ਮਾਸਕੋ : ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਦਹਾਕੇ ਦੇ ਮੱਧ ਤਕ ਸੱਤਾ ‘ਚ ਬਣੇ ਰਹਿਣ ਦੀ ਆਪਣੀ ਕੋਸ਼ਿਸ਼ ਸਦਕਾ ਰੂਸ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਰੂਸ ਦੇ ਸ਼ੁਰੂਆਤੀ ਨਤੀਜਿਆਂ ਅਨੁਸਾਰ ਰੂਸ ਦੀ ਜਨਤਾ ਨੇ ਦੇਸ਼ ਦੀ ਰਾਜਨੀਤਿਕ ਸਥਿਤੀ ਨੂੰ ਕਾਇਮ ਰੱਖਣ ਲਈ ਭਾਰੀ ਵੋਟ ਦਿੱਤੀ ਹੈ। ਰੂਸ ਦੇ ਸੰਵਿਧਾਨ ਵਿਚ ਸੋਧ ਨੂੰ ਲੈ ਕੇ ਬੁੱਧਵਾਰ ਨੂੰ ਰੈਫਰੈਂਡਮ ਕਰਵਾਇਆ ਗਿਆ ਸੀ ਅਤੇ ਰੂਸ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 73 ਫੀਸਦੀ ਲੋਕਾਂ ਨੇ ਸੰਵਿਧਾਨ ਸੋਧ ਦੇ ਪੱਖ ਵਿਚ ਵੋਟ ਕੀਤਾ ਹੈ। ਚੋਣ ਕਮਿਸ਼ਨ ਨੇ ਇਹ ਡਾਟਾ 25 ਫੀਸਦੀ ਵੋਟਾਂ ਦੀ ਗਿਣਤੀ ਦੇ ਆਧਾਰ ‘ਤੇ ਜਾਰੀ ਕੀਤਾ ਹੈ।
ਇਸ ਸੰਵਿਧਾਨ ਸੋਧ ਮੁਤਾਬਕ ਹੀ ਪੁਤਿਨ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਆਪਣੀ ਮਿਆਦ ਖਤਮ ਹੋਣ ਤੋਂ ਬਾਅਦ 6 ਸਾਲਾਂ ਲਈ 2 ਵਾਰ ਹੋਰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲੇਗਾ। ਰਾਸ਼ਟਰਪਤੀ ਪੁਤਿਨ ਫਿਲਹਾਲ 2024 ਲਈ ਰਾਸ਼ਟਰਪਤੀ ਚੁਣੇ ਗਏ ਹਨ ਪਰ ਸੰਵਿਧਾਨ ਦੀ ਇਸ ਸੋਧ ਦੇ ਜ਼ਰੀਏ ਉਹ 2024 ਤੋਂ ਬਾਅਦ 12 ਸਾਲ ਹੋਰ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਪੁਤਿਨ ਪਿਛਲੇ 20 ਸਾਲਾਂ ਤੋਂ ਰੂਸ ਦੇ ਰਾਸ਼ਟਰਪਤੀ ਵੱਜੋਂ ਲੋਕਾਂ ਦੇ ਹਿੱਤ ‘ਚ ਕੱਮ ਕਰ ਰਹੇ ਹਨ ਅਤੇ 2036 ਵਿਚ ਜਦੋਂ ਉਨ੍ਹਾਂ ਦੇ ਅਹੁਦੇ ਦੀ ਮਿਆਦ ਖਤਮ ਹੋਵੇਗੀ ਤਾਂ ਉਹ 84 ਸਾਲ ਦੇ ਹੋ ਜਾਣਗੇ।
ਇਸ ਤੋਂ ਪਹਿਲਾਂ ਸੰਵਿਧਾਨ ਦੀ ਸੋਧ ਕਰਨ ਲੱਗਿਆਂ ਪੁਤਿਨ ਨੇ ਇਸ ‘ਚ ਆਪਣਾ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਦਾ ਨਾਅਰਾ ਸੀ ‘ਸਾਡਾ ਦੇਸ਼ ਸਾਡਾ ਸੰਵਿਧਾਨ ਅਤੇ ਸਾਡੇ ਫੈਸਲੇ, ਜਿਸਦੀ ਲੋਕਾਂ ਵੱਲੋਂ ਖੂਬ ਸਰਾਹਨਾ ਕੀਤੀ ਗਈ ਸੀ। ਸੰਵਿਧਾਨ ਵਿਚ ਕਈ ਸੋਧਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸੋਧਾਂ ‘ਚੋਂ ਇੱਕ ਸੋਧ ਰਾਹੀਂ ਵਿਆਹ ਨੂੰ ਸਖਤ ਤੌਰ ‘ਤੇ ਆਦਮੀ ਅਤੇ ਔਰਤ ਦਾ ਗਠਬੰਧਨ ਬਣਾਇਆ ਗਿਆ ਹੈ। ਇਹ ਸੋਧ ਰੂਸ ‘ਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ।