ਜਲੰਧਰ: ਆਪ ਨੇ ਕਾਂਗਰਸੀ ਆਗੂਆਂ ਦੇ ਬੇਬੁਨਿਆਦ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਬੂਥ ਕੈਪਚਰਿੰਗ ‘ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਆਪਣੇ ਕੰਮ ਅਤੇ ਲੋਕ ਪੱਖੀ ਨੀਤੀਆਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਕਬਜ਼ਾ ਕਰਦੇ ਹਾਂ। ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ‘ਆਪ’ ਆਗੂਆਂ ਨੂੰ ਜਲੰਧਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਕਿ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪੂਰੇ ਮਨ ਨਾਲ ਵੋਟਾਂ ਪਾਉਣਗੇ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਘੇਰਦਿਆਂ ਕਿਹਾ ਕਿ ਉਹ ਆਪਣੀ ਹਾਰ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਖਾਸ ਕਰਕੇ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਇਸ ਤੱਥ ਤੋਂ ਭਲੀ ਭਾਂਤ ਜਾਣੂ ਹਨ ਕਿ ਕਾਂਗਰਸ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਸਾਰੇ ਲੋਕ ਵਿਰੋਧੀ ਨੇਤਾਵਾਂ ਨੂੰ ਨਕਾਰ ਦਿੱਤਾ, ਚਾਹੇ ਉਹ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ। ਇਸੇ ਤਰ੍ਹਾਂ ਇਸ ਚੋਣ ਵਿੱਚ ਉਨ੍ਹਾਂ ਨੂੰ ਵੋਟ ਦਿਓ ਜੋ ਤੁਹਾਡੀ ਵੋਟ ਦੀ ਕਦਰ ਕਰਦੇ ਹਨ। ਦਿੱਲੀ ਤੋਂ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਤੁਹਾਡੀਆਂ ਵੋਟਾਂ ਮੰਗਣ ਲਈ ਜਲੰਧਰ ਨਹੀਂ ਆਈ, ਮਤਲਬ ਸਾਫ਼ ਹੈ, ਉਨ੍ਹਾਂ ਨੂੰ ਤੁਹਾਡੀ ਵੋਟ ਦੀ ਕੋਈ ਕੀਮਤ ਨਹੀਂ ਹੈ, ਉਹ ਤੁਹਾਨੂੰ ਟਿੱਚ ਸਮਝਦੇ ਰਹੇ ਹਨ। ਇਸ ਲਈ ਅਜਿਹੀਆਂ ਪਾਰਟੀਆਂ ਨੂੰ ਵੋਟ ਨਾ ਪਾਓ।
ਅਰੋੜਾ ਨੇ ਅੱਗੇ ਕਿਹਾ ਕਿ ਚੰਨੀ ਕਹਿ ਰਹੇ ਹਨ ਕਿ ਅਸੀਂ ਬੂਥਾਂ ‘ਤੇ ਕਬਜ਼ਾ ਕਰਾਂਗੇ, ਅਸੀਂ ਸਰਕਾਰੀ ਮਸ਼ੀਨਰੀ ਅਤੇ ਸਿਵਲ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੇ ਹਾਂ। ਅਸੀਂ ਅਜਿਹਾ ਕੁਝ ਨਹੀਂ ਕਰ ਰਹੇ, ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਜਲੰਧਰ ਹਲਕੇ ਦੇ ਸਾਰੇ ਸਥਾਨਕ ਆਗੂ 16 ਮਾਰਚ 2022 ਤੋਂ ਪੰਜਾਬ ਸਰਕਾਰ ਵਜੋਂ ਕੀਤੇ ਗਏ ਸਾਡੇ ਕੰਮਾਂ ਦੇ ਆਧਾਰ ‘ਤੇ ਤੁਹਾਡੀਆਂ ਵੋਟਾਂ ਮੰਗਣ ਲਈ ਤੁਹਾਡੇ ਕੋਲ ਆ ਰਹੇ ਹਨ।