ਹਾਕੀ ਟੀਮ ਦੇ ਸਾਬਕਾ ਕਪਤਾਨ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ

Rajneet Kaur
2 Min Read

ਨਿਊਜ਼ ਡੈਸਕ: ਹਰਿਆਣਾ  ਦੇ ਖੇਡ ਵਿਭਾਗ ਨੇ ਹਰਿਆਣਾ ਸਰਕਾਰ ਦੇ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ‘ਤੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਜੂਨੀਅਰ ਅਥਲੈਟਿਕ ਕੋਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ ਜਾਰੀ ਕੀਤੇ ਹਨ।

ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ 11 ਅਗਸਤ ਨੂੰ ਜਾਰੀ ਹੁਕਮਾਂ ਵਿਚ ਕਿਹਾ, “ਪੰਚਕੂਲਾ ਦੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਚ ਤਾਇਨਾਤ ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤੀਆਂ ਗਈਆਂ ਹਨ।”ਮਹਿਲਾ ਵਲੋਂ ਮੰਤਰੀ ਵਿਰੁਧ ਐਫ.ਆਈ.ਆਰ. ਦਰਜ ਕਰਵਾਉਣ ਤੋਂ ਸੱਤ ਮਹੀਨੇ ਬਾਅਦ ਖੇਡ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ।

ਦਸ ਦਈਏ ਕਿ ਮਹਿਲਾ ਕੋਚ ਨੇ ਦਸੰਬਰ 2022 ‘ਚ ਸੰਦੀਪ ਸਿੰਘ ਵਿਰੁਧ ਚੰਡੀਗੜ੍ਹ ‘ਚ ਐਫ.ਆਈ.ਆਰ. ਦਰਜ ਕਰਵਾਈ ਸੀ। ਮੁਅੱਤਲ ਕੀਤੇ ਜਾਣ ਦੇ ਸਵਾਲ ‘ਤੇ ਮਹਿਲਾ ਕੋਚ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਕੋਈ ਸਮਝੌਤਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਤੋਂ ਇਨਕਾਰ ਕਰ ਰਹੀ ਹੈ। ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਉਸ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਮਹਿਲਾ ਕੋਚ ਨੇ ਕਿਹਾ ਕਿ ਮੁਅੱਤਲੀ ਦੇ ਹੁਕਮ ਦੀ ਕਾਪੀ ਸੋਮਵਾਰ ਸ਼ਾਮ ਨੂੰ  ਉਨ੍ਹਾਂ ਨੂੰ ਮਿਲੀ ਹੈ। ਪੱਤਰ ਪੜ੍ਹ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਮੁਅੱਤਲੀ ਦਾ ਹੁਕਮ 11 ਅਗਸਤ ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ। ਜਦੋਂ ਕਿ ਸੋਮਵਾਰ ਨੂੰ ਉਹ ਸਾਰਾ ਦਿਨ ਦਫਤਰ ‘ਚ ਹੀ ਰਹੀ। ਦਸਣਯੋਗ ਹੈ ਕਿ  ਪਿਛਲੇ ਸਾਲ 26 ਦਸੰਬਰ ਨੂੰ ਜੂਨੀਅਰ ਮਹਿਲਾ ਕੋਚ ਨੇ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਤਿੰਨ ਦਿਨਾਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ 31 ਦਸੰਬਰ ਨੂੰ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment