ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਜੁਲਾਈ ਮਹੀਨੇ ਦੇ ਕਿਸਾਨ ਰੁਝੇਵੇਂ

TeamGlobalPunjab
32 Min Read

ਸੰਯੋਜਕ: ਅਮਰਜੀਤ ਸਿੰਘ;

ਝੋਨਾ: 1.ਪੰਜਾਬ ਬਾਸਮਤੀ 7,ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ -4, ਪੰਜਾਬ ਬਾਸਮਤੀ- 3, ਪੰਜਾਬ ਬਾਸਮਤੀ-2, ਪੂਸਾ ਬਾਸਮਤੀ 1637, ਪੂਸਾ ਬਾਸਮਤੀ 1718 ਅਤੇ ਪੂਸਾ 1121 ਕਿਸਮ ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਸੀ ਐਸ ਆਰ 30, ਪੂਸਾ ਬਾਸਮਤੀ 1509, ਬਾਸਮਤੀ 370 ਅਤੇ ਬਾਸਮਤੀ 386 ਕਿਸਮ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲੁਆਈ ਜੁਲਾਈ ਦੇ ਦੂਸਰੇ ਪੰਦਰਵਾੜੇ ਕਰੋ। ਬਾਸਮਤੀ ਨੂੰ ਝੰਡਾ ਰੋਗ (ਪੈਰ ਗਲਣ) ਤੋਂ ਬਚਾਉਣ ਲਈ ਬੀਜ ਨੂੰ ਪਹਿਲਾਂ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ ਨਾਲ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਸੋਧ ਲਓ। ਪਨੀਰੀ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ 6 ਘੰਟੇ ਲਈ ਡੋਬ ਲਵੋ । 9 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਹਿਲੀ ਅੱਧੀ ਕਿਸ਼ਤ ਪਨੀਰੀ ਲਗਾਉਣ ਦੇ ਤਿੰਨ ਹਫ਼ਤੇ ਬਾਅਦ, ਬਾਸਮਤੀ 370, ਸੀ ਐਸ ਆਰ 30 ਅਤੇ ਬਾਸਮਤੀ 386 ਨੂੰ ਪਾਉ ਅਤੇ 18 ਕਿਲੋ ਯੂਰੀਆ ਦੀ ਪਹਿਲੀ ਕਿਸਤ ਪੂਸਾ ਬਾਸਮਤੀ 1121, ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ -4, ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 2, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718 ਨੂੰ ਅਤੇ 27 ਕਿਲੋ ਯੂਰੀਆ ਪੂਸਾ ਬਾਸਮਤੀ 1509 ਨੂੰ ਪਾਓ। ਜੇਕਰ ਪਹਿਲਾਂ ਸਿਫਾਰਸ਼ ਕੀਤੀ ਫਾਸਫੋਰਸ ਖਾਦ ਕਣਕ ਨੂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਖਾਦ ਦੀ ਲੋੜ ਨਹੀਂ।

2. ਨਦੀਨਾਂ ਦੀ ਰੋਕਥਾਮ ਲਈ 60 ਗ੍ਰਾਮ ਪਾਇਰੈਜੋਸਲਫੂਰੋਨ ਈਥਾਈਲ 10 ਤਾਕਤ ਜਾਂ 1200 ਮਿਲੀਲਿਟਰ ਬੂਟਾਕਲੋਰ 50 ਤਾਕਤ ਜਾਂ 1000-1200 ਮਿਲੀਲਿਟਰ ਪੈਂਡੀਮੈਥਾਲੀਨ 30 ਤਾਕਤ ਜਾਂ 600 ਮਿਲੀਲਿਟਰ ਪਰੈਟੀਲਾਕਲੋਰ 50 ਤਾਕਤ ਜਾਂ 750 ਮਿ.ਲਿ. ਪੋਰਟੀਲਾਕਲੋਰ 37 ਤਾਕਤ ਜਾਂ 500 ਮਿਲੀਲਿਟਰ ਐਨੀਲੋਫੋਸ 30 ਤਾਕਤ ਜਾਂ 45 ਗ੍ਰਾਮ ਟੌਪਸਟਾਰ ਪ੍ਰਤੀ ਏਕੜ ਦੇ ਹਿਸਾਬ 60 ਕਿਲੋ ਰੇਤ ਵਿੱਚ ਮਿਲਾ ਕੇ ਪਾਓ। ਖੇਤ ਵਿੱਚ ਝੋਨੇ ਦੀ ਪਨੀਰੀ ਲਾਉਣ ਦੇ 2-3 ਦਿਨਾਂ ਦੇ ਅੰਦਰ 4 ਤੋਂ 5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਇਕਸਾਰ ਨਦੀਨ ਨਾਸ਼ਕ ਦੀ ਵਰਤੋਂ ਕਰੋ।ਚੌੜੇ ਪੱਤਿਆਂ ਦੇ ਨਦੀਨਾਂ ਦੀ ਰੋਕਥਾਮ ਲਈ ਐਲਗਰਿਪ (ਮੈਟਸਲਫੂਰਾਨ) 30 ਗ੍ਰਾਮ ਜਾਂ ਸਨਰਾਈਸ 15 ਤਾਕਤ 50 ਗ੍ਰਾਮ ਜਾਂ ਲੋਡੈਕਸ 60 ਤਾਕਤ 40 ਗ੍ਰਾਮ ਜਾਂ ਸੈਗਮੈਂਟ 16 ਗ੍ਰਾਮ ਜਾਂ 8 ਗ੍ਰਾਮ ਐਲਮਿਕਸ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਪਾ ਕੇ ਲੁਆਈ ਦੇ 20-25 ਦਿਨਾਂ ਬਾਅਦ ਛਿੜਕਾਅ ਕਰੋ। ਛਿੜਕਾਅ ਤੋਂ ਪਹਿਲਾਂ ਖੇਤ ਵਿਚੋਂ ਖੜ੍ਹਾ ਪਾਣੀ ਬਾਹਰ ਕੱਢ ਦਿਓ ਅਤੇ ਛਿੜਕਾਅ ਦੇ ਇੱਕ ਦਿਨ ਬਾਅਦ ਪਾਣੀ ਦਿਓ। ਛਿੜਕਾਅ ਸ਼ਾਂਤ ਅਤੇ ਸਾਫ਼ ਦਿਨ ਕਰਨਾ ਚਾਹੀਦਾ ਹੈ। ਝੋਨੇ ਨੂੰ 30-30 ਕਿਲੋ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਲੁਆਈ ਤੋਂ 3 ਅਤੇ 6 ਹਫਤੇ ਬਾਅਦ ਪਾਉ।ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ. ਆਰ. 124 ਅਤੇ ਪੀ. ਆਰ. 126 ਨੂੰ ਯੂਰੀਆ ਖਾਦ ਦੀ ਤੀਜੀ ਕਿਸ਼ਤ ਪਨੀਰੀ ਲਾਉਣ ਤੋਂ 5 ਹਫਤੇ ਬਾਅਦ ਪਾਉ।

3. ਪੀ ਏ ਯੂ, ਪੱਤਾ ਰੰਗ ਚਾਰਟ ਵਿਧੀ ਨਾਲ ਯੂਰੀਆ ਪਾਉਣ ਲਈ ਲੁਆਈ ਤੋਂ ਦੋ ਹਫਤਿਆਂ ਬਾਅਦ ਪੂਰੇ ਖੁੱਲੇ ਨਵੇਂ 10 ਪੱਤਿਆਂ ਦਾ ਰੰਗ ਚਾਰਟ ਨਾਲ ਮਿਲਾਓ। ਜੇਕਰ 6 ਜਾਂ 6 ਤੋਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰ. 4 ਦੇ ਬਰਾਬਰ ਹੈ ਜਾਂ ਗੂੜਾ ਹੈ ਤਾਂ ਯੂਰੀਆ ਪਾਉਣ ਦੀ ਲੋੜ ਨਹੀਂ। ਜੇਕਰ 6 ਜਾਂ ਵੱਧ ਪੱਤਿਆਂ ਦਾ ਰੰਗ 4 ਨੰ. ਟਿੱਕੀ ਤੋਂ ਫਿੱਕਾ ਹੈ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਝੋਨਾ ਨਿਸਰਨ ਤੱਕ 7-10 ਦਿਨਾਂ ਦੇ ਵਕਫੇ ਤੇ ਪੱਤਾ ਰੰਗ ਚਾਰਟ ਨਾਲ ਝੋਨੇ ਦੇ ਪੱਤਿਆਂ ਦਾ ਰੰਗ ਮਿਲਾਉ ਅਤੇ ਲੋੜ ਪੈਣ ਤੇ ਹੀ ਯੂਰੀਆ ਪਾਉ। ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਵਿੱਚ 43 ਕਿਲੋ ਯੂਰੀਆ ਪ੍ਰਤੀ ਏਕੜ ਕ੍ਰਮਵਾਰ 4, 6 ਅਤੇ 9 ਹਫਤਿਆਂ ਤੇ ਪਾਉ। ਰੇਤਲੀਆਂ ਜ਼ਮੀਨਾਂ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਝੋਨੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜਿਸ ਕਰਕੇ ਨਵੇਂ ਪੱਤੇ ਪੀਲੇ ਚਿੱਟੇ ਰੰਗ ਦੇ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਇੱਕ ਪ੍ਰਤੀਸ਼ਤ ਫੈਰਸ ਸਲਫੇਟ (1 ਕਿਲੋ 100 ਲਿਟਰ ਪਾਣੀ) 2-3 ਵਾਰ ਹਫ਼ਤੇ-ਹਫ਼ਤੇ ਦੇ ਵਕਫ਼ੇ ਤੇ ਛਿੜਕੋ। ਫੈਰਸ ਸਲਫੇਟ ਨੂੰ ਖੇਤ ਵਿੱਚ ਛਿੱਟਾ ਦੇਣ ਦਾ ਕੋਈ ਫਾਇਦਾ ਨਹੀ, ਲੋਹੇ ਦੀ ਘਾਟ ਆਉਣ ਤੇ ਸਿਰਫ ਛਿੜਕਾਅ ਹੀ ਕਰੋ।

- Advertisement -

4. ਜੇਕਰ ਝੋਨੇ ਦੇ ਖੇਤਾਂ ਵਿੱਚ ਤਣੇ ਦੇ ਗੜੂੰਏ ਕਾਰਨ 5 ਪ੍ਰਤੀਸ਼ਤ ਤੋਂ ਜ਼ਿਆਦਾ ਗੋਭਾਂ ਸੁੱਕੀਆਂ ਹੋਣ ਤਾਂ ਇਨ੍ਹਾਂ ਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ ਇੱਕ ਲਿਟਰ ਕਲੋਰਪਾਈਰੀਫੋਸ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਵਰਤੋ। ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਬੂਟੇ ਦੇ ਪੱਤਿਆਂ ਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ। ਜੇਕਰ 10% ਤੋਂ ਵਧੇਰੇ ਹਮਲਾ ਨਜ਼ਰ ਆਵੇ ਤਾਂ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੋਰਟਾਰ ਜਾਂ ਇੱਕ ਲਿਟਰ ਕਲੋਰਪਾਈਰੀਫਾਸ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਵਰਤੋ। ਅਗੇਤੀ ਬੀਜੀ ਗਈ ਫ਼ਸਲ ਤੇ ਝੁਲਸ ਰੋਗ ਹੋ ਸਕਦਾ ਹੈ। ਜੇਕਰ ਇਸਦਾ ਹਮਲਾ ਹੋ ਜਾਵੇ ਤਾਂ ਸਾਰਾ ਬੂਟਾ ਮਰ ਸਕਦਾ ਹੈ। ਇਸ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾ ਕਰੋ ਅਤੇ ਜ਼ਿਆਦਾ ਪਾਣੀ ਵੀ ਨਾ ਦਿਓ।

ਨਰਮਾ/ਕਪਾਹ : ਨਰਮੇ-ਕਪਾਹ ਦੀ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਝੱਲਦੀ। ਇਸ ਲਈ ਬਰਸਾਤ ਦੇ ਮੌਸਮ ਵਿੱਚ ਨਰਮੇ/ਕਪਾਹ ਦੇ ਖੇਤਾਂ ‘ਚੋਂ ਫ਼ਾਲਤੂ ਪਾਣੀ ਬਾਹਰ ਕੱਢ ਦਿਓ। ਕਪਾਹ ਵਿਰਲੀ ਕਰਨ ਵੇਲੇ ਨਾਈਟ੍ਰੋਜਨ ਦੀ ਅੱਧੀ ਖ਼ੁਰਾਕ ਪਾਉ।ਨਾਈਟ੍ਰੋਜਨ ਖਾਦ ਦੀ ਸੁਚੱਜੀ ਵਰਤੋਂ ਲਈ ਪੀ ਏ ਯੂ, ਪੱਤਾ ਰੰਗ ਚਾਰਟ ਦੀ ਵਰਤੋਂ ਕਰੋ। ਫ਼ਸਲ ਦੇ ਵਿਚਕਾਰ ਪਈ ਥਾਂ ਤੋਂ ਨਦੀਨ ਮਾਰਨ ਲਈ ਗਰਾਮੋਕਸੋਨ 24 ਐੱਸ. ਐੱਲ (ਪੈਰਾਕੁਏਟ) ਦਾ 500 ਮਿਲੀਲਿਟਰ ਜਾਂ 900 ਮਿਲੀਲਿਟਰ ਸਵੀਪ ਪਾਵਰ 13.5 ਐਸ ਐਲ (ਗਲੁਫੋਸੀਨੇਟ ਅਮੋਨੀਅਮ) ਨੂੰ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਨਦੀਨਾਂ ਉੱਪਰ ਸਿੱਧਾ ਛਿੜਕੋ ਜਦੋਂ ਫ਼ਸਲ 6-8 ਹਫ਼ਤਿਆਂ ਦੀ ਹੋ ਜਾਵੇ ਅਤੇ 40-45 ਸੈਂਟੀਮੀਟਰ ਉੱਚੀ ਹੋ ਜਾਵੇ। ਨਦੀਨ ਨਾਸ਼ਕ ਜ਼ਹਿਰਾਂ ਉਦੋਂ ਵਰਤੋ ਜਦੋਂ ਹਵਾ ਨਾ ਵਗਦੀ ਹੋਵੇ। ਇਹ ਵੀ ਖ਼ਿਆਲ ਰੱਖੋ ਕਿ ਨਦੀਨ ਨਾਸ਼ਕ ਫ਼ਸਲ ਦੇ ਪੱਤਿਆਂ ਤੇ ਨਾ ਪਵੇ। ਚਿੱਟੀ ਮੱਖੀ ਲਈ ਨਰਮੇ ਦੀ ਫ਼ਸਲ ਅਤੇ ਇਸ ਦੀਆਂ ਬਦਲਵੀਆਂ ਫਸਲਾਂ/ਨਦੀਨਾਂ ਤੇ ਲਗਾਤਾਰ ਸਰਵੇਖਣ ਕਰਦੇ ਰਹੋ। ਜਦੋਂ ਇਸ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾਂ 6 ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 200 ਗ੍ਰਾਮ ਪੋਲੋ/ਕਰੇਜ਼ 50 ਾਂਫ ਜਾਂ 200 ਮਿਲੀਲਿਟਰ ਉਬੇਰਾਨ 22.9 ਐਸ ਸੀ ਜਾਂ 800 ਮਿਲੀਲਿਟਰ ਫਾਸਮਾਈਟ/ਈ-ਮਾਈਟ/ਵੋਲਥੀਆਨ 50 ਈ ਸੀ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਤੇਲੇ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 40 ਮਿਲੀਲਿਟਰ ਕਾਨਫ਼ੀਡੋਰ/ਕਾਨਫੀਡੈਂਸ 555/ਇਮੀਡਾਸਿਲ 17.8 ਐੱਸ ਐਲ ਜਾਂ 40 ਗ੍ਰਾਮ ਐਕਟਾਰਾ/ਐਕਸਟਰਾ ਸੁਪਰ/ਦੋਤਾਰਾ/ਥੌਮਸਨ 25 ਡਬਲਯੂ ਜੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ। ਨਰਮੇ ਦੇ ਲੀਫ਼ ਕਰਲ ਵਾਇਰਸ ਵਾਲੇ ਬੂਟੇ ਪੁੱਟ ਕੇ ਦੱਬ ਦਿਉ। ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਜ਼ਹਿਰਾਂ ਵਰਤੋ। ਕੰਘੀ ਬੂਟੀ ਤੇ ਪੀਲੀ ਬੂਟੀ ਤੋਂ ਖੇਤਾਂ ਦਾ ਆਲਾ-ਦੁਆਲਾ ਮੁਕਤ ਰੱਖੋ। ਪੱਤਿਆਂ ਤੇ ਉੱਲੀਆਂ ਦੇ ਧੱਬੇ ਅਤੇ ਝੁਲਸ ਰੋਗ ਦਾ ਹਮਲਾ ਸ਼ੁਰੂ ਹੋਣ ਤੇ 200 ਮਿ.ਲਿ. ਐਮੀਸਟਾਰ ਟੋਪ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 15 ਤੋਂ 20 ਦਿਨਾਂ ਦੇ ਵਕਫ਼ੇ ਬਾਅਦ ਛਿੜਕੋ। ਪਾਣੀ ਲਾਉਣ ਦਾ ਮੀਂਹ ਪਿੱਛੋਂ ਬੂਟਿਆ ਦੇ ਪੱਤੇ ਲੁੜਕ ਜਾਂਦੇ ਹਨ ਤਾਂ 10 ਮਿਲੀਗ੍ਰਾਮ ਕੋਬਾਲਟ ਕਲੋਰਾਈਡ ਪ੍ਰਤੀ ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਇਹਨਾਂ ਬੂਟਿਆਂ ਉੱਪਰ ਕਰੋ।

ਮੱਕੀ: ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਫ਼ਸਲ ਉੱਗਣ ਤੋਂ ਪਹਿਲਾਂ ਹਲਕੀਆਂ ਜ਼ਮੀਨਾਂ ਵਿੱਚ ਐਟਰਾਜ਼ੀਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਅਤੇ ਭਾਰੀਆਂ ਜ਼ਮੀਨਾਂ ਵਿੱਚ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਰਤੋ। ਨਦੀਨਾਂ ਦੀ ਰੋਕਥਾਮ ਲਈ ਐਟਰਾਜ਼ੀਨ ਨੂੰ ਬਿਜਾਈ ਦੇ ਦਸ ਦਿਨਾਂ ਬਾਅਦ ਛਿੜਕਾਅ ਕਰ ਸਕਦੇ ਹੋ।ਬਾਰਸ਼ ਦਾ ਪਾਣੀ ਖੇਤ ਵਿੱਚ ਨਾ ਖੜ੍ਹਾ ਹੋਣ ਦਿਓ ਕਿਉਂਕਿ ਇਹ ਫ਼ਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ। ਇਸ ਨਾਲ ਤਣਾ ਗਲਣ ਦੇ ਰੋਗ ਵਿੱਚ ਵਾਧਾ ਹੁੰਦਾ ਹੈ।

ਮੱਕੀ ਨੂੰ ਨਾਈਟਰੋਜ਼ਨ ਦੀ ਦੂਸਰੀ ਕਿਸ਼ਤ (37 ਕਿਲੋ ਜਾਂ 25 ਕਿਲੋ ਪ੍ਰਤੀ ਏਕੜ ਕ੍ਰਮਵਾਰ ਲੰਮਾ ਅਤੇ ਦਰਮਿਆਨਾਂ/ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ) ਫਸਲ ਦੇ ਗੋਡੇ-ਗੋਡੇ ਹੋਣ ਤੱਕ ਪਾਉ। ਬਰਾਨੀ ਇਲਾਕਿਆਂ ਵਿੱਚ ਖਾਦਾਂ ਦੀ ਮਿਕਦਾਰ ਜ਼ਮੀਨ ਦੀ ਕਿਸਮ ਤੇ ਪਾਣੀ ਸੰਭਾਲਣ ਦੀ ਸ਼ਕਤੀ ਤੇ ਨਿਰਭਰ ਕਰਦੀ ਹੈ। ਭਾਰੀਆਂ ਜ਼ਮੀਨਾਂ ਵਿੱਚ ਪਾਣੀ ਸੰਭਾਲਣ ਦੀ ਸਕਤੀ ਜ਼ਿਆਦਾ ਹੁੰਦੀ ਹੈ। ਉਹਨਾਂ ਹਾਲਤਾਂ ਵਿੱਚ ਮੱਕੀ ਨੂੰ ਕੁੱਲ 70 ਕਿੱੱਲੋ ਯੂਰੀਆ, 35 ਕਿੱੱਲੋ ਡੀ ਏ ਪੀ ਜਾਂ 100 ਕਿੱੱਲੋ ਸਿੰਗਲ ਸੁਪਰਫਾਸਫੇਟ ਅਤੇ 15 ਕਿੱੱਲੋ ਮਿਊਰੇਟ ਆਫ ਪੋਟਾਸ਼ ਪਾਉ। ਬਹੁਤੀਆਂ ਹਲਕੀਆਂ ਜ਼ਮੀਨਾਂ ਵਿੱਚ ਇਹ ਖਾਦਾਂ ਦੀ ਮਿਕਦਾਰ ਅੱਧੀ ਕਰ ਦਿਉ। ਬਰਾਨੀ ਮੱਕੀ ਵਿੱਚ ਅੱਧੀ ਨਾਈਟਰੋਜ਼ਨ ਅਤੇ ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰ ਦਿਉ ਅਤੇ ਬਾਕੀ ਰਹਿੰਦੀ ਅੱਧੀ ਨਾਈਟਰੋਜਨ ਖਾਦ ਇੱਕ ਮਹੀਨਾ ਬਾਅਦ ਪਾਉ। ਜੇਕਰ ਮੱਕੀ ਨੂੰ ਰੂੜੀ ਦੀ ਖਾਦ ਪਾਈ ਜਾਵੇ ਤਾਂ ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਕੋਈ ਲੋੜ ਨਹੀਂ।

ਮੱਕੀ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿ.ਲਿ. ਕੋਰਾਜਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਇਸ ਦੀ ਰੋਕਥਾਮ ਟ੍ਰਾਈਕੋਗਰਾਮਾ ਮਿੱਤਰ ਕੀੜੇ ਨਾਲ ਵੀ ਕੀਤੀ ਜਾ ਸਕਦੀ ਹੈ।

- Advertisement -

ਫਾਲ ਅਰਮੀਵਰਮ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘ੈ’ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਇਸ ਕੀੜੇ ਦੇ ਵਾਧੇ ਅਤੇ ਫਲਾਅ ਨੂੰ ਸੀਮਿਤ ਕਰਨ ਲਈ ਮੱਕੀ ਦੀ ਬਿਜਾਈ ਨਾਲ ਲਗਦੇ ਖੇਤਾਂ ਵਿੱੱਚ ਥੋੜ੍ਹੇ ਥੋੜ੍ਹੇ ਵਕਫ਼ੇ ਤੇ ਨਾ ਕਰੋ । ਇਸ ਕੀੜੇ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ। ਜੇ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ ਡੈਲੀਗੇਟ 11.7 ਐਸ ਸੀ ਜਾਂ ਮਿਜ਼ਾਈਲ 5 ਐਸ ਜੀ ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ।

ਕਮਾਦ : ਜੇਕਰ ਗੰਨੇ ਦੀ ਫ਼ਸਲ ਦੇ ਮੁੱਢਾਂ ਤੇ ਮਿੱਟੀ ਚੜ੍ਹਾਉਣ ਦਾ ਕੰਮ ਕਰ ਲਿਆ ਹੈ ਤਾਂ ਠੀਕ ਹੈ, ਨਹੀਂ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਕਰ ਦਿਉ। ਜੇਕਰ ਖੇਤਾਂ ਵਿੱਚ ਜ਼ਿਆਦਾ ਪਾਣੀ ਹੋਵੇ ਤਾਂ ਉਹ ਕੱਢ ਦਿਉ । ਆਗ ਦੇ ਗੜੂੰਏ ਦੀ ਰੋਕਥਾਮ ਲਈ 10 ਕਿਲੋ ਫਰਟੇਰਾ 0.4 ਜੀ ਆਰ ਜਾਂ 12 ਕਿੱੱਲੋ ਦਾਣੇਦਾਰ ਕਾਰਬੋਫੂਰਾਨ 3 ਜੀ ਨੂੰ ਬੂਟਿਆਂ ਦੇ ਮੁੱਢਾਂ ਕੋਲ ਪਾ ਕੇ ਹਲਕੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਾਣੀ ਲਾਓ ਪਰ ਇਹ ਕੰਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰੋ। ਦਾਣੇਦਾਰ ਜ਼ਹਿਰ ਸਿਰਫ ਉਦੋਂ ਹੀ ਪਾਉ ਜਦੋਂ ਹਮਲਾ 5% ਤੋਂ ਜ਼ਿਆਦਾ ਹੋਵੇ।
ਮੂੰਗਫ਼ਲੀ: ਵਧੀਆ ਝਾੜ ਲੈਣ ਲਈ ਮੋਟੀਆਂ ਗਿਰੀਆਂ ਦੀ ਵਰਤੋ ਕਰੋ। ਬਰਾਨੀ ਜ਼ਮੀਨਾਂ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਬੀਜੀ ਗਈ ਮੂੰਗਫ਼ਲੀ ਦੀ ਫ਼ਸਲ ਨੂੰ ਗਿੱਚੀ ਗਲਣ ਰੋਗ ਤੋਂ ਬਚਾਉਣ ਲਈ ਉੱਲੀਨਾਸ਼ਕ ਦਵਾਈ ਨਾਲ ਸੋਧੋ। ਇੱੱਕ ਕਿੱੱਲੋ ਗਿਰੀਆਂ ਲਈ 2 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ 18.5%+ਹੈਕਸਾਕੋਨਾਜੋਲ 1.5%) ਜਾਂ 1.5 ਗ੍ਰਾਮ ਸੀਡੈਕਸ ਜਾਂ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫ਼ਿਲ ਐੱਮ-45 ਦੀ ਵਰਤੋਂ ਕਰੋ।ਨਿਉਨਿਕਸ ਨਾਲ ਬੀਜ ਦੀ ਸੋਧ ਕਰਨ ਤੇ ਚਿੱਟੀ ਸੁੰਡੀ ਅਤੇ ਸਿਉਂਕ ਦੀ ਰੋਕਥਾਮ ਹੋ ਜਾਂਦੀ ਹੈ । 13 ਕਿੱੱਲੋ ਯੂਰੀਆ, 50 ਕਿੱੱਲੋ ਸਿੰਗਲ ਸੁਪਰਫਾਸਫੇਟ ਖਾਦ ਅਤੇ 17 ਕਿੱੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ। ਜੇਕਰ ਮੂੰਗਫ਼ਲੀ ਕਣਕ ਤੋਂ ਬਾਅਦ ਬੀਜੀ ਗਈ ਹੈ ਅਤੇ ਸਿਫ਼ਾਰਸ਼ ਕੀਤੀ ਫਾਸਫ਼ੋਰਸ ਪਾਈ ਗਈ ਸੀ ਤਾਂ ਸੁਪਰ ਫ਼ਾਸਫ਼ੇਟ ਨਾ ਪਾਓ। ਜ਼ਿੰਕ ਦੀ ਘਾਟ ਪੂਰੀ ਕਰਨ ਲਈ 25 ਕਿੱੱਲੋ ਜ਼ਿੰਕ ਸਲ਼ਫੇਟ (21%) ਜਾਂ 16 ਕਿੱੱਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਪਾਉ।

