ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਦਾ ਇੱਕ ਪਲੇਟਫਾਰਮ ਉੱਤੇ ਆਉਣਾ ਜੇਕਰ ਅਸੰਭਵ ਨਹੀਂ ਹੈ ਤਾਂ ਘੱਟੋ ਘੱਟ ਮੁਸ਼ਕਲ ਜਰੂਰ ਬਣਿਆ ਹੋਇਆ ਹੈ। ਦੋਵੇਂ ਧਿਰਾਂ ਦੇ ਆਗੂ ਖੁੱਲ ਕੇ ਇਕ ਦੂਜੇ ਵਿਰੁੱਧ ਮੈਦਾਨ ਵਿੱਚ ਆ ਗਏ ਪਰ ਅਕਾਲ ਸਾਹਿਬ ਦੇ ਜਥੇਦਾਰ ਇਸ ਮਾਮਲੇ ਉਪਰ ਖਮੋਸ਼ ਜਰੂਰ ਹਨ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੇ ਅਕਾਲੀ ਆਗੂਆਂ ਦੇ ਇਕ ਦੂਜੇ ਬਾਰੇ ਦੋਸ਼ਾਂ ਦੀ ਪੜਤਾਲ ਕਰਕੇ ਦੋ ਦਸੰਬਰ ਨੂੰ ਦੋਹਾਂ ਧਿਰਾਂ ਦੇ ਆਗੂਆਂ ਨੂੰ ਤਨਖਾਹ ਲਾਈ ਸੀ । ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਸੀ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਮੇਤ ਦੋਹਾਂ ਧਿਰਾਂ ਦੇ ਆਗੂਆਂ ਨੂੰ ਅਹੁਦਿਆਂ ਤੋਂ ਅਸਤੀਫਾ ਦੇਣ ਅਤੇ ਕਮੇਟੀ ਬਣਾਕੇ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਕਰਕੇ ਚੋਣ ਕਰਵਾਉਣ ਲਈ ਕਿਹਾ ਗਿਆ ਸੀ। ਧਾਰਮਿਕ ਤਨਖਾਹ ਤਾਂ ਸਾਰਿਆਂ ਨੇ ਪੂਰੀ ਕਰ ਲਈ ਪਰ ਅਸਤੀਫੇ ਪ੍ਰਵਾਨ ਕਰਨ ਅਤੇ ਕਮੇਟੀ ਦੀ ਮੀਟਿੰਗ ਦਾ ਮਾਮਲਾ ਲਟਕ ਗਿਆ ਹੈ । ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤਾਂ ਅਗਲੇ ਦਿਨਾਂ ਵਿੱਚ ਹੋ ਜਾਵੇਗੀ ਪਰ ਕੀ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਹੋਵੇਗਾ? ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਤਾਂ ਪਹਿਲਾਂ ਹੀ ਦਿੱਤਾ ਹੋਇਆ ਹੈ ਅਤੇ ਕੋਰ ਕਮੇਟੀ ਨੇ ਫੈਸਲਾ ਕਰਨਾ ਹੈ। ਇਹ ਕੋਰ ਕਮੇਟੀ ਦੇ ਫੈਸਲੇ ਉੱਤੇ ਨਿਰਭਰ ਕਰਦਾ ਹੈ ਕਿ ਇਸ ਮਾਮਲੇ ਨੂੰ ਕਿਵੇਂ ਨਿਪਟਾਇਆ ਜਾਵੇਗਾ। ਸਿੰਘ ਸਾਹਿਬਾਨ ਵਲੋਂ ਬਣਾਈ ਕਮੇਟੀ ਦੀ ਅਜੇ ਤੱਕ ਇਕ ਵੀ ਬੈਠਕ ਨਹੀਂ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਮੇਟੀ ਦੇ ਕਨਵੀਨਰ ਹਨ। ਅਜੇ ਨਵੀਂ ਭਰਤੀ ਦਾ ਢੰਗ ਤਰੀਕਾ ਵੀ ਤੈਅ ਹੋਣਾ ਹੈ ।ਅਕਾਲੀ ਦਲ ਮਾਘੀ ਦੇ ਮੇਲੇ ਉੱਪਰ 14 ਜਨਵਰੀ ਨੂੰ ਮੁਕਤਸਰ ਕਾਨਫਰੰਸ ਕਰ ਰਿਹਾ ਹੈ ਜਦੋਂ ਕਿ ਪਹਿਲਾਂ ਪਾਰਟੀ ਦਾ ਕਾਨਫਰੰਸ ਦਾ ਏਜੰਡਾ ਨਹੀਂ ਸੀ। ਹੁਣ ਇਸ ਸਥਿਤੀ ਵਿੱਚ ਅਕਾਲੀ ਸੁਧਾਰ ਲਹਿਰ ਦੇ ਆਗੂ ਕੀ ਰੁਖ਼ ਅਖ਼ਤਿਆਰ ਕਰਨਗੇ?
ਹੁਣ ਨਵੀਆਂ ਪ੍ਰਸਥਿਤੀਆਂ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਇਕ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਮੁਲਾਕਾਤ ਕਰਕੇ ਦੋ ਦਸੰਬਰ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਬੇਨਤੀ ਕੀਤੀ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੇ ਸਾਥੀ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਤੋਂ ਭਗੌੜੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਦੁਬਾਰਾ ਬੁਲਾਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਅਕਾਲੀ ਆਗੂ ਫੈਸਲੇ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਲਈ ਕਈ ਕਾਨੂੰਨੀ ਅੜਚਨਾਂ ਦਾ ਹਵਾਲਾ ਦੇ ਰਹੇ ਹਨ ਅਤੇ ਉਨਾਂ ਨੇ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੀ ਧਿਆਨ ਵਿੱਚ ਲਿਆਂਦਾ ਹੈ । ਦੋਵੇਂ ਧਿਰਾਂ ਮੀਡੀਆ ਵਿੱਚ ਆਕੇ ਦਾਅਵਾ ਕਰਦੀਆਂ ਹਨ ਕਿ ਸਿੰਘ ਸਾਹਿਬਾਨ ਨੇ ਉਨਾਂ ਦੇ ਮਾਮਲੇ ਨੂੰ ਧਿਆਨ ਨਾਲ ਸੁਣਿਆ ਹੈ ਅਤੇ ਸਹਿਮਤੀ ਪ੍ਰਗਟਾਈ ਹੈ। ਸਿੰਘ ਸਾਹਿਬਾਨ ਨੇ ਅਜੇ ਤੱਕ ਨਵੀਂ ਸਥਿਤੀ ਬਾਰੇ ਸੰਗਤ ਸਾਹਮਣੇ ਕੋਈ ਟਿੱਪਣੀ ਨਹੀਂ ਕੀਤੀ ਪਰ ਦੋਵਾਂ ਧਿਰਾਂ ਦੇ ਆਗੂ ਮੀਡੀਆ ਵਿੱਚ ਜਰੂਰ ਮੇਹਣੋ ਮੇਹਣੀ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਜਾਂ ਮੀਡੀਆ ਕੋਈ ਕਸਰ ਨਹੀਂ ਛੱਡਦਾ ਦੋਹਾਂ ਧਿਰਾਂ ਨੂੰ ਮੇਹਣੋ ਮੇਹਣੀ ਕਰਵਾਉਣ ਲਈ।
ਸੰਪਰਕ 9814002186