ਕਰੋਨਾਵਾਇਰਸ ਮੁੜ ਪੈਰ ਪਸਾਰਨ ਲੱਗਾ – ਸੁਚੇਤ ਹੋਣ ਦਾ ਵੇਲਾ

TeamGlobalPunjab
4 Min Read

-ਅਵਤਾਰ ਸਿੰਘ

ਕਰੋਨਾਵਾਇਰਸ ਦੀ ਮਹਾਮਾਰੀ ਤੋਂ ਜਿਸ ਗੱਲ ਦਾ ਡਰ ਸੀ ਉਹੀ ਕੁਝ ਵਾਪਰਨਾ ਸ਼ੁਰੂ ਹੋ ਗਿਆ ਹੈ। ਇਸ ਮਹਾਮਾਰੀ ਤੋਂ ਬਚਾਉਣ ਲਈ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਸੀ। ਪਰ ਕੇਂਦਰ ਸਰਕਾਰ ਵਲੋਂ ਐਲਾਨੀ ਗਈ ਤਾਲਾਬੰਦੀ ਤੋਂ ਪਹਿਲਾਂ ਹੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਆਪਣੇ ਰਾਜਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਵੇਲੇ ਤਾਲਾਬੰਦੀ ਇਕ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋ ਗਈ ਸੀ। ਹੁਣ ਤਾਲਾਬੰਦੀ ਵਿੱਚ ਦਿੱਤੀ ਗਈ ਢਿੱਲ ਤੋਂ ਬਾਅਦ ਦੇਸ਼ ਦੇ ਹਾਲਾਤ ਬਦ ਤੋਂ ਬਤਰ ਹੁੰਦੇ ਜਾ ਰਹੇ ਹਨ। ਭਾਰਤ ਵਿੱਚ ਸ਼ੁਕਰਵਾਰ ਨੂੰ ਰਿਕਾਰਡ 10,956 ਨਵੇਂ ਕੇਸਾਂ ਤੇ ਰਿਕਾਰਡ 396 ਹੋਰ ਮੌਤਾਂ ਨਾਲ ਯੂਕੇ ਨੂੰ ਪਿਛੇ ਛੱਡ ਕੇ ਚੌਥੇ ਨੰਬਰ ’ਤੇ ਆ ਗਿਆ ਹੈ। ਸਰਕਾਰ ਨੇ 8 ਜੂਨ ਨੂੰ ਸਰਕਾਰੀ ਟਰਾਂਸਪੋਰਟ, ਦਫ਼ਤਰਾਂ, ਮਾਲਜ਼ ਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ’ਚ ਵਾਧਾ ਜਾਰੀ ਹੈ।

ਰਿਪੋਰਟਾਂ ਮੁਤਾਬਿਕ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਬਣਾਈ ਟਾਸਕ ਫੋਰਸ ਦੇ ਮੁਖੀ ਡਾ.ਵੀ.ਕੇ.ਪੌਲ ਨੇ ਕਿਹਾ ਕਿ ਇਹ ਲੜਾਈ ਕਈ ਮਹੀਨਿਆਂ ਤਕ ਜਾਰੀ ਰਹੇਗੀ।

ਦੇਸ਼ ਦੀ ਰਾਜਧਾਨੀ ਦਿੱਲੀ ਜਿਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਹੈ। ਉਥੋਂ ਦੀ ਹਾਲਤ ਬਹੁਤ ਦਰਦਨਾਕ ਹੈ। ਇਥੋਂ ਦੇ ਸ਼ਮਸ਼ਾਨਘਾਟਾਂ ਵਿਚ ਬਲਦੇ ਸਿਵਿਆਂ ਦਾ ਮੰਜਰ ਦੇਖ ਕੇ ਦਿਲ ਕੰਬਦਾ ਹੈ। ਹਸਪਤਾਲਾਂ ਵਿੱਚ ਪ੍ਰਬੰਧਾਂ ਦੀ ਘਾਟ ਨਜ਼ਰ ਆ ਰਹੀ ਹੈ। ਇਸ ‘ਤੇ ਸਿਆਸਤ ਹੋ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਜਿੰਮੇਵਾਰੀ ਇਕ ਦੂਜੇ ਉਪਰ ਸੁੱਟ ਰਹੇ ਹਨ।

