ਬੰਗਲਾਦੇਸ਼: ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਯੂਨਸ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੱਟੜਪੰਥੀਆਂ ਦੀ ਭੀੜ ਨੇ ਸੁਮਨਗੰਜ ਜ਼ਿਲ੍ਹੇ ਵਿਚ ਹਿੰਦੂਆਂ ਦੇ ਘਰਾਂ ‘ਤੇ ਹਮਲਾ ਕਰ ਦਿੱਤਾ ਹੈ। ਕਥਿਤ ਤੌਰ ‘ਤੇ ਇਹ ਹਮਲਾ ਫੇਸਬੁੱਕ ‘ਤੇ ਸਥਾਨਿਕ ਹਿੰਦੂ ਨੌਜਵਾਨ ਦੁਆਰਾ ਕੀਤੀ ਗਈ ‘ਇਤਰਾਜ਼ਯੋਗ’ ਪੋਸਟ ਤੋਂ ਬਾਅਦ ਹੋਇਆ ਹੈ। ਇਹ ਹਮਲੇ ਸ਼ਾਮ ਅਤੇ ਅੱਧੀ ਰਾਤ ਦਰਮਿਆਨ ਕੀਤਾ ਗਿਆ। ਬਿਜ਼ਨਸ ਸਟੈਂਡਰਡ ਬੰਗਲਾਦੇਸ਼ ਦੀ ਰਿਪੋਰਟ ਮੁਤਾਬਿਕ ਬੰਗਲਾਦੇਸ਼ ਦੀ ਫੌਜ ਨੇ ਦੁਪਹਿਰ 2:30 ਵਜੇ ਤੱਕ ਸਥਿਤੀ ‘ਤੇ ਕਾਬੂ ਪਾ ਲਿਆ। ਦੋਵਾਬਾਜ਼ਾਰ ਥਾਣਾ ਇੰਚਾਰਜ ਜਾਹਿਦੁਲ ਹੱਕ ਨੇ ਦੱਸਿਆ ਕਿ ਪੋਸਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ, ‘ਅਸੀਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸਥਾਨਿਕ ਲੋਕਾਂ ਨੇ ਦੱਸਿਆ ਕਿ ਕਥਿਤ ਇਤਰਾਜ਼ਯੋਗ ਫੇਸਬੁੱਕ ਪੋਸਟਾਂ ਨੂੰ ਲੈ ਕੇ ਇਕ ਸਮੂਹ ਨੇ ਜਲੂਸ ਕੱਢਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ‘ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਕਈ ਘਰਾਂ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਅਤੇ ਲੁੱਟਮਾਰ ਕੀਤੀ ਗਈ। ਬੰਗਲਾਦੇਸ਼ ਦੀ ਸਰਕਾਰ ਨੇ ਇਸ ਘਟਨਾ ਨੂੰ ਨਕਾਰਿਆ ਹੈ।
ਦੋਵਾਬਾਜ਼ਾਰ ਲੋਕਨਾਥ ਮੰਦਿਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਖੋਕਨ ਰਾਏ ਨੇ ਕਿਹਾ, ‘ਮੰਗਲਵਾਰ ਰਾਤ ਨੂੰ ਪਿੰਡ ਦੇ ਘੱਟੋ-ਘੱਟ 30 ਘਰਾਂ ‘ਚ ਭੰਨ-ਤੋੜ ਕੀਤੀ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਸਥਾਨਕ ਰਸੋਈ ਬਾਜ਼ਾਰ ਇਲਾਕੇ ਵਿੱਚ ਜਲੂਸ ਕੱਢਿਆ ਅਤੇ 100 ਤੋਂ ਵੱਧ ਦੁਕਾਨਾਂ ਵਿੱਚ ਭੰਨਤੋੜ ਕੀਤੀ। ਉਨ੍ਹਾਂ 4-5 ਸੋਨੇ ਦੀਆਂ ਦੁਕਾਨਾਂ ਵੀ ਲੁੱਟੀਆਂ। ਉਸ ਨੇ ਕਿਹਾ ਕਿ ਹਮਲਾਵਰਾਂ ਨੇ ਲੋਕਨਾਥ ਮੰਦਿਰ ਦੀ ਭੰਨਤੋੜ ਕੀਤੀ, ਜਿਸ ਨਾਲ 2 ਮਿਲੀਅਨ ਟਕਾ ($16,725.57) ਦਾ ਨੁਕਸਾਨ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।