ਚੰਡੀਗੜ੍ਹ: ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ, ਮਲਕਾਰਜੁਨ ਖੜਗੇ ਨੇ ਵੀਰਵਾਰ ਨੂੰ ਸਰਕਾਰ ਤੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ‘ਤੇ ਹੋਏ ਖਰਚੇ ਦੀ ਜਾਣਕਾਰੀ ਮੰਗੀ। ਉਨ੍ਹਾਂ ਨੇ ਪਿਛਲੇ 3 ਸਾਲਾਂ ਵਿੱਚ PM ਮੋਦੀ ਦੇ ਵਿਦੇਸ਼ ਦੌਰਿਆਂ ‘ਤੇ ਹੋਏ ਖਰਚੇ ਦਾ ਹਿਸਾਬ ਤਲਬ ਕੀਤਾ। ਇਸ ਉੱਤੇ ਵਿਦੇਸ਼ ਰਾਜ ਮੰਤਰੀ ਪਾਬਿਤ੍ਰਾ ਮਾਰਗੇਰਿਟਾ ਨੇ ਰਾਜ ਸਭਾ ‘ਚ ਲਿਖਿਤ ਜਵਾਬ ਦਿੰਦਿਆਂ 2022 ਤੋਂ 2024 ਤੱਕ ਦੇ ਵਿਦੇਸ਼ ਦੌਰਿਆਂ ‘ਤੇ ਆਏ ਖਰਚੇ ਦੀ ਜਾਣਕਾਰੀ ਦਿੱਤੀ।
38 ਦੇਸ਼ਾਂ ਦੇ ਦੌਰੇ, 2022 ‘ਚ ਨਿਊਨਤਮ 80 ਲੱਖ ਅਤੇ 2023 ‘ਚ USA ਦੌਰੇ ‘ਤੇ ਸਭ ਤੋਂ ਵੱਧ ਖਰਚਾ
ਮਾਰਗੇਰਿਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2022 ਤੋਂ 2024 ਤੱਕ, PM ਮੋਦੀ ਨੇ ਕੁੱਲ 38 ਦੇਸ਼ਾਂ ਦਾ ਦੌਰਾ ਕੀਤਾ। ਸਭ ਤੋਂ ਘੱਟ ਖਰਚਾ 2022 ‘ਚ ਨੇਪਾਲ ਦੌਰੇ ‘ਤੇ 80,01,483 ਰੁਪਏ ਅਤੇ ਸਭ ਤੋਂ ਵੱਧ 2023 ‘ਚ ਅਮਰੀਕਾ ਦੌਰੇ ‘ਤੇ 22 ਕਰੋੜ 89 ਲੱਖ 68 ਹਜ਼ਾਰ 509 ਰੁਪਏ ਹੋਇਆ।
2023 ‘ਚ ਜਪਾਨ ਦੌਰੇ ‘ਤੇ 17 ਕਰੋੜ ਰੁਪਏ ਖਰਚ ਹੋਏ
ਜੂਨ 2023 ‘ਚ PM ਮੋਦੀ ਦੀ ਅਮਰੀਕਾ ਯਾਤਰਾ ‘ਤੇ 22,89,68,509 ਰੁਪਏ ਖਰਚ ਹੋਏ, ਜਦਕਿ ਸਤੰਬਰ 2024 ਵਿੱਚ ਉਸੇ ਦੇਸ਼ ਦੇ ਦੌਰੇ ‘ਤੇ 15,33,76,348 ਰੁਪਏ ਲੱਗੇ। PM ਦੀ 38 ਤੋਂ ਵੱਧ ਵਿਦੇਸ਼ ਯਾਤਰਾਵਾਂ ‘ਚ, ਮਈ 2022 ‘ਚ ਜਰਮਨੀ ਤੋਂ ਸ਼ੁਰੂ ਹੋ ਕੇ, ਦਸੰਬਰ 2024 ‘ਚ ਕੁਵੈਤ ਤੱਕ ਦੇ ਯਾਤਰਾ ਦੌਰੇ ਸ਼ਾਮਲ ਹਨ।
2011 ‘ਚ PM ਮਨਮੋਹਨ ਸਿੰਘ ਦੇ ਅਮਰੀਕਾ ਦੌਰੇ ‘ਤੇ 10.74 ਕਰੋੜ ਰੁਪਏ ਖਰਚ ਹੋਏ
PM ਮੋਦੀ ਦੇ ਵਿਦੇਸ਼ ਦੌਰਿਆਂ ਦੀ ਚਰਚਾ ਕਰਦੇ ਹੋਏ, 2014 ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਦੇ ਦੌਰਿਆਂ ਦੇ ਖਰਚੇ ਵੀ ਸਾਂਝੇ ਕੀਤੇ ਗਏ। 2011 ‘ਚ ਤਤਕਾਲੀਨ PM ਮਨਮੋਹਨ ਸਿੰਘ ਦੀ ਅਮਰੀਕਾ ਯਾਤਰਾ ‘ਤੇ 10 ਕਰੋੜ 74 ਲੱਖ 27 ਹਜ਼ਾਰ 363 ਰੁਪਏ, 2013 ‘ਚ ਰੂਸ ਦੌਰੇ ‘ਤੇ 9.95 ਕਰੋੜ, 2011 ‘ਚ ਫਰਾਂਸ ਦੌਰੇ ‘ਤੇ 8.33 ਕਰੋੜ ਤੇ ਜਰਮਨੀ ਦੌਰੇ ‘ਤੇ 6.02 ਕਰੋੜ ਰੁਪਏ ਖਰਚ ਹੋਏ ਸਨ।