ਅਣਮਨੁੱਖੀ ਵਰਤਾਰੇ ਦਾ ਸ਼ਿਕਾਰ ਧਰਤੀ

TeamGlobalPunjab
10 Min Read

ਧਰਤੀ ਉਤੇ ਸਮੁੱਚਾ ਜੀਵਨ, ਧਰਤੀ ਅਤੇ ਆਲੇ-ਦੁਆਲੇ ਨਾਲ ਚੰਗੇਰੀ ਸਾਂਝ ਪਾ ਕੇ ਹੀ ਜੀਵਿਆ ਜਾ ਸਕਦਾ ਹੈ। ਸਭ ਤੋਂ ਵੱਡੀ ਜ਼ਰੂਰਤ ਧਰਤੀ ਤੇ ਰਹਿਣ ਵਾਲੇ ਜੀਵਾਂ ਪ੍ਰਤੀ ਸਕਰਾਤਮਕ ਵਿਵਹਾਰ ਕਰਨਾ ਹੈ। ਸਾਨੂੰ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੂਗੁਣਾ ਦੇ ਇਹ ਸ਼ਬਦ ਚੇਤੇ ਰੱਖਣੇ ਬਣਦੇ ਹਨ, “ਜਦੋਂ ਤੱਕ ਧਰਤੀ, ਜੰਗਲ, ਪਹਾੜ ਤੇ ਨਦੀਆਂ ਦੀ ਧਾਰਾ ਬਾਕੀ ਹੈ, ਉਦੋਂ ਤੱਕ ਜੀਵਨ ਪ੍ਰਵਾਹ ਹੈ।” ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਕਰਤਾ-ਧਰਤਾ ਸੁੰਦਰ ਲਾਲ ਬਹੁਗੁਣਾ ਹਾਲ ਹੀ ਵਿੱਚ ਕਰੋਨਾ ਦੀ ਗ੍ਰਿਫਤ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਏ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਲ, ਜੰਗਲ ਤੇ ਜ਼ਮੀਨ ਬਚਾਉਣ ਲਈ ਸਮਰਪਿਤ ਕੀਤੀ ਸੀ।

 

ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਯੁੱਗ ਵਿੱਚ ਦੁਨੀਆ ਭਰ ਵਿੱਚ ਆਰਥਿਕ ਵਿਕਾਸ ਦੀ ਹੋੜ ਲੱਗੀ ਹੋਈ ਹੈ। ਨਵੀਨਕਰਨ ਨੇ ਕੁਦਰਤੀ ਵਸੀਲਿਆਂ ਦਾ ਨਾਸ ਮਾਰ ਦਿੱਤਾ ਹੈ। ਧਰਤੀ ਕੁਰਲਾ ਰਹੀ ਹੈ। ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ‘ਚ ਉਹ ਬੇਬਸ ਦਿੱਖ ਰਹੀ ਹੈ। ਗਲੋਬਲ ਫੁਟਪਿ੍ਰੰਟ ਨੈਟਵਰਕ ਦੇ ਅਨੁਸਾਰ ਆਰਥਿਕ ਵਿਕਾਸ ਦਾ ਦਬਾਅ ਐਨਾ ਵੱਧ ਚੁੱਕਾ ਹੈ ਕਿ ਦੁਨੀਆ ਭਰ ਦੇ ਰਾਸ਼ਟਰ ਆਪਸ ਵਿੱਚ ਤਾਂ ਵਪਾਰਕ ਜੰਗਾਂ ਲਈ ਗੁਥਮ-ਗੁੱਥਾਂ ਹੋ ਹੀ ਰਹੇ ਹਨ, ਆਪੋ-ਆਪਣੇ ਦੇਸ਼ਾਂ ਵਿੱਚ ਵੀ ਵਿਕਾਸ ਦੇ ਵੱਡੇ-ਵੱਡੇ ਪ੍ਰਾਜੈਕਟ ਸ਼ੁਰੂ ਕਰਕੇ “ਮਾਂ ਧਰਤੀ“ ਦੇ ਸੀਨੇ ‘ਚ ਛੇਕ ਪਾ ਰਹੇ ਹਨ। ਵੱਡੇ-ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਕਾਰਬਨ ਦੀ ਪੈਦਾਇਸ਼ ‘ਚ ਐਨਾ ਵਾਧਾ ਹੋ ਰਿਹਾ ਹੈ ਕਿ ਪਿ੍ਰਥਵੀ ਅਤੇ ਕੁਦਰਤੀ ਗੈਸਾਂ ਦਾ ਸਤੁੰਲਨ ਵਿਗੜ ਰਿਹਾ ਹੈ, ਜਿਹੜਾ ਇਸ ਧਰਤੀ ਤੇ ਰਹਿਣ ਵਾਲੇ ਮਨੁੱਖਾਂ ਜੀਵਾਂ ਅਤੇ ਫ਼ਸਲਾਂ ਲਈ ਨਿੱਤ ਨਵੀਆਂ ਔਖਿਆਈਆਂ ਪੈਦਾ ਕਰ ਰਿਹਾ ਹੈ।

