ਵਿਜੀਲੈਂਸ ਵੱਲੋਂ ਇੱਕ ਹੋਰ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ

Rajneet Kaur
1 Min Read

ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੇਵਾਮੁਕਤ ਪਟਵਾਰੀ ਸੁਰਿੰਦਰਪਾਲ ਨੂੰ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੁਰਿੰਦਰਪਾਲ ਘੁਟਾਲੇ ਸਮੇਂ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲ.ਏ.ਸੀ.) ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿੱਚ ਤਾਇਨਾਤ ਸੀ। ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਗ੍ਰਹਿਣ ਕੀਤੀ ਗਈ ਜ਼ਮੀਨ ਦੇ ਬਦਲੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਇਹ ਘਪਲਾ ਹੋਇਆ ਸੀ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਗਲਤ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਲਈ ਗਲਤ ਸੂਚਨਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਾਗ਼ਬਾਨੀ ਵਿਭਾਗ ਵੱਲੋਂ ਮੁਆਵਜ਼ੇ ਦੀ ਸਿਫ਼ਾਰਸ਼ ਲਈ ਐਲ.ਏ.ਸੀ. ਗਮਾਡਾ ਨੂੰ ਭੇਜੀ ਗਈ ਮੁਲਾਂਕਣ ਰਿਪੋਰਟ ਵਿੱਚ ਕੁਝ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਮਾਲ ਰਿਕਾਰਡ ਦੇ ਹਿਸਾਬ ਨਾਲ ਸਹੀ ਨਹੀਂ ਸੀ ਪਰ ਉਕਤ ਪਟਵਾਰੀ ਨੇ ਇਸ ਬਾਰੇ ਇਤਰਾਜ਼ ਉਠਾਉਣ ਬਜਾਏ ਬਾਗ਼ਬਾਨੀ ਵਿਭਾਗ ਦੀ ਇਸ ਰਿਪੋਰਟ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਰਿਪੋਰਟ ਕਰ ਦਿੱਤੀ। ਉਕਤ ਪਟਵਾਰੀ ਦੀ ਰਿਪੋਰਟ ਦੇ ਆਧਾਰ ’ਤੇ ਨਾਇਬ-ਤਹਿਸੀਲਦਾਰ ਨੇ ਇਹ ਕੇਸ ਤਤਕਾਲੀ ਐਲ.ਏ.ਸੀ. ਨੂੰ ਅੱਗੇ ਭੇਜ ਦਿੱਤਾ, ਜਿਸ ਵੱਲੋਂ ਬਾਅਦ ਵਿੱਚ ਮੁਆਵਜ਼ੇ ਦੀਆਂ ਅਦਾਇਗੀਆਂ ਜਾਰੀ ਕਰ ਦਿੱਤੀਆਂ ਗਈਆਂ।

Share This Article
Leave a Comment