ਨਰਮੇ ਕਪਾਹ ਦੇ ਵਧੇਰੇ ਝਾੜ ਲਈ ਉਤਪਾਦਕਾਂ ਵਾਸਤੇ ਮੁੱਲਵਾਨ ਨੁਕਤੇ

TeamGlobalPunjab
18 Min Read

– ਕੁਲਵੀਰ ਸਿੰਘ

– ਹਰਜੀਤ ਸਿੰਘ

– ਪੰਕਜ ਰਾਠੌਰ

 

- Advertisement -

ਨਰਮਾ ਦੱਖਣੀ ਪੱਛਮੀ ਪੰਜਾਬ ਵਿੱਚ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ ਅਤੇ ਖਾਸ ਕਰਕੇ ਨਰਮਾ ਪੱਟੀ ਵਾਲੇ ਜ਼ਿਲ੍ਹਿਆਂ ਦੀ ਖੇਤੀ ਆਰਥਿਕਤਾ ਇਸ ਫ਼ਸਲ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਸਾਲ 2019-20 ਦੌਰਾਨ ਨਰਮੇ-ਕਪਾਹ ਦਾ 778 ਕਿਲੋ ਰੂੰ ਪ੍ਰਤੀ ਏਕੜ ਰਿਕਾਰਡ ਝਾੜ ਪ੍ਰਾਪਤ ਹੋਇਆ। ਪਿਛਲੇ ਦਹਾਕੇ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਦਾ ਰਕਬਾ ਨਰਮੇ ਤੋਂ ਘੱਟ ਕੇ ਝੋਨੇ ਹੇਠ ਆਇਆ ਹੈ ਪਰੰਤੂ ਕਿਸਾਨ ਵੀਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨਾਂ ਦੀ ਮਿੱਟੀ/ਜ਼ਮੀਨ ਅਤੇ ਪਾਣੀ ਸੰਬੰਧੀ ਸਮੱਸਿਆਵਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਿੱਟੇ ਲੈ ਕੇ ਆਉਣਗੀਆਂ। ਦੱਖਣੀ ਪੱਛਮੀ ਪੰਜਾਬ ਵਿੱਚ ਨਰਮੇ-ਕਪਾਹ ਦੀ ਕਾਸ਼ਤ ਹੀ ਢੁਕਵੀਂ ਹੈ। ਜੇਕਰ ਅਸੀਂ ਝੋਨੇ ਹੇਠੋਂ ਰਕਬਾ ਘਟਾਉਣਾ ਹੈ ਅਤੇ ਖੇਤੀ ਵਿੱਚ ਵੰਨ-ਸੁਵੰਨਤਾ ਲਿਆਉਣੀ ਹੈ ਤਾਂ ਨਰਮੇ ਕਪਾਹ ਦੀ ਤਕਨੀਕੀ ਕਾਸ਼ਤ ਨੂੰ ਤਰਜੀਹ ਦੇਣੀ ਪਵੇਗੀ। ਸੁਧਰੀਆਂ ਕਿਸਮਾਂ ਬਾਰੇ ਸਹੀ ਜਾਣਕਾਰੀ ਨਾ ਹੋਣਾ, ਪਿਛੇਤੀ ਬਿਜਾਈ, ਕੀੜੇ-ਮਕੌੜੇ ਅਤੇ ਨਦੀਨਾਂ ਦੀ ਸਮੱਸਿਆਵਾਂ, ਖਾਦਾਂ ਅਤੇ ਪਾਣੀ ਦੀ ਸੰਤੁਲਤ ਵਰਤੋਂ ਨਾ ਕਰਨਾ ਆਦਿ ਘੱਟ ਝਾੜ ਦੇ ਪ੍ਰਮੁੱਖ ਕਾਰਨ ਹਨ। ਬੀਤੇ ਵਰ੍ਹੇ 2019 ਦੌਰਾਨ ਸਪਰੇਅ ਆਦਿ ਤੇ ਬਹੁਤ ਘੱਟ ਖਰਚੇ ਦੇ ਬਾਵਜੂਦ ਰਿਕਾਰਡ ਝਾੜ ਅਤੇ ਚੰੰਗੇ ਭਾਅ ਕਾਰਨ ਇਸ ਸਾਲ ਨਰਮੇ ਹੇਠ ਰਕਬੇ ਦੇ ਵਧਣ ਦੀ ਸੰਭਾਵਨਾ ਹੈ। ਇਸ ਲੇਖ ਰਾਹੀਂ ਨਰਮਾ ਪਾਲਕਾਂ ਨਾਲ ਵਧੇਰੇ ਝਾੜ ਲਈ ਲੋੜੀਂਦੇ ਨੁਕਤੇ ਸਾਂਝੇ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਨੂੰ ਅਪਣਾ ਕੇ ਵੱਧ ਝਾੜ ਲੈਣ ਅਤੇ ਖੇਤੀ ਨੂੰ ਲਾਹੇਵੰਦ ਬਣਾ ਸਕਣ।