ਦਾਲਾਂ: ਮਾਂਹ (ਮਾਂਹ-114, ਮਾਂਹ 338) ਦੀ ਬਿਜਾਈ ਜੁਲਾਈ ਦੇ ਪਹਿਲੇ ਹਫਤੇ ਅਤੇ ਮੂੰਗੀ ਐੱਮ ਐੱਲ-1808, ਐੱਮ ਐੱਲ-2056 ਅਤੇ ਐਮ ਐਲ 818 ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕਰੋ। ਪਿਛੇਤੀ ਬਿਜਾਈ ਕਾਰਨ ਫ਼ਸਲ ਦਾ ਝਾੜ ਘਟਦਾ ਹੈ । ਮਾਂਹ/ਮੂੰਗੀ ਜਾਂ ਅਰਹਰ ਵਿਚੋਂ ਨਦੀਨ ਮਾਰਨ ਲਈ ਇੱਕ ਜਾਂ ਦੋ ਗੋਡੀਆਂ ਕਰੋ। ਮੂੰਗੀ ਨੂੰ 11 ਕਿੱੱਲੋ ਯੂਰੀਆ ਤੇ 100 ਕਿੱੱਲੋ ਸਿੰਗਲ ਸੁਪਰਫਾਸਫੇਟ ਅਤੇ ਮਾਂਹ ਨੂੰ 11 ਕਿੱੱਲੋ ਯੂਰੀਆ ਤੇ 60 ਕਿੱੱਲੋ ਸਿੰਗਲ ਸੁਪਰਫਾਸਟਫੇਟ ਬਿਜਾਈ ਵੇਲੇ ਹੀ ਪਾਉ। ਚੰਗੇ ਝਾੜ ਲਈ ਬੀਜ ਨੂੰ ਸਿਫਾਰਸ਼ ਕੀਤੇ ਰਾਈਜੋਬੀਅਮ ਦੇ ਟੀਕੇ ਨਾਲ ਸੋਧ ਲਓ।ਵਿਸ਼ਾਣੂੰ ਰੋਗ ਸਹਿਣ ਵਾਲੀਆਂ ਕਿਸਮਾਂ ਐੱਮ ਐੱਲ-1808 ਐੱਮ ਐਲ-2056 ਅਤੇ ਐੱਮ ਐੱਲ-818 ਬੀਜੋ।ਤੰਬਾਕੂ ਦੀ ਸੁੰਡੀ ਦੀ ਰੋਕਥਾਮ ਲਈ ਇਸ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਪੱੱਤਿਆਂ ਨੂੰ ਝੁੰਡਾਂ ਵਿੱਚ ਖਾਂਦੀਆਂ ਹਨ, ਪੱੱਤਿਆਂ ਸਮੇਤ ਨਸ਼ਟ ਕਰ ਦਿਓ।

ਹਰੇ ਚਾਰੇ : ਸਾਉਣੀ ਦੇ ਹਰੇ ਚਾਰੇ ਲਗਾਤਾਰ ਲੈਣ ਲਈ ਕੁਝ ਵਕਫ਼ੇ ਤੇ ਚਾਰੇ ਬੀਜਦੇ ਰਹੋ। ਪਿਛੇਤੇ ਚਾਰੇ ਲਈ ਚਰ੍ਹੀ ਦੀ ਬਿਜਾਈ ਕਰੋ। ਜੇਕਰ ਰਵਾਂਹ ਬੀਜ ਲਈ ਬੀਜਣਾ ਹੈ ਤਾਂ ਜੁਲਾਈ ਦੇ ਦੂਸਰੇ ਪੰਦਰਵਾੜੇ ਇਸ ਦੀ ਬਿਜਾਈ ਕਰ ਦਿਉ। ਗੈਰ ਫ਼ਲੀਦਾਰ ਚਾਰਾ ਕੱਟ ਕੇ ਫ਼ਲੀਦਾਰ ਚਾਰਾ ਜਿਵੇਂ ਕਿ ਗੁਆਰਾ ਜਾਂ ਰਵਾਂਹ ਵਿੱਚ ਰਲਾ ਕੇ ਵਰਤੋ।

ਸਬਜੀਆਂ

ਬੈਂਗਣ: ਇੱੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜ 10-15 ਸੈ.ਮੀ. ਉੱਚੀਆਂ ਇੱੱਕ ਮਰਲੇ ਦੀਆਂ ਕਿਆਰੀਆਂ ਵਿੱਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿੱੱਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਬੈਂਗਣਾਂ ਵਿੱਚ ਫ਼ਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿ.ਲਿ. ਕੋਰਾਜ਼ਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਮੂਲੀ: ਮੂਲੀ ਦੀ ਪੂਸਾ ਚੇਤਕੀ ਅਤੇ ਪੰਜਾਬ ਪਸੰਦ ਕਿਸਮ ਇਸ ਮਹੀਨੇ ਵਿੱਚ ਬਿਜਾਈ ਲਈ ਢੱੁੱਕਵੀ ਹੈ। ਪੂਸਾ ਚੇਤਕੀ ਕਿਸਮ ਦੀ ਮੂਲੀ ਛੋਟੀ ਤੇ ਦਰਮਿਆਨੀ ਮੋਟੀ ਚਿੱਟੇ ਰੰਗ ਦੀ ਅਤੇ ਅੱਗੋਂ ਖੁੰਡੀ ਹੁੰਦੀ ਹੈ। ਇਸ ਦੇ ਪੱਤੇ ਛੋਟੇ ਅਤੇ ਪੂਰੇ ਹੁੰਦੇ ਹਨ। 4-5 ਕਿਲੋ ਬੀਜ ਇੱਕ ਏਕੜ ਦੀ ਬਿਜਾਈ ਲਈ ਵਰਤੋ ਅਤੇ ਕਤਾਰਾਂ ਵਿੱਚ 45 ਸੈ.ਮੀ. ਅਤੇ ਬੂਟਿਆਂ ਵਿਚਕਾਰ 7.5 ਸੈ.ਮੀ. ਫ਼ਾਸਲਾ ਰੱਖੋ।ੱ

ਭਿੰਡੀ : 4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪੰਜਾਬ-8 ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿੱਚ ਭਿਉਂ ਦਿਉ।ਪੰਜਾਬ ਸੁਹਾਵਨੀ ਕਿਸਮ ਇਸ ਰੁੱਤ ਲਈ ਢੁੱਕਵੀਂ ਹੈ 15-20 ਟਨ ਗਲੀ ਸੜੀ ਰੂੜੀ ਅਤੇ 40 ਕਿਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿੱਚ ਬਿਜਾਈ ਵੇਲੇ ਪਾਉ। ਯੂਰੀਆ ਦੀ ਦੂਜੀ ਕਿਸ਼ਤ (40 ਕਿਲੋ ਪ੍ਰਤੀ ਏਕੜ) ਪਹਿਲੀ ਤੁੜਾਈ ਉਪਰੰਤ ਪਾਉ।

ਰਵਾਂਹ: ਰਵਾਂਹ 263 ਕਿਸਮ ਦਾ 8-10 ਕਿਲੋ ਬੀਜ ਇੱਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈ.ਮੀ. ਅਤੇ ਪੌਦਿਆਂ ਵਿਚਕਾਰ 15 ਸੈ.ਮੀ. ਦੇ ਫ਼ਾਸਲੇ ਤੇ ਬੀਜੋ। 45 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਉ ।
ਕੱਦੂ ਜਾਤੀ ਦੀਆਂ ਸਬਜ਼ੀਆਂ : ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦਾ 2 ਕਿਲੋ ਬੀਜ ਪ੍ਰਤੀ ਏਕੜ ਅਤੇ ਵੰਗੇ ਦਾ 1 ਕਿਲੋ ਪ੍ਰਤੀ ਏਕੜ ਸਿਫ਼ਾਰਸ਼ ਮੁਤਾਬਕ ਬੀਜੋ।

ਫੁੱਲ ਗੋਭੀ: ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45ਣ30 ਸੈ.ਮੀ. ਦੇ ਫ਼ਾਸਲੇ ਤੇ ਖੇਤ ਵਿੱਚ ਲਾਉ। 40 ਟਨ ਗਲੀ ਸੜੀ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫਤੇ ਬਾਅਦ ਪਾਉ।

ਸ਼ਕਰਕੰਦੀ : ਸ਼ਕਰਕੰਦੀ ਦੀ ਕਿਸਮ ਪੀ ਐਸ ਪੀ 21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25000-30000 ਕਟਿੰਗ ਵੱਟਾਂ ਤੇ 60 ਸੈ.ਮੀ. ਅਤੇ ਪੌਦਿਆਂ ਵਿਚਕਾਰ 30 ਸੈ.ਮੀ. ਦੇ ਫ਼ਾਸਲੇ ਤੇ ਲਾਓ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਵਧੀਆ ਫ਼ਸਲ ਲੈਣ ਲਈ ਪਾਉ।

ਬਾਗਬਾਨੀ:
1. ਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ।
2. ਭਾਰੀਆਂ ਬਾਰਸ਼ਾਂ ਕਾਰਨ ਕਈ ਵਾਰ ਬਾਗਾਂ ਵਿੱਚ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਇਹ ਵਾਧੂ ਪਾਣੀ ਬਾਗਾਂ ਵਿਚੋਂ ਬਾਹਰ ਕੱਢ ਦਿਓ। ਕਿਉਂਕਿ ਇਹ ਵਾਧੂ ਖੜ੍ਹਾ ਪਾਣੀ ਬੂਟਿਆਂ ਦਾ ਨੁਕਸਾਨ ਕਰ ਸਕਦਾ ਹੈ।


