ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਲਈ ਗਦਾਰ ਹੈ : ਹਰਪਾਲ ਸਿੰਘ ਚੀਮਾ

TeamGlobalPunjab
3 Min Read

ਚੰਡੀਗੜ੍ਹ,  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲੈਣਾ ਚਾਹੀਦਾ, ਉਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਕਿਹਾ ਕਿ ਇਹ ਬਿਆਨ ਕੈਪਟਨ ਦਾ ਕਿਸਾਨਾਂ ਦੇ ਪ੍ਰਤੀ ਦੋਗਲੇ ਚਰਿੱਤਰ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੇ ਬਿਆਨ ਤੋਂ ਸਾਬਤ ਹੋਇਆ ਕਿ ਕੈਪਟਨ ਮੋਦੀ ਸਰਕਾਰ ਨਾਲ ਮਿਲੀਭੁਗਤ ਦੇ ਤਹਿਤ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਟਾਲਣ ਦੀ ਨੀਅਤ ਨਾਲ ਖੇਤੀ ਕਾਨੂੰਨ ਨੂੰ ਦੋ ਸਾਲ ਲਈ ਲਾਗੂ ਹੋਣ ਤੋਂ ਰੋਕਣ ਦਾ ਪ੍ਰਸਤਾਵ ਦਿੱਤਾ ਹੈ। ਮੋਦੀ ਸਰਕਾਰ ਦੀ ਨੀਅਤ ਕਦੇ ਵੀ ਕਿਸਾਨਾਂ ਦੇ ਪ੍ਰਤੀ ਚੰਗੀ ਨਹੀਂ ਰਹੀ ਹੈ।

ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਸਾਜਿਸ਼ ਵਿਚ ਸਹਿਯੋਗ ਕਰਕੇ ਕੈਪਟਨ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਨ੍ਹਾਂ ਮੋਦੀ-ਸ਼ਾਹ ਨਾਲ ਪੰਜਾਬ ਦੇ ਕਿਸਾਨਾਂ ਦਾ ਸਮਝੌਤਾ ਕੀਤਾ ਹੈ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਕਹਿੰਦੀ ਆ ਰਹੀ ਹੈ ਕਿ ਕੈਪਟਨ ਮੋਦੀ ਸਰਕਾਰ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਇਹ ਗੱਲ ਸੱਚ ਸਾਬਤ ਹੋਈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ। ਉਹ ਪੰਜਾਬ ਦੇ ਲੋਕਾਂ ਲਈ ਇਕ ਗਦਾਰ ਹਨ। ਉਨ੍ਹਾਂ ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਹਰ ਵਾਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਸ਼ੁਰੂ ਤੋਂ ਹੀ ਭਾਜਪਾ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਰਾਬਰ ਰੈਲੀਆਂ ਅਤੇ ਪ੍ਰੋਗਰਾਮ ਕੀਤੇ। ਪਹਿਲਾਂ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਪਾਸ ਕਰ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਨ੍ਹਾਂ ਆਪਣੇ ਸੰਸਦ ਮੈਂਬਰਾਂ ਅਤੇ ਕਾਂਗਰਸ ਆਗੂਆਂ ਨੂੰ ਜੰਤਰ ਮੰਤਰ ਉੱਤੇ ਧਰਨੇ ਲਈ ਬੈਠਾ ਕੇ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਵਾਰ-ਵਾਰ ਕਿਸਾਨ ਅੰਦੋਲਨ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਲੇ ਖੇਤੀ ਕਾਨੂੰਨ ਦੇ ਮੁੱਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਭਾਜਪਾ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਸਾਜਿਸ਼ ਰਚੀ ਅਤੇ ਅੰਦੋਲਨ ਨੂੰ ਕਮਜੋਰ ਕਰਨ ਦੀ ਰਣਨੀਤੀ ਬਣਾਈ। ਅੱਜ ਉਨ੍ਹਾਂ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਚੁੱਕਾ ਹੈ। ਪੰਜਾਬ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ਕੈਪਟਨ ਮੋਦੀ-ਸ਼ਾਹ ਨਾਲ ਮਿਲਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਬਕਾਇਦਾ ਭਾਜਪਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ। ਪੰਜਾਬ ਦੇ ਲੋਕ ਇਸ ਗਦਾਰੀ ਲਈ ਕੈਪਟਨ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।

Share this Article
Leave a comment