ਉਨਤ ਕਿਸਮਾਂ ਦੀ ਚੋਣ : ਸਹੀ ਕਿਸਮ ਦੀ ਚੋਣ ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ। ਨਰਮੇ-ਕਪਾਹ ਦੀ ਕਿਸਮ ਅਗੇਤੀ ਖਿੜਣ ਵਾਲੀ, ਵਧੇਰੇ ਝਾੜ ਦੇਣ ਵਾਲੀ ਅਤੇ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇ । ਯੂਨੀਵਰਸਿਟੀ ਵੱਲੋਂ ਵਿਕਸਿਤ ਬੀ.ਟੀ. ਨਰਮੇ ਦੀ ਨਵੀਂ ਕਿਸਮ ਪੀ.ਏ.ਯੂ. ਬੀ.ਟੀ.1 ਅਤੇ ਚਾਰ ਬੀ.ਟੀ. ਰਹਿਤ ਕਿਸਮਾਂ (ਐਫ 2228, ਐਲ.ਐਚ. 2108, ਐਫ 2383 ਅਤੇ ਐਲ.ਐਚ. 2076) ਸਿਫਾਰਸ਼ ਕੀਤੀਆਂ ਗਈਆਂ ਹਨ। ਖੇਤੀ ਯੂਨੀਵਰਸਿਟੀ ਵੱਲੋਂ ਦੇਸੀ ਕਪਾਹ ਦੀਆਂ ਵੀ ਤਿੰਨ ਕਿਸਮਾ (ਐਲ.ਡੀ.1019,ਐਫ.ਡੀ.ਕੇ. 124 ਅਤੇ ਐਲ.ਡੀ. 949) ਦੀ ਸਿਫਾਰਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਬੀ.ਟੀ. ਨਰਮੇ ਦੀ ਸਾਲ 2020 ਲਈ ਸਿਫਾਰਸ਼ ਦੋਗਲੀਆਂ ਕਿਸਮਾਂ ਬਾਰੇ ਵੀ ਬਿਜਾਈ ਸਮੇਂ ਤੋਂ ਪਹਿਲਾਂ ਹੀ ਵਿਸ਼ੇਸ਼ ਲੇਖ ਅਤੇ ਪ੍ਰਚੱਲਤ ਅਖਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਜਾਗਰੂਕ ਕੀਤਾ ਜਾਵੇਗਾ।

ਬੀ.ਟੀ. ਨਰਮਾ ਵੇਚਣ ਵਾਲੇ ਡੀਲਰਾਂ/ਦੁਕਾਨਦਾਰਾਂ ਵੱਲੋਂ ਵੀ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀ ਮਨਜ਼ੂਰਸੁਦਾ ਕਿਸਮਾਂ ਦੀ ਲਿਸਟ ਆਪਣੀ ਦੁਕਾਨਾਂ ਦੇ ਬਾਹਰ ਪ੍ਰਦਸ਼ਿਤ ਕੀਤੀ ਜਾਵੇਗੀ ਤਾਂ ਜੋ ਕਿਸਾਨ ਸਹੀ ਕਿਸਮਾਂ ਦੀ ਚੋਣ ਕਰ ਸਕਣ। ਵਧੇਰੇ ਰਕਬੇ ਵਿੱਚ ਬਿਜਾਈ ਲਈ ਕਿਸਾਨ ਵੀਰਾਂ ਨੂੰ ਕਦੇ ਵੀ ਸਿਰਫ ਇੱਕ ਕਿਸਮ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਕਿਸਾਨ 20 ਏਕੜ ਰਕਬਾ ਬੀਜਣਾ ਚਾਹੁੰਦਾ ਹੈ ਤਾਂ ਉਸ ਨੂੰ ਸਿਫਾਰਸ਼ ਕਿਸਮਾਂ ਵਿੱਚੋਂ ਹਰੇਕ ਕਿਸਮ ਥੱਲੇ ਤਕਰੀਬਨ 4-5 ਏਕੜ ਰਕਬਾ ਲਿਆਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕਿਸੇ ਇੱਕ ਕਿਸਮ ਨੂੰ ਬਿਮਾਰੀ/ਕੀੜਾ ਆਦਿ ਦਾ ਹਮਲਾ ਹੋਣ ਦੀ ਸੂਰਤ ਵਿੱਚ ਝਾੜ ਦੀ ਕਮੀ ਘੱਟ ਤੋਂ ਘੱਟ ਹੋਵੇਗੀ। ਹਲਕੀ ਤੇ ਰੇਤਲੀ ਜ਼ਮੀਨ ਵਿੱਚ ਬੀ.ਟੀ. ਨਰਮੇ ਦੀ ਬਿਜਾਈ ਤੋਂ ਸੰਕੋਚ ਕਰੋ ਕਿਉਂਕਿ ਪੱਤਿਆਂ ਦੀ ਲਾਲੀ ਅਤੇ ਸਾੜ ਰੋਗ ਵਧੇਰੇ ਹੁੰਦਾ ਹੈ।

ਖੇਤ ਦੀ ਤਿਆਰੀ : ਖੇਤ ਤਿਆਰ ਕਰਨ ਤੋਂ ਪਹਿਲਾਂ ਇੱਕ ਮੀਟਰ ਦੀ ਦੂਰੀ ਤੇ ਦੋ-ਤਰਫਾ ਡੂੰਘੀ ਵਹਾਈ (45-50 ਸੈਟੀਮੀਟਰ) ਟਰੈਕਟਰ ਨਾਲ ਚੱਲਣ ਵਾਲੇ ਸਬ-ਸਾਇਲਰ (ਤਹਿ-ਤੋੜ ਹਲ) ਨਾਲ ਕਰਨੀ ਚਾਹੀਦੀ ਹੈ । ਕਣਕ ਦੀ ਵਾਢੀ ਤੋਂ ਪਿੱਛੋਂ ਖੇਤ ਨੂੰ ਦੋ-ਤਿੰਨ ਵਾਰ ਡਿਸਕਾਂ ਨਾਲ ਵਾਹੋ ਅਤੇ ਫਿਰ ਭਾਰੀ ਜਾਂ ਦੋਹਰੀ ਰੌਣੀ ਕਰਨ ਪਿੱਛੋਂ ਹੀ ਵੱਤਰ ਖੇਤ ਨੂੰ ਦੂਹਰਾ ਸੁਹਾਗਾ ਫੇਰੋ ਤਾਂ ਕਿ ਜ਼ਮੀਨ ਪੋਲੀ ਅਤੇ ਭੁਰਭੁਰੀ ਹੋਣ ਦੇ ਨਾਲ-ਨਾਲ ਮਿੱਟੀ ਵਿਚਲੀ ਗਿੱਲ ਲੰਮੇ ਸਮੇਂ ਤੱਕ ਸਾਂਭ ਕੇ ਰੱਖੇ । ਰੌਣੀ ਵੇਲੇ ਨਹਿਰੀ ਜਾਂ ਚੰਗੇ ਪਾਣੀ ਨੂੰ ਤਰਜੀਹ ਦਿਉ ਕਿਉਂਕਿ ਇਸ ਨਾਲ ਜ਼ਮੀਨ ਦੀ ਸਤ੍ਹਾ ਤੇ ਲੂਣਾਂ ਦੀ ਮਾਤਰਾ ਘਟਦੀ ਹੈ ਅਤੇ ਜ਼ਿਆਦਾ ਗਰਮੀ ਪੈਣ ਦੀ ਸੂਰਤ ਵਿੱਚ ਬੂਟਿਆਂ ਦਾ ਸਾੜਾ ਵੀ ਘੱਟ ਹੁੰਦਾ ਹੈ।

ਬਿਜਾਈ ਦਾ ਸਮਾਂ : ਪੰਜਾਬ ਵਿੱਚ ਨਰਮੇ-ਕਪਾਹ ਦੀਆਂ ਸਾਰੀਆਂ ਪ੍ਰਮਾਣਿਤ ਕਿਸਮਾਂ ਲਈ ਬਿਜਾਈ ਦਾ ਢੁੱਕਵਾਂ ਸਮਾਂ ਅਪ੍ਰੈਲ ਦੇ ਸਾਰੇ ਮਹੀਨੇ ਤੋਂ ਲੈ ਕੇ 15 ਮਈ ਤੱਕ ਹੈ। ਪਿਛੇਤੀ ਬਿਜਾਈ ਕਰਨ ਨਾਲ ਜਿੱਥੇ ਝਾੜ ਘਟਦਾ ਹੈ ਨਾਲ ਹੀ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ।

- Advertisement -

ਬੀਜ ਦੀ ਮਾਤਰਾ : ਖੇਤ ਵਿੱਚ ਬੂਟਿਆਂ ਦੀ ਸਹੀ ਗਿਣਤੀ ਹਾਸਲ ਕਰਨ ਲਈ ਨਰਮੇ ਦੀਆਂ ਪ੍ਰਮਾਣਿਤ ਬੀ.ਟੀ. ਰਹਿਤ ਕਿਸਮਾਂ ਦਾ 3.5 ਕਿਲੋ ਅਤੇ ਦੇਸੀ ਕਿਸਮਾਂ ਦਾ 3.0 ਕਿਲੋ ਬੀਜ ਪ੍ਰਤੀ ਏਕੜ ਵਰਤੋ । ਨਰਮੇ ਦੀਆਂ ਦੋਗਲੀਆਂ ਬੀ.ਟੀ. ਕਿਸਮਾਂ ਲਈ 900 ਗ੍ਰਾਮ ਬੀ.ਟੀ. ਬੀਜ ਅਤੇ 240 ਗ੍ਰਾਮ ਬੀ.ਟੀ. ਰਹਿਤ ਬੀਜ ਪ੍ਰਤੀ ਏਕੜ ਵਰਤੋ। ਪੀ.ਏ.ਯੂ. ਬੀ.ਟੀ. 1 ਲਈ 4 ਕਿਲੋ ਬੀ.ਟੀ. ਬੀਜ ਅਤੇ 0.5 ਕਿਲੋ ਬੀ.ਟੀ. ਰਹਿਤ ਬੀਜ ਪ੍ਰਤੀ ਏਕੜ ਵਰਤੋ।

ਬਿਜਾਈ ਦਾ ਢੰਗ ਅਤੇ ਫਾਸਲਾ : ਚੰਗੀ ਤਰ੍ਹਾਂ ਨਾਲ ਤਿਆਰ ਕੀਤੇ ਖੇਤ ਵਿੱਚ ਨਰਮੇ-ਕਪਾਹ ਦੀ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ ਸਵਾ ਦੋ ਫੁੱਟ (67.5 ਸੈ.ਮੀ.) ਦੂਰੀ ਦੀਆਂ ਕਤਾਰਾਂ ਵਿੱਚ ਕਰੋ । ਬੀਜ 4-5 ਸੈ.ਮੀ. ਡੂੰਘਾ ਪੋਰੋ ਤਾਂ ਜੋ ਬੀਜ ਸਹੀ ਵੱਤਰ ਤੇ ਡਿੱਗੇ। ਬਿਜਾਈ ਹਮੇਸ਼ਾਂ ਸਵੇਰ ਜਾਂ ਸ਼ਾਮ ਨੂੰ ਕਰੋ।

ਬਾਰਸ਼ ਨਾਲ ਨਰਮੇ ਦੇ ਜ਼ਿਆਦਾ ਕਰੰਡ ਹੋਣ ਦੀ ਹਾਲਤ ਵਿੱਚ ਬਿਜਾਈ ਦੁਬਾਰਾ ਕਰੋ। ਪਹਿਲੇ ਪਾਣੀ ਪਿੱਛੋਂ ਨਰਮੇ ਦੀਆਂ ਆਮ ਕਿਸਮਾਂ ਦੇ ਬੂਟਿਆਂ ਵਿਚਕਾਰ ਫਾਸਲਾ ਦੋ ਫੁੱਟ (60 ਸੈ.ਮੀ. ) ਰੱਖੋ। ਪੀ.ਏ.ਯੂ. ਬੀ.ਟੀ. 1 ਅਤੇ ਦੇਸੀ ਕਪਾਹ ਦੀਆਂ ਕਿਸਮਾਂ ਦੇ ਬੂਟਿਆਂ ਵਿਚਕਾਰ ਫ਼ਾਸਲਾ ਡੇਢ ਫੁੱਟ (45 ਸੈਂ.ਮੀਂ) ਕਰ ਦਿਉ। ਨਰਮੇ ਦੀਆਂ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਅਤੇ ਬਾਕੀ ਬੀ.ਟੀ. ਕਿਸਮਾਂ ਲਈ ਢਾਈ ਫੁੱਟ (75 ਸੈ.ਮੀ.) ਦਾ ਫਾਸਲਾ ਰੱਖੋ। ਬੀ.ਟੀ. ਨਰਮੇ ਦੀ ਬਿਜਾਈ ਲਈ ਜ਼ਿਮੀਦਾਰਾਂ ਵੱਲੋਂ ਮੁੱਖ ਤੌਰ ਤੇ ਬੀ.ਟੀ. ਨਰਮਾ ਪਲਾਂਟਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਧਿਆਨ ਰੱਖੋ ਕਿ ਅਸਲ ਬਿਜਾਈ ਤੋਂ ਪਹਿਲਾਂ ਇਹ ਜਰੂਰ ਵੇਖ ਲਿਆ ਜਾਵੇ ਕਿ ਪਲਾਂਟਰ ਨਾਲ ਬੀਜ ਸਿਫਾਰਸ਼ ਕੀਤੀ ਫਾਸਲੇ (75 ਸੈ:ਮੀ:) ਤੇ ਡਿੱਗ ਰਿਹਾ ਹੈ ਜਾਂ ਨਹੀਂ। ਬੀਜਣ ਉਪਰੰਤ ਡਿੱਗੇ ਬੀਜ ਤੇ ਕੋਈ ਮਸ਼ੀਨੀ ਭੰਨ ਤੋੜ ਤਾਂ ਨਹੀਂ। ਇਹ ਟੈਸਟ ਕਰਨ ਲਈ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਪਲਾਂਟਰ ਨੂੰ ਖੇਤ ਨਾਲ ਲੱਗਦੇ ਰਸਤੇ/ਪੱਟੜੀ/ਕੱਚੇ ਪਹੇ ਉਤੇ ਜ਼ਮੀਨ ਦੇ ਲੈਵਲ ਤੇ ਕੁੱਝ ਫਾਸਲੇ ਤੱਕ ਚਲਾ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਜੇਕਰ ਬੀਜ ਸਿਫਾਰਸ਼ ਕੀਤੇ ਫਾਸਲੇ ਤੋਂ ਘੱਟ ਜਾਂ ਵੱਧ ਦੂਰੀ ਤੇ ਪੈ ਰਿਹਾ ਹੈ ਤਾਂ ਮਸ਼ੀਨ ਦੀ ਸੁਧਾਈ ਲੋੜ ਅਨੁਸਾਰ ਕਰੋ।

ਬੀਜ ਟੁੱਟਣ ਨੂੰ ਰੋਕਣ ਲਈ ਗਰਾਰੀ ਵਿੱਚ ਤੇਲ ਅਤੇ ਡਿੱਗੇ ਬੀਜ ਦੇ ਆਪਸੀ ਫਾਸਲੇ ਤੇ ਨਜ਼ਰ ਰੱਖੋ ਤਾਂ ਜੋ ਚੰਗੇ ਝਾੜ ਲਈ ਲੋੜੀਂਦੇ ਬੂਟਿਆਂ ਦੀ ਗਿਣਤੀ ਵਿੱਚ ਕਮੀ ਨਾ ਆਵੇ। ਜੇਕਰ ਵੱਤਰ ਚੰਗਾ ਹੈ ਤਾਂ ਬੀ.ਟੀ. ਨਰਮੇ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਪਾਣੀ ਵਿੱਚ ਭਿਉਂਂਣ ਦੀ ਵੀ ਲੋੜ ਨਹੀਂ। ਜ਼ਿਆਦਾ ਦੇਰ ਤੱਕ ਭਿੱਜਣ ਉਪਰੰਤ ਬੀਜ ਪਾਣੀ ਸੋਖ ਕੇ ਫੁੱਲ ਜਾਂਦਾ ਹੈ ਅਤੇ ਪਲਾਂਟਰ ਦੇ ਖਾਨਿਆਂ ਵਿੱਚ ਟੁੱਟ ਜਾਂਦਾ ਹੈ।

ਪਨੀਰੀ ਰਾਹੀਂ ਬਿਜਾਈ : ਖੇਤ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਪਲਾਸ਼ਟਿਕ ਦੇ ਲਿਫਾਫ਼ਿਆਂ (4ਣ6) ਵਿੱਚ ਮਿੱਟੀ ਅਤੇ ਰੂੜੀ ਬਰਾਬਰ ਅਨੁਪਾਤ ਦੇ ਮਿਸ਼ਰਣ ਨਾਲ ਭਰ ਕੇ ਪਨੀਰੀ ਉਗਾਉ। ਇਸ ਤਕਨੀਕ ਨਾਲ ਜ਼ਿਆਦਾ ਗਰਮੀ ਪੈਣ ਕਾਰਨ ਸੜੇ ਹੋਏ ਬੂਟਿਆਂ ਦੀ ਥਾਂ ਪਨੀਰੀ ਨਾਲ ਨਵੇਂ ਪੌਦੇ ਭਰ ਦੇਣ ਨਾਲ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਪਨੀਰੀ ਲਈ ਲਿਫਾਫੇ ਉਥੇ ਭਰੋ ਜਿੱਥੇ ਦਿਨ ਦੌਰਾਨ ਘੱਟੋ ਘੱਟ 4-6 ਘੰਟੇ ਲਈ ਧੁੱਪ ਜ਼ਰੂਰ ਆਉਂਦੀ ਹੋਵੇ ਨਹੀਂ ਤਾਂ ਛਾਂ ਵਿੱਚ ਪੈਦਾ ਕੀਤੀ ਨਰਸਰੀ ਨੂੰ ਖੇਤ ਵਿੱਚ ਸਫਲਤਾਪੂਰਵਕ ਵਧਣ-ਫੁੱਲਣ ਵਿੱਚ ਮੁਸ਼ਕਲ ਆਉਂਦੀ ਹੈ। ਪਨੀਰੀ ਨੂੰ ਅਸਲ ਬਿਜਾਈ ਤੋਂ 1-2 ਦਿਨਾਂ ਦੀ ਅਗੇਤ ਨਾਲ ਹੀ ਬੀਜ ਲੈਣਾ ਚਾਹੀਦਾ ਹੈ ਤਾਂ ਜੋ ਬੂਟੇ ਆਮ ਫਸਲ ਦੇ ਨਾਲ ਰਲ ਸਕਣ।