ਕੁਦਰਤੀ ਸਾਧਨਾਂ ਦੀ ਅੰਧਾਂਧੁੰਦ ਵਰਤੋਂ, ਵਾਤਾਵਰਨ ਵਿੱਚ ਸਿਰੇ ਦਾ ਪ੍ਰਦੂਸ਼ਨ, ਦਰਖ਼ਤਾਂ ਦੀ ਕੱਟ-ਕਟਾਈ, ਮਨੁੱਖੀ ਜੀਵਨ ਨੂੰ ਅਸੰਤੁਲਿਤ ਕਰ ਰਿਹਾ ਹੈ। ਸਾਡੀਆਂ ਖਾਧ ਵਸਤੂਆਂ ਇਸ ਸਾਰੀ ਪ੍ਰੀਕਿਰਿਆ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਨਾਲ ਮਨੁੱਖੀ ਜੀਵਨ ਉਤੇ ਪ੍ਰਸ਼ਨ ਚਿੰਨ ਲੱਗ ਰਿਹਾ ਹੈ। ਮਹਾਂਮਾਰੀ, ਕੁਦਰਤੀ ਆਫ਼ਤਾਂ ਇਸੇ ਦੇ ਸਿੱਟੇ ਵਜੋਂ ਸਾਹਮਣੇ ਆ ਰਹੀਆਂ ਹਨ।

- Advertisement -

ਧਰਤੀ ਉਤੇ ਅੱਜ ਪੌਦਿਆਂ, ਦਰਖ਼ਤਾਂ, ਫ਼ਸਲਾਂ, ਜੀਵ-ਜੰਤੂਆਂ ਉਤੇ ਪੂਰੀ ਸਰਦਾਰੀ ਮਨੁੱਖ ਦੀ ਹੈ। ਪੌਦਿਆਂ ਦਾ ਇੱਕ-ਇੱਕ ਬੀਜ ਮਨੁੱਖ ਦੀ ਮੁੱਠੀ ਵਿੱਚ ਹੈ। ਸਾਨੂੰ ਰੋਟੀ, ਦਾਲ, ਸਬਜ਼ੀਆਂ ਅਤੇ ਫ਼ਲ ਦੇਣ ਵਾਲੇ ਬੀਜ ਕਾਰਪੋਰੇਟ ਸੈਕਟਰਾਂ ਦੇ ਹਥਿਆਰ ਬਣ ਗਏ ਹਨ। ਧਰਤੀ ਉਤੇ ਕੋਈ ਇਹੋ ਜਿਹੀ ਚੀਜ਼ ਸ਼ਾਇਦ ਹੀ ਬਚਦੀ ਹੋਵੇ, ਜਿਹੜੀ ਮਨੁੱਖ ਦੀ ਅਣ-ਮਨੁੱਖੀ ਭੁੱਖ ਦਾ ਸ਼ਿਕਾਰ ਨਾ ਬਣੀ ਹੋਵੇ।

ਸੌਰ ਮੰਡਲ ਵਿੱਚ ਸਭ ਤੋਂ ਮਹੱਤਵਪੂਰਨ ਸਾਡੀ ਧਰਤੀ ਹੈ। ਆਪਣੇ ਧੁਰੇ ਦੁਆਲੇ ਇਹ 24 ਘੰਟੇ ਵਿੱਚ ਇੱਕ ਵਾਰ ਘੁੰਮਦੇ-ਘੁੰਮਦੇ 30 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਦਰ ਨਾਲ ਸੂਰਜ ਦੀ ਪਰਿਕਰਮਾ ਕਰਦੀ ਹੈ। ਆਪਣੀ ਇਕ ਸਾਲ ਦੀ ਲੰਮੀ ਪਰਿਕਰਮਾ ਵਿੱਚ ਧਰਤੀ ਵੱਖੋ-ਵੱਖਰੀਆਂ ਰੁੱਤਾਂ ਦੀ ਸਿਰਜਨਾ ਕਰਦੀ ਹੈ ਅਤੇ ਇਕ ਇਹੋ ਜਿਹਾ ਜਲਵਾਯੂ ਤੰਤਰ ਸਥਾਪਿਤ ਕਰਦੀ ਹੈ, ਜਿਸ ਵਿੱਚ ਅਣਗਿਣਤ ਜੀਵ-ਰੂਪ ਪੈਦਾ ਹੁੰਦੇ ਹਨ ਅਤੇ ਜੀਉਂਦੇ ਹਨ, ਇੱਕ ਹਰਿਆਵਲ ਖਿੜਦੀ ਹੈ ਅਤੇ ਸਾਰੇ ਜੀਵਧਾਰੀ ਆਪਣੀਆਂ ਸੁਭਾਵਿਕ ਪ੍ਰਵਿਰਤੀ ਅਨੁਸਾਰ ਵਿਕਾਸ ਕਰਦੇ ਹਨ। ਧਰਤੀ ਦੀ ਇੱਕ ਖ਼ਾਸ ਜਲਵਾਯੂ ਵਿਵਸਥਾ ਅਤੇ ਜੀਵ-ਮੰਡਲ ਦੀ ਅਨੂਠੀ ਵਿਵਸਥਾ ਹੈ, ਜੋ ਮਨੁੱਖੀ ਜੀਵਨ ਅਤੇ ਸ਼ਿ੍ਰਸ਼ਟੀ ਤੇ ਜੈਵਿਕ ਜੀਵਨ ਨੂੰ ਸੰਪੂਰਨਤਾ ਦਿੰਦੀ ