ਆਖਰੀ ਦਮ ਤੱਕ ਬਾਦਲਾਂ ਨਾਲ ਕੋਈ ਸਮਝੌਤਾ ਨਹੀ ਕਰਾਂਗੇ: ਬ੍ਰਹਮਪੁਰਾ, ਢੀਂਡਸਾ

TeamGlobalPunjab
5 Min Read

ਸੁਖਬੀਰ ਬਾਦਲ ਸਾਡੇ ਵਾਪਿਸ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ : ਬ੍ਰਹਮਪੁਰਾ, ਢੀਂਡਸਾ

ਚੰਡੀਗੜ੍ਹ : ਅਕਾਲੀ ਦਲ (ਬਾਦਲ) ਵੱਲੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਣ ਦੀਆਂ ਸਾਜਿਸ਼ ਦੇ ਤਹਿਤ ਉਡਾਈਆਂ ਜਾ ਰਹੀਆਂ ਅਫ਼ਵਾਹਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬ੍ਰਹਮਪੁਰਾ ਅਤੇ ਢੀਂਡਸਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਸੁਖਬੀਰ ਬਾਦਲ ਨੂੰ ਤਲਖੀ ਭਰੇ ਸ਼ਬਦਾਂ ਨਾਲ ਵਰਜਦਿਆਂ ਕਿਹਾ ਕਿ ਸੁਖਬੀਰ ਬਾਦਲ ਸਮਝੌਤਾ ਕਰਕੇ ਸਾਡੇ ਵਾਪਿਸ ਮੁੜ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ। ਅਸੀਂ ਆਪਣੇ ਜਿਉਂਦੇ ਜੀ ਕਦੇ ਵੀ ਬਾਦਲਾਂ ਨਾਲ ਸਮਝੌਤਾ ਕਰਕੇ ਬਾਦਲ ਦਲ ਵਿੱਚ ਵਾਪਿਸ ਨਹੀ ਜਾਵਾਂਗੇ।

ਉਨ੍ਹਾਂ ਕਿਹਾ ਕਿ ਹੰਕਾਰ ਨੂੰ ਸਦਾ ਮਾਰ ਪੈਂਦੀ ਹੁੰਦੀ ਹੈ ਜਿਸਦਾ ਨਤੀਜਾ ਸੁਖਬੀਰ ਬਾਦਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤ ਚੁੱਕਾ ਹੈ ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਵੀ ਲੋਕ ਉਸਦਾ ਇੱਕ ਵਾਰ ਫਿ਼ਰ ਹੰਕਾਰ ਤੋੜ ਦੇਣਗੇ। ਦੋਵੇਂ ਪੰਥਕ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਰੇਤ, ਟਰਾਂਸਪੋਰਟ, ਸ਼ਰਾਬ,ਕੇਬਲ ਅਤੇ ਡਰੱਗ ਮਾਫੀਆ ਰਾਹੀਂ ਲੁੱਟੇ ਪੈਸੇ ਨਾਲ ਲੋਕਾਂ ‘ਤੇ ਧੌਂਸ ਜਮਾਈ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ।

 

- Advertisement -

ਰਣਜੀਤ ਬ੍ਰਹਮਪੁਰਾ ਅਤੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਸਿਧਾਂਤਾਂ ‘ਤੇ ਪਹਿਰਾ ਦਿੱਤਾ ਹੈ ਅਤੇ ਦਿੰਦੇ ਵੀ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਆਖ਼ਰੀ ਦਮ ਤੱਕ ਬਾਦਲਾਂ ਨਾਲ ਕੋਈ ਸਮਝੌਤਾ ਨਹੀ ਕਰਾਂਗੇ। ਜੇਕਰ ਅਸੀ ਸਮਝੌਤਾ ਹੀ ਕਰਨਾ ਹੁੰਦਾ ਤਾਂ ਅਸੀ ਉਨ੍ਹਾਂ ਨੂੰ ਛੱਡ ਕੇ ਹੀ ਕਿਉਂ ਆਉਂਦੇ?