ਖਾਦਾਂ ਦੀ ਮਾਤਰਾ ਤੇ ਪਾਉਣ ਦਾ ਸਮਾਂ : ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਖਾਦਾਂ ਨੂੰ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਪਾਉਣਾ ਬਹੁਤ ਜ਼ਰੂਰੀ ਹੈ। ਨਰਮੇ ਅਤੇ ਕਪਾਹ ਦੀਆਂ ਸਾਰੀਆਂ ਕਿਸਮਾਂ ਲਈ 30 ਕਿਲੋ ਨਾਈਟਰੋਜ਼ਨ (65 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਦੀ ਵਰਤੋਂ ਕਰੋ। ਨਰਮੇ ਦੀਆਂ ਦੋਗਲੀਆਂ ਅਤੇ ਬੀ.ਟੀ. ਕਿਸਮਾਂ ਨੂੰ 42 ਕਿਲੋ ਨਾਈਟਰੋਜ਼ਨ (90 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀ.ਏ.ਪੀ.) ਪ੍ਰਤੀ ਏਕੜ ਪਾਉ। ਪੀ.ਏ.ਯੂ. ਬੀ.ਟੀ. 1 ਕਿਸਮ ਲਈ 80 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਨਰਮੇ ਦੀ ਫ਼ਸਲ ਨੂੰ ਯੂਰੀਆ ਖਾਦ ਦਾ ਛੱਟਾ ਦੇਣ ਉਪਰੰਤ ਨਾਲ ਹੀ ਪਹਿਲਾ ਪਾਣੀ ਲਾਉਣਾ ਜਿੰਮੀਦਾਰਾਂ ਦੇ ਖੇਤਾਂ ਵਿੱਚ ਵੇਖੀ ਗਈ ਮੁੱਖ ਊਣਤਾਈ ਹੈ। ਯੂਰੀਆ ਖਾਦ ਘੁਲਣਸ਼ੀਲ ਹੋਣ ਕਰਕੇ ਪਾਣੀ ਨਾਲ ਹੀ ਜ਼ਮੀਨ ਵਿੱਚ ਡੂੰਘਾ ਜ਼ੀਰ ਜਾਂਦੀ ਹੈ। ਇਸ ਨਾਲ ਫ਼ਸਲ ਨੂੰ ਕੋਈ ਲਾਭ ਨਹੀਂ ਹੁੰਦਾ ਸਗੋਂ ਵਾਧੂ ਨਾਈਟ੍ਰੇਟ ਜ਼ਮੀਨ ਪ੍ਰਦੂਸ਼ਣ ਦਾ ਕਾਰਨ ਬਣ ਜਾਂਦੇ ਹਨ। ਜ਼ਮੀਨ ਦੀ ਕਿਸਮ ਮੁਤਾਬਿਕ ਪਹਿਲਾ ਪਾਣੀ ਲਾਉਣ ਤੋਂ 2-4 ਦਿਨਾਂ ਦੇ ਵਕਫ਼ੇ ਮਗਰੋਂ ਹੀ ਸ਼ਾਮ ਵੇਲੇ ਯੂਰੀਆ ਖਾਦ ਦਾ ਇੱਕਸਾਰ ਛੱਟਾ ਦੇਣਾ ਚਾਹੀਦਾ ਹੈ।

