ਅੱਜ ਤੋਂ ਮਾਂ ਵੈਸ਼ਨੋ ਦੇਵੀ ਗੁਫਾ ਮੰਦਰ ਦੀ ਯਾਤਰਾ ਸ਼ੁਰੂ, ਸ਼ਰਧਾਲੂਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਵਿਸ਼ੇਸ਼ ਧਿਆਨ

TeamGlobalPunjab
2 Min Read

ਕਟੜਾ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ‘ਚ ਵੈਸ਼ਨੋ ਦੇਵੀ ਗੁਫਾ ਮੰਦਰ ਦੀ ਯਾਤਰਾ ਅੱਜ ਤੋਂ ਯਾਨੀ 16 ਅਗਸਤ ਤੋਂ ਸ਼ੁਰੂ ਹੋਵੇਗੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਲਗਭਗ ਪੰਜ ਮਹੀਨਿਆਂ ਲਈ ਵੈਸ਼ਨੋ ਦੇਵੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ । ਜੰਮੂ-ਕਸ਼ਮੀਰ ਸੂਬਾਈ ਪ੍ਰਸ਼ਾਸਨ ਨੇ ਬੀਤੇ ਮੰਗਲਵਾਰ ਨੂੰ ਸੂਬੇ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਸਪੱਸ਼ਟ ਤੇ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ(ਐਸ.ਐਮ.ਵੀ.ਐਸ.ਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਦਸਿਆ ਕਿ ਫਿਲਹਾਲ ਯਾਤਰਾ ਦੇ ਪਹਿਲੇ ਪੜਾਅ ‘ਚ ਰੋਜ਼ਾਨਾ ਦੋ ਹਜ਼ਾਰ ਸ਼ਰਧਾਲੂਆਂ ਹੀ ਮੰਦਰ ਦੇ ਦਰਸ਼ਨ ਕਰ ਸਕਣਗੇ। ਇਨ੍ਹਾਂ ਵਿਚੋਂ 1900 ਜੰਮੂ-ਕਸ਼ਮੀਰ ਦੇ, ਜਦਕਿ 100 ਹੋਰਨਾਂ ਸੂਬਿਆਂ ਦੇ ਸ਼ਰਧਾਲੂ ਹੋਣਗੇ। ਇਸ ਦੇ ਨਾਲ ਹੀ ਬਾਕੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਟੈਸਟ ਲਾਜ਼ਮੀ ਹੋਵੇਗਾ। 10 ਸਾਲ ਤੋਂ ਛੋਟੇ ਜਾਂ ਫਿਰ 60 ਸਾਲ ਤੋਂ ਉੱਪਰ ਦੇ ਲੋਕਾਂ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਪਹਿਲੇ ਪੜਾਅ ‘ਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਹਰੇਕ ਸ਼ਰਧਾਲੂ ਨੂੰ ਲਈ ਕੋਰੋਨਾ ਮਹਾਮਾਰੀ ਦੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਪਹਿਲੇ ਪੜਾਅ ‘ਚ ਦਰਸ਼ਨਾਂ ਲਈ ਵੈਸ਼ਨੋ ਦੇਵੀ ਭਵਨ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਸਿਰਫ਼ ਰਵਾਇਤੀ ਮਾਰਗ ਤੋਂ ਜਾਣਾ ਪਵੇਗਾ ਤੇ ਦਰਸ਼ਨਾਂ ਤੋਂ ਬਾਅਦ ਵਾਪਸ ਨਵੇਂ ਤਾਰਾਕੋਟ ਮਾਰਗ ਰਾਹੀਂ ਆਉਣਾ ਪਵੇਗਾ।

ਇਸ ਦੇ ਨਾਲ ਹੀ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਸਿਰਫ਼ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਦੇ ਮੋਬਾਈਲ ‘ਚ ਆਰੋਗਯ ਸੇਤੂ ਐਪ ਦਾ ਹੋਣਾ ਲਾਜ਼ਮੀ ਹੈ। ਪ੍ਰਸ਼ਾਸਨ ਵੱਲੋਂ ਕੱਟਰਾ ‘ਚ 3 ਕੋਵਿਡ ਰੈਪਿਡ ਸੈਂਟਰ ਨਵੇਂ ਬੱਸ ਸਟੈਂਡ, ਕੱਟੜਾ ਹੈਲੀਪੈਡ ਤੇ ਵੈਸ਼ਨੋ ਦੇਵੀ ਦੇ ਪ੍ਰਵੇਸ਼ ਮਾਰਗ ਦਰਸ਼ਨ ਡਿਓਢੀ ‘ਚ ਸਥਾਪਿਤ ਹੋਣਗੇ। ਉੱਥੇ ਸਾਰੇ ਸ਼ਰਧਾਲੂਆਂ ਦਾ ਟੈਸਟ ਕੀਤਾ ਜਾਵੇਗਾ।

Share this Article
Leave a comment