇ ਹਾਲ ਵਿੱਚ ਰੌਲ੍ਹਾ ਪੈ ਗਿਆ। ਉੱਥੇ ਹਾਜ਼ਰ ਪੰਜ ਵਰ੍ਹਿਆਂ ਦੇ ਚਾਰਲੀ ਤੋਂ ਮਾਂ ਦਾ ਇਹ ਅਪਮਾਨ ਬਰਦਾਸ਼ਤ ਨਾ ਹੋਇਆ ਤੇ ਉਹ ਆਪ ਮੰਚ ‘ਤੇ ਜਾ ਚੜ੍ਹਿਆ ਤੇ ਉਸਨੇ ਜਦ ਮਾਈਕ ‘ਤੇ ‘ ਜੈਕ ਜੋਨਜ਼ ‘ ਨਾਮਕ ਰਚਨਾ ਗਾਈ ਤਾਂ ਸਰੋਤਿਆਂ ‘ਚ ਇੱਕ ਦਮ ਖ਼ਾਮੋਸ਼ੀ ਛਾ ਗਈ। ਉਸਦਾ ਗੀਤ ਖ਼ਤਮ ਹੁੰਦਿਆਂ ਹੀ ਤਾੜੀਆਂ ਦੀ ਗੜਗੜਾਹਟ ਨਾਲ ਪੂਰਾ ਹਾਲ ਗੂੰਜ ਉੱਠਿਆ।
ਸੰਨ 1894 ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਚਾਰਲੀ ਨੇ ਕਦੇ ਪਿੱਛੇ ਮੁੜ ਕੇ ਨਾ ਵੇਖਿਆ ਤੇ ਆਪਣੀ ਜਾਨਦਾਰ ਅਦਾਕਾਰੀ ਸਦਕਾ ਰੰਗਮੰਚ ‘ਤੇ ਪ੍ਰਾਪਤੀ-ਦਰ-ਪ੍ਰਾਪਤੀ ਕਰਦਾ ਗਿਆ। ਸੰਨ 1910 ਵਿੱਚ ਉਹ ਕਲਾਕਾਰਾਂ ਦੀ ਟੋਲੀ ਨਾਲ ਅਮਰੀਕਾ ਗਿਆ ਤੇ ਉੱਥੇ ਇਸ ਕਦਰ ਪ੍ਰਸਿੱਧੀ ਤੇ ਨਾਮਣਾ ਖੱਟਿਆ ਕਿ ਦੋ ਸਾਲ ਬਾਅਦ ਉਹ ਪੱਕੇ ਤੌਰ ‘ਤੇ ਅਮਰੀਕਾ ‘ਚ ਹੀ ਰਹਿਣ ਲੱਗ ਪਿਆ। ਸੰਨ 1913 ਵਿੱਚ ‘ਕੀਸਟੋਨ ਸਟੂਡੀਓਜ਼ ‘ ਦੇ ਮਾਲਕ ਮੈਕ ਸੈਨੇਟ ਦੀ ਪੇਸ਼ਕਸ਼ ‘ਤੇ ਉਸਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਕੰਪਨੀ ਨਾਲ ਉਸਦੀ ਦੂਜੀ ਫ਼ਿਲਮ ‘ ਕਿਡਜ਼ ਆਟੋ ਰੇਸ ਐਟ ਵੈਨਿਸ’ ਇਸ ਕਦਰ ਸੁਪਰਹਿੱਟ ਰਹੀ ਕਿ ਉਹ ਲੱਖਾਂ ਅਮਰੀਕੀ ਦਰਸ਼ਕਾਂ ਦੇ ਚਹੇਤਾ ਕਲਾਕਾਰ ਹੋ ਨਿੱਬੜਿਆ।

ਆਪਣੇ ਕੁਝ ਸਾਥੀਆਂ ਨਾਲ ਰਲ੍ਹ ਕੇ ਚਾਰਲੀ ਨੇ ਸੰਨ 1919 ਵਿੱਚ ‘ ਯੂਨਾਈਟਿਡ ਆਰਟਿਸਟ ਫ਼ਿਲਮ ਕੰਪਨੀ ‘ ਕਾਇਮ ਕਰ ਲਈ ਤੇ ਇਸ ਕੰਪਨੀ ਦੇ ਬੈਨਰ ਹੇਠ ‘ ਏ ਵੂਮੈਨ ਆਫ਼ ਪੈਰਿਸ,ਗੋਲਡ ਰਸ਼,ਦਿ ਸਿਟੀ ਲਾਈਟਸ,ਮਾਡਰਨ ਟਾਈਮਜ਼ ‘ ਜਿਹੀਆਂ ਫ਼ਿਲਮਾਂ ਬਣਾਈਆਂ ਜਿਨ੍ਹਾ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਇਨ੍ਹਾ ਮੂਕ ਫ਼ਿਲਮਾਂ ਤੋਂ ਬਾਅਦ ਜਦੋਂ ਆਵਾਜ਼ਯੁਕਤ ਫ਼ਿਲਮਾਂ ਦਾ ਪ੍ਰਚਲਨ ਸ਼ੁਰੂ ਹੋਇਆ ਤਾਂ ਚਾਰਲੀ ਆਪਣੀ ਪਹਿਲੀ ਬੋਲਦੀ ਫ਼ਿਲਮ ‘ ਦਿ ਗ੍ਰੇਟ ਡਿਕਟੇਟਰ ‘ ਲੈ ਕੇ ਹਾਜ਼ਰ ਹੋ ਗਿਆ। ਇਹ ਫ਼ਿਲਮ ਹਿਟਲਰ ਅਤੇ ਉਸਦੇ ਨਾਜ਼ੀਵਾਦ ਦੇ ਮੂੰਹ ‘ਤੇ ਇੱਕ ਕਰਾਰੀ ਚਪੇੜ ਸੀ।

ਸੰਨ 1942 ਵਿੱਚ ਉਸਨੇ ਅਮਰੀਕੀ ਸਰਕਾਰ ਦੀ ਦੂਜੇ ਵਿਸ਼ਵ ਯੁੱਧ ਵਿਚਲੀ ਭੂਮਿਕਾ ਦੀ ਕਰੜੀ ਆਲੋਚਨਾ ਕੀਤੀ ਜੋ ਕਿ ਅਮਰੀਕੀ ਸਰਕਾਰ ਨੂੰ ਪਸੰਦ ਨਹੀਂ ਆਈ। ਆਪਣੀ ਫ਼ਿਲਮ ‘ਲਾਈਮ ਲਾਈਟ’ ਦੇ ਪ੍ਰੀਮੀਅਰ ਲਈ ਜਦੋਂ ਚਾਰਲੀ ਲੰਦਨ ਵਿਖੇ ਗਿਆ ਹੋਇਆ ਸੀ ਤਾਂ ਵਾਪਸੀ ਸਮੇਂ ਅਮਰੀਕੀ ਸਰਕਾਰ ਨੇ ਉਸਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਤੇ ਉਸਨੂੰ ਇੱਕ ਪਲ ‘ਚ ਹੀ ਘਰੋਂ ਬੇਘਰ ਕਰ ਦਿੱਤਾ। ਦਰਅਸਲ ਉਸਨੇ ਆਪਣੀ ਫ਼ਿਲਮ ‘ਏ ਕਿੰਗ ਇਨ ਨਿਊਯਾਰਕ’ ਰਾਹੀਂ ਅਮਰੀਕਾ ਦੀ ਰਾਜਸੀ ਸਥਿਤੀ ‘ਤੇ ਵਿਅੰਗ ਕੱਸਿਆ ਸੀ ਜਿਸਦੀ ਸਜ਼ਾ ਉਸਨੂੰ ਇਸ ਢੰਗ ਨਾਲ ਦਿੱਤੀ ਗਈ ਸੀ।

ਅਮਰੀਕਾ ‘ਚੋਂ ਕੱਢੇ ਜਾਣ ਉਪਰੰਤ ਚਾਰਲੀ ਨੇ ਸਵਿਟਜ਼ਰਲੈਂਡ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਸਦੀਆਂ ਕੁੱਲ ਨੌਂ ਪ੍ਰੇਮਿਕਾਵਾਂ, ਤਿੰਨ ਪਤਨੀਆਂ ਤੇ ਗਿਆਰ੍ਹਾਂ ਬੱਚੇ ਸਨ। ਆਪਣੀ ਆਤਮਕਥਾ’ ਮਾਈ ਆਟੋਬਾਇਓਗ੍ਰਾਫ਼ੀ : ਚਾਰਲੀ ਚੈਪਲਿਨ ‘ ਲਿਖਣ ਪਿੱਛੋਂ 25 ਦਸਬੰਰ, 1977 ਨੂੰ ਅਠਾਸੀ ਸਾਲ ਦੀ ਉਮਰ ਵਿੱਚ ਇਹ ਸੰਸਾਰ ਪ੍ਰਸਿੱਧ ਹਾਸ ਕਲਾਕਾਰ ਇਸ ਫ਼ਾਨੀ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ। ਉਸਦੀਆਂ ਹਾਸ ਭਰਪੂਰ ਅਦਾਵਾਂ ਅੱਜ ਵੀ ਸੰਸਾਰ ਦੇ ਹਰ ਕੋਨੇ ਵਿੱਚ ਵੇਖ਼ੀਆਂ ਤੇ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਉਸਦੀ ਕਲਾ ਦੀਆਂ ਬਾਤਾਂ ਰਹਿੰਦੀ ਦੁਨੀਆਂ ਤੱਕ ਪੈਂਦੀਆਂ ਰਹਿਣਗੀਆਂ।

- Advertisement -

ਸੰਪਰਕ: 97816-46008

Share this Article
Leave a comment