ਇਸ ਉਪਰੰਤ ਟਰੈਕਟਰ ਨਾਲ ਹਲਕੀ ਸਿਲਾਈ ਕਰਨ ਦਾ ਫ਼ਸਲ ਨੂੰ ਬਹੁਤ ਲਾਭ ਮਿਲਦਾ ਹੈ । ਜੇਕਰ ਨਰਮਾ ਅਤੇ ਕਪਾਹ, ਕਣਕ ਮਗਰੋਂ ਬੀਜਣੇ ਹੋਣ ਜਿਸ ਨੂੰ ਸਿਫਾਰਸ਼ ਕੀਤੀ ਫਾਸਫੋਰਸ ਪਾਈ ਗਈ ਹੈ ਤਾਂ ਨਰਮੇ ਨੂੰ ਫਾਸਫੋਰਸ ਤੱਤ ਪਾਉਣ ਦੀ ਜ਼ਰੂਰਤ ਨਹੀਂ । ਹਲਕੀਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਅਤੇ 10 ਕਿਲੋ ਜ਼ਿੰਕ ਸਲਫੇਟ (21 ਪ੍ਰਤੀਸ਼ਤ) ਪ੍ਰਤੀ ਏਕੜ ਦੀ ਵਰਤੋਂ ਜ਼ਰੂਰ ਕਰੋ। ਸਾਰੀ ਫਾਸਫੋਰਸ, ਪੋਟਾਸ਼ ਅਤੇ ਜਿੰਕ ਸਲਫੇਟ ਬਿਜਾਈ ਵੇਲੇ ਹੀ ਪਾ ਦਿਉ । ਸਾਰੀਆਂ ਕਿਸਮਾਂ ਨੂੰ ਅੱਧੀ ਨਾਈਟਰੋਜ਼ਨ ਪਹਿਲੇ ਪਾਣੀ ਮਗਰੋ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਆਉਣ ਤੇ ਪਾਉ । ਨਰਮੇ-ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (2 ਕਿਲੋ ਪੋਟਾਸ਼ੀਅਮ ਨਾਈਟਰੇਟ (13:0:45) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ) ਦੇ 4 ਛਿੜਕਾਅ ਇਕ ਹਫ਼ਤੇ ਦੇ ਵਕਫ਼ੇ ਤੇ ਕਰੋ। ਪਹਿਲਾ ਛਿੜਕਾਅ ਫੁੱਲ ਖਿੜਨ ਤੇ ਕਰੋ । ਕਾਫ਼ੀ ਕਿਸਾਨ ਨਰਮੇ ਦੀ ਫ਼ਸਲ ਦੇ ਉਗਣ ਉਪਰੰਤ ਡੀ.ਏ.ਪੀ. ਖਾਦ ਦਾ ਛੱਟਾ ਦਿੰਦੇ ਹਨ। ਖਾਦਾਂ ਮਹਿੰਗੀਆ ਹੋਣ ਕਾਰਨ ਸਾਡਾ ਖਰਚਾ ਬਹੁਤ ਵਧ ਜਾਂਦਾ ਹੈ। ਇਸ ਤਰ੍ਹਾਂ ਪਾਈ ਖਾਦ ਦਾ ਮੁੱਲ ਫ਼ਸਲ ਨੇ ਨਹੀਂ ਮੋੜਨਾ। ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਜਾਂ ਸਾੜ ਦੀ ਰੋਕਥਾਮ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲਣ ਉਪਰੰਤ) ਦੇ ਦੋ ਸਪਰੇ 15 ਦਿਨ ਦੇ ਵਕਫ਼ੇ ਤੇ ਫੁੱਲ ਡੋਡੀ ਪੈਣ ਅਤੇ ਟੀਂਡੇ ਬਨਣ ਵੇਲੇ ਕਰਕੇ ਕੀਤੀ ਜਾ ਸਕਦੀ ਹੈ। ਬੋਰੋਨ ਦੀ ਘਾਟ ਵਾਲੀਆਂ ਜ਼ਮੀਨਾਂ ਜਿੱਥੇ 2 ਪ੍ਰਤੀਸ਼ਤ ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗਰਾਮ ਬੋਰੋਨ ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਪੱਤਾ ਰੰਗ ਚਾਰਟ ਵਿਧੀ ਨਾਲ ਖਾਦ ਪਾ ਕੇ ਯੂਰੀਆ ਦੀ ਬੱਚਤ ਕੀਤੀ ਜਾ ਸਕਦੀ ਹੈ।

ਨਰਮੇ ਦੇ ਅਣਚਾਹੇ ਵਾਧੇ ਨੂੰ ਰੋਕਣਾ : ਭਾਰੀਆਂ ਅਤੇ ਜਰਖੇਜ਼ ਜ਼ਮੀਨਾਂ ਵਿੱਚ ਨਰਮੇ ਦੇ ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ ਚਮਤਕਾਰ (ਮੈਪੀਕੁਐਟ ਕਲੋਰਾਈਡ 5%) 300 ਮਿਲੀਲੀਟਰ ਪ੍ਰਤੀ ਏਕੜ ਨੂੰ 80-100 ਲੀਟਰ ਪਾਣੀ ਵਿੱਚ ਘੋਲਣ ਉਪਰੰਤ ਬਿਜਾਈ ਤੋਂ 60 ਦਿਨ ਅਤੇ ਫੇਰ 75 ਦਿਨਾਂ ਮਗਰੋਂ ਸਪਰੇ ਕਰਨਾ ਚਾਹੀਦਾ ਹੈ । ਇਸ ਨਾਲ ਝਾੜ ਵਿੱਚ ਵੀ ਇਜ਼ਾਫਾ ਹੁੰਦਾ ਹੈ।

ਨਦੀਨਾਂ ਦੀ ਰੋਕਥਾਮ : ਨਰਮੇ-ਕਪਾਹ ਦੇ ਮੁੱਖ ਨਦੀਨਾਂ ਵਿੱਚੋਂ ਇਟਸਿੱਟ, ਚੁਪੱਤੀ, ਮਧਾਣਾ ਅਤੇ ਮੱਕੜਾ, ਤਾਂਦਲਾ, ਕੰਘੀ ਬੂਟੀ ਅਤੇ ਪੀਲੀ ਬੂਟੀ ਪ੍ਰਮੁੱਖ ਹਨ । ਇਨ੍ਹਾਂ ਦੀ ਰੋਕਥਾਮ 2-3 ਗੋਡੀਆਂ ਜਾਂ ਨਦੀਨਨਾਸ਼ਕ ਜ਼ਹਿਰਾਂ ਨਾਲ ਕੀਤੀ ਜਾ ਸਕਦੀ ਹੈ। ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਸੁੱਕੀ ਜ਼ਮੀਨ ਵਿੱਚ ਕਰ ਦਿਉ ਅਤੇ ਮਗਰੋਂ ਲੋੜ ਅਨੁਸਾਰ ਕਰੋ । ਇਹ ਕੰਮ ਤ੍ਰਿਫਾਲੀ ਜਾਂ ਟਰੈਕਟਰ ਟਿੱਲਰ ਨਾਲ ਵੀ ਕੀਤਾ ਜਾ ਸਕਦਾ ਹੈ ਪਰ ਫੁੱਲ ਡੋਡੀ ਆਉਣ ਸਮੇਂ ਇੰਨ੍ਹਾਂ ਸੰਦਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਬਹੁਤ ਸਾਰੇ ਫੁੱਲ ਅਤੇ ਟੀਂਡੇ ਝੜ ਜਾਂਦੇ ਹਨ । ਕਈ ਵਾਰ ਮੀਂਹ ਪੈਣ ਨਾਲ ਇਕੱਲੀਆਂ ਗੋਡੀਆਂ ਨਾਲ ਨਦੀਨਾਂ ਦਾ ਪੂਰਾ ਖਾਤਮਾ ਨਹੀਂ ਹੁੰਦਾ ਅਤੇ ਹੋਰ ਨਦੀਨ ਉਗ ਆਉਂਦੇ ਹਨ। ਇਸ ਦੇ ਬਦਲ ਵਜੋਂ ਸਟੌਂਪ 30 ਤਾਕਤ (ਪੈਂਡੀਮੇਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕ ਕੇ ਇਨ੍ਹਾਂ ਨਦੀਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਜਿੱਥੇ ਨਦੀਨ ਫ਼ਸਲ ਦੇ ਨਾਲ ਹੀ ਉਗ ਪੈਂਦੇ ਹਨ, ਉਥੇ ਇੱਕ ਲਿਟਰ ਸਟੌਂਪ ਪ੍ਰਤੀ ਏਕੜ ਦਾ ਛਿੜਕਾਅ 200 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਬੀਜਣ ਤੋਂ 24 ਘੰਟੇ ਦੇ ਅੰਦਰ ਕਰੋ। ਨਰਮੇ ਦੀ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲਿਟਰ ਹਿਟਵੀਡ ਮੈਕਸ 10 ਐਮ ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇਸ ਦਵਾਈ ਨਾਲ ਨਰਮੇ ਉਤੇ ਕੋਈ ਮਾੜਾ ਅਸਰ ਵੀ ਨਹੀਂ ਆਉਂਦਾ ।
ਜਿੱਥੇ ਨਦੀਨ ਪਹਿਲੇ ਪਾਣੀ ਮਗਰੋਂ ਜਾਂ ਬਾਰਸ਼ ਪਿੱਛੋਂ ਉਗਦੇ ਹਨ, ਉਥੇ ਇੱਕ ਲਿਟਰ ਸਟੌਂਪ 30 ਤਾਕਤ ਦਾ ਛਿੜਕਾਅ ਉਦੋਂ ਹੀ ਕਰੋ । ਨਦੀਨ ਨਾਸ਼ਕਾਂ ਦੇ ਛਿੜਕਾਅ ਤੋਂ 40-45 ਦਿਨਾਂ ਬਾਅਦ ਇੱਕ ਗੋਡੀ ਕਰ ਦਿਉ।

