ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਸਮਾਗਮ

Global Team
5 Min Read

ਜਗਤਾਰ ਸਿੰਘ ਸਿੱਧੂ

(ਮੈਨੇਜਿੰਗ ਐਡੀਟਰ)

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੁਨੀਆਂ ਭਰ ‘ਚ ਬੈਠਾ ਪੰਜਾਬੀ ਅਤੇ ਸਿੱਖ ਭਾਈਚਾਰਾ ਨਤਮਸਤਕ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਕੇਂਦਰ ਵੱਲੋਂ ਮਨਾਏ ਜਾਣ ਦੇ ਸੱਦੇ ਨੇ ਇਕ ਨਿਵੇਕਲਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦਿੱਲੀ ‘ਚ ਕੀਤੇ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਾਹਿਬਾਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਸੁਨੇਹਾ ਦੇਸ਼ ਦੇ ਹਰ ਕੌਨੇ ‘ਚ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਕਈ ਕੇਂਦਰੀ ਮੰਤਰੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਉੱਘੀਆਂ ਹਸਤੀਆਂ ਪਹੁੰਚੀਆਂ ਹੋਈਆਂ ਸਨ। ਸਾਰਿਆਂ ਵੱਲੋਂ ਹੀ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਸ਼ ਦੀ ਬਹੁਤ ਵੱਡੀ ਵਿਰਾਸਤ ਹੈ। ਅਗਲੀ ਪੀੜੀ ਲਈ ਦੇਸ਼ ਅਤੇ ਮਾਨਵਤਾ ਲਈ ਸ਼ਹਾਦਤ ਦੇਣ ਦਾ ਇਹ ਬਹੁਤ ਵੱਡਾ ਸੁਨੇਹਾ ਹੈ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਸਹੀ ਨਹੀਂ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਵੀਰ ਬਾਲ ਦਿਵਸ’ ਦਿਹਾੜੇ ਨੂੰ ਰੱਦ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਦਿਹਾੜੇ ਨੂੰ ਸ਼ਾਹਿਬਜਾਦਿਆਂ ਦੀ ‘ਸ਼ਹਾਦਤ ਦਿਵਸ’ ਵਜੋਂ ਹੀ ਮਨਾਇਆ ਜਾਵੇ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਤੋਂ ਪਹਿਲਾਂ ਇਸ ਮਾਮਲੇ ਬਾਰੇ ਕਈ ਪੱਤਰ ਵੀ ਲਿੱਖੇ ਗਏ ਹਨ ਪਰ ਇਸ ਦਾ ਕੋਈ ਜਵਾਬ ਨਹੀਂ ਮਿਲਿਆ। ਸ਼੍ਰੋਮਣੀ ਕਮੇਟੀ ਸਮਝਦੀ ਹੈ ਕਿ ਇਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਅੰਦਰ ਕੇਂਦਰ ਦਾ ਸਿੱਧਾ ਦਖ਼ਲ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਾਹਿਬਜ਼ਾਦਿਆਂ ਨੂੰ ਸੱਚ-ਮੁੱਚ ਹੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਨਾ ਚਾਹੁੰਦਾ ਹੈ ਤਾਂ ਸ਼ਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ‘ਚ ਕੀ ਪਰੇਸ਼ਾਨੀ ਹੈ ?

ਸ਼੍ਰੋਮਣੀ ਕਮੇਟੀ ਨੂੰ ਇਹ ਵੀ ਇਤਰਾਜ਼ ਹੈ ਕਿ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਮਨਾਉਣ ਲਈ ਨਾਂ ਰਖਣ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੋਈ ਵਿਚਾਰ ਚਰਚਾ ਹੀ ਨਹੀਂ ਕੀਤੀ ਗਈ।

ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ‘ਚ ਸਖ਼ਤ ਇਤਰਾਜ਼ ਕੀਤਾ ਹੈ ਪਰ ਕਈ ਦੂਜੀਆਂ ਪੰਥਕ ਧਿਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ‘ਤੇ ਵਿਰੋਧ ਕਰ ਰਹੀ ਹੈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਕਿਉਂ ਜੋ ਕੇਂਦਰ ਵਲੋਂ ਅਕਾਲੀ ਦਲ ਦੇ ਆਗੂਆਂ ਨੂੰ ਪੁੱਛਿਆ ਨਹੀਂ ਗਿਆ ਤਾਂ ਇਸ ਤਰ੍ਹਾਂ ਦੇ ਇਤਰਾਜ਼ ਉਠਾਏ ਜਾ ਰਹੇ ਹਨ। ਕੇਵਲ ਇਹਨਾਂ ਹੀ ਨਹੀਂ ਸਗੋਂ ਭਾਜਪਾ ਦੇ ਹਲਕਿਆਂ ਦਾ ਕਹਿਣਾ ਹੈ ਕਿ ‘ਵੀਰ ਬਾਲ ਦਿਵਸ’ ਮਨਾਉਣ ਦਾ ਜਦੋਂ ਫੈਸਲਾ ਲਿਆ ਗਿਆ ਸੀ ਤਾਂ ਉਸ ਵੇਲੇ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ‘ਚ ਸਨ ਤਾਂ ਉਹਨਾਂ ਵਲੋਂ ਉਸ ਵੇਲੇ ਇਤਰਾਜ਼ ਕਿਉਂ ਨਹੀਂ ਕੀਤਾ ਗਿਆ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਦੇਸ਼ ‘ਚ ਐਨੀਂ ਵੱਡੀ ਪੱਧਰ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਗਿਆ ਹੈ ਤਾਂ ਘੱਟੋ-ਘੱਟ ਇਸ ਮੌਕੇ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਨੂੰ ਇਸ ਤਰ੍ਹਾਂ ਦੀ ਅਲੋਚਨਾ ਨਹੀਂ ਕਰਨੀ ਚਾਹੀਦੀ। ਚਾਹੇ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਵਿਚਕਾਰ ਦਿਵਸ ਦਾ ਨਾਂ ਰੱਖਣ ਦੇ ਮੁੱਦੇ ਉਪਰ ਮੱਤਭੇਦ ਹਨ ਪਰ ਇਹ ਸਹੀ ਹੈ ਕਿ ਦੇਸ਼ ਭਰ ਵਿਚ ਵੱਡੀ ਪੱਧਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ‘ਵੀਰ ਬਾਲ ਦਿਵਸ’ ਮਨਾਇਆ ਗਿਆ ਹੈ। ਵੱਖ-ਵੱਖ ਰਾਜਾਂ ‘ਚ ਸਕੂਲਾਂ ਦੇ ਵਿਦਿਆਰਥੀਆਂ ਕੋਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਬਾਰੇ ਲੇਖ ਲਖਾਏ ਗਏ ਹਨ। ਯੂਪੀ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪੋ ਆਪਣੇ ਰਾਜਾਂ ਵਿਚ ‘ਵੀਰ ਬਾਲ ਦਿਵਸ’ ਦੇ ਨਾਂ ਹੇਠ ਸਮਾਗਮ ਵੀ ਕੀਤੇ ਹਨ।

ਸਾਹਿਬਾਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਕੌਮੀ ਪੱਧਰ ਤੇ ਮਨਾਇਆ ਜਾਣਾ ਇਕ ਸ਼ਲਾਘਾਯੋਗ ਉਪਰਾਲਾ ਹੈ ਪਰ ਕੇਂਦਰ ਸਰਕਾਰ ਨੂੰ ਭਵਿੱਖ ‘ਚ ਇਸ ਮਾਮਲੇ ‘ਚ ਸਿੱਖ-ਸੰਸਥਾਵਾਂ ਦੀ ਰਾਏ ਵੀ ਲੈਣੀ ਚਾਹੀਦੀ ਹੈ ਤਾਂ ਜੋ ਇਸ ਪਵਿੱਤਰ ਦਿਹਾੜੇ ਬਾਰੇ ਕਿਸੇ ਤਰ੍ਹਾਂ ਦੀ ਕਿੰਤੂ-ਪਰੰਤੂ ਜਾਂ ਰਾਜਨੀਤੀ ਕਰਨ ਦੀ ਗੁੰਜਾਇਸ਼ ਨਾ ਰਹੇ। ਇਸੇ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਲੱਖਾਂ-ਸ਼ਰਧਾਲੁ ਸਾਹਿਬਜ਼ਾਦਿਆਂ ਨੂੰ ਸ਼ਰਧਾੰਜਲੀ ਦੇਣ ਲਈ ਨਤਮਸਤਕ ਹੋ ਰਹੇ ਹਨ ।

Share This Article
Leave a Comment