ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ: ਸੁਖਜਿੰਦਰ ਰੰਧਾਵਾ

TeamGlobalPunjab
4 Min Read

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਅਤੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਡੇਅਰੀ ਉਦਯੋਗ ਉਤੇ ਪਏ ਮਾੜੇ ਪ੍ਰਭਾਵਾਂ ਦੇ ਚੱਲਦਿਆਂ ਵੇਰਕਾ ਨੇ ਇਕ ਵਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਪਿਛਲੇ ਦੋ ਮਹੀਨਿਆਂ ਵਿੱਚ ਦੂਜੀ ਪਾਰ ਪਸ਼ੂ ਖੁਰਾਕ ਦੇ ਭਾਅ ਘਟਾਉਣ ਦਾ ਫੈਸਲਾ ਕੀਤਾ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿੱਤਾ ਹੈ। ਇਸ ਕਦਮ ਨਾਲ ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫਾਇਦਾ ਹੋਵੇਗਾ।

ਰੰਧਾਵਾ ਨੇ ਦੱਸਿਆ ਕਿ ਵੇਰਕਾ ਵੱਲੋਂ ਸਿਧੇ ਤੌਰ ‘ਤੇ ਦਾਣਾ ਮੰਡੀਆਂ ਵਿੱਚੋਂ ਮੱਕੀ ਦੀ ਖਰੀਦ ਸ਼ੁਰੂ ਕੀਤੀ ਹੈ। ਵੇਰਕਾ ਵਲੋਂ ਮੰਡੀ ਵਿਚ ਜਾ ਕੇ ਸਿੱਧੀ ਖਰੀਦ ਕਰਨ ਨਾਲ ਜਿਥੇ ਵੇਰਕਾ ਨੂੰ ਵਧੀਆ ਕੁਆਲਟੀ ਦੀ ਮੱਕੀ ਪ੍ਰਾਪਤ ਹੋਈ ਹੈ ਉਥੇ ਕਿਸਾਨਾਂ ਨੂੰ ਵੀ ਪੈਦਾਵਾਰ ਦੇ ਵਾਜਬ ਰੇਟ ਮਿਲਣੇ ਸ਼ੁਰੂ ਹੋ ਗਏ ਹਨ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।
ਰੰਧਾਵਾ ਨੇ ਕਿਹਾ ਕਿ ਦੁੱਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿੱਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦਾ ਪੂਰਾ ਧਿਆਨ ਰੱਖੇਗੀ।

ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਕਿਸਾਨਾਂ ਦਾ ਆਪਣਾ ਅਦਾਰਾ ਹੈ ਜੋ ਕਿ ਦੁੱਧ ਉਤਪਾਦਕਾਂ ਦੇ ਹਿਤਾਂ ਲਈ ਹਮੇਸ਼ਾ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। ਵੇਰਕਾ ਵਲੋਂ ਦੁੱਧ ਉਤਪਾਦਕਾਂ ਦੇ ਦੁੱਧ ਦੀ ਖਰੀਦ ਹੀ ਨਹੀਂ ਕੀਤੀ ਜਾਂਦੀ ਸਗੋਂ ਦੁੱਧ ਉਤਪਾਦਕਾਂ ਦੇ ਲਈ ਵਧਿਆ ਗੁਣਵਤਾ ਦੀ ਪਸ਼ੂ ਖੁਰਾਕ ਵਾਜਬ ਰੇਟਾਂ ‘ਤੇ ਮੁਹੱਈਆ ਕਰਵਾਈ ਜਾਂਦੀ ਹੈ। ਵੇਰਕਾ ਵਲੋਂ ਡੇਅਰੀ ਕਿਸਾਨਾਂ ਨੂੰ ਤਕਨੀਕੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ ਜਿਵੇ ਕਿ ਡੇਅਰੀ ਕਿਸਾਨਾਂ ਦੇ ਪਸ਼ੂਆਂ ਲਈ ਡਾਕਟਰੀ ਸਹੂਲਤ ਅਤੇ ਸਸਤੀ ਦਵਾਈਆਂ, ਵਧੀਆ ਕੁਆਲਟੀ ਦਾ ਵੀਰਜ, ਮਨਸੂਈ ਗਰਭਦਾਨ ਸੇਵਾਵਾਂ ਅਤੇ ਉੱਚ ਕੁਆਲਟੀ ਦਾ ਬੀਜ ਸਸਤੇ ਰੇਟਾਂ ਤੇ ਪਹੁੰਚਾਇਆ ਜਾਂਦਾ ਹੈ।