ਚੰਗੇ ਨਤੀਜੇ ਹਾਸਲ ਕਰਨ ਲਈ ਛਿੜਕਾਅ ਸਿਰਫ ਕੱਟ ਵਾਲੀ ਨੋਜ਼ਲ (ਫਲੱਡ ਜੈਟ ਜਾਂ ਫਲੈਟ ਫੈਨ) ਨਾਲ ਕਰੋ। ਗੋਡੀ ਦੇ ਬਦਲ ਵਿੱਚ ਮਗਰੋਂ ਉਗੇ ਨਦੀਨਾਂ ਦੀ ਰੋਕਥਾਮ ਲਈ ਗਰੈਮਕਸੋਨ (ਪੈਰਾਕੁਏਟ) 500 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 6-8 ਹਫ਼ਤੇ ਬਾਅਦ ਜਦੋਂ ਫ਼ਸਲ ਦਾ ਕੱਦ ਤਕਰੀਬਨ ਡੇਢ ਕੁ ਫੁੱਟ ਹੋਵੇ, ਦਾ ਫ਼ਸਲ ਦੀਆਂ ਕਤਾਰਾਂ ਵਿੱਚ ਨਦੀਨਾਂ ਉਪਰ ਸਿੱਧਾ ਛਿੜਕਾਅ ਕਰੋ । ਇਸ ਦੇ ਛਿੜਕਾਅ ਲਈ ਫਲੈਟ ਫੈਨ ਨੋਜ਼ਲ ਵਰਤੋ ਅਤੇ ਨਾਲੀ ਨੂੰ ਸਪਰੇ ਸਮੇਂ ਧਰਤੀ ਤੋਂ 15-20 ਸੈ.ਮੀ. ਦੀ ਉਚਾਈ ਤੇ ਰੱਖੋ । ਸੁਰੱਖਿਅਤ ਹੁੱਡ ਦੀ ਵਰਤੋਂ ਕਰੋ, ਕਿਉਂਕਿ ਇਹ ਦਵਾਈਆਂ ਅਚੋਣਸ਼ੀਲ ਹੋਣ ਕਰਕੇ ਨਰਮੇ ਦਾ ਵੀ ਨੁਕਸਾਨ ਕਰ ਸਕਦੀਆਂ ਹਨ। ਨਦੀਨ-ਨਾਸ਼ਕਾਂ ਦੇ ਸਹੀ ਅਤੇ ਲੰਬੇ ਸਮੇਂ ਤੱਕ ਅਸਰ ਲਈ ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਛਿੜਕਾਅ ਸਮੇਂ ਖੇਤ ਵਿੱਚ ਵੱਤਰ ਵਧੀਆ ਹੋਣਾ ਚਾਹੀਦਾ ਹੈ । ਗਰੈਮਕਸੋਨ ਦਵਾਈ ਉਦੋਂ ਹੀ ਵਰਤੋ ਜਦੋਂ ਬਾਰਸ਼ਾਂ ਆਦਿ ਕਰਕੇ ਗੋਡੀ ਸੰਭਵ ਨਾ ਹੋਵੇ। ਗੋਡੀ ਕਰਨ ਨੂੰ ਪਹਿਲ ਦਿਉ ਕਿਉਂਕਿ ਇਸ ਦੇ ਨਦੀਨਾਂ ਦੀ ਰੋਕਥਾਮ ਤੋਂ ਬਿਨਾ ਹੋਰ ਵੀ ਬਹੁਤ ਫਾਇਦੇ ਹਨ।

