ਵਾਇਰਲ ਵੀਡੀਓ ਵਿਵਾਦ: ਕਿਸੇ ਹੋਰ ਬੰਦੇ ਦੇ ਮੂੰਹ ‘ਤੇ ਮਾਸਕ ਚੜ੍ਹਾ ਕੇ ਬਣਾਈ ਗਈ ਵੀਡੀਓ: CM ਮਾਨ

Global Team
4 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਵਿੱਚ ਵੱਡਾ ਜਵਾਬੀ ਹਮਲਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਇੱਕ ਸੋਚੀ-ਸਮਝੀ ਸਾਜ਼ਿਸ਼ ਰਚੀ ਗਈ ਹੈ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ, ਸਗੋਂ ਆਪਣੇ ਚਿਹਰੇ ਦਾ ਮਾਸਕ ਪਹਿਨਿਆ ਹੋਇਆ ਕੋਈ ਵਿਅਕਤੀ ਹੈ।  ਉਨ੍ਹਾਂ ਖ਼ਿਲਾਫ਼ ਬਣਾਈ ਗਈ ਜਾਅਲੀ ਵੀਡੀਓ ਜਗਮਨ ਸਮਰਾ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਵਿੱਚ ਜਿਸ ਵਿਅਕਤੀ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ, ਉਸ ਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਵੀ ਜਨਤਕ ਕੀਤੀ ਤੇ ਜਿਸ ਵਿੱਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲਵਰੀ ਹਾਸਿਲ ਕੀਤੀ ਗਈ ਹੈ ਅਤੇ ਮਾਸਕ ਨੂੰ ਆਪਣੇ ਹੱਥ ਉੱਤੇ ਚੜਾ ਕੇ ਹੋਟਲ ਵਿੱਚ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਵਿੱਚ ਅੱਖਾਂ ਨਹੀਂ ਬਣਦੀਆਂ ਇਸੇ ਕਰਕੇ ਜਾਅਲੀ ਵੀਡੀਓ ਵਿੱਚ ਅੱਖਾਂ ਉੱਤੇ ਐਨਕ ਲਾਈ ਹੋਈ ਹੈ। ਉਹਨਾਂ ਕਿਹਾ ਕਿ ਸਬੰਧਿਤ ਵੀਡੀਓ ਵਿੱਚ ਉਨ੍ਹਾਂ ਦੀ ਠੋਡੀ ਸਾਫ਼ ਹੈ, ਜਦੋਂ ਕਿ ਉਨ੍ਹਾਂ ਦੇ ਪੰਜ ਸਾਲ ਦੀ ਉਮਰ ਤੋਂ ਇੱਕ ਨਿਸ਼ਾਨ ਬਣਿਆ ਹੋਇਆ ਹੈ। ਇਸੇ ਤਰ੍ਹਾਂ ਸਬੰਧਿਤ ਵਿਅਕਤੀ ਦਾ ਕੱਦ ਵੀ ਉਹਨਾਂ ਤੋਂ ਦੋ ਫੁੱਟ ਉੱਚਾ ਹੈ।

ਉਨ੍ਹਾਂ ਕਿਹਾ ਕਿ ਉਹ ਨਵੰਬਰ 2016 ਤੋਂ ਬਾਅਦ ਕਦੇ ਕੈਨੇਡਾ ਨਹੀਂ ਗਏ, ਜਦੋਂ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਕੈਨੇਡਾ ਵਿੱਚ ਰਹਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਇੱਕ ਰਾਜਨੀਤਿਕ ਸਾਜ਼ਿਸ਼ ਸੀ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਨ੍ਹਾਂ ਵਿਰੁੱਧ ਇੱਕ ਸਾਂਝਾ ਮੋਰਚਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਈ ਮਹੱਤਵਪੂਰਨ ਫੈਸਲੇ ਲਏ ਹਨ, ਜਿਵੇਂ ਕਿ ਬੇਅਦਬੀ ਕਾਨੂੰਨ, ਪਾਲਕੀ ਸਾਹਿਬਾਂ ਨੂੰ ਲਿਜਾਣ ਵਾਲੇ ਵਾਹਨਾਂ ਲਈ ਟੋਲ ਚਾਰਜ ਅਤੇ ਪਵਿੱਤਰ ਸ਼ਹਿਰਾਂ ਨੂੰ ਵਿਸ਼ੇਸ਼ ਦਰਜਾ ਦੇਣਾ, ਜੋ ਕਿ ਪਿਛਲੀਆਂ ਸਰਕਾਰਾਂ ਕਰਨ ਵਿੱਚ ਅਸਫਲ ਰਹੀਆਂ। ਇਸ ਲਈ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ‘ਤੇ ਵੀ ਸਵਾਲ ਉਠਾਇਆ। ਉਨ੍ਹਾਂ ਪੁੱਛਿਆ ਕਿ ਗੁਰਦੁਆਰਿਆਂ ਦੇ ਬਾਹਰ ਉਨ੍ਹਾਂ ਵਿਰੁੱਧ ਬੋਰਡ ਕਿਉਂ ਲਗਾਏ ਜਾ ਰਹੇ ਹਨ, ਜਦੋਂ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਖੀ ਨੇ ਖੁਦ ਜਨਤਕ ਤੌਰ ‘ਤੇ ਕਿਹਾ ਹੈ ਕਿ ਉਹ ਸੁਖਬੀਰ ਬਾਦਲ ਦਾ ਸਿਪਾਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਗਏ ਹਨ ਅਤੇ ਜੇਕਰ ਸੱਦਾ ਦਿੱਤਾ ਗਿਆ ਤਾਂ ਦੁਬਾਰਾ ਜਾਣਗੇ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਕਾਰਵਾਈ ਦੀ ਲਾਈਵ ਕਵਰੇਜ ਲਈ ਅਪੀਲ ਵੀ ਕੀਤੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਹੁਣ, ਵੱਖ-ਵੱਖ ਕਲਿੱਪ ਜਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment