ਨਿਊਜ਼ ਡੈਸਕ: ਵਿਅਤਨਾਮ ਵਿੱਚ ਪੁਲਿਸ ਨੇ ਪਾਲਤੂ ਬਿੱਲੀਆਂ ਦਾ ਮਾਸ ਖਾਣ ਨਾਲ ਜੁੜੇ ਇੱਕ ਵੱਡੇ ਗੈਰਕਾਨੂੰਨੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ 400 ਤੋਂ ਵੱਧ ਜ਼ਿੰਦਾ ਬਿੱਲੀਆਂ ਨੂੰ ਬਚਾਇਆ ਗਿਆ, ਜਦਕਿ ਕਈ ਮਰੀਆਂ ਹੋਈਆਂ ਬਿੱਲੀਆਂ ਵੀ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਤੋਂ ਬਾਅਦ ਪਾਲਤੂ ਜਾਨਵਰਾਂ ਦੇ ਮਾਲਕਾਂ ਵਿੱਚ ਰਾਹਤ ਦਾ ਮਾਹੌਲ ਬਣਿਆ ਹੈ।
ਪੁਲਿਸ ਨੇ ਪਿਛਲੇ ਹਫ਼ਤੇ ਹੋ ਚੀ ਮਿੰਹ ਸਿਟੀ ਅਤੇ ਤੇ ਨਿਨ੍ਹ ਸੂਬੇ ਦੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ 400 ਤੋਂ ਵੱਧ ਜ਼ਿੰਦਾ ਬਿੱਲੀਆਂ ਅਤੇ ਬਰਫ਼ ਵਿੱਚ ਰੱਖੀਆਂ ਕਰੀਬ 80 ਮਰੀਆਂ ਬਿੱਲੀਆਂ ਬਰਾਮਦ ਕੀਤੀਆਂ ਗਈਆਂ। ਇਕ ਹੋਰ ਥਾਂ ਤੋਂ 21 ਬਿੱਲੀਆਂ ਹੋਰ ਜ਼ਬਤ ਕੀਤੀਆਂ ਗਈਆਂ। ਕੁੱਲ ਮਿਲਾ ਕੇ ਇਹ ਮਾਮਲਾ 500 ਤੋਂ ਵੱਧ ਬਿੱਲੀਆਂ ਨਾਲ ਜੁੜਿਆ ਹੋਇਆ ਸਾਹਮਣੇ ਆਇਆ।
ਅਧਿਕਾਰੀਆਂ ਨੇ ਇਸ ਗਿਰੋਹ ਨਾਲ ਸਬੰਧਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗਿਰੋਹ ਪਿਛਲੇ ਤਿੰਨ ਸਾਲਾਂ ਤੋਂ ਦੱਖਣੀ ਵਿਅਤਨਾਮ ਵਿੱਚ ਬਿੱਲੀਆਂ ਨੂੰ ਚੋਰੀ ਕਰਕੇ ਇਕੱਠਾ ਕਰਦਾ ਅਤੇ ਵਪਾਰੀਆਂ ਨੂੰ ਵੇਚਦਾ ਰਿਹਾ। ਬਿੱਲੀਆਂ ਨੂੰ ਹੋਲਡਿੰਗ ਸੈਂਟਰਾਂ ਵਿੱਚ ਰੱਖਿਆ ਜਾਂਦਾ ਸੀ ਅਤੇ ਹਰ ਦੋ ਜਾਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਖਰੀਦ-ਫਰੋਖ਼ਤ ਹੁੰਦੀ ਸੀ।
ਵਿਅਤਨਾਮ ਵਿੱਚ ਕਾਨੂੰਨੀ ਤੌਰ ’ਤੇ ਕੁੱਤੇ ਅਤੇ ਬਿੱਲੀ ਦਾ ਮਾਸ ਖਾਣ ’ਤੇ ਪਾਬੰਦੀ ਨਹੀਂ ਹੈ, ਪਰ ਵੇਚਣ ਵਾਲਿਆਂ ਲਈ ਜਾਨਵਰਾਂ ਦੇ ਸਰੋਤ ਦਾ ਪਰਮਿਟ ਹੋਣਾ ਲਾਜ਼ਮੀ ਹੈ। ਜਾਂਚ ਵਿੱਚ ਪਤਾ ਲੱਗਾ ਕਿ ਇਸ ਗਿਰੋਹ ਵੱਲੋਂ ਚੋਰੀ ਕੀਤੀਆਂ ਬਿੱਲੀਆਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੇ ਵੇਚਿਆ ਜਾ ਰਿਹਾ ਸੀ, ਜੋ ਕਾਨੂੰਨ ਦੇ ਉਲਟ ਹੈ।
ਪਸ਼ੂ ਭਲਾਈ ਸੰਸਥਾਵਾਂ ਮੁਤਾਬਕ ਬਚਾਈਆਂ ਗਈਆਂ ਬਿੱਲੀਆਂ ਵਿੱਚੋਂ ਕਰੀਬ 40 ਨੂੰ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਸੌਂਪ ਦਿੱਤਾ ਗਿਆ ਹੈ। ਹਾਲਾਂਕਿ ਕੁਝ ਜਾਨਵਰਾਂ ਦੀ ਮੌਤ ਵੀ ਹੋ ਗਈ ਕਿਉਂਕਿ ਉਨ੍ਹਾਂ ਨੇ ਚੋਰੀ ਅਤੇ ਬੰਦ ਰੱਖੇ ਜਾਣ ਦੌਰਾਨ ਕਾਫ਼ੀ ਤਕਲੀਫ਼ ਝੱਲੀ।
ਸੰਸਥਾਵਾਂ ਦੇ ਅਨੁਸਾਰ ਵਿਅਤਨਾਮ ਵਿੱਚ ਹਰ ਸਾਲ ਲੱਖਾਂ ਕੁੱਤੇ ਅਤੇ ਬਿੱਲੀਆਂ ਮਾਸ ਲਈ ਫੜੀਆਂ, ਚੋਰੀ ਜਾਂ ਤਸਕਰੀ ਕਰਕੇ ਮਾਰੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਨੌਜਵਾਨ ਪੀੜ੍ਹੀ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਵਿੱਚ ਇਸ ਵਪਾਰ ਖ਼ਿਲਾਫ਼ ਜਾਗਰੂਕਤਾ ਵਧ ਰਹੀ ਹੈ ਅਤੇ ਕਈ ਲੋਕ ਇਸ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ।