ਸਿੰਚਾਈ ਅਤੇ ਜਲ ਨਿਕਾਸ : ਨਰਮੇ ਅਤੇ ਕਪਾਹ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ । ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ ਅਤੇ ਆਖਰੀ ਪਾਣੀ ਸਤੰਬਰ ਦੇ ਅਖੀਰ ਵਿੱਚ ਲਾਉ । ਵਿਚਕਾਰਲੇ ਪਾਣੀ ਬਾਰਸ਼ ਅਤੇ ਮੌਸਮ ਦੀ ਲੋੜ ਅਨੁਸਾਰ 3 ਹਫ਼ਤੇ ਦੇ ਵਕਫ਼ੇ ਤੇ ਦਿੰਦੇ ਰਹੋ । ਪਰ ਫੁੱਲ ਡੋਡੀ ਆਉਣ ਤੋਂ ਲੈ ਕੇ ਟੀਂਡੇ ਬਣਨ ਤੱਕ ਔੜ ਜਾਂ ਸੋਕਾ ਨਾ ਲੱਗਣ ਦਿਉ ਨਹੀਂ ਤਾਂ ਫੁੱਲ ਅਤੇ ਫਲ ਝੜ ਜਾਵੇਗਾ । ਤੁਪਕਾ ਸਿੰਚਾਈ (ਫਰਟੀਗੇਸ਼ਨ) ਵਿਧੀ ਅਪਣਾ ਕੇ ਖਾਦ ਅਤੇ ਪਾਣੀ ਦੀ ਚੋਖੀ ਬੱਚਤ ਕੀਤੀ ਜਾ ਸਕਦੀ ਹੈ । ਇਸ ਵਿਧੀ ਤਹਿਤ ਬੀ.ਟੀ. ਨਰਮੇ ਦੀ ਦੋਗਲੀ ਕਿਸਮਾਂ ਨੂੰ 7 ਦਿਨਾਂ ਦੇ ਵਕਫ਼ੇ ਤੇ ਬਰੀਕ ਪਾਈਪਾਂ (ਲੇਟਰਲ), ਜਿੰਨ੍ਹਾਂ ਦੀ ਆਪਸ ਵਿੱਚ ਵਿੱਥ 67.5 ਸੈ.ਮੀ. ਹੋਵੇ ਅਤੇ ਡਰਿੱਪਰ ਜਿਨ੍ਹਾਂ ਦਾ ਨਿਕਾਸ 2.2 ਲਿਟਰ ਪ੍ਰਤੀ ਘੰਟਾ ਹੋਵੇ, ਵਰਤਣੇ ਚਾਹੀਦੇ ਹਨ । ਮਈ/ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਲਈ ਸਿੰਚਾਈ ਦਾ ਸਮਾਂ ਕ੍ਰਮਵਾਰ 50,45,40 ਅਤੇ 35 ਮਿੰਟ ਰੱਖੋ ਅਤੇ ਬੀ.ਟੀ. ਨਰਮੇ ਲਈ ਦੱਸੀ ਖਾਦ ਦੇ 75 ਪ੍ਰਤੀਸ਼ਤ ਹਿੱਸੇ ਨੂੰ 10 ਬਰਾਬਰ ਕਿਸ਼ਤਾਂ ਵਿੱਚ 7 ਦਿਨਾਂ ਦੇ ਵਕਫ਼ੇ ਤੇ ਪੂਰਾ ਕਰ ਦਿਉ । ਜ਼ਿਆਦਾ ਬਾਰਸ਼ਾਂ ਦੌਰਾਨ ਵਾਧੂ ਪਾਣੀ ਕੱਢਣ ਦਾ ਅਗਾਊਂ ਪ੍ਰਬੰਧ ਰੱਖੋ।

ਚੁਣਾਈ, ਸਾਂਭ-ਸੰਭਾਲ ਅਤੇ ਵਿਕਰੀ ਲਈ ਨੁਕਤੇ : ਅਕਤੂਬਰ ਦੇ ਆਖਰੀ ਹਫ਼ਤੇ ਵਿੱਚ ਈਥਰਲ (ਈਥੋਫਨ) ੍ਰ 500 ਮਿਲੀਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਨਰਮੇ ਦੀ ਫਸਲ ਅਗੇਤੀ ਖਿੜਦੀ ਹੈ । ਨਾਲ ਹੀ ਕੁਆਲਟੀ ਅਤੇ ਝਾੜ ਵਿੱਚ ਇਜ਼ਾਫਾ ਹੁੰਦਾ ਹੈ। ਚੁਗਾਈ ਤਰੇਲ ਉਤਰਨ ਤੇ ਸਿਰ ਤੇ ਕੱਪੜਾ ਬੰਨ੍ਹ ਕੇ ਸੁੱਕੀ ਅਤੇ ਪੱਤੀ ਰਹਿਤ ਕਰੋ। ਕਪਾਹ ਸਾਫ ਸੁਥਰੇ ਖੁਸ਼ਕ ਕਮਰਿਆਂ ਵਿੱਚ ਸਟੋਰ ਕਰੋ ਜਿੱਥੇ ਚੂਹੇ ਨੁਕਸਾਨ ਨਾ ਕਰਨ । ਕਪਾਹ ਦੀਆਂ ਵੱਖ ਵੱਖ ਕਿਸਮਾਂ ਨੂੰ ਵੱਖਰਾ ਸਟੋਰ ਕਰੋ। ਚੁਗੀ ਹੋਈ ਕਪਾਹ ਨੂੰ ਸੁੱਕੇ ਥਾਂ ਕਿਸੇ ਕੱਪੜੇ ਉਪਰ ਰੱਖੋ। ਚੰਗਾ ਭਾਅ ਲੈਣ ਲਈ ਪਹਿਲੀ ਅਤੇ ਆਖਰੀ ਚੁਗਾਈ ਬਾਕੀਆਂ ਤੋਂ ਵੱਖਰੀ ਕਰਨ।

(ਖੇਤਰੀ ਖੋਜ ਕੇਂਦਰ ਫਰੀਦਕੋਟ)

ਸੰਪਰਕ : 9417783052

Share this Article
Leave a comment