ਬਹਿਬਲਕਲਾਂ ਮੁੱਦੇ ’ਚ ਸੁਖਬੀਰ ਦੀ ਪੇਸ਼ੀ ਦੇ ਕੀ ਮਾਇਨੇ ?

Global Team
5 Min Read

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਸਿਟ ਅੱਗੇ ਲਗਾਤਾਰ ਪੈ ਰਹੀਆਂ ਪੇਸ਼ੀਆਂ ਇਸ ਗੱਲ ਦਾ ਸੰਕੇਤ ਦਿੰਦੀਆਂ ਹਨ ਕਿ ਇਸ ਮੁੱਦੇ ਉਪਰ ਆਉਣ ਵਾਲੇ ਦਿਨਾਂ ਵਿਚ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਹਾਲਾਂਕਿ ਅਕਾਲੀ ਨੇਤਾ ਸੁਖਬੀਰ ਬਾਦਲ ਜਾਂ ਸਿਟ ਵੱਲੋਂ ਅਧਿਕਾਰਤ ਤੌਰ ’ਤੇ ਕੁੱਝ ਵੀ ਨਹੀਂ ਕਿਹਾ ਗਿਆ ਪਰ ਲਗਾਤਾਰ ਹੋ ਰਹੀਆਂ ਪੇਸ਼ੀਆਂ ਸਰਕਾਰ ਵੱਲੋਂ ਇਸ ਮੁੱਦੇ ਦਾ ਸੱਚ ਸਾਹਮਣੇ ਲਿਆਉਣ ਲਈ ਵੱਧ ਰਹੀਆਂ ਸਰਗਰਮੀਆਂ ਦਾ ਸੁਨੇਹਾ ਜ਼ਰੂਰ ਦਿੰਦੀਆਂ ਹਨ। ਇਹ ਵੀ ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਦੀ ਸਚਾਈ ਸਾਹਮਣੇ ਲਿਆਉਣਾ ਸਰਕਾਰ ਲਈ ਵੀ ਇਸ ਵੇਲੇ ਵੱਡੀ ਚੁਣੌਤੀ ਬਣੀ ਹੋਈ ਹੈ ਅਜੇ ਕੁੱਝ ਦਿਨ ਪਹਿਲਾਂ ਹੀ ਬਹਿਬਲਕਲਾਂ ਮੋਰਚੇ ਦੇ ਆਗੂਆਂ ਨੇ ਮਾਨ ਸਰਕਾਰ ਉਤੇ ਗੰਭੀਰ ਸਵਾਲ ਚੁੱਕੇ ਸਨ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਆਖਿਰ ਕਦੋਂ ਸੱਚ ਸਾਹਮਣੇ ਆਏਗਾ। ਇਹ ਸਵਾਲ ਹੋਰ ਵੀ ਅਹਿਮ ਹਨ ਕਿਉਂ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਕਾਇਦਾ ਮੋਰਚੇ ਦੇ ਇਕੱਠ ਵਿਚ ਜਾ ਕੇ ਐਲਾਨ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ-ਅੰਦਰ ਦੋਸ਼ੀਆਂ ਵਿਰੁੱਧ ਕਾਰਵਾਈ ਹੋ ਜਾਵੇਗੀ। ਪਰ ਸੰਧਵਾਂ ਵੱਲੋਂ ਦਿੱਤਾ ਗਿਆ ਸਮਾਂ ਵੀ ਨਿਕਲ ਚੁੱਕਾ ਹੈ ਤਾਂ ਮੋਰਚੇ ਦੇ ਆਗੂਆਂ ਵੱਲੋਂ ਸਵਾਲ ਚੁੱਕੇ ਜਾਣੇ ਸੁਭਾਵਿਕ ਹਨ.।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਲਈ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ । ਪਰ ਭਗਵੰਤ ਮਾਨ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ। ਪੰਜਾਬ ਦੀਆਂ ਦੂਜੀਆਂ ਰਾਜਸੀ ਧਿਰਾਂ ਵੱਲੋਂ ਵੀ ਮਾਨ ਸਰਕਾਰ ਉਪਰ ਅਜਿਹੇ ਸਵਾਲ ਚੁੱਕੇ ਜਾ ਰਹੇ ਹਨ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ 2015 ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਹੁਣ ਤੱਕ ਨਿਆਂ ਕਿਉਂ ਨਹੀਂ ਮਿਲਿਆ ?

