ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਨੇ ਸੂਬੇ ਦੇ ਲੋਕਾਂ ਨੂੰ ਸਹਿਮ ਵਿੱਚ ਪਾ ਦਿੱਤਾ ਹੈ। ਨਿੱਤ ਦਿਨ ਹੁੰਦੀਆਂ ਇਹਨਾਂ ਵਾਰਦਾਤਾਂ ਕਾਰਨ ਸੂਬੇ ਦੇ ਲੋਕ ਇਹ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਕੀ ਉਹ ਉਸੇ ਪੰਜਾਬ ਵਿੱਚ ਵੱਸ ਰਹੇ ਹਨ ਜਿਥੋਂ ਵੱਡੇ ਵੱਡੇ ਸੂਰਬੀਰ, ਯੋਧੇ ਅਤੇ ਸ਼ਹੀਦ ਹੋਏ ਹਨ। ਪਹਿਲਾਂ ਸੁਣਦੇ ਸੀ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਜੰਗਲ ਦਾ ਰਾਜ ਹੈ, ਜਿਥੇ ਕਤਲ, ਲੁੱਟ-ਖੋਹ, ਧੋਖਾਧੜੀ ਜਿਹੀਆਂ ਗੱਲਾਂ ਆਮ ਸਨ। ਪਰ ਹੁਣ ਇਹ ਸਭ ਕੁਝ ਇਸ ਖੁਸ਼ਹਾਲ ਸੂਬੇ ਪੰਜਾਬ ਵਿੱਚ ਵਾਪਰ ਰਿਹਾ ਹੈ।
ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਦਲਿਤ ਭਾਈਚਾਰੇ ਨਾਲ ਸੰਬੰਧਤ ਜਗਮੇਲ ਨੂੰ ਉਸ ਦੇ ਪਿੰਡ ਦੇ ਬੰਦਿਆਂ ਨੇ ਹੀ ਕਿਸ ਤਰ੍ਹਾਂ ਬੇਰਹਿਮੀ ਨਾਲ ਉਸ ਦੀਆਂ ਲੱਤਾਂ ਉਪਰ ਤੇਜ਼ਾਬ ਪਾ ਕੇ ਉਸ ਨੂੰ ਕੋਹ ਕੋਹ ਕੇ ਕੁੱਟਿਆ ਮਾਰਿਆ ਗਿਆ। ਬਾਅਦ ਵਿੱਚ ਇਲਾਜ਼ ਦੌਰਾਨ ਗੈਂਗਰੀਨ ਕਾਰਨ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ ਅਖੀਰ ਉਸ ਦੀ ਤੜਫ ਤੜਫ ਕੇ ਮੌਤ ਹੋ ਗਈ। ਬਾਅਦ ਵਿੱਚ ਸਰਕਾਰ ਨੇ ਉਸਦੇ ਪਰਿਵਾਰ ਦੀ ਕੁਝ ਮਾਇਕ ਮਦਦ ਤਾਂ ਕਰ ਦਿੱਤੀ ਪਰ ਉਸ ਪਰਿਵਾਰ ਦਾ ਢਿੱਡ ਭਰਨ ਵਾਲਾ ਤਾਂ ਚਲਾ ਗਿਆ। ਇਸੇ ਤਰ੍ਹਾਂ ਜ਼ਿਲਾ ਮੋਗਾ ਦੇ ਪਿੰਡ ਮਸਤੇਵਾਲ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਨਾਲ 19 ਸਾਲ ਦੇ ਡੀ ਜੇ ਗਰੁੱਪ ਨਾਲ ਕੰਮ ਕਰਦੇ ਮੁੰਡੇ ਕਰਨ ਦੀ ਹੱਤਿਆ ਹੋ ਗਈ। ਇਹ ਮੁੰਡਾ ਵੀ ਦਲਿਤ ਭਾਈਚਾਰੇ ਨਾਲ ਸੰਬੰਧਤ ਸੀ। ਇਸ ਦੇ ਪਰਿਵਾਰ ਨੂੰ ਵੀ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਗਈ।
ਅਜੇ ਇਹ ਖ਼ਬਰਾਂ ਲੋਕਾਂ ਨੂੰ ਭੁੱਲੀਆਂ ਵੀ ਨਹੀਂ ਸਨ ਕਿ ਮੰਗਲਵਾਰ ਨੂੰ ਰਾਮਪੁਰਾ ਫੂਲ ਦੇ ਪਿੰਡ ਭੂੰਦੜ ਦੇ ਨੌਜਵਾਨ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਜੰਟ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਿਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਰਣਜੀਤ ਸਿੰਘ ਉਪਰ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਬੁੱਧਵਾਰ (4 ਦਸੰਬਰ) ਨੂੰ ਦੋਰਾਹੇ ਨੇੜੇ ਜੀਟੀ ਰੋਡ ’ਤੇ ਸਥਿਤ ਮੈਰਿਜ ਪੈਲੇਸ ਕਸ਼ਮੀਰ ਗਾਰਡਨ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਨਾਲ ਦੋ ਦੀ ਮੌਤ ਹੋ ਗਈ ਤੇ ਗੋਲੀ ਚਲਾਉਣ ਵਾਲਾ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪਿੰਡ ਖਮਾਣੋਂ ਰਹਿੰਦੇ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਬਰਾਤ ਪਿੰਡ ਧਾਂਦਰਾ ਤੋਂ ਆਈ ਹੋਈ ਸੀ।ਸ਼ਾਮ ਦੇ ਕਰੀਬ ਪੰਜ ਵਜੇ ਜਦੋਂ ਜੰਞ ਖਾਣਾ ਖਾ ਰਹੀ ਸੀ ਤਾਂ ਲੜਕੇ ਵਾਲੇ ਪਾਸਿਓਂ ਵਿਆਹ ’ਚ ਸ਼ਾਮਲ ਦੋ ਧਿਰਾਂ ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਪਿੰਡ ਦੇ ਜਗਜੀਤ ਸਿੰਘ ਸਰਪੰਚ ਨੇ ਆਪਣੇ ਵਿਰੋਧੀਆਂ ’ਤੇ ਰਿਵਾਲਵਰ ਤਾਣ ਦਿੱਤਾ ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਬਲਵੰਤ ਸਿੰਘ ਭਲਵਾਨ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਮਾਰੇ ਗਏ ਦੋਵੇਂ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਜਗਜੀਤ ਸਿੰਘ ਅਕਾਲੀ ਸਮਰਥਕ ਦੱਸਿਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿੱਚ ਪੁਰਾਣੀ ਸਰਪੰਚੀ ਨੂੰ ਲੈ ਕੇ ਰੰਜਿਸ਼ ਸੀ।
ਗੋਲੀਆਂ ਚੱਲਣ ਦੀ ਲੜੀ ਤਹਿਤ ਵੀਰਵਾਰ (5 ਦਸੰਬਰ) ਨੂੰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਜ਼ਿਲਾ ਮੋਹਾਲੀ ਦੀ ਸਬ ਡਵੀਜਨ ਖਰੜ ਵਿੱਚ ਪੈਂਦੇ ਸਨੀ ਐਨਕਲੇਵ ਵਿੱਚ ਇਕ ਅਧਿਆਪਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਮ੍ਰਿਤਕਾ ਸਰਬਜੀਤ ਕੌਰ ਦੇ ਪਤੀ ‘ਤੇ ਕਤਲ ਦਾ ਸ਼ੱਕ ਕਰ ਰਹੀ ਹੈ।
ਪੰਜਾਬ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਚਿੰਤਾ ਵਾਲੀ ਗੱਲ ਹੈ। ਵਿਆਹ ਸਮਾਗਮਾਂ ‘ਚ ਸਖਤੀ ਨਹੀਂ ਵਰਤੀ ਜਾ ਰਹੀ। ਅਮਨ ਕਾਨੂੰਨ ਦੀ ਇਸ ਪਰਿਭਾਸ਼ਾ ਨਾਲ ਸਰਕਾਰ, ਪੁਲਿਸ ਅਤੇ ਸਿਵਿਲ ਪ੍ਰਸ਼ਾਸ਼ਨ ਦੀ ਨਾਕਾਬਲੀਅਤ ਸਾਹਮਣੇ ਆ ਰਹੀ ਹੈ। ਉਹਨਾਂ ਦੇ ਕੰਮ-ਕਾਜ ਉਪਰ ਪ੍ਰਸ਼ਨ ਚਿੰਨ੍ਹ ਲੱਗਦਾ ਜਾ ਰਿਹਾ ਹੈ।
-ਅਵਤਾਰ ਸਿੰਘ
ਸੀਨੀਅਰ ਪੱਤਰਕਾਰ
ਅਮਨ ਕਾਨੂੰਨ ਦੀ ਪਰਿਭਾਸ਼ਾ ਕੀ ਹੈ ਪੰਜਾਬ ‘ਚ
Leave a Comment
Leave a Comment