ਲਖੀਮਪੁਰ ਖੀਰੀ ਹਿੰਸਾ: ਟਲ ਸਕਦਾ ਸੀ ਹਾਦਸਾ ਜੇ….

TeamGlobalPunjab
8 Min Read

-ਅਵਤਾਰ ਸਿੰਘ;

ਲਖੀਮਪੁਰ ਖੀਰੀ ਦੀ ਘਟਨਾ ਵਿੱਚ 8 ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ 4 ਕਿਸਾਨ ਅਤੇ ਚਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰ ਦੱਸੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਅਣਆਈ ਮੌਤ ਦੇ ਮੂੰਹ ਗਏ ਚਾਰ ਕਿਸਾਨਾਂ ਦੀ ਪਛਾਣ ਕੀਤੀ ਜਿਨ੍ਹਾਂ ਵਿੱਚ ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨਛੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਾਮਿਲ ਹਨ।

ਪਿਛਲੇ ਅੱਠ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਆਪਣੇ ਪਿੰਡ ਉਪਰ ਕੁਦਰਤੀ ਅਤੇ ਮਨੁੱਖੀ ਕਰੋਪੀ ਦਾ ਸ਼ਿਕਾਰ ਹੋ ਰਹੇ ਹਨ। ਪੰਜ ਸੌ ਤੋਂ ਵੱਧ ਪਰਿਵਾਰ ਇਸ ਅੰਦੋਲਨ ਦੌਰਾਨ ਆਪਣੇ ਘਰ ਦੇ ਜੀਆ ਗੁਆ ਚੁੱਕੇ ਹਨ। ਕਈਆਂ ਦੇ ਘਰ ਸੱਥਰ ਵਿਛ ਗਏ। ਕਈ ਪਰਿਵਾਰਾਂ ਦੇ ਜੁਆਨ ਪੁੱਤ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਹਨ। ਯੂ ਪੀ ਦੇ ਲਖੀਮਪੁਰ ਵਿੱਚ ਵਾਪਰੀ ਘਟਨਾ ਨੇ ਜ਼ਿਆਦਤੀਆਂ ਦੇ ਹੱਦਾਂ ਬੰਨ੍ਹੇ ਪਾਰ ਕਰ ਦਿੱਤੇ ਹਨ।

ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰੀ ਖੀਰੀ ਹਿੰਸਾ ਵਿੱਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਭਾਵੇਂ 45-45 ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਜਿਨ੍ਹਾਂ ਪਰਿਵਾਰਾਂ ਦੇ ਪੁੱਤ, ਪਤੀ ਜਾਂ ਭਰਾ ਵਿਛੜ ਗਏ ਉਨ੍ਹਾਂ ਲਈ ਇਹ ਪੈਸੇ ਬਹੁਤ ਨਿਗੂਣੇ ਹਨ। ਰਾਜ ਦੇ ਏਡੀਜ (ਅਮਨ ਤੇ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਜ਼ਖ਼ਮੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਵੇਗੀ। ਗੁੱਸੇ ਨਾਲ ਭਰੇ ਕਿਸਾਨਾਂ ਦੀ ਸ਼ਿਕਾਇਤ ‘ਤੇ ਐੱਫਆਈਆਰ ਵੀ ਦਰਜ ਕਰ ਲਈ ਜਾਵੇਗੀ। ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇਗੀ।

- Advertisement -

ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਮਤਾਬਿਕ ਲਖੀਮਪੁਰ ਖੀਰੀ ਹਿੰਸਾ ਦੇ ਸੰਬੰਧ ਵਿੱਚ ਪ੍ਰਦੇਸ਼ ਦੀ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਕੁਝ ਹੋਰ ਲੋਕਾਂ ਦੇ ਵਿਰੁੱਧ ਐੱਫਆਈਰਆਰ ਤਾਂ ਦਰਜ ਕਰ ਲਈ ਹੈ, ਪਰ ਇਨਸਾਫ ਮਿਲਣ ਨੂੰ ਵਕਤ ਲੱਗਣ ਦਾ ਖਦਸ਼ਾ ਹੈ। ਉਧਰ ਪੁਲਿਸ ਨੇ ਇੱਕ ਹੋਰ ਐੱਫਆਈਆਰ ਕਿਸਾਨਾਂ ਦੇ ਖਿਲਾਫ਼ ਵੀ ਦਰਜ ਕਰ ਲਈ ਹੈ। ਲਖੀਮਪੁਰ ਖੀਰੀ ਵਿੱਚ ਪ੍ਰਸ਼ਾਸਨ ਨਾਲ ਚੱਲ ਰਹੀ ਗੱਲਬਾਤ ਵਿੱਚ ਕਿਸਾਨਾਂ ਦੀਆਂ ਕਈ ਮੰਗਾਂ ਸ਼ਾਮਿਲ ਹਨ। ਉਹ ਇਹ ਵੀ ਮੰਗ ਕਰ ਰਹੇ ਕਿ ਆਸ਼ੀਸ਼ ਮਿਸ਼ਰਾ ਨੂੰ ਹਿਰਾਸਤ ਵਿੱਚ ਲਿਆ ਜਾਵੇ।

