ਬਰੈਂਪਟਨ ਦੇ ਵਕੀਲ ਖਿਲਾਫ 7.5 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ‘ਚ ਵਾਰੰਟ ਜਾਰੀ

TeamGlobalPunjab
2 Min Read

ਮਿਸੀਸਾਗਾ: ਓਨਟਾਰੀਓ ਦੀ ਪੀਲ ਪੁਲਿਸ ਦੇ ਧੋਖਾਧੜੀ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਵਾਸੀ 41 ਸਾਲਾਂ ਵਕੀਲ ਸ਼ਾਹਿਦ ਮਲਿਕ ਲਈ ਵਾਰੰਟ ਜਾਰੀ ਕੀਤਾ ਹੈ, ਜਿਸ ਨੇ ਕਥਿਤ ਤੌਰ ‘ਤੇ ਰੀਅਲ ਅਸਟੇਟ ਲੈਣ-ਦੇਣ ਨਾਲ ਸਬੰਧਤ ਕਈ ਗ੍ਰਾਹਕਾਂ ਨਾਲ ਧੋਖਾਧੜੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਉਸਦੇ ਗ੍ਰਾਹਕਾ ਦਾ $7.5 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਜੂਨ ਅਤੇ ਦਸੰਬਰ 2021 ਦੇ ਵਿਚਕਾਰ, ਬਹੁਤ ਸਾਰੇ ਪੀੜਤਾਂ ਨੇ 41 ਸਾਲਾਂ ਸ਼ਾਹਿਦ ਮਲਿਕ ਦੀਆਂ ਸੇਵਾਵਾਂ ਜੋਕਿ ਮਿਸੀਸਾਗਾ ਵਿਖੇ ਸਥਿਤ ਸ਼ਾਹਿਦ ਮਲਿਕ ਲਾਅ ਆਫਿਸ ਦਾ ਮਾਲਕ ਹੈ ਤੋਂ ਲਈਆਂ ਸਨ। ਦੋਸ਼ ਹਨ ਕਿ ਸ਼ਾਹਿਦ ਮਲਿਕ ਨੇ ਪੀੜਤਾਂ ਤੋਂ ਰੀਅਲ ਅਸਟੇਟ ਨਾਲ ਸਬੰਧਤ ਆਉਟਸਟੈਂਡਿਗ ਮਾਰਗੇਜ਼ ਦੇ ਭੁਗਤਾਨ ਲਈ $ 7.5 ਮਿਲੀਅਨ ਤੋਂ ਵੱਧ ਡਾਲਰ ਪ੍ਰਾਪਤ ਕੀਤੇ ਸਨ ਪਰ ਅੱਗੇ ਇਹ ਰਕਮ ਆਉਟਸਟੈੰਡਿਗ ਮਾਰਗੇਜ਼ ਦੇ ਭੁਗਤਾਨ ਲਈ ਨਹੀਂ ਭੇਜੀ ਗਈ।

ਸ਼ਾਹਿਦ ਨੇ ਆਊਟ ਸਟੈਂਡਿੰਗ ਮੌਰਗੇਜ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਣ ਲਈ ਉਨਾਂ ਕੋਲੋਂ ਕਥਿਤ ਤੌਰ ‘ਤੇ 7.5 ਮਿਲੀਅਨ ਡਾਲਰ ਪ੍ਰਾਪਤ ਕੀਤੇ ਸਨ, ਪਰ ਇਹ ਫ਼ੰਡ ਉਸ ਨੇ ਇਸ ਦੇ ਲਈ ਨਹੀਂ ਵਰਤਿਆ। ਇੱਥੋਂ ਤੱਕ ਕਿ ਗਾਹਕਾਂ ਵਲੋਂ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉਹ ਟਾਲਾ ਵੱਟਦਾ ਰਿਹਾ। ਇਸ ਕਾਰਨ ਇਨਾਂ ਸਾਰੇ ਗਾਹਕਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਪੁਲਿਸ ਨੇ ਇਨਾਂ ਸਾਰੇ ਗਾਹਕਾਂ ਦੀ ਸ਼ਿਕਾਇਤ ‘ਤੇ ਮਲਿਕ ਵਿਰੁੱਧ ਕੇਸ ਦਰਜ ਕਰ ਲਿਆ ਤੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਸ਼ਾਹਿਦ ਮਲਿਕ ਦੇ ਕੇਸ ਨਾਲ ਸਬੰਧਤ ਕੋਈ ਜਾਣਕਾਰੀ ਹੈ ਜਾਂ ਕੋਈ ਹੋਰ ਇਸ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਤੁਰੰਤ ਪੁਲਿਸ ਨਾਲ 905-453 2121 `ਤੇ ਸੰਪਰਕ ਕਰ ਸਕਦਾ ਹੈ।

- Advertisement -

Share this Article
Leave a comment