ਫਾਸ਼ੀਵਾਦ ਵਿਰੁੱਧ ਜਿੱਤ: ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ

TeamGlobalPunjab
18 Min Read

-ਜਗਦੀਸ਼ ਸਿੰਘ ਚੋਹਕਾ

ਦੂਸਰੀ ਸੰਸਾਰ ਜੰਗ ਦੌਰਾਨ ਨਾਜ਼ੀਵਾਦ ਨੂੰ ਵੰਗਾਰਨ ਵਾਲੀ ਸੋਵੀਅਤ ਰੂਸ ਦੀ ਲਾਲ ਫੌਜ ਅਤੇ ਫਾਸ਼ੀਵਾਦ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਕਾਮ: ਸਟਾਲਿਨ ਦੀ ਅਗਵਾਈ ਵਿੱਚ ਸਮੁੱਚੇ ਰੂਸੀ ਲੋਕਾਂ ਦੀ ਕੁਰਬਾਨੀ ਨੂੰ ਇਤਿਹਾਸ ਅੰਦਰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਹੈ? ਜਰਮਨ ਫਾਸਿ਼ਜ਼ਮ,‘ਕੌਮਾਂਤਰੀ ਉਲਟ ਇਨਕਲਾਬ ਦੀ ਨੇਜੇ ਦੀ ਨੋਕ ਵਜੋਂ, ‘ਸਾਮਰਾਜੀ ਜੰਗ ਭੜਕਾਉਣ ਵਾਲੇ ਮੁੱਖ ਏਜੰਟ ਵੱਜੋਂ, ਸਮੁੱਚੇ ਸੰਸਾਰ ਦੇ ਮਿਹਨਤਕਸ਼ਾਂ ਦੀ ਮਹਾਨ ਪਿੱਤਰ ਭੂਮੀ ਸੋਵੀਅਤ ਯੂਨੀਅਨ ਵਿਰੁਧ ਜਹਾਦ ਛੇੜਨ ਵਾਲੇ ਵੱਜੋਂ ਕੰਮ ਕਰ ਰਿਹਾ ਸੀ। ਉਸ ਵੇਲੇ ਸਤਾਧਾਰੀ ਫਾਸਿ਼ਜ਼ਮ ਸਭ ਤੋਂ ਵੱਧ ਪਿਛਾਖੜੀ, ਸਭ ਤੋਂ ਵੱਧ ਸ਼ਾਵਨਵਾਦੀ ਅਤੇ ਮਾਲੀ-ਪੂੰਜੀ ਦੇ ਸਭ ਤੋਂ ਵੱਧ ਸਾਮਰਾਜਵਾਦੀ ਤੱਤਾਂ ਦੀ ਨੰਗੀ ਚਿੱਟੀ ਜ਼ਾਬਰ ਡਿਕਟੇਰਸਿ਼ਪ ਹੈ। ਹਿਟਲਰੀ ਫਾਸਿ਼ਜ਼ਮ ਨਾ ਕੇਵਲ ਬੁਰਜਵਾ ਰਾਸ਼ਟਰਵਾਦ ਹੈ, ਕਿਰਤੀ-ਜਮਾਤ ਅਤੇ ਕਿਸਾਨੀ, ‘ਤੇ ਉਨ੍ਹਾਂ ਉਪਰ ਤਸੀਹੇ ਢਾਹੁਣ ਵਾਲੀ ਪ੍ਰਣਾਲੀ ਹੈ। ਇਹ ਮੱਧਕਾਲੀ ਵਹਿਸ਼ੀਪੁਣਾਂ ਅਤੇ ਪਸ਼ੂਪਣਾ ਹੈ, ਜੋ ਦੂਸਰੇ ਦੇਸ਼ਾਂ ਅਤੇ ਰਾਸ਼ਟਰਾਂ ਦੇ ਸਬੰਧ ‘ਚ ਬੇਲਗਾਮ ਹਮਲਾ ਹੈ। ਇਸ ਸੋਚ ਵਿਰੁਧ ਸੋਵੀਅਤ ਰੂਸ ਦੀ ਜਿੱਤ ਇੱਕ ਅਹਿਮ ਮਹਾਨ ਲੋਕ-ਉਪਕਾਰ ਸੀ? ਅੱਜ ਅਜਿਹੀ ਹੀ ਸੋਚ ਭਾਰਤ ਅੰਦਰ ਪਨਪ ਰਹੀ ਹੈ, ਜੇਕਰ ਉਸ ਦਾ ਚੈਲੰਜ ਸਮੇਂ ਸਿਰ ਲੋਕਾਂ ਨੇ ਨਾ ਕਬੂਲ ਕੀਤਾ ਤਾਂ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣਗੇ ?

ਫਾਸਿ਼ਜ਼ਮ ਇਕ ਬੇਲਗਾਮ ਛਾਵਨਵਾਦ ਅਤੇ ਪਸਾਰਵਾਦੀ ਜੰਗ ਹੈ, ‘ਜੋ ਹਲਕਾਇਆ ਪਿਛਾਖੜ ਤੇ ਉਲਟ ਇਨਕਲਾਬ ਹੁੰਦਾ ਹੈ।ਇਹ ਸਮੁੱਚੀ ਕਿਰਤੀ ਜਮਾਤ ਦਾ ਕੁਟਲ ਦੁਸ਼ਮਣ ਹੈ ! ਹਿਟਲਰ ਨੇ ਗੰਭੀਰਤਾ ਨਾਲ ਐਲਾਨ ਕੀਤਾ ਸੀ ਕਿ, ‘ਜਰਮਨੀ ਜਾਂ ਤਾਂ ਕਿਸਾਨਾਂ ਦਾ ਦੇਸ਼ ਬਣੇਗਾ ਜਾਂ ਫਿਰ ਇਸ ਦੀ ਹੋਂਦ ਹੀ ਮਿਟ ਜਾਵੇਗੀ? ਉਸ ਵੇਲੇ ਜਰਮਨ ਦੀ ਜੋ ਹਾਲਤ ਸੀ, ਉਹ ਹੁਣ ਮਿਲਦੀ ਜੁਲਦੀ ਦੇਸ਼ ਦੀ ਲੱਗਦੀ ਹੈ। ਫਾਸਿ਼ਜ਼ਮ ਵਿਰੁੱਧ ਦੂਸਰੀ ਸੰਸਾਰ ਜੰਗ ਦੌਰਾਨ ਜੋ ਕੁਰਬਾਨੀ ਰੂਸ ਦੇ ਲੋਕਾਂ ਨੇ ਕੀਤੀ ਸੀ ਉਸ ਦਾ ਕੋਈ ਵੀ ਸਾਨੀ ਨਹੀਂ ਹੈ! ਪੂੰਜੀਵਾਦੀ ਯੂਰਪੀ ਭਾਈਚਾਰਾ ਸਮੇਤ ਅਮਰੀਕਾ ਭਾਵੇਂ ਇਹ ਟਾਹਰਾ ਮਾਰੀ ਜਾਣ ਕੇ ਦੂਸਰੇ ਆਲਮੀ ਜੰਗ ਦੌਰਾਨ ਫਾਸ਼ੀਵਾਦ ਨੂੰ ਹਰਾਉਣ ਲਈ ਅਲਾਈਡ ਫੌਜਾਂ ਖਾਸ ਕਰਕੇ ਯੂਰਪੀ ਫੌਜਾਂ ਜੇਤੂ ਸਨ ! ਪਰ ਉਹ ਭੁਲ ਜਾਂਦੇ ਹਨ ਕਿ ਫਾਸ਼ੀਵਾਦ-ਨਾਜੀਵਾਦ ਤਾਂ ਪੱਛਮੀ ਸਰਮਾਏਦਾਰ ਦੇਸ਼ਾਂ ਦੀ ਹੀ ਉਪਜ ਸੀ, ਜੋ ਸਮਾਜਵਾਦੀ ਸੋਵੀਅਤ ਰੂਸ ਨੂੰ ਖਤਮ ਕਰਨ ਲਈ ਹੀ ਪਾਲਿਆ ਗਿਆ ਸੀ? ਜਰਮਨ ਫਾਸ਼ੀਵਾਦ ਨੂੰ ਹਰਾਉਣ ਵਿੱਚ ਮੁੱਖ ਭੂਮਿਕਾ ਸੋਵੀਅਤ ਰੂਸ ਦੀ ਸੀ। ਅੱਜ ਫਾਸ਼ੀਵਾਦ ‘ਤੇ ਜਿੱਤ ਦੀ 75-ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਲਾਲ ਫੌਜਾਂ ਨੇ ਹੀ ਬਰਲਿਨ ਵਿਖੇ ਰੀਚ ਸਟਾਂਗ ਤੇ ਲਾਲ ਝੰਡਾ ਲਹਿਰਾਇਆ ਤੇ ਜਰਮਨ ਫੌਜਾਂ ਨੇ ਆਤਮ ਸਮਰਪਣ ਕੀਤਾ ਸੀ, ਜੋ 8-9 ਮਈ (ਰਾਤ) 1945 (ਇਕ ਮਿੰਟ) ਆਉਂਦਾ ਸੀ। ਪਰ ‘‘ਜਿੱਤ-ਪਰੇਡ ਦਿਨ“ 24-ਜੂਨ ਨੂੰ ਹੀ ਲਾਲ ਚੌਕ ਮਾਸਕੋ ਵਿਖੇ 1945 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।

ਹਕੀਕਤ ਵਿੱਚ ਲਾਲ ਫੌਜ ਦੇ ਦਬਾਅ ਅਤੇ ਤੇਜੀ ਨਾਲ ਬਰਲਿਨ ਵਲ ਰੂਸੀ ਫੌਜਾਂ ਦੀ ਪਹਿਲ ਕਦਮੀ ਕਾਰਨ, ‘ਚਾਲਾਕ ਪੱਛਮੀ ਗਠਜੋੜ ਤੇ ਅਮਰੀਕਾ, ‘ਹਿਟਲਰੀ ਫੌਜਾਂ ਨੂੰ ਆਤਮ-ਸਮਰਪਣ ਕਰਾਉਣ ਲਈ ਇਸ ਦਾ ਸੇਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦਾ ਸੀ! ਕਿਉਂਕਿ ਹਿਟਲਰ ਨੇ 30-ਅਪ੍ਰੈਲ 1945 ਨੂੰ ਆਤਮ ਹੱਤਿਆ ਕਰ ਲਈ ਸੀ? 7-ਮਈ ਨੂੰ ਜਰਮਨ ਫੌਜਾਂ ਨੇ ਹਥਿਆਰ ਸੁੱਟ ਦਿੱਤੇ ਅਤੇ ਅਗਲੇ ਦਿਨ ਹੀ ਰਸਮੀ ਤੌਰ `ਤੇ 9-ਮਈ ਨੂੰ ਕਾਰਵਾਈ ਹੋਣੀ ਸੀ। ਇਸ ਕਰਕੇ ਹੀ ਪੱਛਮੀ ਦੇਸ਼ਾਂ ਦੇ ਹਾਕਮ ਯੂਰਪ ਅੰਦਰ 8-ਮਈ ਨੂੰ ਫਾਸ਼ੀਵਾਦ ‘ਤੇ ਜਿੱਤ-ਦਿਵਸ ਮਨਾਉਂਦੇ ਹਨ। ਪਰ ਅਸਲੀਅਤ ਵਿੱਚ ਸੋਵੀਅਤ ਯੂਨੀਅਨ ਪੱਛਮ ਦੀ ਉਪਰੋਕਤ ਧਾਰਨਾ ਨਾਲ ਸਹਿਮਤ ਨਹੀਂ ਸੀ।ਕਿਉਂਕਿ ਉਹ ਚਾਹੁੰਦਾ ਸੀ, ‘ਕਿ ਲਾਲ ਫੌਜ ਅਤੇ ਰੂਸੀ ਲੋਕਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ। ਜੋਸੇਫ ਸਟਾਲਿਨ ਜੋ ਉਸ ਵੇਲੇ ਸੋਵੀਅਤ ਯੂਨੀਅਨ ਦੀ ਅਗਵਾਈ ਕਰ ਰਿਹਾ ਸੀ, ‘ਇਸ ਧਾਰਨਾ ‘ਤੇ ਖੜਾ ਸੀ, ‘ਕਿ ਜਰਮਨੀ ਨੂੰ ਬਰਲਿਨ ਵਿਖੇ ਹਥਿਆਰ ਸੁੱਟਣ ਸਮੇਂ ਸੰਧੀ ‘ਤੇ ਵੀ ਦਸਤਖਤ ਕਰਨੇ ਚਾਹੀਦੇ ਹਨ (ਐਨਟੋਨੀ ਬੀਵੋਰ ਇਤਿਹਾਸਕਾਰ)। ਭਾਵੇਂ ਉਪਰੇਸ਼ਨ-ਸਟਾਫ ਆਰਮਡ-ਫੋਰਸਿਜ਼ ਹਾਈ-ਕਮਾਡ ਜਨਰਲ-ਟੇਨੈਂਟ ਅਲਫਰੇਡ ਜੋਡਲ ਅਤੇ ਜਨਰਲ-ਐਡਮਿਰਲ ਹਾਂਸ-ਜਾਰਜ ਵੋਨ ਫਰਿਡ ਬਰਗ ਵੱਲੋਂ ਖੁਦ ਹੀ 7-ਮਈ 1945 ਨੂੰ ਤੜਕੇ ਪਹਿਲਾਂ ਹੀ ਫਰਾਂਸ ਦੇ ਸ਼ਹਿਰ ਰੀਮਜ਼ ਵਿਖੇ ਆਤਮ-ਸਮਰਪਣ ਦੀ ਰਸਮੀ ਕਾਰਵਾਈ ਪੂਰੀ ਕਰ ਲਈ ਗਈ। ਰੀਮਜ਼ ਮੁਤਹਿਦਾ ਫੌਜਾਂ ਦਾ ਸੁਪਰੀਮ ਸਦਰ-ਮੁਕਾਮ ਸੀ ਅਤੇ ਆਤਮ-ਸਮਰਪਣ 9-ਮਈ ਅੱਧੀ ਰਾਤ ਨੂੰ ਇੱਕ ਮਿੰਟ ਬਾਦ ਅਮਲ ਵਿੱਚ ਆਇਆ ਸੀ। ਇਤਿਹਾਸਕਾਰ ਬੀਵੋਰ ਦੇ ਕਥਨਾਂ ਅਨੁਸਾਰ ਸਟਾਲਿਨ ਨਹੀਂ ਚਾਹੁੰਦਾ ਸੀ, ‘ਕਿ ਨਾਜ਼ੀਆਂ ਵੱਲੋਂ ਹਥਿਆਰ ਸੁੱਟਣ ਦੀ ਰਸਮ ਪੱਛਮ ਵਲ ਹੋਵੇ। ਉਸ ਦੇ ਦਬਾਅ ਕਾਰਨ ਹੀ ਇਕ ਹੋਰ ਰਸਮ 9-ਮਈ ਨੂੰ ਅੱਧੀ ਰਾਤ ਨੂੰ ਇਕ ਮਿੰਟ ਬਾਦ ਬਰਲਿਨ ਵਿੱਚ ਹੀ ਸੰਪਨ ਹੋਈ, ਜੋ ਰੀਮਜ਼ ਵਿੱਚ ਗਠਜੋੜ ਵੱਲੋਂ ਵੀ ਪ੍ਰਵਾਨ ਹੋ ਗਈ ਤੇ ਅਮਲ ਵਿੱਚ ਲਿਆਂਦੀ ਗਈ। ਬੀਵੋਰ ਦੇ ਕਥਨਾਂ ਅਨੁਸਾਰ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵਿੰਸਟੋਨ ਚਰਚਿਲ ਨੇ ਇਕ ਤਾਰ ਭੇਜ ਕੇ ਸਟਾਲਿਨ ਨੂੰ ਦੱਸਿਆ ਕਿ, ‘ਲੋਕ 8-ਮਈ ਨੂੰ ਹੀ ਲੰਡਨ ਵਿੱਚ ਜਿੱਤ ਦੀਆਂ ਖੁਸ਼ੀਆਂ ਮਨਾਅ ਰਹੇ ਹਨ, ਇਸੇ ਤਰ੍ਹਾਂ ਅਮਰੀਕਾ ਅੰਦਰ ਵੀ ਹੋ ਰਿਹਾ ਹੈ। ਇਹ ਇੱਕ ਪੱਛਮ ਕੁਟਨੀਤਕ ਜਿੱਤ ਦੀ ਬੁਝਾਰਤ ਹੈ?

- Advertisement -

ਇਨ੍ਹਾਂ ਸਾਮਰਾਜੀ ਯੂਰਪੀ ਦੇਸ਼ਾਂ ਦੀਆਂ ਚਾਲਾਂ ਨੂੰ ਇਕ ਦਮ ਨਿਕਾਰਦੇ ਹੋਏ ਸਟਾਲਿਨ ਨੇ ਕਿਹਾ, ‘ਲਾਲ ਫੌਜਾਂ ਅੱਜੇ ਵੀ ਜਰਮਨਾਂ ਵਿਰੁੱਧ ਕਈ ਥਾਵਾਂ ਤੇ ਲੜ ਰਹੀਆਂ ਹਨ ਅਤੇ ਜਰਮਨਾਂ ਨੂੰ ਪੂਰਬੀ ਪਰੂਸੀਆਂ, ਕੋਰਟ ਲੈਂਡ ਪੇਨਿਨ-ਸੂਲਾ, ਚੈਕੋਸਲੋਵੇਕੀਆ, ਅੰਦਰ ਹਥਿਆਰ ਨਹੀਂ ਸੁਟੇ ਸਨ। ਇਸ ਲਈ ਸੋਵੀਅਤ ਯੂਨੀਅਨ ਵੱਲੋਂ ਨਾਜ਼ੀਵਾਦ ਵਿਰੁੱਧ ਜਿੱਤ ਦਿਵਸ 9-ਮਈ ਤੋਂ ਪਹਿਲਾਂ ਕਿਵੇਂ ਮਨਾਇਆ ਜਾ ਸਕਦਾ ਹੈ ? ਇਸੇ ਕਰਕੇ ਹੀ ਸੋਵੀਅਤ ਰੂਸ ਅੰਦਰ ਜਿੱਤ ਦਿਵਸ 9-ਮਈ ਨੂੰ ਹੀ ਮਨਾਇਆ ਜਾਂਦਾ ਹੈ। ਦੂਸਰੀ ਸੰਸਾਰ ਜੰਗ ਦੌਰਾਨ ਨਾਜ਼ੀਵਾਦ ਨੂੰ ਕਰਾਰੀ ਹਾਰ ਦੇਣ ਅਤੇ ਯੂਰਪ ਦੇ ਪੂਰਬੀ ਇਲਾਕਿਆਂ ਦੇ ਦੇਸ਼ਾਂ ਅੰਦਰ ਨਾਜ਼ੀ ਗਲਬੇ ਤੋਂ ਆਜ਼ਾਦੀ ਅਤੇ ਨਾਜ਼ੀ ਪੱਖੀ ਸਰਕਾਰਾਂ ਦਾ ਭੋਗ ਪੈਣ ਕਰਕੇ ਉਨ੍ਹਾਂ ਦੇਸ਼ਾਂ ਅੰਦਰ ਸਮਾਜਵਾਦੀ ਸਰਕਾਰਾਂ ਦੀ ਸਥਾਪਤੀ ਕਾਇਮ ਹੋਣ ਨਾਲ ਸੋਵੀਅਤ ਰੂਸ ਤੇ ਲਾਲ ਫੌਜਾਂ ਨੂੰ ਸੰਸਾਰ ਪੱਧਰ ਤੇ ਮਾਨਤਾ ਪ੍ਰਾਪਤ ਹੋਈ। ਨਾਜ਼ੀਵਾਦ ਉਪਰ ਸੋਵੀਅਤ ਯੂਨੀਅਨ ਦੀ ਮਹਾਨ ਜਿੱਤ, ਪੂਰਬੀ ਯੂਰਪ ਅੰਦਰ ਨਾਜ਼ੀ ਗਲਬੇ ਦਾ ਖਾਤਮਾ ਹੋਇਆ। ਸਮਾਜਵਾਦੀ ਚੜ੍ਹਤ ਕਰਕੇ ਹੀ ਕਾਮ: ਸਟਾਲਿਨ ਦੀ ਅਗਵਾਈ ਵਿੱਚ ਇਸ ‘‘ਮਹਾਨ ਦੇਸ਼ ਭਗਤੀ ਵਾਲੀ ਜੰਗ“ ਦੀ ਜਿੱਤ ਵਿੱਚ ਜੇਤੂ ਤੇ ਲਾਲ ਫੌਜ ਦੇ ਹੀਰੋ ਫੌਜੀ, ਨੇਵੀ ਅਤੇ ਮਾਸਕੋ ਗੈਰੀਸਨ ਵੱਲੋਂ ‘‘ਜਿੱਤ-ਪਰੇਡ ਦਿਵਸ“ 24-ਜੂਨ 1945 ਨੂੰ ਲਾਲ ਚੌਕ ਮਾਸਕੋ ਵਿਖੇ ਮਨਾਉਣ ਦੀ ਰਸਮ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਇਹ ‘‘ਜਿੱਤ-ਪਰੇਡ ਦਿਵਸ“ 9-ਮਈ ਨੂੰ ਹੀ ਮਨਾਉਣੀ ਜਾਰੀ ਰਹੀ। ਇਸ ਸਾਲ ਰੂਸ ਅੰਦਰ ਨਾਜ਼ੀਵਾਦ ਉਪਰ ਲਾਲ ਫੌਜਾਂ ਦੀ ਜਿੱਤ-ਪਰੇਡ ਜੋ ਭਾਵੇਂ ਕੋਵਾਡ-19 ਕਰਕੇ 9-ਮਈ ਨੂੰ ਨਹੀਂ ਮਨਾਈ ਜਾ ਸਕਦੀ ਸੀ, 24-ਜੂਨ ਨੂੰ ਮਨਾਈ ਗਈ। ਇਸ ਜਿੱਤ ਪਰੇਡ ਵਿੱਚ ਰੂਸ ਨੇ ਆਪਣੀ ਫੌਜੀ ਸ਼ਕਤੀ ਦਾ ਪ੍ਰਗਟਾਵਾ ਕੀਤਾ। 90-ਮਿੰਟ ਦੇ ਇਸ ਫੰਕਸ਼ਨ ਵਿੱਚ 19-ਦੇਸ਼ਾਂ ਦੇ ਫੌਜੀ ਦਸਤਿਆਂ, ‘ਜਿਸ ਵਿੱਚ ਰੂਸ ਤੋਂ ਬਿਨ੍ਹਾਂ ਭਾਰਤ ਤੇ ਚੀਨ ਸ਼ਾਮਲ ਸੀ ਹਜ਼ਾਰਾਂ ਫੌਜੀਆਂ ਨੇ ਹਿੱਸਾ ਲਿਆ। ਇਹ ਗੱਲ ਯਾਦ ਰੱਖਣ ਵਾਲੀ ਹੈ, ‘ਕਿ ਜਿਉਂ-ਜਿਉਂ ਪੱਛਮੀ ਸਰਮਾਏਦਾਰੀ ਦਾ ਸੰਕਟ ਡੂੰਘਾ ਹੁੰਦਾ ਗਿਆ, ‘ਤਿਉਂ-ਤਿਉਂ ਫਾਸ਼ੀਵਾਦ ਦਾ ਰੁਝਾਂਨ ਵੀ ਵੱਧਦਾ ਰਿਹਾ। ਸੋਵੀਅਤ ਰੂਸ ਨੇ ਫਾਸ਼ੀਵਾਦ ਨੂੰ ਹਰਾਉਣ ਲਈ ਅਥਾਹ ਕੁਰਬਾਨੀਆਂ ਕਰਕੇ ਦੁਨੀਆਂ ਅੰਦਰ ਰਾਜਸੀ ਸਮੀਕਰਨਾਂ ਨੂੰ ਵੀ ਬਦਲ ਦਿੱਤਾ ਸੀ। ਗੁਲਾਮ ਦੇਸ਼, ਕੌਮਾਂ ਅਤੇ ਲੋਕ ਜੋ ਹੁਣ ਆਜ਼ਾਦੀਆਂ ਮਾਣ ਰਹੇ ਹਨ, ‘ਇਹ ਸਭ ਸੋਵੀਅਤ ਯੂਨੀਅਨ ਦੀ ਹੀ ਦੇਣ ਹੈ?

ਸੋਵੀਅਤ ਰੂਸ ਦੇ 1991 ਨੂੰ ਟੁੱਟਣ ਬਾਦ ਸੰਸਾਰ ਸਮੀਕਰਨਾਂ ਵਿੱਚ ਬਹੁਤ ਉਥਲਾਂ-ਪੁਥਲਾਂ ਨੇ ਜਨਮ ਲਿਆ। ਦੋ-ਧਰੁਵੀ ਆਰਥਿਕਤਾ ਦੀ ਸਥਿਰਤਾ ਤੇ ਪ੍ਰਭਾਵਾਂ ਅੰਦਰ ਤਰੇੜਾਂ ਦਾ ਉਭਰਨਾਂ ਵੀ ਲਾਜ਼ਮੀ ਸੀ। ਸਾਮਰਾਜੀ ਅਮਰੀਕਾ ਅਤੇ ਉਸ ਦੇ ਪੱਛਮੀ ਸਰਮਾਏਦਾਰ ਭਾਈਵਾਲਾਂ ਦੀ ਚੜ੍ਹ ਮੱਚੀ ਹੋਈ ਹੈ। ਦੁਨੀਆਂ ਅੰਦਰ ਸਮਾਜਵਾਦੀ ਕੈਂਪ ਦੇ ਕਮਜ਼ੋਰ ਹੋਣ ਕਰਕੇ ਭਾਵੇਂ ਜਮਹੂਰੀ ਲਹਿਰਾਂ, ਹੱਕਾਂ ਲਈ ਲੜੇ ਜਾਂਦੇ ਸੰਘਰਸ਼ਾਂ ਅਤੇ ਲੋਕ ਲਹਿਰਾਂ ਨੂੰ ਸਾਮਰਾਜੀ ਸ਼ਕਤੀਆਂ ਵਲੋਂ ਹਰ ਤਰ੍ਹਾਂ ਦਬਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ, ਕਿਰਤੀਆਂ, ਘੱਟ ਗਿਣਤੀਆਂ ‘ਤੇ ਅੱਤਿਆਚਾਰ ਵੱਧ ਰਹੇ ਹਨ। ਪਰ ਕੌੜੀ ਸੱਚਾਈ ਇਹ ਵੀ ਹੈ, ‘ਕਿ ਹਕੀਕਤ ਵਿੱਚ ਅਜੋਕੀ ਪੱਛਮੀ ਆਰਥਿਕਤਾ ਅਤੇ ਸੱਭਿਅਤਾ ਘੋਰ ਨਿਘਾਰ ਜਿਸ ਨੂੰ ‘‘ਟਰਮੀਨਲ ਡਿਕਲਾਈਨ“ ਭਾਵ ਢੈਅ ਦੀ ਕਲਾ ਵੱਲ ਜਾ ਰਹੀ ਹੈ। ਦੇਖੋ ! ਹਕੀਕਤਾਂ ਕਿਵੇਂ ਕੋਵਿਡ-19 ਦੀ ਮਹਾਂਮਾਰੀ ਕਾਰਨ ਅੱਜ ਸਾਰਾ ਪੂੰਜੀਵਾਦੀ ਸਿਸਟਮ ਵਾਲਾ ਪ੍ਰਬੰਧ ਰੇਤ ਦੀ ਦੀਵਾਰ ਵਾਂਗ ਢਹਿ-ਢੇਰੀ ਹੋ ਰਿਹਾ ਹੈ?

ਦੂਸਰੀ ਸੰਸਰ ਜੰਗ ਨਾ ਤਾਂ ਲੋਕਾਂ ਵਿਚਕਾਰ ਸੀ ਅਤੇ ਨਾ ਹੀ ਲੋਕਾਂ ਲਈ ਸੀ? ਸਗੋਂ ਇਹ ਜੰਗ ਪੂੰਜੀਵਾਦ ਦੇ ਬਦਨਾਮ ਹੋ ਚੁੱਕੇ ਚੇਹਰੇ ਨੂੰ ਮੁੜ ਨਵਾਂ ਰੂਪ ਦੇਣ ਲਈ ਇਕ ਨਵੀਂ ਚਾਲ ਸੀ? ਪੂੰਜੀਵਾਦ ਲੋਕਾਂ ਨੂੰ ਨਾਬਰੀ ਅਤੇ ਬਰਾਬਰੀ ਦੇਣ ਦੀ ਥਾਂ ਮੁੜ ਉਨ੍ਹਾਂ ਨੂੰ ਅਨਪੜ੍ਹਤਾ, ਗਰੀਬੀ ਅਤੇ ਬਿਮਾਰੀਆਂ ਦੇ ਲੜ ਲੱਗੇ ਰੱਖਣਾ ਚਾਹੁੰਦਾ ਸੀ ! ਯੁੱਧ ਸਦਾ ਹੀ ਲੋਕਾਂ ਤੇ ਕੌਮਾਂ ਨੂੰ ਸਿਹਤ ਤੇ ਮਾਨਸਿਕ ਪੱਖੋ ਕਮਜ਼ੋਰ, ਦੁਬਲੇ-ਪਤਲੇ ਅਤੇ ਨਾ ਸੋਚਣ ਦੇ ਕਾਬਲ ਬਣਾਉਣਾ ਚਾਹੁੰਦਾ ਹੈ। ਪਹਿਲੀ-ਸਤੰਬਰ, 1939 ਤੋਂ ਦੋ-ਸਤੰਬਰ, !945 ਤੱਕ, ‘6 ਸਾਲ ਤੇ ਇੱਕ ਦਿਨ ਤੱਕ ਇਹ ਜੰਗ ਪੂੰਜੀਵਾਦੀ ਦੇਸ਼ਾਂ ਵਿਚਕਾਰ ਇਕ ਪਾਸੇ ਯੂਰਪੀ ਪੂੰਜੀਵਾਦੀ ਸਾਮਰਾਜੀ ਬਸਤੀਵਾਦੀ ਦੇਸ਼ ਤੇ ਅਮਰੀਕਾ, ‘ਇਨ੍ਹਾਂ ਦੇ ਹਮਾਇਤੀ ਦੇਸ਼ ਜੋ ਗੁਲਾਮ ਦੇਸ਼ ਸਨ ਅਤੇ ਦੂਸਰੇ ਪਾਸੇ ਨਾਜ਼ੀ-ਫਾਸ਼ੀਵਾਦੀ ਜਰਮਨ, ਇਟਲੀ, ਜਾਪਾਨ ਦੇੇਸ਼ ਸਨ, ਵਿਚਕਾਰ ਲੜਿਆ ਗਿਆ। ਭਾਵੇਂ ਜਰਮਨ ਨੇ ਸੋਵੀਅਤ ਰੂਸ ਨਾਲ ਸੰਧੀ ਕੀਤੀ ਹੋਈ ਸੀ, ਪਰ ਖੁਦ ਜਰਮਨੀ ਨੇ ਇਸ ਸੰਧੀ ਨੂੰ ਤੋੜ ਕੇ ਰੂਸ ਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਰੂਸ ਨੂੰ ਮਜਬੂਰੀ ਵੱਸ ਇਸ ਜੰਗ ਵਿੱਚ ਸ਼ਾਮਲ ਹੋਣਾ ਗਿਆ। ਇਹ ਜੰਗ ਸਾਰਾ ਯੂਰਪ, ਪੈਸੀਫਿਕ, ਅਟਲਾਂਟਿਕ, ਹਿੰਦ ਮਹਾਂਸਾਗਰ, ਮੈਡੀਟੇਰੀਅਨ, ਉ:ਅਫਰੀਕਾ, ਦੱ: ਪੂ: ਏਸ਼ੀਆ, ਚੀਨ, ਮਿਡਲ-ਈਸਟ ਆਦਿ ਦੇਸ਼ਾ ਅਤੇ ਖਿਤਿਆ ਅੰਦਰ ਧਰਤੀ ਹਵਾ ਤੇ ਜਲ ਉਪਰ ਦੋ ਮਹਾਂ-ਸ਼ਕਤੀਆਂ ਵਿਚਕਾਰ ਲੜਿਆ ਗਿਆ।

ਅੱਜ ! ਜਦੋਂ ਹਾਕਮੀ ਨਸ਼ੇ ਅੰਦਰ ਲੋਟੂ ਹਾਕਮ ਜਮਾਤਾਂ ਆਪਣੀ ਨਾ-ਕਾਬਲੀਅਤ ‘ਤੇ ਪਰਦਾ ਪਾਉਣ ਲਈ ਜੰਗਾਂ ਦੀਆ ਬੋਲੀਆਂ ਬੋਲਦੇ ਹਨ ਤਾਂ ਉਨ੍ਹਾਂ ਨੂੰ ਦੂਸਰੇ ਸੰਸਾਰ ਜੰਗ ਵੇਲੇ ਹੋਈ ਤਬਾਹੀ ਦੀ ਤਸਵੀਰ ਜ਼ਰੂਰ ਯਾਦ ਕਰ ਲੈਣੀ ਚਾਹੀਦੀ ਹੈ। ਉਸ ਜੰਗ ਅੰਦਰ 70-80 ਮਿਲੀਅਨ ਮੌਤਾਂ, ਨਸਲਘਾਤ, ਹੋਲੋਕਾਸਟ ਬਰਬਾਦੀ ਅਤੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ‘ਤੇ ਵਰਤੇ ਪਹਿਲੇ ਪ੍ਰਮਾਣੂ-ਬੰਬਾਂ ਦੌਰਾਨ ਹੋਈ ਤਬਾਹੀ ਨੂੰ ਵੀ ਯਾਦ ਕਰ ਲੈਣਾ ਚਾਹੀਦੀ ਹੈ। ਇਤਹਾਦੀ ਦੇਸ਼ ਜਿਨ੍ਹਾਂ ਵਿੱਚ ਜੋਸੇਫ ਸਟਾਲਿਨ (ਸੋਵੀਅਤ ਰੂਸ), ਫਰੈਂਕਲਿਨ ਡੀ.ਰੂਜ਼ਵੈਲਟ (ਅਮਰੀਕਾ) ਅਤੇ ਵਿਸਟੋਨ ਚਰਚਿਲ (ਯੂ.ਕੇ.) ਅਤੇ ਐਕਸਿਸ ਦੇਸ਼ ਜਿਨ੍ਹਾਂ ‘ਚ ਅਡੋਲਫ ਹਿਟਲਰ (ਫਾਸ਼ੀਵਾਦੀ ਜਰਮਨ), ਹੀਰੋਹਿਤੋ (ਜਾਪਾਨ) ਅਤੇ ਬੀਨੀਟੋ ਮੂਸੋਲੀਨੀ (ਨਾਜ਼ੀ-ਇਟਲੀ) ਸ਼ਾਮਲ ਸਨ। ਇਤਹਾਦੀ ਦੇਸ਼ਾਂ ਦੇ 1,60,00,000 ਫੌਜੀ ਤੇ 4,50,00,000 ਸਿਵਲੀਅਨ ਕੁੱਲ 6,10,00,000 ਲੋਕ ਮਾਰੇ ਗਏ। ਐਕਸਿਸ ਦੇਸ਼ਾਂ ਦੇ 80,00,000 ਫੌਜੀ 40,00,000 ਸਿਵਲੀਅਨ ਕੁਲ 1, 20,00,000 ਲੋਕ ਮਾਰੇ ਗਏ ਸਨ। ਇਸ ਤੋਂ ਬਿਨ੍ਹਾਂ ਆਰਥਿਕ ਸਨਅਤੀ, ਮਸ਼ੀਨਰੀ, ਇਮਾਰਿਤਾਂ, ਰੇਲਾਂ, ਪੁਲਾਂ, ਸੜਕਾਂ ਦੀ ਬੇਝਿਜਕ ਬਰਬਾਦੀ ਕਿਸੇ ਲੇਖੇ ਨਹੀਂ ਆਉ਼ਂਦੀ ਹੈ। ਸਾਨੂੰ! ਖਾਸ ਕਰਕੇ ਕਿਰਤੀ-ਜਮਾਤ ਨੂੰ ਇਹ ਕਦੀ ਭੁਲਣਾ ਨਹੀਂ ਚਾਹੀਦਾ ਕਿ ਦੂਸਰੀ ਸੰਸਾਰ ਜੰਗ ਦੌਰਾਨ ਜੋ ਰੋਲ ਸੋਵੀਅਤ ਰੂਸ ਦੇ ਲੋਕਾਂ ਨੇ ਕਾਮਰੇਡ ਸਟਾਲਿਨ ਦੀ ਅਗਵਾਈ ਵਿੱਚ ਫਾਸ਼ੀਵਾਦ ਨੂੰ ਹਾਰ ਦੇਣ ਲਈ ਅਦਾ ਕੀਤਾ ਸੀ, ‘ਇਕ ਇਤਿਹਾਸਕ ਬਦਲ ਸੀ। ਇਸ ਬਦਲਾਅ ਨੇ ਹੀ ਦੁਨੀਆਂ ਅੰਦਰ ਇਕ ਐਸੇ ਖਾਮੀਅਤ ਵਾਲੇ ਲੋਕ ਜਮਹੂਰੀ ਇਨਕਲਾਬ ਲਈ ਵੀ, ਇਸ ਜੰਗ ਦੌਰਾਨ ਜਨਮ ਦਿੱਤਾ ਸੀ ! ਜੋ ਇਤਹਾਦੀ ਗਠਜੋੜ ਦੇ ਬਾਕੀ ਦੇਸ਼ਾਂ ਨੂੰ ਮੁਆਫਕ ਨਹੀਂ ਸੀ ?

ਫਾਸ਼ੀਵਾਦ ਦੀ ਹਾਰ ਤੋਂ ਬਾਅਦ ਦੂਸਰੀ ਸੰਸਾਰ ਜੰਗ ਉਪਰੰਤ ਬਸਤੀਵਾਦ ਵਿਰੁੱਧ, ‘ਗਰੀਬ ਤੇ ਗੁਲਾਮ ਦੇਸ਼ਾਂ, ਕੌਮਾਂ ਅਤੇ ਲੋਕਾਂ ਅੰਦਰ ਮੁਕਤੀ ਲਹਿਰਾਂ ਉਡੀਆਂ ਸਨ। ਉਨ੍ਹਾਂ ਨੂੰ ਵੀ ਸਮਝਣਾ ਪਏਗਾ? ਫਾਸ਼ੀਵਾਦ ਦੀ ਹਾਰ ਬਾਦ ਜਿੱਥੇ ਸਾਮਰਾਜੀ ਬਸਤੀਵਾਦ, ਜਿਸ ਨੇ ਗੁਲਾਮ ਦੇਸ਼ਾਂ ਨੂੰ ਜਕੜ ਕੇ ਰੱਖਿਆ ਸੀ, ਇਕ ਇਕ ਕਰਕੇ ਗੁਲਾਮੀ ਦੀਆਂ ਜੰਜੀਰਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਭਾਰਤ ਉਪ ਮਹਾਂਦੀਪ ਦੀ ਆਜ਼ਾਦੀ ਵੀ ਇਸ ਸੰਦਰਭ ਵਿੱਚ ਇਕ ਇਤਿਹਾਸਕ ਤਬਦੀਲੀ ਸੀ। ਏਸ਼ੀਆ, ਲਤੀਨੀ ਅਮਰੀਕਾ, ਅਫਰੀਕਾ ਆਦਿ ਮਹਾਂਦੀਪਾਂ ਅੰਦਰ ਮੁਕਤੀ ਲਹਿਰਾਂ, ਆਜ਼ਾਦੀ ਲਈ ਤੇ ਨਸਲਵਾਦ ਵਿਰੁੱਧ ਰੋਹ ਅਤੇ ਕੌਮਾਂ ਦੀ ਆਜ਼ਾਦੀ ਇਕ ਇਤਿਹਾਸਕ ਜਿੱਤਾਂ ਸਨ।ਇਨ੍ਹਾਂ ਇਤਿਹਾਸਕ ਜਿੱਤਾਂ ਦੀ ਚਾਲਕ ਸ਼ਕਤੀ ਰੂਸੀ ਇਨਕਲਾਬ ਹੀ ਸੀ। ਇਲਕਲਾਬ ਦੌਰਾਨ ਸਮੁੱਚੇ ਲੋਕ ਖੁਦ ਨੂੰ ਅਨੋਖੇ ਕਾਰਨਾਮਿਆਂ ਦੀ ਸਿਰਜਣਾਂ ਕਰਦੇ ਦੇਖਦੇ ਹਨ। ਪਰ ਇਨਕਲਾਬ ਜਿਉਂ ਹੀ ਅੱਗੇ ਵਧਦਾ ਹੈ, ਇਹ ਸਮਾਜ ਦੀ ਗਾਰ, ਕੂੜਾ-ਕਰਕਟ ਵੀ ਬਾਹਰ ਲਿਆ ਸੁੱਟਦਾ ਹੈ। ਇਹ ਖਾਹਸ਼ਾਂ ਨੂੰ ਨਸ਼ਰ ਕਰ ਦਿੰਦਾ ਹੈ ਅਤੇ ਸਿਆਸਤਦਾਨਾਂ ਦੀਆਂ ਲਾਲਸਾਵਾਂ ਨੂੰ ਵੀ ਭੜਕਾ ਦਿੰਦਾ ਹੈ। ਜੋ ਇਨਕਲਾਬ ਨੂੰ ਆਪਣੀ ਖ਼ਾਤਰ ਵਰਤਣ ਦੀ ਕੋਸਿ਼ਸ਼ ਕਰਦੇ ਹਨ। ਇਨ੍ਹਾਂ ਖਤਰਿਆਂ ਖਿਲਾਫ਼ ਦ੍ਰਿੜਤਾ ਨਾਲ ਲੜਾਈ ਦੇਣੀ ਹੋਵੇਗੀ, ਜਿਵੇਂ ਜੰਗ ਦੌਰਾਨ ਸਮੁੱਚੀ ਕਮਿਊਨਿਸਟ ਪਾਰਟੀ ਲੜਦੀ ਰਹੀ ਹੈ। ਨਹੀਂ ਤਾਂ ਉਲਟ ਇਨਕਲਾਬ ਹੋ ਜਾਣਗੇ, ਵੀ ਇੱਕ ਪ੍ਰਤੱਖ ਵਰਤਾਰਾ ਹੋਵੇਗਾ?

- Advertisement -

ਫਾਸਿ਼ਜ਼ਮ ਦੇ ਜਨ-ਸਮੂਹਾਂ ਉਪਰ ਪੈ ਰਹੇ ਪ੍ਰਭਾਵਾਂ ਦੇ ਸਰੋਤ ਕੀ ਹਨ, ਜਾਨਣਾ ਜ਼ਰੂਰੀ ਹੈ। ਅੱਜ ਵੀ ਫਾਸ਼ੀਵਾਦ ਵੱਖ-ਵੱਖ ਰੂਪਾਂ, ਫਿਰਕਿਆਂ ਅਤੇ ਸਿਆਸੀ ਰੰਗਾਂ ਹੇਠ ਵਿਚਰ ਰਿਹਾ ਹੈ। ਇਸ ਨੁੰ ਸਮਝਣਾ ਤੇ ਨਿਖੇੜਨਾ ਇਕ ਬੜਾ ਗੁੰਝਲਦਾਰ ਸਵਾਲ ਹੈ ? ਫਾਸ਼ੀਵਾਦ ਜਨ-ਸਮੂਹਾਂ ਨੂੰ ਆਕਰਸਿ਼ਤ ਕਰਨ ਲਈ ਲੱਛੇਦਾਰ ਭਾਸ਼ਣਬਾਜ਼ੀ ਢੰਗਾਂ ਰਾਹੀ, ਸਭ ਤੋਂ ਵੱਧ ਧਾਰਮਿਕ ਅਤੇ ਜ਼ਰੂਰੀ ਲੋੜਾਂ ਤੇ ਮੰਗਾਂ ਰਾਹੀਂ ਅਪੀਲ ਕਰਦਾ ਹੈ। ਇਹ ਲੋਕਾਂ ਦੇ ਮਨਾ ਅੰਦਰ ਡੂੰਘੀ ਤਰ੍ਹਾਂ ਧਸੀਆਂ ਵਿਰੋਧੀ ਧਾਰਨਾਵਾਂ ਨੂੰ ਵੀ ਭੜਕਾਉਂਦਾ ਹੈ। ਸਗੋਂ ਉਨ੍ਹਾਂ ਦੀਆਂ ਚੰਗੀਆਂ ਭਾਵਨਾਵਾਂ, ਨਿਆਂ ਦੀ ਭਾਵਨਾ ਅਤੇ ਕਦੇ-ਕਦੇ ਇੱਥੋਂ ਤਕ ਕਿ ਉਨ੍ਹਾਂ ਦੀਆਂ ਇਨਕਲਾਬੀ ਰਵਾਇਤਾਂ, ਦੇਸ਼ ਭਗਤੀ, ਗਰੀਬੀ, ਭਾਸ਼ਾ, ਧਰਮ ਨੂੰ ਵੀ ਉਭਾਰਕੇ ਵਰਤਦਾ ਹੈ।ਇਸ ਲਈ ਸਾਨੂੰ ਕਿਸੇ ਵੀ ਹਾਲਤ ‘ਚ ਵਿਚਾਰਧਾਰਕ ਲਾਗ ਫੈਲਾਉਣ ਦੀ ਇਸ ਫਾਸ਼ੀਵਾਦੀ ਸਮਰੱਥਾ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਹੈ ? ਇਸ ਵਿਰੁੱਧ ਸਾਨੂੰ ਸਪਸ਼ਟ ਤੇ ਜਨ-ਸਮੂਹ ਦੇ ਸਮਝ ਆਉਣ ਵਾਲੀਆ ਦਲੀਲਾਂ, ਕੌਮੀ ਮਨੋ-ਵਿਗਿਆਨਕ ਲੋਕ ਪੱਖੀ ਸੋਚ ਸਮਝ ਵਾਲੀ ਪਹੰੁਚ ਅਤੇ ਵਿਸ਼ਾਲ ਜਨਤਕ ਅਧਾਰਤ ਵਿਚਾਰਧਾਰਕ ਸੰਘਰਸ਼ ਵਾਲੀ ਲਾਈਨ ਅਪਣਾਉਣੀ ਚਾਹੀਦੀ ਹੈ। ਭਾਰਤ ਅੰਦਰ ਵੀ ਫਾਸੀਵਾਦੀ ਸੋਚ ਤੇ ਜੱਥੇਬੰਦੀ ਵਿਰੁੱਧ ਸੰਗਠਨ ਰੂਪ ਅਧਾਰਤ ਲਾਈਨ ਅਪਣਾਉਂਣੀ ਚਾਹੀਦੀ ਹੈ।

ਫਾਸ਼ੀਵਾਦ ਵਿਰੁੱਧ ਜਿੱਤ ਬਾਦ ਸੰਸਾਰ ਅੰਦਰ ਸਾਮਰਾਜੀ ਬਸਤੀਵਾਦ ਦਾ ਕਿਲਾ ਇਕ-ਇਕ ਕਰਕੇ ਢੈਣਾ ਸ਼ੁਰੂ ਹੋ ਗਿਆ। ‘‘ਲੀਗ ਆਫ ਨੇਸ਼ਨ“ ਜੋ ਬਹੁਤੀ ਪ੍ਰਭਾਵਸ਼ਾਲੀ ਨਹੀਂ ਸੀ ਦਾ ਵੀ ਭੋਗ ਪੈ ਗਿਆ ਤੇ ਉਸ ਦੀ ਥਾਂ ‘‘ਸੰਯੁਕਤ ਰਾਸ਼ਟਰ“ ਦੀ ਨਿਯੁਕਤੀ ਕੀਤੀ ਗਈ। ਯੂਰਪ ਦੇ ਸ਼ਕਤੀ ਵਾਲੀ ਬਸਤੀਵਾਦੀ ਸਾਮਰਾਜ ਦੀ ਥਾਂ ਸਾਮਰਾਜੀ ਅਮਰੀਕਾ ਦਾ ਉਭਾਰ ਸਾਹਮਣੇ ਆਇਆ। ਦੁਨੀਆਂ ਅੰਦਰ ਕਿਰਤੀ ਵਰਗ ਦੇ ਹੱਕਾਂ ਦੀ ਰਾਖੀ ਕਰਨ ਵਾਲਾ ‘‘ਸੋਵੀਅਤ ਯੂਨੀਅਨ ਰੂਸ“ ਸਮਾਜਵਾਦੀ ਸੋਚ ਨੂੰ ਲੈ ਕੇ ਕਿਰਤੀਆਂ ਦਾ ਰਖਵਾਲਾ ਧਿਰ ਵਲੋਂ ਉਭਰਿਆ। ਇਸ ਤਰ੍ਹਾਂ ਦੋ ਧਰੁਵੀ ਆਰਥਿਕਤਾ ਵਾਲੀ ਰਾਜਨੀਤੀ ਸਾਹਮਣੇ ਆਈ। ਸੰਸਾਰ ਪੂੰਜੀਵਾਦ ਜਿਹੜਾ ਆਰਥਿਕ ਸੰਕਟ ਤੋਂ ਪ੍ਰਭਾਵਤ ਹੈ, ਦੇ ਸਿੱਟੇ ਵੱਜੋਂ ਵੱਖ-ਵੱਖ ਪੂੰਜੀਵਾਦੀ ਧਾਰਨਾ ਵਾਲੇ ਦੇਸ਼ਾ ਅੰਦਰ ਆਰਥਿਕ ਨਾਬਰਾਬਰੀਆਂ ਵੱਧ ਰਹੀਆਂ ਹਨ। ਸੋਵੀਅਤ ਰੂਸ ਦੇ ਟੁੱਟਣ ਬਾਦ ਸਮਾਜਵਾਦੀ ਦੇਸ਼-ਚੀਨ ਦੀ ਆਰਕਿਕ ਤਰੱਕੀ, ਕਿਊਬਾ, ਵੀਅਤਨਾਮ, ਉ: ਕੋਰੀਆ, ਲਾਊਸ ਦੀਆਂ ਆਰਥਿਕ ਪੁਲਾਘਾਂ ਮੰਨਣ ਯੋਗ ਹਨ। ਅੱਜ ! ਫਿਰ ਦੁਨੀਆਂ ਬਹੁ-ਧਰੁਵੀ ਆਰਥਿਕਤਾ ਵੱਲ ਵੱਧ ਰਹੀ ਹੈ ਤੇ ਉਹ ਟਰਾਂਜ਼ੀਸ਼ਨਲ ਫੇਜ਼ ਵਿਚੋਂ ਗੁਜਰ ਰਹੀ ਹੈ । ਭਾਵ ਹੁਣ ਸਰਮਾਏਦਾਰੀ ਮੌਜੂਦਾ ਵਿਵਸਥਾ ਦੇ ਰੂਪ ਵਿੱਚ ਨਹੀਂ ਰਹਿ ਸਕਦੀ ਹੈ। ਰੂਸ, ਚੀਨ ਅਤੇ ਭਾਰਤ ਸੰਸਾਰ ਅੰਦਰ ਪੂੰਜੀਵਾਦੀ ਦੇਸ਼ਾ ਦੇ ਮੁਕਾਬਲੇ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਪਰ ਭਾਰਤ ਨੂੰ ਜਿਹੜਾ ਅਣਸੁਖਾਵਾਂ ਮਹਿਸੂਸ ਹੋ ਰਿਹਾ ਹੈ ਉਹ ਹੈ ਚੀਨ, ਜੋ ਅਮਰੀਕਾ ਦੀ ਥਾਂ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਨ ਜਾ ਰਿਹਾ ਹੈ। ਇਸ ਲਈ ਭਾਰਤ-ਚੀਨ ਨੂੰ ਮਿਲ ਕੇ ਚੱਲਣਾ ਪਏਗਾ।

ਇਹ ਵੀ ਨੋਟ ਕਰਨ ਵਾਲਾ ਹੈ, ‘‘ਕਿ ਜਿਉਂ-ਜਿਉਂ ਵਿਸ਼ਵ ਪੂੰਜੀਵਾਦੀ ਸੰਕਟ ਡੂੰਘਾ ਹੋ ਰਿਹਾ ਹੈ, ਤਿਉਂ-ਤਿਉਂ ਦੁਨੀਆਂ ਅੰਦਰ ਸੱਜ-ਪਿਛਾਖੜ ਰਾਜਨੀਤਕ ਝੁਕਾਅ ਵੀ ਵੱਧ ਰਿਹਾ ਹੈ। ਸਾਮਰਾਜਵਾਦ ਹਮਲਾਵਰ ਨਵਉਦਾਰਵਾਦ ਉਤੇ ਚਲ ਰਿਹਾ ਹੈ। ਜੋ ਆਪਣੇ ਹਿੱਤਾਂ ਲਈ ਘਰੇਲੂ, ਸਥਾਨਕ ਤੇ ਖੇਤਰੀ ਤਨਾਵਾਂ ਨੂੰ ਪੱਠੇ ਪਾ ਰਿਹਾ ਹੈ। ਜੋ ਨਸਲਵਾਦ, ਨਫ਼ਰਤ, ਸੱਜ-ਪਿਛਾਖੜੀ ਨਵ-ਫਾਂਸ਼ੀਵਾਦੀ ਪ੍ਰਵਿਰਤੀਆਂ ‘ਚ ਘੋਰ ਵਾਧਾ ਕਰ ਰਿਹਾ ਹੈ। ਅਜਿਹੇ ਪ੍ਰਭਾਵ ਭਾਰਤ ਅੰਦਰ ਵੀ ਦੇਖੇ ਜਾ ਸਕਦੇ ਹਨ। ਸੋਵੀਅਤ ਰੂਸ ਨੇ ਫਾਸ਼ੀਵਾਦ ਵਿਰੁੱਧ ਆਪਣੀ ਨਿਭਾਈ ਮੁੱਖ ਭੂਮਿਕਾ ਨੂੰ ਤਾਜ਼ਾ ਕਰਦਿਆਂ 75-ਵੀਂ ਜਿੱਤ ਵਰ੍ਹੇ ਗੰਢ ਮਨਾਈ ਹੈ। ਭਾਰਤ ਤੇ ਚੀਨ ਨੇ ਵੀ ਇਸ ਯਾਦ ਵਿੱਚ ਸ਼ਮੂਲੀਅਤ ਕੀਤੀ ਹੈ। ਏਸ਼ੀਆ ਦੇ ਦੋ ਵੱਡੇ ਦੇਸ਼ ਚੀਨ ਤੇ ਭਾਰਤ ਨੂੰ ਪੁਰ-ਅਮਨ ਮਿਲ ਕੇ, ਸਹਿਮਤੀ ਨਾਲ ਸਰਹਿੰਦੀ ਝਗੜੇ ਨਜਿਠਣੇ ਚਾਹੀਦੇ ਹਨ। ਭਾਰਤ ਨੂੰ ਸਗੋਂ ਸਾਮਰਾਜੀ ਅਮਰੀਕੀ ਚੌਧਰ ਅਤੇ ਪੱਛਮੀ ਪ੍ਰਬਲਤਾ ਵਿਰੁੱਧ ਜਿਵੇਂ ਰੂਸ ਵੱਲੋਂ ਜਿਸ ਦਾ ਚੀਨ ਸਮਰਥਨ ਕਰ ਰਿਹਾ ਹੈ, ਮੋਰਚਾ ਬਣਾਇਆ ਜਾ ਰਿਹਾ ਹੈ, ਨੂੰ ਵੀ ਸਮਰਥਨ ਕਰਨਾ ਚਾਹੀਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਲੋਕਾਂ ਦੀ ਖੁਸ਼ਹਾਲੀ ਲਈ ਫਾਸ਼ੀਵਾਦ ਵਿਰੁੱਧ ਲੜੇ ਲੋਕ ਸੰਘਰਸ਼ਾਂ ਤੋਂ ਸੇਧ ਕੇ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਵਿਰੁੱਧ ਲੜਨ ਲਈ ਨਰੋਈ ਰਾਜਨੀਤੀ ਨਾਲ ਜੁੜਨਾ ਪਏਗਾ? ਫਾਸ਼ੀਵਾਦ ਵਿਰੁੱਧ ਜਿੱਤ ਦਾ ਸਾਡੇ ਲਈ ਇਹੀ ਨਿਗਰ ਸੁਨੇਹਾ ਹੈ।

ਸੰਪਰਕ: 91-9217997445

Share this Article
Leave a comment