ਵੈਨਕੂਵਰ: ਵੈਨਕੂਵਰ ਵਿੱਚ 34 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੀਲਮ ਕਮਲਜੀਤ ਸਿੰਘ ਗਰੇਵਾਲ ਨੂੰ ਜਦੋਂ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਮਿਲੇ, ਤਾਂ ਉਸ ਦੀ ਜ਼ਿੰਦਗੀ ਹੀ ਬਦਲ ਗਈ, ਅਤੇ ਉਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦਿੱਤਾ ਗਿਆ ਆਪਣਾ ਕਬੂਲਨਾਮਾ ਵਾਪਸ ਲੈਣ ਦਾ ਫੈਸਲਾ ਕੀਤਾ।
ਗਰੇਵਾਲ, ਜੋ 1991 ਵਿੱਚ 18 ਸਾਲ ਦੀ ਉਮਰ ਵਿੱਚ ਕੈਨੇਡਾ ਆਇਆ ਸੀ, ਨੇ ਦਾਅਵਾ ਕੀਤਾ ਕਿ ਜੇ ਵਕੀਲ ਨੇ ਇਮੀਗ੍ਰੇਸ਼ਨ ਨਤੀਜਿਆਂ ਬਾਰੇ ਸਹੀ ਜਾਣਕਾਰੀ ਦਿੱਤੀ ਹੁੰਦੀ, ਤਾਂ ਉਹ ਕਦੇ ਵੀ ਗੁਨਾਹ ਨਾ ਮੰਨਦਾ। ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਅਪੀਲ ਅਦਾਲਤ ਵਿੱਚ ਮੁਕੱਦਮੇ ਨੂੰ ਮੁੜ ਚਲਾਉਣ ਦੀ ਮੰਗ ਕੀਤੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਗਰੇਵਾਲ ਦਾ ਵਿਆਹ ਹੋ ਚੁੱਕਾ ਸੀ, ਪਰਿਵਾਰ ਵਧ ਰਿਹਾ ਸੀ, ਪਰ ਬਦਕਿਸਮਤੀ ਨਾਲ ਉਹ ਹੈਰੋਇਨ ਦਾ ਆਦੀ ਬਣ ਗਿਆ। ਦਸੰਬਰ 2015 ਅਤੇ ਜੂਨ 2016 ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਹੋਈਆਂ, ਜਿੱਥੇ ਪੁਲਿਸ ਨੇ ਉਸ ਕੋਲੋਂ ਮਾਮੂਲੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੇ ਬਰਾਮਦ ਕੀਤੇ ਅਤੇ ਕਈ ਦੋਸ਼ ਲਾਏ। ਕੈਨੇਡੀਅਨ ਨਾਗਰਿਕ ਨਾ ਹੋਣ ਕਾਰਨ, ਇਮੀਗ੍ਰੇਸ਼ਨ ਮੁਸ਼ਕਲਾਂ ਉਸ ਨੂੰ ਪਰੇਸ਼ਾਨ ਕਰ ਰਹੀਆਂ ਸਨ, ਕਿਉਂਕਿ ਉਸ ਦੀ ਪਤਨੀ ਅਤੇ ਤਿੰਨ ਬੱਚੇ ਉਸ ‘ਤੇ ਨਿਰਭਰ ਸਨ। ਜੁਲਾਈ 2018 ਵਿੱਚ, ਨਵੇਂ ਵਕੀਲ ਦੀ ਸਲਾਹ ‘ਤੇ ਗਰੇਵਾਲ ਨੇ ਗੁਨਾਹ ਕਬੂਲ ਕਰ ਲਿਆ, ਇਹ ਸੋਚ ਕੇ ਕਿ ਇਮੀਗ੍ਰੇਸ਼ਨ ਮੁਸ਼ਕਲਾਂ ਨਹੀਂ ਆਉਣਗੀਆਂ, ਪਰ ਇਹ ਭਾਰੀ ਗਲਤੀ ਸੀ।
ਇਮੀਗ੍ਰੇਸ਼ਨ ਅਤੇ ਰਫਿਊਜੀ ਐਕਟ ਮੁਤਾਬਕ, ਅਜਿਹੇ ਅਪਰਾਧ ਜਿਸ ਦੀ ਸਜ਼ਾ 10 ਸਾਲ ਹੋ ਸਕਦੀ ਹੈ, ਪਰਮਾਨੈਂਟ ਰੈਜ਼ੀਡੈਂਸੀ ਰੱਦ ਕਰਨ ਦਾ ਕਾਰਨ ਬਣਦੀ ਹੈ। ਅਗਸਤ 2022 ਵਿੱਚ ਫੈਸਲਾ ਆਇਆ, ਅਤੇ ਦਸੰਬਰ 2023 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੰਮਨ ਜਾਰੀ ਕੀਤੇ, ਜਿਸ ਤੋਂ ਬਾਅਦ 19 ਜੁਲਾਈ 2024 ਨੂੰ ਡਿਪੋਰਟੇਸ਼ਨ ਦੇ ਹੁਕਮ ਮਿਲੇ। ਗਰੇਵਾਲ ਨੇ ਅਪੀਲ ਵਿੱਚ ਦੱਸਿਆ ਕਿ ਫੋਨ ਰਾਹੀਂ ਕਬੂਲਨਾਮੇ ਦੀ ਪ੍ਰਕਿਰਿਆ ਦੌਰਾਨ ਪੰਜਾਬੀ ਵਿੱਚ ਸਮਝਾਉਣ ਵਾਲਾ ਦੁਭਾਸ਼ੀਆ ਨਹੀਂ ਸੀ। ਅਪੀਲ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਮੰਨਦਿਆਂ ਕਬੂਲਨਾਮਾ ਰੱਦ ਕਰ ਦਿੱਤਾ ਅਤੇ ਮੁਕੱਦਮੇ ਨੂੰ ਨਵੇਂ ਸਿਰੇ ਤੋਂ ਚਲਾਉਣ ਦੇ ਹੁਕਮ ਜਾਰੀ ਕੀਤੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।