ਦੋਵੇਂ ਪੰਥਕ ਆਗੂਆਂ ਨੇ ਕਿਹਾ ਕਿ ਆਪਣੇ ਥਾਂ-ਥਾਂ ‘ਤੇ ਹੋ ਰਹੇ ਵਿਰੋਧ ਤੋਂ ਡਰਦਾ ਹੋਇਆ ਸੁਖਬੀਰ ਬਾਦਲ ਇੱਕ ਪਾਸੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਿਹਾ ਹੈ ਅਤੇ ਦੂਜੇ ਪਾਸੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਗਿੱਦੜ- ਧਮਕੀਆਂ ਵੀ ਦੇ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਅਤੇ ਵਰਕਰਾਂ ਨੂੰ ਬਾਦਲ ਦਲ ਵੱਲੋਂ  ਬ੍ਰਹਮਪੁਰਾ ਅਤੇ ਢੀਂਡਸਾ ਦੇ ਮੁੜ ਬਾਦਲ ਦਲ ਵਿੱਚ ਵਾਪਿਸ ਜਾਣ ਦੀਆਂ ਝੂਠੀਆਂ ਉਡਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਬਾਦਲਾਂ ਦਾ ਅਸਲ ਕਿਰਦਾਰ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਸਾਹਮਣੇ ਰੱਖ ਦਿੱਤਾ ਹੈ। ਅਕਾਲੀ ਦਲ ਦੀ ਮੌਜੂਦਾ ਬਦਹਾਲੀ ਵਿੱਚ ਸੁਖਬੀਰ ਬਾਦਲ ਦਾ ਹਾਲ ਉਸ ਲੱਕੜਹਾਰੇ ਵਰਗਾ ਹੈ ਜੋ ਜਿਸ ਟਾਹਣੀ ਉੱਤੇ ਬੈਠਾ ਹੈ ਉਸੇ ਨੂੰ ਹੀ ਵੱਢ ਰਿਹਾ ਹੈ। ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਕਾਰਪੋਰੇਟਰ ਸੁਖਬੀਰ ਸਿੰਘ ਬਾਦਲ ਖੁ਼ਦ ਹੈ ਅਤੇ ਅਜਿਹੇ ਪੰਥ ਵਿਰੋਧੀ ਸਿਧਾਂਤਹੀਣ ,ਹੰਕਾਰੇ ਹੋਏ ਮਨੁੱਖ ਨਾਲ ਕੋਈ ਸਾਂਝ ਰੱਖਣ ਦਾ ਸੁਆਲ ਹੀ ਪੈਦਾ ਨਹੀ ਹੁੰਦਾ ਹੈ। ਦੋਵੇਂ ਆਗੂਆਂ ਨੇ ਤਲਖ਼ ਹੁੰਦੇ ਹੋਏ ਸੁਖਬੀਰ ਸਿੰਂਘ ਬਾਦਲ ਨੂੰ ਸਾਂਝੇ ਪਲੇਟਫ਼ਾਰਮ ‘ਤੇ ਖੁੱਲ੍ਹੀ ਬਹਿਸ ਕਰਨ ਦੀ ਚਣੌਤੀ ਵੀ ਦਿੱਤੀ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 100 ਸਾਲ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆਂ ਇਸ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ,ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ।

 ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਉਣ ਦਾ ਡਰਾਮਾ ਰਚਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸ਼ਨਾਖਤ ਨਾ ਕਰ ਸਕਣ, ਬਹਿਬਲ ਕਲਾਂ ਗੋਲੀ ਕਾਂਡ ਦੀ ਅਸਲੀਅਤ ਲੋਕਾਂ ਅੱਗੇ ਨਸ਼ਰ ਨਾ ਕਰਨ, ਟਰਾਂਸਪੋਰਟ, ਰੇਤ ਕੇਬਲ, ਸ਼ਰਾਬ ਅਤੇ ਹੋਰ ਵੀ ਕਈਂ ਤਰ੍ਹਾਂ ਦੇ ਨਸਿ਼ਆਂ ‘ਤੇ ਕਾਬੂ ਨਾ ਪਾ ਸਕਣ ਕਾਰਨ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ ਇਹ ਨੁਕਸਾਨ ਪੰਜਾਬੀਆਂ ਦੀ ਕਈਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

- Advertisement -

ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਖ਼ੁਦ ਸੁਖਬੀਰ ਬਾਦਲ ਤਿੰਨ ਖੇਤੀ ਕਾਨੂੰਨਾਂ ਦੀਆਂ ਸਿਫਤਾਂ ਕਰਦਾ ਰੱਜਦਾ ਨਹੀ ਸੀ ਪਰ ਜਦੋਂ ਇਨ੍ਹਾਂ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਹੋਇਆ ਤਾਂ ਝੱਟ ਯੂ- ਟਰਨ ਲੈਂਦਿਆਂ ਬਾਦਲ ਪਰਿਵਾਰ ਮਗਰਮੱਛ ਦੇ ਹੰਝੂ ਵਹਾਉਂਦਿਆਂ ਚੀਚੀ ਨੂੰ ਖੂ਼ਨ ਲਾ ਕੇ ਸ਼ਹੀਦ ਬਨਣ ਦਾ ਨਾਟਕ ਕਰ ਰਿਹਾ ਹੈ। ਜਿਸ ਨੂੰ ਲੋਕ ਭਲੀ-ਭਾਂਤ ਜਾਣਦੇ ਹਨ।

Share this Article
Leave a comment