3. ਖਾਲੀ ਜ਼ਮੀਨ ਤੇ ਅੰਤਰ ਫਸਲਾਂ ਦੀ ਕਾਸਤ ਅਤੇ ਹਰੀ ਖਾਦ ਲਈ ਸਾਉਣੀ ਦੀਆਂ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਜੰਤਰ ਆਦਿ ਬੀਜ ਦਿਓ।
4. ਨਾਖਾਂ ਦੇ ਫ਼ਲਾਂ ਨੂੰ ਬਗੈਰ ਟਾਹਣੀਆਂ ਦੀ ਟੁੱਟ-ਭੱਜ ਦੇ ਤੋੜੋ।
5. ਬੇਰਾਂ ਦੇ ਪੂਰੇ ਤਿਆਰ ਦਰਖ਼ਤਾਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਇਸ ਮਹੀਨੇ ਪਾ ਦਿਓ।
6. ਕਿੰਨੂ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ ਪੋਟਾਸ਼ੀਅਮ ਨਾਈਟ੍ਰੇਟ (1.0 ਪ੍ਰਤੀਸ਼ਤ) ਦਾ ਛਿੜਕਾਅ ਕਰੋ।
7. ਚੂਨੇ ਦੀ ਕਲੀ ਤਣੇ ਦੁਆਲੇ ਦੂਸਰੀ ਵਾਰ ਫੇਰ ਦਿਓ ਕਿਉਂਕਿ ਅਜਿਹਾ ਕਰਨ ਨਾਲ ਤਣਾ ਗਰਮੀ ਤੋਂ ਬਚਿਆ ਰਹੇਗਾ।
8. ਨਿੰਬੂ ਜਾਤੀ ਦੇ ਕੀੜਿਆਂ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਇਲ/ਕੰਨਫੀਡੋਰ 17.8 ਐਸ ਐਲ (ਇਮਿਡਾਕਲੋਪਰਡਿ) ਜਾਂ 160 ਗ੍ਰਾਮ ਐਕਟਾਰਾ (ਥਾਇਆਮੈਥਾਕਸਮ) ਨੂੰ 500 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਇਹ ਘੋਲ ਇੱਕ ਏਕੜ ਦੇ ਪੂਰੇ ਤਿਆਰ ਬਾਗ ਲਈ ਕਾਫ਼ੀ ਹੈ।
9. ਨਿੰਬੂ ਅਤੇ ਅੰਗੂਰਾਂ ਵਿੱਚ ਮਿੱਲੀਬੱਗ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਪੱਤਿਆਂ ਦੇ ਹੇਠਲੇ ਪਾਸੇ, ਨਰਮ ਸ਼ਾਖਾਵਾਂ, ਜ਼ਮੀਨ ਨਾਲ ਛੂੰਹਦੀਆਂ ਟਹਿਣੀਆਂ ਤੇ ਫਲਾਂ ਦੀ ਜਾਂਚ ਕਰਦੇ ਰਹੋ। ਬਾਗਾਂ ਨੂੰ ਸਾਫ-ਸੁਥਰਾ ਰੱਖਣ ਲਈ ਨਦੀਨਾਂ ਅਤੇ ਘਾਹ ਦੀ ਰੋਕਥਾਮ ਕਰੋ। ਦਰੱਖਤ ਦੀਆਂ ਟਹਿਣੀਆਂ ਦੀ ਕਾਂਟ-ਛਾਂਟ ਇਸ ਢੰਗ ਨਾਲ ਕਰੋ ਕਿ ਉਹ ਜ਼ਮੀਨ ਨੂੰ ਨਾ ਲੱਗਣ। ਹਮਲੇ ਹੇਠ ਆਈਆ ਟਹਿਣੀਆਂ ਨੂੰ ਕੱਟ ਕੇ ਨਸਟ ਕਰ ਦਿਉ।ਬਾਗਾਂ ਚੋਂ ਕੀੜੀਆਂ/ਕਾਢਿਆਂ ਦੇ ਭੌਂਣ ਨਸ਼ਟ ਕਰੋ।
10. ਨਿੰਬੂ ਜਾਤੀ ਦੇ ਟਾਹਣੀਆਂ ਸੁੱਕਣ ਦੇ ਰੋਗ, ਸਕੈਬ ਅਤੇ ਕੋਹੜ ਰੋਗ ਨੂੰ ਰੋਕਣ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ 15 ਦਿਨਾਂ ਦੇ ਵਕਫ਼ੇ ਤੇ ਕਰੋ।
11. ਨਿੰਬੂ ਜਾਤੀ ਦੇ ਪੈਰੋਂ ਗਲਣ ਦੇ ਰੋਗ (ਫ਼ਾਈਟਪਥੋਰਾ ਰੋਗ) ਦੀ ਰੋਕਥਾਮ ਲਈ ਬੂਟਿਆਂ ਦੀ ਛੱਤਰੀ ਹੇਠ ਜਮੀਨ ਅਤੇ ਮੁੱਖ ਤਣਿਆਂ ਉੱੱਪਰ 50 ਮਿਲੀਲਿਟਰ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟਾ ਪਾਇਆ ਜਾ ਸਕਦਾ ਹੈ।
12. ਅੰਗੂਰਾਂ ਦੇ ਬੂਟਿਆਂ ਨੂੰ ਕੋਹੜ ਦੇ ਰੋਗ ਤੋਂ ਬਚਾਉਣ ਲਈ ਜੁਲਾਈ ਦੇ ਪਹਿਲੇ ਅਤੇ ਅਖੀਰਲੇ ਹਫਤੇ ਵਿੱਚ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
13. ਅਮਰੂਦਾਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਾਓ।ਬਾਗਾਂ ਵਿੱਚ ਫਲ ਦੀ ਮੱਖੀ ਗ੍ਰਸਤ ਫਲਾਂ ਨੂੰ ਲਗਾਤਾਰ ਇਕੱਠਾ ਕਰਕੇ ਦਬਾਉਂਦੇ ਰਹੋ।ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਢਕਿਆ ਜਾ ਸਕਦਾ ਹੈ ।
ਵਣ ਖੇਤੀ: ਜ਼ਿਆਦਾਤਰ ਦਰੱੱਖ਼ਤ ਜਿਵੇਂ ਕਿ ਸਫ਼ੈਦਾ, ਕਿੱਕਰ, ਸੂਬਾਬੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਬਰਸਾਤੀ ਮੌਸਮ (ਜੁਲਾਈ-ਅਗਸਤ) ਵਿੱਚ ਲਗਾਉਣੇ ਚਾਹੀਦੇ ਹਨ। ਬੂਟਿਆਂ ਦਾ ਪ੍ਰਬੰਧ ਕਿਸੇ ਚੰਗੀ ਨਰਸਰੀ ਤੋਂ ਅਡਵਾਂਸ ਵਿੱਚ ਕਰ ਲਵੋ। ਬੂਟੇ ਲਗਾਉਣ ਲਈ ਟੋਏ ਦਾ ਆਕਾਰ 50ਣ50 ਣ 50 ਸੈਂਟੀਮੀਟਰ ਹੋਵੇ ਜਿਸ ਵਿੱਚ ਗੋਹੇ ਦੀ ਗਲੀ ਸੜੀ ਖਾਦ ਅਤੇ ਉੱੱਪਰਲੀ ਮਿੱਟੀ ਮਿਲਾ ਕੇ ਭਰ ਲੈਣਾ ਚਾਹੀਦਾ ਹੈ। ਲਿਫ਼ਾਫ਼ਾ ਉਤਾਰ ਕੇ ਬੂਟੇ ਟੋਏ ਦੇ ਵਿਚਕਾਰ ਲਗਾਉ। ਇਹ ਧਿਆਨ ਰੱਖਿਆ ਜਾਵੇ ਕਿ ਲਿਫ਼ਾਫ਼ਾ ਉਤਾਰਨ ਵੇਲੇ ਜੜ੍ਹਾਂ ਅਤੇ ਮਿੱਟੀ ਦੀ ਗਾਚੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗਾ ਕੇ ਉਸੇ ਵੇਲੇ ਪਾਣੀ ਲਗਾ ਦਿਉ।

ਪਾਪਲਰ: ਜੇਕਰ ਚੰਗੀ ਬਰਸਾਤ ਨਾ ਹੋਵੇ ਤਾਂ ਪਾਪਲਰ ਨੂੰ ਹਫਤੇ ਦੇ ਵਕਫੇ ਨਾਲ ਸਿੰਚਾਈ ਦਿੰਦੇ ਰਹੋ।ਪਾਪਲਰ ਦੀ ਨਰਸ਼ਰੀ ਵਿੱਚੋਂ ਭੱਬੂ ਕੁੱਤਾ ਅਤੇ ਪੱਤਾ ਲਪੇਟ ਸੁੰਡੀ ਨਾਲ ਪ੍ਰਭਾਵਿਤ ਪੱਤਿਆਂ ਨੂੰ ਇਕੱਠਾ ਕਰਕੇ ਨਸ਼ਟ ਕਰਨ ਨਾਲ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ।

ਸਜਾਵਟੀ ਬੂਟੇ: ਬਰਸਾਤਾਂ ਸ਼ੁਰੂ ਹੋਣ ਦੇ ਨਾਲ ਹੀ ਦਰੱਖਤ, ਝਾੜੀਆਂ ਅਤੇ ਵੇਲਾਂ ਨੂੰ ਪਹਿਲਾਂ ਤੋ ਹੀ ਤਿਆਰ ਕੀਤੇ ਗਏ ਟੋਇਆਂ ਵਿੱਚ ਲਾਇਆ ਜਾ ਸਕਦਾ ਹੈ। ਦਰਖਤਾਂ ਲਈ ਖੱਡੇ ਦਾ ਆਕਾਰ 3’3’3’ ਹੋਣਾ ਚਾਹੀਦਾ ਹੈ ਅਤੇ ਝਾੜੀਆਂ ਲਈ 2’2’2’ ਆਕਾਰ ਦੇ ਸਹੀ ਹੈ। ਇਸ ਮੌਸਮ ਵਿੱਚ ਬਹੁਤ ਸਾਰੇ ਦਰੱਖਤ, ਝਾੜੀਆਂ ਤੇ ਵੇਲਾਂ ਦੀ ਪੌਦ ਦਾ ਵਾਧਾ ਇਹਨਾਂ ਦੇ ਟੂਸਿਆਂ ਨੂੰ ਤੋੜ ਕੇ ਰੇਤ ਵਿੱਚ ਲਗਾ ਕੇ ਵੀ ਕੀਤਾ ਜਾ ਸਕਦਾ ਹੈ।

ਗਮਲਿਆਂ ਦੇ ਬੂਟੇ : ਜੇਕਰ ਬੂੰਦਾਬਾਂਦੀ ਹੋ ਰਹੀ ਹੋਵੇ ਤਾਂ ਗਮਲਿਆਂ ਦੇ ਬੂਟਿਆਂ ਨੂੰ ਵਿਹੜੇ ਵਿੱਚ ਰੱਖ ਦਿਉ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਵਿੱਚ ਨਵੀਂ ਜਾਨ ਪਵੇਗੀ। ਜੇਕਰ ਕੁੱਝ ਗਮਲਿਆਂ ਵਿੱਚ ਬੂਟਿਆ ਦਾ ਵਾਧਾ ਜ਼ਿਆਦਾ ਹੋਵੇ, ਉਹਨਾਂ ਬੂਟਿਆਂ ਨੂੰ ਵੱਖ-ਵੱਖ ਕਰਕੇ ਦੂਸਰੇ ਗਮਲਿਆਂ ਵਿੱਚ ਲਾ ਦਿਉ। ਅਜਿਹਾ ਕਰਨ ਨਾਲ ਅਸੀ ਬੂਟਿਆਂ ਦੀ ਗਿਣਤੀ ਵਧਾ ਸਕਦੇ ਹਾਂ। ਗਮਲਿਆਂ ਵਿੱਚ ਪਹਿਲਾਂ ਤੋ ਲੱਗੇ ਬੂਟਿਆ ਨੂੰ ਕੱਢ ਕੇ ਗਮਲੇ ਨੂੰ ਨਵੇਂ ਸਿਰਿਓਂ ਖਾਦ ਅਤੇ ਮਿੱਟੀ ਦੇ ਮਿਸ਼ਰਨ ਨਾਲ ਭਰਕੇ ਉਸ ਵਿੱਚ ਇਹ ਬੂਟੇ ਦੁਬਾਰਾ ਲਾਏ ਜਾ ਸਕਦੇ ਹਨ।ਅਜਿਹਾ ਕਰਨ ਨਾਲ ਬੂਟਿਆਂ ਦਾ ਵਾਧਾ ਤੇ ਦਿੱੱਖ ਵਿੱਚ ਨਿਖਾਰ ਆਵੇਗਾ।

ਲਾਅਨ: ਪਿਛਲੇ ਮਹੀਨੇ ਜਿਹੜੀ ਥਾਂ ਨੂੰ ਘਾਹ ਲਾਉਣ ਲਈ ਤਿਆਰ ਕੀਤਾ ਸੀ ਉਸ ਵਿੱਚ ਘਾਹ ਲਾ ਦਿਉ। ਘਾਹ ਦੀਆਂ ਜੜ੍ਹਾਂ ਦੇ ਛੋਟੇ-ਛੋਟੇ ਗੁੱਛੇ 10-15 ਸੈਂਟੀਮੀਟਰ ਦੀ ਦੂਰੀ ਉੱਪਰ ਲਾ ਦਿਉ। ਨਾਲ ਹੀ ਨਾਲ ਦਿਨ ਚ ਦੋ ਵਾਰੀ ਪਾਣੀ ਦਿਉ। ਪਾਣੀ ਬਰਸਾਤਾਂ ਤੇ ਨਿਰਭਰ ਕਰੇਗਾ।ਪੁਰਾਣੇ ਲਾਅਨ ਨੂੰ ਨਵਿਆਉਣ ਲਈ ਇਹ ਢੁੱਕਵਾਂ ਮਹੀਨਾ ਹੈ।

ਗੁਲਦਾਉਦੀ : ਗੁਲਦਾਉਦੀ ਦੀਆਂ ਟੂਸੇ ਤੋਂ ਲਈਆਂ ਗਈਆਂ ਕਲਮਾਂ ਰੇਤੇ ਵਿੱਚ ਲਾਈਆਂ ਜਾ ਸਕਦੀਆਂ ਹਨ। ਗੁਲਦਾਉਦੀ ਦੇ ਬੂਟੇ ਦੇ ਟੂਸੇ ਜੋ ਕਿ ਉਂਗਲ ਅਤੇ ਅੰਗੂਠੇ ਨਾਲ ਮਰੌੜਨ ਤੇ ਆਸਾਨੀ ਨਾਲ ਵੱਟਦੇ ਹਨ, ਨੂੰ ਕਲਮਾਂ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਤੋਂ ਹੇਠਲੇ 2-3 ਪੱਤੇ ਸੂਤ ਦਿਓ। ਪਿਛਲੇ ਮਹੀਨੇ ਰੇਤੇ ਵਿੱਚ ਲਾਈਆਂ ਗਈਆਂ ਕਲਮਾਂ ਵਿੱਚ ਜੜ੍ਹਾਂ ਤਿਆਰ ਹੋ ਗਈਆਂ ਹੋਣਗੀਆਂ ਤੇ ਇਹਨਾਂ ਨੂੰ ਕਿਆਰੀਆਂ ਜਾਂ ਗਮਲਿਆਂ ਵਿੱਚ ਲਾਉਣ ਦਾ ਢੁੱਕਵਾਂ ਸਮਾਂ ਹੈ।ਗਮਲਿਆਂ ਲਈ ਮਿੱਟੀ ਅਤੇ ਰੂੜੀ ਦੀ ਖਾਦ ਦਾ ਮਿਸ਼ਰਨ ਇਨ੍ਹਾਂ ਨੂੰ 2:1 ਅਨੁਸਾਰ ਮਿਲਾ ਕੇ ਬਣਾਇਆ ਜਾਂਦਾ ਹੈ।

