ਨਿਊਜ਼ ਡੈਸਕ: ਮੁੰਬਈ ਸੈਂਟਰਲ ਅਤੇ ਗੁਜਰਾਤ ਦੇ ਗਾਂਧੀਨਗਰ ਵਿਚਕਾਰ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਵੀਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 11.15 ਵਜੇ ਵਟਵਾ ਸਟੇਸ਼ਨ ਤੋਂ ਮਨੀਨਗਰ ਵਿਚਕਾਰ ਰੇਲਵੇ ਲਾਈਨ ‘ਤੇ ਮੱਝਾਂ ਦੇ ਝੁੰਡ ਦੇ ਆਉਣ ਕਾਰਨ ਵਾਪਰਿਆ। ਟਰੇਨ ਦੇ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਪੱਛਮੀ ਰੇਲਵੇ ਦੇ ਸੀਨੀਅਰ ਪੀਆਰਓ ਜੇਕੇ ਜੈਅੰਤੀ ਨੇ ਇਹ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਇਸ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਟਰੇਨ ਅਹਿਮਦਾਬਾਦ ਰੇਲਵੇ ਸਟੇਸ਼ਨ ਦੇ ਪਲੇਟਫਾਰਮ 9 ਤੋਂ ਦੁਪਹਿਰ 2 ਵਜੇ ਰਵਾਨਾ ਹੋਈ ਅਤੇ ਸ਼ਾਮ 7.30 ਵਜੇ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਪਹੁੰਚੀ। ਨਵੀਂ ‘ਵੰਦੇ ਭਾਰਤ ਐਕਸਪ੍ਰੈਸ’ ਅਰਧ-ਹਾਈ ਸਪੀਡ ਟਰੇਨ ਨੇ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ 492 ਕਿਲੋਮੀਟਰ ਦਾ ਸਫ਼ਰ ਸਾਢੇ ਪੰਜ ਘੰਟੇ ਵਿੱਚ ਤੈਅ ਕੀਤਾ।
ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਰਾਜਧਾਨੀਆਂ ਨੂੰ ਜੋੜਨ ਵਾਲੀ, ਇਹ ਟਰੇਨ ਵੰਦੇ ਭਾਰਤ ਟ੍ਰੇਨਾਂ ਦੀ ਲੜੀ ਦੀ ਤੀਜੀ ਟਰੇਨ ਹੈ, ਜੋ ਦੇਸ਼ ਵਿੱਚ ਚਲਾਈ ਗਈ ਹੈ। ਇਸ ਲੜੀ ਦੀ ਪਹਿਲੀ ਟਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਸ਼ੁਰੂ ਕੀਤੀ ਗਈ ਸੀ ਜਦੋਂ ਕਿ ਦੂਜੀ ਟਰੇਨ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ, ਕਟੜਾ ਵਿਚਕਾਰ ਸ਼ੁਰੂ ਕੀਤੀ ਗਈ ਸੀ।