ਅਕਾਲੀ ਦਲ ਅਤੇ ਭਾਜਪਾ ਸਰਕਾਰ ਵੇਲੇ ਬੇਅਦਬੀ ਦੀਆਂ ਘਟਨਾਵਾਂ ਨੇ ਪੂਰੀ ਮਾਨਵਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਸੀ ਪਰ ਬਾਦਲ ਸਰਕਾਰ ਵੱਲੋਂ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਕੈਪਟਨ ਅਮਰਿੰਦਰ ਸਿੰਘ ਨੇ ਸਜ਼ਾਵਾਂ ਤਾਂ ਕੀ ਦੇਣੀਆਂ ਸਨ ਸਗੋਂ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਸਰਕਾਰ ਤੋਂ ਪਾਸੇ ਹੋ ਗਏ। ਇਸ ਸਾਰੇ ਮਾਮਲੇ ਵਿਚ ਇਹ ਵੀ ਅਹਿਮ ਹੈ ਕਿ ਕੇਂਦਰ ਵਿਚ ਸਰਕਾਰ ਚਲਾ ਰਹੀ ਭਾਜਪਾ ਦੇ ਆਗੂ ਪੰਜਾਬ ਵਿਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਲਈ ਆਪ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਰਹੇ ਹਨ ਪਰ ਇਸ ਗੱਲ ਦਾ ਭਾਜਪਾ ਕੋਲੇ ਕੋਈ ਜਵਾਬ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚ ਕਿਵੇਂ ਬੈਠੇ ਹਨ ? ਕੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਮੁੱਦੇ ਉਪਰ ਕੋਈ ਕਾਰਵਾਈ ਕਰਨ ਲਈ ਜ਼ਿੰਮੇਵਾਰ ਨਹੀਂ ਸਨ। ਅਕਸਰ ਕਿਹਾ ਜਾਂਦਾ ਸੀ ਕਿ ਕੈਪਟਨ ਅਤੇ ਬਾਦਲਾਂ ਦੀ ਆਪਸੀ ਸਾਂਝ ਕਾਰਨ ਬੇਅਦਬੀ ਮਾਮਲੇ ਉਪਰ ਕੋਈ ਕਾਰਵਾਈ ਨਹੀਂ ਹੋ ਰਹੀ।

ਇਹ ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਲਈ ਪਿਛਲੀਆਂ ਤਿੰਨ ਸਰਕਾਰਾਂ ਨੇ ਕੋਈ ਨਤੀਜਾ ਸਾਹਮਣੇ ਨਹੀਂ ਲਿਆਂਦਾ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਸਮਝ ਕੇ ਪੱਲਾ ਝਾੜਦੀ ਰਹੇ।ਮਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਇਸ ਲਈ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ।ਪਰ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਨਿਆਂ ਲੈਣ ਲਈ ਸੰਘਰਸ਼ ਕਰਨਾ ਪਵੇਗਾ।ਕੀ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਸਿਟ ਅੱਗੇ ਪੇਸ਼ੀ ਨੂੰ ਲੈ ਕੇ ਆਉਣ ਵਾਲੇ ਦਿਨ੍ਹਾਂ ਵਿਚ ਕੋਈ ਠੋਸ ਕਾਰਵਾਈ ਸਾਹਮਣੇ ਆਏਗੀ ਜਾਂ ਵਿਰੋਧੀਆਂ ਦੀ ਭਾਸ਼ਾ ਵਿਚ ਰਾਜਸੀ ਡਰਾਮਾ ਬਣ ਕੇ ਰਹਿ ਜਾਵੇਗਾ ? ਇਸ ਮੁੱਦੇ ਦੇ ਜਵਾਬ ਲਈ ਸਮੁਚੇ ਪੰਜਾਬੀਆਂ ਨੂੰ ਇੰਤਜ਼ਾਰ ਰਹੇਗਾ।

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

Share This Article
Leave a Comment