ਹਰਸ਼ਾ ਛੀਨਾ ਦਾ ਮੋਘਾ ਮੋਰਚਾ: ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ਸੀ ਜਿੱਤ – ਪੜ੍ਹੋ ਇਤਿਹਾਸ ਦਾ ਇਕ ਪੰਨਾ

TeamGlobalPunjab
3 Min Read

-ਅਵਤਾਰ ਸਿੰਘ

 

ਅੰਗਰੇਜ਼ ਹਕੂਮਤ ਵਿਰੁੱਧ ਦੇਸ਼ ਆਜ਼ਾਦ ਕਰਵਾਉਣ ਲੱਗੇ ਮੋਰਚਿਆਂ ਵਿੱਚ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮਿ੍ਤਸਰ ਵਿੱਚ ਪੈਂਦੇ ਪਿੰਡ ਹਰਸ਼ਾ ਛੀਨਾ ਵਿਖੇ ਕਿਸਾਨਾ ਵਲੋਂ ਲਾਏ ‘ਮੋਘਾ ਮੋਰਚਾ’ ਦਾ ਵਿਸ਼ੇਸ ਜ਼ਿਕਰ ਆਉਂਦਾ ਹੈ।

ਅਪਰਬਾਰੀ ਨਹਿਰ ਦੁਆਬ, ਲਾਹੌਰ ਬਰਾਂਚ ਜਿਹੜੀ ਅਲੀਵਾਲ ਗੁਰਦਾਸਪੁਰ ਤੋਂ ਨਿਕਲਦੀ ਹੈ, ਇਸ ਵਿਚੋਂ ਰਾਣੇਵਾਲੀ ਪਿੰਡ ਲਾਗੇ ਨਿਕਲਦੇ ਸੂਏ ‘ਤੇ ਹਰਸ਼ਾ ਛੀਨਾ ਦੀ ਹੱਦ ਸ਼ੁਰੂ ਹੁੰਦੀ ਹੈ। ਉਸ ਸਮੇਂ ਸਿੰਚਾਈ ਦਾ ਸਾਧਨ ਨਹਿਰੀ ਪਾਣੀ ਸੀ। ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਹ ਇਲਾਕਾ ਕਦੇ ਸੋਕੇ ਤੇ ਕਦੀ ਡੋਬੇ ਦੀ ਮਾਰ ਵਿੱਚ ਰਹਿੰਦਾ ਸੀ।

- Advertisement -

ਮਈ 1946 ਵਿੱਚ ਸਖਤ ਔੜ ਕਰਕੇ ਫਸਲਾਂ ਸੁੱਕ ਰਹੀਆਂ ਸਨ ਤੇ ਉਧਰੋਂ ਸਰਕਾਰ ਨੇ ਮੋਘੇ ਛੋਟੇ ਕਰਨੇ ਸ਼ੁਰੂ ਕਰਨ ਦੀ ਸਕੀਮ ਸ਼ੁਰੂ ਕਰ ਦਿੱਤੀ। ਕਾਮਰੇਡ ਅੱਛਰ ਸਿੰਘ ਛੀਨਾ ਦੀ ਅਗਵਾਈ ਹੇਠ ਕਾਂਗਰਸ, ਅਕਾਲੀ ਦਲ ਤੇ ਕਮਿਊਨਿਸਟ ਪਾਰਟੀ ਨੇ ਵੱਡੀ ਕਾਨਫਰੰਸ ਕਰਕੇ ਮੋਘੇ ਛੋਟੇ ਕਰਨ ਵਿਰੁੱਧ ਅੰਦੋਲਨ ਕਰਨ ਦਾ ਫੈਸਲਾ ਹੋਇਆ।

ਇਸ ਕਾਨਫਰੰਸ ਦੀ ਸੀ ਆਈ ਡੀ ਰਿਪੋਰਟ ਸਰਕਾਰ ਕੋਲ ਪਹੁੰਚਣ ਤੇ ਮੋਘਿਆਂ ਨੂੰ ਛੋਟਾ ਕਰਨ ਦੀ ਕਾਰਵਾਈ ਤੇਜ ਕਰ ਦਿੱਤੀ ਗਈ ਤੇ ਆਗੂਆਂ ਦੀਆਂ ਲਿਸਟਾਂ ਬਣਾ ਕੇ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ।

ਕਾਂਗਰਸ ਤੇ ਅਕਾਲੀ ਦਲ ਮੋਰਚੇ ‘ਚੋਂ ਸਰਕਾਰ ਦੀ ਕਾਰਵਾਈ ਕਾਰਨ ਬਾਹਰ ਹੋ ਗਏ ਤੇ ਸਿਰਫ ਕਮਿਊਨਿਸਟ ਪਾਰਟੀ ਤੇ ਕਿਸਾਨ ਸਭਾ ਰਹਿ ਗਈ। ਜਦ ਅਧਿਕਾਰੀ ਹਰਸ਼ਾ ਛੀਨੇ ਵੱਲ ਮੋਘੇ ਛੋਟੇ ਕਰਕੇ ਵੱਧ ਰਹੇ ਸਨ ਤਾਂ ਇਲਾਕੇ ਦੀ ਐਕਸਨ ਕਮੇਟੀ ਬਣਾਈ ਗਈ। ਜਿਸ ਦਾ ਵੱਡਾ ਹਿੱਸਾ ਸਰਕਾਰ ਨੇ ਫੜ ਕੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਈਸ਼ਰ ਸਿੰਘ ਮਝੈਲ ਨੇ ਕਿਸਾਨਾਂ ਦਾ ਸਮਝੌਤਾ ਕਰਾਉਣ ਦੀ ਕੋਸ਼ਿਸ ਕੀਤੀ ਤੇ ਉਹ ਸਫਲ ਨਾ ਹੋਏ। 26 ਜੁਲਾਈ 1946 ਨੂੰ ਨਹਿਰ ਦੇ ਪੁਲ ‘ਤੇ ਵੱਡੀ ਕਾਨਫਰੰਸ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕਾਮਰੇਡ ਸੋਹਣ ਸਿੰਘ ਜੋਸ਼, ਕਾ. ਫੌਜਾ ਸਿੰਘ ਤੇ ਕਾ. ਦਲੀਪ ਸਿੰਘ ਟਪਿਆਲਾ ਨੇ ਕੀਤੀ। ਕਾ. ਤੇਜਾ ਸਿੰਘ ਸੁੰਤਤਰ ਸੀ ਪੀ ਆਈ ਦੇ ਜਨਰਲ ਸੈਕਟਰੀ ਤੇ ਕਾ. ਅਛਰ ਸਿੰਘ ਵੀ ਹਾਜਰ ਸਨ।

ਮੋਰਚੇ ਦੇ ਪਹਿਲੇ ਜਥੇ ਦੀ ਅਗਵਾਈ ਕਰਦਿਆਂ ਕਾ. ਅਛਰ ਸਿੰਘ ਨੇ 51 ਸਾਥੀਆਂ ਸਮੇਤ ਗ੍ਰਿਫਤਾਰੀ ਦਿੱਤੀ। ਫਿਰ ਹਰ ਰੋਜ਼ ਗੁਰਦੁਆਰਾ ਬਾਬਾ ਕੁਲੀ ਤੋਂ ਕਦੇ 11-21-51 ਦੇ ਜਥੇ ਜਾਣੇ ਸ਼ੁਰੂ ਹੋਏ। ਆਖਰ ਕਿਸਾਨਾਂ ਦਾ ਜੋਸ਼ ਵੇਖ ਕੇ ਅਧਿਕਾਰੀ ਸਮਾਨ ਲੈ ਕੇ ਭੱਜ ਗਏ, ਕਿਸਾਨਾਂ ਦੀ ਜਿੱਤ ਹੋਈ। ਇਹ ਮੋਰਚਾ ਅਗਸਤ 1947 ਵਿੱਚ ਖਤਮ ਹੋਇਆ ਜਿਸ ਵਿਚ 5000 ਦੇ ਕਰੀਬ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿੱਚ ਔਰਤਾਂ ਵੀ ਸਨ।

- Advertisement -

15 ਅਗਸਤ ਨੂੰ ਸਾਰੇ ਕਿਸਾਨ ਰਿਹਾਅ ਕਰ ਦਿਤੇ। ਇਸ ਮੋਰਚੇ ਨੂੰ ਗਿਆਨੀ ਜੈਲ ਸਿੰਘ ਨੇ ਮੁੱਖ ਮੰਤਰੀ ਬਨਣ ਵੇਲੇ ਰਾਜਸੀ ਮਾਨਤਾ ਦਿੱਤੀ।

Share this Article
Leave a comment