- Advertisement -

ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪਿਛਲੇ ਕੁਛ ਸਮੇ ਤੋਂ ਪੂਰੀ ਦੁਨੀਆ ਕੋਰੋਨਾ ਦਾ ਕਹਿਰ ਝੱਲ ਰਹੀ ਹੈ ਜਿਸ ਨਾਲ ਹਰ ਵਰਗ ਦੇ ਉਦਯੋਗਾਂ ਉਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਹਿਰ ਸਦਕਾ ਡੇਅਰੀ ਕਿਸਾਨਾਂ ਲਈ ਇਹ ਸਮਾਂ ਕਾਫੀ ਚੁਣੌਤੀਪੂਰਨ ਰਿਹਾ ਹੈ। ਇਸ ਔਖੀ ਘੜੀ ਵਿਚ ਵੇਰਕਾ ਨੇ ਕਿਸਾਨਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਸਹਾਰਾ ਦੇਣ ਲਈ ਪਹਿਲਾ ਮਈ ਮਹੀਨੇ ਵਿਚ ਪਸ਼ੂ ਖੁਰਾਕ ਦੇ ਰੇਟ ਘਟਾਏ ਅਤੇ ਹੁਣ ਦੋ ਮਹੀਨਿਆਂ ਬਾਅਦ ਦੂਜੀ ਵਾਰ ਫੇਰ ਰੇਟ ਘਟਾਉਣ ਦਾ ਫੈਸਲਾ ਕੀਤਾ ਗਿਆ।

ਸੰਘਾ ਨੇ ਕਿਹਾ ਕਿ ਕੋਵਿਡ-19 ਕਰਕੇ ਹੋਏ ਲੌਕਡਾਊਨ ਸਮੇਂ ਵੇਰਕਾ ਨੇ ਆਪਣੀ ਸਮਰੱਥਾ ਤੋਂ ਵੱਧ ਦੁੱਧ ਉਤਪਾਦਕਾਂ ਦੇ ਦੁੱਧ ਦੀ ਖਰੀਦ ਕੀਤੀ ਅਤੇ ਕਿਸਾਨਾਂ ਦੇ ਡੇਅਰੀ ਦੇ ਧੰਦੇ ਨੂੰ ਢਾਅ ਨਹੀਂ ਲੱਗਣ ਦਿੱਤੀ। ਵੇਰਕਾ ਦੇ ਦੋਵੇਂ ਪਸ਼ੂ ਖੁਰਾਕ ਪਲਾਂਟ ਜੋ ਕਿ ਖੰਨਾ (ਲੁਧਿਆਣਾ) ਅਤੇ ਘਣੀਆ ਕੇ ਬਾਂਗਰ (ਗੁਰਦਾਸਪੁਰ) ਵਿਖੇ ਸਥਿਤ ਹਨ, ਨੇ ਵੀ ਆਪਣੀ ਪੂਰੀ ਸਮਰੱਥਾ ਵਿਚ ਕੰਮ ਕਰਦਿਆਂ ਕਿਸਾਨ ਭਰਾਵਾਂ ਦੇ ਦੁਧਾਰੂ ਪਸ਼ੂਆਂ ਲਈ ਉੱਚ ਗੁਣਵਤਾ ਵਾਲੀ ਪਸ਼ੂ ਖੁਰਾਕ ਉਪਲਬਧ ਕਾਰਵਾਈ ਅਤੇ ਪਸ਼ੂਆਂ ਨੂੰ ਖੁਰਾਕ ਦੀ ਕਮੀ ਨਹੀਂ ਆਉਣ ਦਿੱਤੀ। ਇਸ ਤੋਂ ਇਲਾਵਾ ਵੇਰਕਾ ਵਲੋਂ ਕਿਸਾਨ ਭਰਾਵਾਂ ਨੂੰ ਦਿਤੀਆਂ ਜਾ ਰਹੀਆਂ ਤਕਨੀਕੀ ਸੇਵਾਵਾਂ ਵੀ ਜਾਰੀ ਰੱਖੀਆਂ ਗਈਆਂ। ਇਹ ਸਾਰਾ ਪ੍ਰਬੰਧ ਵੇਰਕਾ ਵਲੋਂ ਕੋਵਿਡ-19 ਤੋਂ ਬਚਾਵ ਲਈ ਕੇਂਦਰੀ ਅਤੇ ਪੰਜਾਬ ਸਰਕਾਰ ਵਲੋਂ ਸਮੇ- ਸਮੇ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।

Share this Article
Leave a comment