ਜਿੱਥੇ ਕੰਮ ਕਰਦੇ ਹਾਂ ਉਸ ਦੇਸ਼ ਦੇ ਕਾਨੂੰਨਾਂ ਦਾ ਕਰਦੇ ਹਾਂ ਸਨਮਾਨ : ਗੂਗਲ ਸੀਈਓ

TeamGlobalPunjab
3 Min Read

ਨਵੀਂ ਦਿੱਲੀ : ‘ਟਵਿੱਟਰ’ ਅਤੇ ਕੇਂਦਰ ਸਰਕਾਰ ਵਿਚਾਲੇ ਜਾਰੀ‌ ਤਲਖ਼ੀ ਦਰਮਿਆਨ ‘ਗੂਗਲ’ ਨੇ ਬੇਹੱਦ ਸੰਤੁਲਿਤ ਬਿਆਨ ਦਿੱਤਾ ਹੈ। ਗੂਗਲ ਦੇ ਸੀਈਓ ਦਾ ਕਹਿਣਾ ਹੈ ਕਿ ‘ਜਿਸ ਦੇਸ਼ ’ਚ ਅਸੀਂ ਕੰਮ ਕਰਦੇ ਹਾਂ, ਉਸ ਦੇਸ਼ ਦੇ ਸਥਾਨਕ ਕਾਨੂੰਨਾਂ ਦਾ ਅਸੀਂ ਹਮੇਸ਼ਾ ਸਨਮਾਨ ਕਰਦੇ ਹਾਂ।’

ਭਾਰਤ ਸਰਕਾਰ ਵੱਲੋਂ ਨਵੇਂ ਆਈਟੀ ਨਿਯਮ ਬਣਾਏ ਜਾਣ ਸਬੰਧੀ ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਸਥਾਨਕ ਕਾਨੂੰਨਾਂ ਦਾ ਪਾਲਣ ਕਰਨ ਤੇ ਤੇਜ਼ੀ ਨਾਲ ਬਦਲਦੀ ਤਕਨੀਕੀ ਦੁਨੀਆ ’ਚ ਸਰਕਾਰ ਨਾਲ ਰਚਨਾਤਮਕ ਤੌਰ ’ਤੇ ਜੁੜਨ ਲਈ ਪ੍ਰਤੀਬੱਧ ਹੈ। ਏਸ਼ੀਆ ਪ੍ਰਸ਼ਾਂਤ ਦੇ ਚੁਣੇ ਹੋਏ ਪੱਤਰਕਾਰਾਂ ਦੇ ਆਨਲਾਈਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪਿਚਈ ਨੇ ਕਿਹਾ ਕਿ ਯਕੀਨੀ ਤੌਰ ’ਤੇ ਇਹ ਸ਼ੁਰੂਆਤੀ ਦਿਨ ਹੈ ਤੇ ਸਾਡੇ ਸਥਾਨਕ ਦਲ ਸੰਪਰਕ ’ਚ ਹਨ। ਜਿਸ ਦੇਸ਼ ’ਚ ਅਸੀਂ ਕੰਮ ਕਰਦੇ ਹਾਂ, ਉਸ ਦੇਸ਼ ਦੇ ਸਥਾਨਕ ਕਾਨੂੰਨਾਂ ਦਾ ਹਮੇਸ਼ਾ ਸਨਮਾਨ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਸਕਾਰਾਤਮਕ ਤੌਰ ’ਤੇ ਕੰਮ ਕਰਦੇ ਹਾਂ। ਜਦੋਂ ਅਸੀਂ ਸਰਕਾਰੀ ਅਪੀਲਾਂ ਦਾ ਪਾਲਣ ਕਰਦੇ ਹਾਂ ਤਾ ਪਾਰਦਰਸ਼ਤਾ ਰਿਪੋਰਟ ’ਚ ਉਸ ਦਾ ਜ਼ਿਕਰ ਵੀ ਕਰਦੇ ਹਾਂ।

ਪਿਚਈ ਨੇ ਕਿਹਾ ਕਿ ਸੁਤੰਤਰ ਤੇ ਖੁੱਲ੍ਹਾ ਇੰਟਰਨੈੱਟ ਜ਼ਰੂਰੀ ਹੈ ਤੇ ਭਾਰਤ ’ਚ ਇਸ ਦੀ ਲੰਬੀ ਪਰੰਪਰਾ ਰਹੀ ਹੈ। ਇਕ ਕੰਪਨੀ ਦੇ ਰੂਪ ’ਚ ਸੁਤੰਤਰ ਤੇ ਖੁੱਲ੍ਹੇ ਇੰਟਰਨੈੱਟ ਦੀਆਂ ਕਦਰਾਂ ਕੀਮਤਾਂ ਤੋਂ ਸਾਡਾ ਰੁਖ ਸਪਸ਼ਟ ਹੈ। ਇਸ ਦਾ ਆਪਣਾ ਫ਼ਾਇਦਾ ਹੈ ਤੇ ਅਸੀਂ ਇਸ ਦੀ ਵਕਾਲਤ ਕਰਦੇ ਹਾਂ। ਅਸੀਂ ਦੁਨੀਆ ਭਰ ਦੀਆਂ ਰੈਗੁਲੇਟਰੀਆਂ ਨਾਲ ਰਚਨਾਤਮਕ ਤੌਰ ’ਤੇ ਜੁੜੇ ਹੋਏ ਹਾਂ। ਇਨ੍ਹਾਂ ਪ੍ਰਕਿਰਿਆਵਾਂ ’ਚ ਅਸੀਂ ਹਿੱਸਾ ਲੈਂਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇੱਕ ਪ੍ਰਕਿਰਿਆ ਹੈ ਕਿ ਅਸੀਂ ਕਿਸ ਤਰ੍ਹਾਂ ਸਿੱਖਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਕਾਨੂੰਨ ਪ੍ਰਕਿਰਿਆਵਾਂ ਦਾ ਸਨਮਾਨ ਕਰਦੀ ਹੈ ਤੇ ਜ਼ਰੂਰਤ ਪੈਣ ’ਤੇ ਪਿੱਛੇ ਨਹੀਂ ਹੱਟਦੀ। ਇਹ ਇੱਕ ਸੰਤੁਲਨ ਹੈ, ਜਿਸ ਨੂੰ ਅਸੀਂ ਦੁਨੀਆ ਭਰ ’ਚ ਬਣਾਇਆ ਹੋਇਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਤਕਨੀਕ ਦਾ ਸਮੇਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ ਤੇ ਇਸ ਖੇਤਰ ’ਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਜਾਂਚ ਕਰਨ ਤੇ ਰੈਗੂਲੇਟਰੀ ਢਾਂਚਾ ਬਣਾਉਣ ਦੇ ਅਧਿਕਾਰ ਦਾ ਪੂਰੀ ਤਰ੍ਹਾਂ ਸਨਮਾਨ ਕਰਦੇ ਹਾਂ। ਭਾਵੇਂ ਉਹ ਯੂਰਪ ’ਚ ਕਾਪੀਰਾਈਟ ਨਿਰਦੇਸ਼ਾਂ ਦੀ ਗੱਲ ਹੋਵੇ ਜਾਂ ਭਾਰਤ ’ਚ ਸੂਚਨਾ ਸਬੰਧੀ ਰੈਗੂਲੇਸ਼ਨ। ਅਸੀਂ ਇਸ ਨੂੰ ਸਮਾਜ ਦੇ ਕੁਦਰਤੀ ਹਿੱਸੇ ਦੇ ਰੂਪ ’ਚ ਦੇਖਦੇ ਹਾਂ।

- Advertisement -

Share this Article
Leave a comment