- Advertisement -

ਦਿੱਲੀ ਵਿੱਚ ਸਹੀ ਪ੍ਰਬੰਧ ਨਾ ਹੋਣ ਕਾਰਨ ਲੋਕ ਇਲਾਜ ਲਈ ਪੰਜਾਬ ਵੱਲ ਆ ਰਹੇ ਹਨ ਜਿਸ ਤੋਂ ਸੂਬੇ ਦਾ ਸਿਹਤ ਵਿਭਾਗ ਕਾਫੀ ਚਿੰਤਤ ਹੈ। ਬਿਮਾਰੀ ਦੇ ਲੱਛਣ ਵਾਲੇ ਮਰੀਜ਼ ਪੰਜਾਬ ਦੇ ਹਸਪਤਾਲਾਂ ਵਿੱਚ ਆ ਕੇ ਟੈਸਟ ਕਰਵਾ ਰਹੇ ਹਨ।

ਰਿਪੋਰਟਾਂ ਅਨੁਸਾਰ ਇਕ ਬੈਂਕ ਮੈਨੇਜਰ ਜੋ ਪਿਛਲੇ ਕਈ ਸਾਲਾਂ ਤੋਂ ਦਿੱਲੀ ਰਹਿ ਰਿਹਾ ਸੀ, ਪਟਿਆਲਾ ਪਹੁੰਚਣ ‘ਤੇ ਉਸ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਵਿੱਚ ਕਈ ਦਿਨਾਂ ਤੋਂ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਸੀ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਟੈਸਟ ਲਈ ਉਹ ਦਿੱਲੀ ਦੇ ਕਈ ਹਸਪਤਾਲਾਂ ਵਿਚ ਗਏ ਪਰ ਕਿਸੇ ਨੇ ਹਾਂ ਨਹੀਂ ਭਰੀ। ਇਸੇ ਤਰ੍ਹਾਂ ਇਕ ਹੋਰ ਪਤੀ ਪਤਨੀ ਜੋ ਦਿੱਲੀ ਰਹਿੰਦੇ ਹਨ, ਦਾ ਟੈਸਟ ਪੌਜੇਟਿਵ ਆਇਆ, ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਿਲ ਕੀਤਾ ਗਿਆ ਹੈ। ਹਾਲਾਂਕਿ ਪਟਿਆਲਾ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬੰਧੀ ਪੰਜਾਬ ਦੇ ਸਿਹਤ ਡਾਇਰੈਕਟਰ ਨੂੰ ਸੂਚਿਤ ਕਰ ਦਿੱਤਾ ਕਿ ਅਜਿਹੇ ਕੇਸ ਦਿੱਲੀ ਦੇ ਗਿਣੇ ਜਾਣਗੇ ਪੰਜਾਬ ਦੇ ਨਹੀਂ। ਪਰ ਸਥਿਤੀ ਤਾਂ ਚਿੰਤਾਜਨਕ ਹੈ।

ਉਧਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਉੱਤਰੀ ਅਤੇ ਅਮਰੀਕਾ ਮਹਾਂਦੀਪ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਮਹਾਮਾਰੀ ਨਾਲ 10 ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹਨ। WHO ਦੇ ਐਮਰਜੈਂਸੀ ਮਾਹਰ ਮਾਈਕ ਰਿਆਨ ਨੇ ਬ੍ਰਾਜ਼ੀਲ ਅਤੇ ਮੈਕਸੀਕੋ ਵਿੱਚ ਕੋਰੋਨਾ ਸੰਕਟ ਦੀ ਨਿਸ਼ਾਨਦੇਹੀ ਕੀਤੀ। ਬ੍ਰਾਜ਼ੀਲ ਦੀ ਹਾਲਤ ਦੁਨੀਆਂ ਭਰ ਦੇ ਮੁਲਕਾਂ ਤੋਂ ਨਾਜ਼ੁਕ ਨਜ਼ਰ ਆ ਰਹੀ ਹੈ।

ਮਾਈਕ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸਥਿਤੀ ਗੰਭੀਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬ੍ਰਾਜ਼ੀਲ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਬਦਤਰ ਹੈ। ਉਨ੍ਹਾਂ ਦਾ ਕਹਿਣਾ ਕਿ ਆਈਸੀਯੂ ਦੀ ਸਥਿਤੀ ਵੀ ਖ਼ਰਾਬ ਹੈ ਅਤੇ 90 ਫ਼ੀਸਦੀ ਬਿਸਤਰੇ ਭਰ ਚੁੱਕੇ ਹਨ।

ਹੁਣ ਤਕ ਦੀਆਂ ਰਿਪੋਰਟਾਂ ਮੁਤਾਬਿਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 76 ਲੱਖ ਤੋਂ ਵੱਧ ਹੋ ਗਏ ਹਨ ਜਦਕਿ 4.25 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। WHO ਅਨੁਸਾਰ ਦੁਨੀਆਂ ਭਰ ‘ਚ ਵਾਇਰਸ ਮੁੜ ਪੈਰ ਪਸਾਰ ਰਿਹਾ। ਇਸ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

- Advertisement -
Share this Article
Leave a comment