ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ ਹੈ। ਜਾਣਕਾਰੀ ਮੁਤਾਬਕ, ਇਹ ਗੋਲੀਬਾਰੀ ਦੀ ਘਟਨਾ ਦਾਲ ਰੋਟੀ ਰੈਸਟੋਰੈਂਟ ਦੇ ਬਾਹਰ ਵਾਪਰੀ, ਜਿਸ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਸ ਘਟਨਾ ਮਗਰੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਤੇ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਵਾਇਰਲ ਪੋਸਟ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨਾਲ ਜੁੜੇ ਹੋਣ ਦੇ ਦਾਅਵੇ ਵੀ ਕੀਤੇ ਗਏ ਹਨ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਪੋਸਟ ਅਨੁਸਾਰ ਬਰੈਂਪਟਨ ਦੇ 10 ਲਾਈਟਬੀਮ ਟੈਰੇਸ ਸਥਿਤ ‘ਦਾਲ ਰੋਟੀ’ ਰੈਸਟੋਰੈਂਟ ਦੇ ਬਾਹਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਰਾਜਾ ਪਹਿਲਵਾਨ ਅਤੇ ਨਿੱਕਾ ਸੰਧੂ ਨਾਮ ਦੇ ਵਿਅਕਤੀਆਂ ਨੇ ਲਈ ਹੈ। ਦੂਜੇ ਪਾਸੇ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤੱਕ ਕਿਸੇ ਗ੍ਰਿਫ਼ਤਾਰੀ ਜਾਂ ਗੈਂਗ ਨਾਲ ਸਿੱਧੇ ਸੰਬੰਧ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈਸਟੋਰੈਂਟ ਮਾਲਕ ਵੱਲੋਂ ਉੱਥੇ ਕੰਮ ਕਰਨ ਵਾਲੇ ਕੁਝ ਭਾਰਤੀ ਵਿਦਿਆਰਥੀਆਂ ਦੀ ਤਨਖਾਹ ਨਹੀਂ ਦਿੱਤੀ ਗਈ ਸੀ। ਪੋਸਟ ਮੁਤਾਬਕ ਪਹਿਲਾਂ ਇਹ ਮਾਮਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਤੀਜਾ ਨਾ ਨਿਕਲਣ ‘ਤੇ ਇਹ ਕਾਰਵਾਈ ਚੇਤਾਵਨੀ ਵਜੋਂ ਕੀਤੀ ਗਈ। ਨਾਲ ਹੀ ਅੱਗੇ ਧਮਕੀ ਦਿੱਤੀ ਗਈ ਕਿ ਜੇ ਤਨਖਾਹ ਦਾ ਮਾਮਲਾ ਨਾ ਸੁਲਝਿਆ ਤਾਂ ਅਗਲਾ ਨਿਸ਼ਾਨਾ ਰੈਸਟੋਰੈਂਟ ਮਾਲਕ ਦਾ ਘਰ ਹੋ ਸਕਦਾ ਹੈ।
ਪੋਸਟ ਵਿੱਚ ਕੁਝ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਜੋ ਕਥਿਤ ਤੌਰ ‘ਤੇ ਫਿਰੌਤੀ ਨਾਲ ਜੁੜੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਦੇ ਨਾਲ ਗੈਂਗਸਟਰ ਰੋਹਿਤ ਗੋਦਾਰਾ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਉਸ ਨਾਲ ਨੇੜਲੇ ਸੰਬੰਧ ਹੋਣ ਦਾ ਦਾਅਵਾ ਕੀਤਾ ਗਿਆ।

ਫਿਲਹਾਲ, ਇਹ ਸਾਰੇ ਦਾਅਵੇ ਸੋਸ਼ਲ ਮੀਡੀਆ ਪੋਸਟਾਂ ਤੱਕ ਸੀਮਿਤ ਹਨ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਘਟਨਾ, ਵਾਇਰਲ ਦਾਵਿਆਂ ਅਤੇ ਸੰਭਾਵਿਤ ਮਕਸਦ ਦੀ ਜਾਂਚ ਕਰ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