ਮੀਡੀਆ ਰਿਪੋਰਟਾਂ ਅਨੁਸਾਰ ਲਖੀਮਪੁਰ ਜ਼ਿਲ੍ਹਾ ਮੁੱਖ ਦਫਤਰ ਤੋਂ ਨੇਪਾਲ ਦੀ ਸਰਹੱਦ ਨੇੜਲੇ ਤਿਕੂਨੀਆਂ ਪਿੰਡ ‘ਚ ਵਾਪਰੀ ਹਿੰਸਾ ਅਤੇ ਅਗਨੀ ਕਾਂਡ ਵਿੱਚ ਅੱਠ ਲੋਕਾਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਚਾਰ ਕਿਸਾਨ ਅਤੇ ਚਾਰ ਹੋਰ ਲੋਕ ਸ਼ਾਮਲ ਹਨ। ਚਾਰ ਹੋਰਨਾਂ ਵਿੱਚੋਂ ਦੋ ਭਾਜਪਾ ਵਰਕਰ ਅਤੇ ਦੋ ਡਰਾਈਵਰ ਵੀ ਸ਼ਾਮਿਲ ਹਨ। ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਣ ਦੀਆਂ ਵੀ ਰਿਪੋਰਟਾਂ ਹਨ।

ਕਿਵੇਂ ਹੋਈ ਹਿੰਸਾ

ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਲਖੀਮਪੁਰ ਖੀਰੀ ਵਿੱਚ ਆਉਣਾ ਸੀ। ਉਨ੍ਹਾਂ ਨੇ ਇਥੋਂ ਦੇ ਵੰਦਨ ਗਾਰਡਨ ‘ਚ ਸਰਕਾਰੀ ਸਕੀਮਾਂ ਦਾ ਨੀਂਹ ਪੱਥਰ ਰੱਖਣਾ ਸੀ। ਉਪ ਮੁੱਖ ਮੰਤਰੀ ਨੇ ਪਹਿਲਾਂ ਹੈਲੀਕਾਪਟਰ ਰਾਹੀਂ ਆਉਣਾ ਸੀ। ਅਚਾਨਕ ਸ਼ਨਿਚਰਵਾਰ ਸਵੇਰੇ ਉਹ ਸੜਕ ਰਾਹੀਂ ਲਖੀਮਪੁਰ ਪਹੁੰਚ ਗਏ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਨ ਅਤੇ ਉਨ੍ਹਾਂ ਦੇ ਕਾਫਲੇ ਘੇਰਨ ਦਾ ਸੱਦਾ ਦਿੱਤਾ ਹੋਇਆ ਸੀ। ਇਸ ਵਿੱਚ ਲਖੀਮਪੁਰ ਅਤੇ ਤਰਾਈ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ। ਬਾਅਦ ਦੁਪਹਿਰ ਡੇਢ ਕੁ ਵਜੇ ਦੇ ਕਰੀਬ ਮੰਤਰੀਆਂ ਦਾ ਲਖੀਮਪੁਰ ਦੇ ਮੁੱਖ ਜ਼ਿਲ੍ਹਾ ਦਫਤਰ ਤੋਂ ਯੋਜਨਾਵਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਦੋਵੇਂ ਮੰਤਰੀ ਨੇਪਾਲ ਸਰਹੱਦ ਨੇੜਲੇ ਪਿੰਡ ਬਨਵੀਰਪੁਰ ਲਈ ਰਵਾਨਾ ਹੋ ਗਏ। ਇਹ ਤਿਕੂਨੀਆਂ ਤੋਂ ਚਾਰ ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਤਿਕੂਨੀਆਂ ਦੇ ਇੱਕ ਸਕੂਲ ਵਿੱਚ 2 ਅਕਤੂਬਰ ਨੂੰ ਦੰਗਲ ਦੇ ਜੇਤੂਆਂ ਲਈ ਇੱਕ ਇਨਾਮ ਵੰਡ ਸਮਾਰੋਹ ਸੀ। ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਬਣਾਉਣ ਦੇ ਸਨਮਾਨ ਵਿੱਚ ਇਸ ਵਾਰ ਦਾ ਪ੍ਰੋਗਰਾਮ ਵੱਡਾ ਸੀ। ਇਥੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਮੁੱਖ ਮਹਿਮਾਨ ਸਨ ਪਰ ਸਥਾਨਕ ਕਿਸਾਨਾਂ ਨੇ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਨ ਦੀ ਯੋਜਨਾ ਬਣਾਈ ਹੋਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਲਖੀਮਪੁਰ ਦੇ ਸੰਪੂਰਣਾ ਨਗਰ ਵਿੱਚ ਹੋਏ ਕਿਸਾਨ ਸੰਮੇਲਨ ਵਿੱਚ ਮੰਤਰੀ ਅਜੇ ਮਿਸ਼ਰਾ ਮੰਚ ਤੋਂ ਕਿਸਾਨਾਂ ਨੂੰ ਧਮਕਾ ਰਹੇ ਸਨ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ। ਮੰਤਰੀ ਨੇ ਕਾਲੇ ਝੰਡੇ ਦਿਖਾਉਣ ਵਾਲੇ ਕਿਸਾਨਾਂ ਨੂੰ ਸ਼ਰੇਆਮ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਗੁੱਸਾ ਸੀ।

ਰਿਪੋਰਟਾਂ ਮੁਤਾਬਿਕ ਐਤਵਾਰ ਸਵੇਰ ਤੋਂ ਹੀ ਕਿਸਾਨ ਤਿਕੂਨੀਆਂ ਦੇ ਮਹਾਰਾਜਾ ਅਗਰਸੇਨ ਇੰਟਰ ਕਾਲਜ ਪਹੁੰਚ ਗਏ ਅਤੇ ਹੈਲੀਪੈਡ ਨੂੰ ਘੇਰਾ ਪਾ ਲਿਆ। ਉਧਰ ਕਿਸਾਨਾਂ ਨੂੰ ਪਤਾ ਲਗਾ ਕਿ ਮੰਤਰੀ ਸੜਕ ਰਾਹੀਂ ਪਿੰਡ ਪਹੁੰਚ ਰਹੇ ਹਨ। ਇਸ ਤੋਂ ਬਾਅਦ ਕਿਸਾਨ ਤਿਕੂਨੀਆਂ ਤੋਂ ਬਨਵੀਰਪੁਰ ਦੀ ਹੱਦ ‘ਤੇ ਰਸਤਾ ਰੋਕ ਕੇ ਧਰਨਾ ਲਾ ਕੇ ਬੈਠ ਗਏ। ਦੋ ਢਾਈ ਕੁ ਵਜੇ ਤਿੰਨ ਗੱਡੀਆਂ ਦਾ ਕਾਫਲਾ ਤਿਕੂਨੀਆਂ ਪਹੁੰਚ ਗਿਆ। ਅਜੇ ਮਿਸ਼ਰਾ ਟੇਨੀ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਕਾਫਲਾ ਉਪ ਮੁੱਖ ਮੰਤਰੀ ਦੇ ਵੱਡੇ ਨੂੰ ਬਨਵੀਰਪੁਰ ਪਿੰਡ ਤੱਕ ਲਿਆਉਣ ਲਈ ਰੇਲਵੇ ਫਾਟਕ ਤਕ ਗਏ ਸੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਦੋਸ਼ ਹੈ ਕਿ ਗੱਡੀਆਂ ਨੇ ਭੀੜ ਉੱਤੇ ਤੇਜ਼ੀ ਨਾਲ ਚੱਲਣ ਕਾਰਨ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਅਤੇ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਵਾਇਰਲ ਵੀਡੀਓਜ਼ ਵਿੱਚ ਕਿਸਾਨਾਂ ਦੀਆਂ ਲਾਸ਼ਾਂ ਸੜਕ ਦੇ ਕੰਢੇ ਪਈਆਂ ਨਜ਼ਰ ਆ ਰਹੀਆਂ ਹਨ। ਕਿਸਾਨ ਨੇਤਾਵਾਂ ਦਾ ਕਹਿਣਾ ਕਿ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵੀ ਉਸ ਕਾਰ ਵਿੱਚ ਸਵਾਰ ਸਨ। ਹਾਦਸੇ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਣ ਵਾਲੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਪਿੰਡਰ ਸਿੰਘ ਸਿੱਧੂ ਨੇ ਦੱਸਿਆ ਸਾਰਾ ਮਾਹੌਲ ਠੀਕ ਚੱਲ ਰਿਹਾ ਸੀ। ਮੰਤਰੀ ਦਾ ਪੁੱਤਰ ਗੁੰਡਿਆਂ ਨਾਲ ਆਇਆ ਜਿਹੜੇ ਕਿਸਾਨ ਉਥੇ ਝੰਡੇ ਲੈ ਕੇ ਖੜੇ ਸੀ। ਉਸ ਨੇ ਉਨ੍ਹਾਂ ਉਪਰ ਆਪਣੀ ਗੱਡੀ ਚੜ੍ਹਾ ਦਿੱਤੀ। ਉਸ ਨੇ ਇਸ ਘਟਨਾ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚਾਰ ਕਿਸਾਨ ਸ਼ਹੀਦ ਹੋ ਗਏ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾਉਣਾ ਤੇ ਕੁਚਲਣਾ ਕੀ ਕਾਰਾ ਹੈ। ਅਜਿਹੇ ਸਖਸ਼ ਸੱਤਾ ਦੇ ਨਸ਼ੇ ਵਿੱਚ ਚੂਰ ਹਨ। ਮੰਤਰੀ ਅਜੇ ਮਿਸ਼ਰਾ ਨੇ ਜਿਹੜੀ ਚੁਣੌਤੀ ਦਿੱਤੀ ਹੈ ਉਸ ਦਾ ਜਵਾਬ ਲੋਕ ਹਰ ਘਰ ‘ਚੋਂ ਨਿਕਲ ਕੇ ਦੇਣਗੇ।

