ਦਿੱਲੀ : ਕੇਂਦਰੀ ਵਾਤਾਵਰਣ ਮੰਤਰਾਨੇ ਨੇ ਅੱਜ ਬੁੱਧਵਾਰ ਗਰਮੀ ਦੇ ਨਾਲ-ਨਾਲ ਉਤਰ ਭਾਰਤ ਦੇ ਕਈ ਰਾਜਾਂ ‘ਚ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ। ਮੰਤਰਾਨੇ ਨੇ ਉੱਤਰ ਪ੍ਰਦੇਸ਼, ਦਿੱਲੀ ਐਨਸੀਆਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਜਦ ਕਿ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਿੱਚ ਵੀ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੰਤਰਾਲੇ ਨੇ ਸਰਕਾਰੀ ਏਜੰਸੀ ਸਫਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਮੰਗਲਵਾਰ ਤੋਂ ਵੀਰਵਾਰ ਤੱਕ ਮੌਸਮ ਵਿਚ ਕਾਫੀ ਬਦਲਾ ਵੇਖਣ ਨੂੰ ਮਿਲ ਸਕਦਾ ਹੈ। ਬੁੱਧਵਾਰ ਨੂੰ ਤੇਜ਼ ਤੂਫਾਨ ਆਉਣ ਨਾਲ ਹਵਾ ‘ਚ ਪੀਐੱਮ-10 ਗੁਣਾਂ ਤੱਕ ਵੱਧ ਸਕਦਾ ਹੈ ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਸਕਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤੇਜ਼ੀ ਨਾਲ ਵਧ ਰਿਹਾ ਤਾਪਮਾਨ ਹਲਕੀ ਬਾਰਿਸ਼ ਤੋਂ ਬਾਅਦ ਵੀ 40 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਵਾਰਾਣਸੀ, ਜੋਨਪੁਰ, ਆਜਮਗੜ, ਮਿਰਜਾਪੁਰ, ਬਿਹਾਰ ਦੇ ਗਯਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ ਅਤੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਪਾਰ ਜਾ ਪਹੁੰਚਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਸ਼ਾਮ ਨੂੰ ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਮੌਸਮ ਵਿਭਾਗ ਵੱਲੋਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ। ਦਿੱਲੀ ਦੇ ਨਾਲ ਲੱਗਦੇ ਇਲਾਕੇ ਨੋਇਡਾ ਤੇ ਗਾਜ਼ੀਆਬਾਦ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।