ਗੇਂਦਾ : ਗੇਂਦੇ ਦੀ ਪੰਜਾਬ ਗੇਂਦਾ ਨੰ 1 ਕਿਸਮ ਬੀਜ ਪੈਦਾ ਕਰਨ ਲਈ ਇਸ ਮਹੀਨੇ ਲਗਾਈ ਜਾ ਸਕਦੀ ਹੈ।

ਪਸ਼ੂ ਪਾਲਣ: ਪਸ਼ੂਆਂ ਨੂੰ ਚਾਰਾ ਜਲਦੀ ਸਵੇਰੇ ਜਾਂ ਸ਼ਾਮ ਨੂੰ ਪਾਇਆ ਜਾਵੇ। ਮੁਰਝਾਇਆ ਹੋਇਆ ਜਾਂ ਉੱਲੀ ਲਗਾ ਚਾਰਾ ਨਾ ਪਾਓ। ਪਸ਼ੂਆਂ ਨੂੰ ਸ਼ੈੱਡ ਅੰਦਰ ਰੱਖੋ ਅਤੇ ਦਿਨ ਵਿੱਚ ਤਿੰਨ-ਚਾਰ ਵਾਰੀ ਨਹਾਉਂਦੇ ਰਹਿਣਾ ਚਾਹੀਦਾ ਹੈ। ਪਸ਼ੂਆਂ ਨੂੰ ਪੀਣ ਲਈ ਠੰਢਾ ਪਾਣੀ ਦਿਉ।ਪਸ਼ੂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 2-4% ਤੱਕ ਵਧਾ ਦਿਓ। ਇਸ ਮਹੀਨੇ ਮੱਛਰ, ਮੱਖੀਆਂ ਅਤੇ ਚਿੱਚੜਾਂ ਦੀ ਤਦਾਦ ਵਧ ਜਾਂਦੀ ਹੈ ਜੋ ਪਸ਼ੂ ਦਾ ਖੂਨ ਚੂਸਦੇ ਹਨ ਅਤੇ ਬੀਮਾਰੀ ਫੈਲਾਉਂਦੇ ਹਨ। ਸੋ, ਇਨ੍ਹਾਂ ਦੀ ਰੋਕਥਾਮ ਲਈ ਬਿਉਟੌਕਸ ਜਾਂ ਅਮੀਟਰਾਜ਼ 2-3 ਮਿਲÇੀਲਟਰ ਪਾਣੀ ਵਿੱਚ ਘੋਲ ਕੇ ਪਸ਼ੂਆਂ ਉਪਰ ਉਪਯੋਗ ਕਰੋ ਅਤੇ ਸ਼ੈੱਡ ਵਿੱਚ ਚਾਰੇ ਪਾਸੇ ਛਿੜਕਾਅ ਕਰੋ ਅਤੇ ਇਸ ਕਿਰਿਆ ਨੂੰ 10-15 ਦਿਨ ਬਾਅਦ ਦੁਬਾਰਾ ਕਰੋ। ਪੱਠੇ, ਖੁਰਾਕ ਅਤੇ ਪਾਣੀ ਉਪਰ ਸਪਰੇਅ ਨਹੀਂ ਕਰਨੀ ਚਾਹੀਦੀ ਹੈ। ਇਸ ਕੰਮ ਵਿੱਚ ਕੰਪਨੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇ ਪਸ਼ੂ ਨੂੰ ਗਰਮੀ ਲੱਗ ਜਾਵੇ ਤਾਂ ਪਸ਼ੂ ਦੇ ਸਰੀਰ ਉੱਪਰ ਠੰਢਾ ਪਾਣੀ ਪਾਉ ਅਤੇ ਡਾਕਟਰ ਦੀ ਸਹਾਇਤਾ ਨਾਲ ਗੁਲੂਕੋਜ਼ ਲਗਵਾਉ। ਜੇ ਪਸ਼ੂ ਦੀਆਂ ਨਾਸਾਂ ਵਿਚੋਂ ਖੂਨ ਆਵੇ ਤਾਂ ਪਸ਼ੂ ਦੇ ਸਿਰ ਅਤੇ ਚਿਹਰੇ ਉੱਪਰ ਠੰਡਾ ਪਾਣੀ ਪਾਉ ਅਤੇ ਸਿਰ ਨੂੰ ਉੱਪਰ ਉਠਾ ਕੇ ਰੱਖੋ। ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰੋ। । ਜੇ ਗਲ ਘੋਟੂ ਅਤੇ ਮੂੰਹ-ਖੁਰ ਦੇ ਟੀਕੇ ਨਹੀਂ ਲਗਵਾਏ ਤਾਂ ਪਸ਼ੂਆਂ ਨੂੰ ਇਹ ਟੀਕੇ ਜਲਦੀ ਲਗਵਾਉ।ਇਸ ਮੌਸਮ ਵਿੱਚ ਸੱਪਾਂ ਦੇ ਕੱਟਣ ਦਾ ਖਤਰਾ ਵਧ ਜਾਂਦਾ ਹੈ। ਸੋ ਪਸ਼ੂ ਦਾ ਅਚਾਨਕ ਡਿੱਗ ਪੈਣਾ, ਤੌਲਵਾਂ ਨੀਵਾਂ ਹੋਣਾ, ਹਵਾਨੇ ਉਪਰ ਸੋਜ ਹੋਣਾ, ਸਾਹ ਲੈਣ ਵਿੱਚ ਮੁਸ਼ਕਲ ਆਉਣਾ, ਦਿਲ ਦੀ ਧੜਕਨ ਦਾ ਵਧਣਾ, ਝੱਗ ਆਉਣਾ ਜਾਂ ਕੁੜੱਲ ਪੈਣਾ ਆਦਿ ਨਿਸ਼ਾਨੀਆਂ ਹੋਣ ਤਾਂ ਪਸ਼ੂ ਨੂੰ ਧਿਆਨ ਨਾਲ ਦੇਖੋ ਕਿ ਕਿਤੇ ਸੱਪ ਦੇ ਕੱਟਣ ਦਾ ਨਿਸ਼ਾਨ ਮਿਲੇ ਤਾਂ ਡਾਕਟਰ ਨਾਲ ਜਲਦੀ ਸੰਪਰਕ ਕਰੋ। ਪਸ਼ੂ ਨੂੰ ਕਾਲਾ ਜਾਂ ਉੱਲੀ ਲੱਗਿਆ ਦਾਣਾ ਨਹੀਂ ਪਾਉਣਾ ਚਾਹੀਦਾ। ਪਸ਼ੂਆਂ ਨੂੰ ਦਾਦ ਲੱਗਣ ਤੋਂ ਬਚਾਉਣ ਲਈ ਪਸ਼ੂਆਂ ਨੂੰ ਅਤੇ ਸ਼ੈਡ ਨੂੰ ਸੁੱਕਾ ਰੱਖੋ।

ਮੁਰਗੀ ਪਾਲਣ: ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ। ਸ਼ੈਡ ਵਿੱਚ ਫੁਹਾਰੇ ਲਗਾਓ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ।ਖੁਰਾਕ ਵਿੱਚ ਚਿਕਨਾਈ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਦੇ ਤੱਤ ਮਿਲ ਸਕਣ। ਆਂਡੇ ਘਟਣ ਜਾਂ ਮੁਰਗੀਆਂ ਦੀ ਮੌਤ ਵਿੱਚ ਵਾਧਾ ਦਿਖੇ ਤਾਂ ਮਾਹਰ ਦੀ ਸਲਾਹ ਲਓ। 6-8 ਹਫਤੇ ਦੀ ਉਮਰ ਤੇ ਪੱਠਾਂ ਨੂੰ ਰਾਣੀ ਖੇਤ ਦੇ ਆਰ-2 ਬੀ ਟੀਕੇ ਲਗਾਉਣੇ ਚਾਹੀਦੇ ਹਨ। ਇਹ ਦੁਵਾਈ ਪਾਣੀ ਜਾਂ ਲੱਸੀ ਵਿੱਚ ਨਹੀ ਪਿਲਾਉਣੀ ਚਾਹੀਦੀ। ਟੀਕੇ ਲੱਗੀਆਂ ਮੁਰਗੀਆਂ ਨੂੰ ਵਿਟਾਮਿਨ ਪਾਣੀ ਵਿੱਚ ਦੇਣੇ ਚਾਹੀਦੇ ਹਨ ਤਾਂ ਜੋ ਟੀਕਿਆਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ। ਵੱਧ ਰਹੀਆਂ ਪੱਠਾਂ (6-10 ਹਫਤੇ) ਨੂੰ ਦਿਨ ਦੀ ਰੌਸ਼ਨੀ ਹੀ ਦੇਣੀ ਚਾਹੀਦੀ ਹੈ ਪਰ ਅੰਡੇ ਦੇ ਰਹੀਆ ਮੁਰਗੀਆਂ ਨੂੰ ਤੜਕੇ ਸਵੇਰੇ ਅਤੇ ਰਾਤ ਨੂੰ ਬਲਬਾਂ ਦੀ ਰੌਸ਼ਨੀ ਦੇ ਕੇ 16 ਘੰਟੇ ਰੌਸ਼ਨੀ ਪੂਰੀ ਕਰ ਦੇਣੀ ਚਾਹੀਦੀ ਹੇੈ। ਛੱਤ ਉੱਪਰ ਸਰਕੰਡੇ ਦੀ 2 ਇੰਚ ਮੋਟੀ ਤਹਿ ਵਿਛਾਉ ਤਾਂ ਜੋ ਸ਼ੈਡ ਅੰਦਰਲੇ ਤਾਪਮਾਨ ਨੂੰ ਘਟਾਇਆ ਜਾ ਸਕੇ। ਸੁੱਕ ਵਿਧੀ ਸਿਸਟਮ ਵਿੱਚ ਮੁਰਗੀਆਂ ਨੂੰ ਸਮੇਂ ਸਿਰ ਮਲ੍ਹੱਪ ਰਹਿਤ ਕਰੋ। ਮੁਰਗੀਆਂ ਨੂੰ ਖੁਰਾਕ ਠੰਡੇ ਸਮੇ ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ ਅਤੇ ਫੀਡ ਵਿੱਚ ਤੇਲ ਦੀ ਮਾਤਰਾ 1-2% ਤੱਕ ਵਧਾ ਦਿਓ ਤਾਂ ਜੋ ਗਰਮੀਆਂ ਵਿੱਚ ਊਰਜਾ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਛੱਤ ਉਪੱਰ ਪਾਣੀ ਦੀ ਟੰਕੀ ਪੂਰੀ ਨਾ ਭਰੋ। ਪਾਣੀ ਵਿੱਚ 250 ਮਿਲੀ ਲਿਟਰ ਸਿਰਕਾ 100 ਲਿਟਰ ਪਾਣੀ ਵਿੱਚ ਪਾਓ ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂਆਂ ਦਾ ਖਾਤਮਾ ਕੀਤਾ ਜਾ ਸਕੇ ਅਤੇ 10 ਗ੍ਰਾਮ ਨਸ਼ਾਦਰ 100 ਲਿਟਰ ਪਾਣੀ ਵਿੱਚ ਪਾਓ ਤਾਂ ਜੋ ਪਾਣੀ ਵਿੱਚ ਠੰਡਕ ਪੈਦਾ ਕੀਤੀ ਜਾ ਸਕੇ।

ਸ਼ਹਿਦ ਦੀਆਂ ਮੱਖੀਆਂ ਪਾਲਣਾ : ਇਸ ਮਹੀਨੇ ਵਿੱਚ ਕਟੁੰਬਾਂ ਦਾ ਨਿਰੀਖਣ ਤੇਜ਼ੀ ਨਾਲ ਦੇਰ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ। ਬਾਹਰ ਫੁੱਲ-ਫੁਲਾਕੇ ਦੀ ਘਾਟ ਅਤੇ ਕਟੁੰਬ ਵਿੱਚ ਨੈਕਟਰ/ਸ਼ਹਿਦ ਖੁਰਾਕ ਦੀ ਥੁੜ੍ਹ ਦੀ ਸੂਰਤ ਵਿੱਚ ਇੱਕ ਹਿੱਸਾ ਖੰਡ ਅਤੇ ਇੱਕ ਹਿੱਸਾ ਪਾਣੀ ਦੇ ਘੋਲ ਦੀ ਖੁਰਾਕ ਸ਼ਾਮ ਵੇਲੇ ਸਾਰੇ ਕਟੁੰਬਾਂ ਨੂੰ ਡਵੀਜ਼ਨ-ਬੋਰਡ ਫੀਡਰ ਵਿੱਚ ਪਾ ਕੇ ਦਿਉ। ਪਰਾਗ ਦੀ ਘਾਟ ਦੀ ਸੂਰਤ ਵਿੱਚ ਕਟੁੰਬਾਂ ਨੂੰ ਸ਼ਹਿਦ ਮੱਖੀਆਂ ਦੇ ਕਟੁੰਬਾਂ ਤੋਂ ਪੀ.ਏ.ਯੂ. ਪੋਲਣ ਟਰੈਪ ਦੁਆਰਾ ਇੱਕਠਾ ਅਤੇ ਸਟੋਰ ਕੀਤਾ ਪਰਾਗ ਦਿਓ ਜਾਂ ਪੀ.ਏ.ਯ.ੂ ਪਰਾਗ ਬਦਲ (ਪੋਲਨ ਸਬਸਟੀਚਿਊਟ/ਸਪਲੀਮੈਂਟ) ਦਿਉ। ਰੋਬਿੰਗ ਦੀ ਸਮੱਸਿਆ ਤੋਂ ਬਚਾਅ ਸਬੰਧੀ ਉਪਰਾਲੇ ਕਰੋ। ਕਟੁੰਬਾਂ ਨੂੰ ਮੋਮੀ ਕੀੜੇ, ਕੀੜੀਆਂ, ਦੰਦਈਏ ਅਤੇ ਹਰੀ ਚਿੜੀ ਦੇ ਹਮਲੇ ਤੋਂ ਬਚਾਉ। ਸਟੋਰ ਕੀਤੇ ਹੋਏ ਵਾਧੂ ਛੱਤਿਆਂ ਨੂੰ ਮੋਮੀ ਕੀੜੇ ਦੇ ਹਮਲੇ ਤੋਂ ਬਚਾਉ। ਕਮਜ਼ੋਰ ਰਾਣੀ-ਰਹਿਤ ਅਤੇ ਲੇਇੰਗ ਵਰਕਰ ਕਟੁੰਬਾਂ ਨੂੰ ਦਰਮਿਆਨੀ ਬਲਤਾ ਦੇ ਰਾਣੀ ਵਾਲੇ ਕਟੁੰਬਾਂ ਨਾਲ ਮਿਲਾਉ। ਕਟੁੰਬਾਂ ਨੂੰ ਉੱਚੇ ਸਟੈਂਡਾਂ ਉਤੇ ਥੋੜ੍ਹਾ ਜਿਹਾ ਮੂਹਰਲੇ ਪਾਸੇ ਝੁਕਾ ਕੇ ਰੱਖੋ ਤਾਂ ਕਿ ਮੀਂਹ ਦਾ ਪਾਣੀ ਕਟੁੰਬਾਂ ਦੇ ਅੰਦਰ ਵੜ ਅਤੇ ਖੜੋ ਨਾ ਸਕੇ। ਕੁਟੰਬਾਂ ਨੂੰ ਬਰਸਾਤੀ ਪਾਣੀ ਅਤੇ ਨਾਲਿਆਂ ਦੇ ਰਾਹ ਵਿੱੱਚ ਨਾ ਰੱੱਖੋ। ਸ਼ਹਿਦ ਮੱਖੀ ਹਾਈਵ (ਬਕਸਾ) ਦੇ ਉਪਰੱਲੇ ਢੱਕਣ (ਟੌਪ ਕਵਰ), ਜੋ ਕਿ ਜਿਸਤੀ ਚੱਦਰ ਨਾਲ ਉੱਪਰੋਂ ਢੱਕਿਆ ਹੋਵੇ, ਦੀ ਵਰਤੋਂ ਜਰੂਰ ਕਰੋ। ਕਟੁੰਬਾਂ ਨੂੰ ਨੀਵੀਂ ਜਗ੍ਹਾ ਤੋਂ ਚੁੱਕ ਕੇ ਉੱਚੀ ਜਗ੍ਹਾ ਤੇ ਲਿਜਾ ਕੇ ਰੱਖੋ ਅਤੇ ਉਨ੍ਹਾਂ ਦੇ ਆਲੇ-ਦੁਆਲੇ ਬਰਸਾਤ ਦੇ ਮੌਸਮ ਕਾਰਨ ਵਧਦੀ ਹੋਈ ਬਨਸਪਤੀ/ਨਦੀਨਾਂ, ਆਦਿ ਨੂੰ ਸਾਫ਼ ਕਰਦੇ ਰਹੋ ਤਾਂ ਕਿ ਕਟੁੰਬ ਹਵਾਦਾਰ ਅਤੇ ਸਿੱਲ੍ਹ ਰਹਿਤ ਰਹਿਣ ਅਤੇ ਮੱਖੀਆਂ ਦੀ ਕਾਰਜ ਉਡਾਰੀ ਵਿੱਚ ਵਾਧਾ ਹੋਵੇ। ਅੰਦਰਲੇ ਢੱਕਣ ਦੀ ਜਾਲੀ ਦੇ ਮੁਸਾਮ ਪ੍ਰੋਪੋਲਿਸ ਨਾਲ ਬੰਦ ਨਹੀਂ ਹੋਣੇ ਚਾਹੀਦੇ, ਸਗੋਂ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ।

ਖੁੰਬਾਂ ਦੀ ਕਾਸ਼ਤ:

ਇਸ ਮਹੀਨੇ ਦੌਰਾਨ, ਸਾਫ਼ ਸੁੁੁੂਥਰੀ ਤੂੜੀ ਅਤੇ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਖਾਦ ਨੂੰ ਜਮ੍ਹਾਂ ਕਰੋ ਤਾਂ ਜੋ ਕਿ ਬਟਨ ਅਤੇ ਢੀਗਰੀ ਖੁੰਬ ਦੀ ਕਾਸ਼ਤ ਲਈ ਇਨ੍ਹਾਂ ਦੀ ਆਉਣ ਵਾਲੇ ਸੀਜ਼ਨ ਵਿਚ ਵਰਤੋਂ ਕੀਤੀ ਜਾ ਸਕੇ (ਅਕਤੂਬਰ-ਮਾਰਚ) ।ਪਰਾਲੀ ਖੁੰਬ ਦੀ ਕਾਸ਼ਤ ਲਈ ਪਰਾਲੀ ਦੇ ਪੂਲੇ (1.5 ਕਿਲੋ) ਬਣਾ ਕੇ, ਗਿੱਲਾ ਕਰੋ, ਬੈੱਡ ਬਣਾਓ ਫਿਰ ਉਸ ਵਿਚ ਬੀਜ਼ ਪਾਉ ।ਖੁੰਬਾਂ ਦੀ ਤੁੜਾਈ ਦੌਰਾਨ, ਬੈੱਡਾਂ ਉਤੇ ਰੋਜ਼ਾਨਾ ਦਿਨ ਵਿੱਚ ਦੋ ਵਾਰ ਫੁਹਾਰੇ ਨਾਲ ਪਾਣੀ ਲਾਓ ।ਫ਼ਸਲ ਦੀ ਤੁੜਾਈ ਤੋਂ ਬਾਅਦ ਪੁਰਾਣੇ ਬੈੱਡਾਂ ਨੂੰ ਬਾਹਰ ਕੱਢ ਕੇ ਅਗਲੀ ਫ਼ਸਲ ਲਈ ਨਵੇਂ ਬੈੱਡ ਬਣਾਓ ।ਇਸ ਮਹੀਨੇ ਦੌਰਾਨ ਰੇਸ਼ਾ ਫੇਲੇ ਹੋਏ ਮਿਲਕੀ ਖੁੰਬ ਦੇ ਬੈਗਾਂ ਉਤੇ 1-1.5” ਮੋਟੀ ਕੇਸਿੰਗ ਮਿਟੀ (ਰੂੜੀ ਖਾਦ : ਰੇਤਲੀ ਮਿਟੀ 4:1) ਦੀ ਪਰਤ ਵਿਛਾ ਦਿਉ ।ਕੇਸਿੰਗ ਦੇ 15-17 ਦਿਨਾਂ ਬਾਅਦ ਮਿਲਕੀ ਖੁੰਬ ਦੇ ਕਿਣਕੇ ਨਜ਼ਰ ਆਉਣੇ ਸ਼ੂਰੁ ਹੋ ਜਾਂਦੇ ਹਨ ।

(ਸੰਗ੍ਰਹਿ ਕਰਤਾ: ਪ੍ਰਦੀਪ ਕੁਮਾਰ ਛੁਨੇਜਾ, ਆਰ ਕੇ ਗੁਪਤਾ, ਕਮਲਜੀਤ ਸਿੰਘ ਸੂਰੀ, ਅੰਮਿਤ ਕੌਲ, ਗੁਰਵਿੰਦਰਪਾਲ ਸਿੰਘ ਢਿੱਲੋਂ, ਜਸਵਿੰਦਰ ਸਿੰਘ ਬਰਾੜ, ਰਣਜੀਤ ਸਿੰਘ, ਰੂਮਾ ਦੇਵੀ, ਤੇਜਵੀਰ ਸਿੰਘ ਅਤੇ ਸ਼ਿਵਾਨੀ ਸ਼ਰਮਾ।)

Share this Article
Leave a comment