ਉਧਰ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਆਪਣੇ ਬਚਾਅ ਵਿੱਚ ਕਹਿਣਾ ਹੈ ਕਿ ਉਨ੍ਹਾਂ ਦੇ ਪਾਰਟੀ ਵਰਕਰਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਕਹਿ ਰਹੇ ਕਿ ਉਨ੍ਹਾਂ ਦੀ ਕਾਰ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਉਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਅਜਿਹੀ ਘਟਨਾ ਵਾਪਰ ਜਾਏਗੀ।

- Advertisement -

ਲੋਕਤੰਤਰਿਕ ਦੇਸ਼ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਬੇਹੱਦ ਮੰਦਭਾਗਾ ਹੈ। ਲੋਕ ਨੁਮਾਇੰਦਿਆਂ ਨੂੰ ਲੋਕਾਂ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਨਾ ਕਿ ਹੱਕ ਮੰਗਣ ਵਾਲਿਆਂ ਉਪਰ ਤਸ਼ੱਦਦ ਢਾਹਿਆ ਜਾਵੇ। ਅਜਿਹੀਆਂ ਘਟਨਾਵਾਂ ਤੋਂ ਬਚਣ ਦੀ ਲੋੜ ਹੈ। ਰਾਜ ਕਰ ਰਹੇ ਆਗੂਆਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਸਥਿਤੀ ਨੂੰ ਸੰਜਮ ਨਾਲ ਸ਼ਾਂਤ ਕਰਨ ਅਤੇ ਲੋਕਾਂ ਨੂੰ ਹਿੰਸਕ ਹੋਣ ਤੋਂ ਬਚਾਉਣ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸੇ ਤਰ੍ਹਾਂ ਲਖੀਮਪੁਰ ਖੇੜੀ ਦਾ ਹਾਦਸਾ ਵੀ ਟਲ ਸਕਦਾ ਸੀ ਜੇ ਕੁਝ ਲੋਕ ਸਿਆਣਪ ਤੋਂ ਕੰਮ ਲੈਂਦੇ !

Share this Article
Leave a comment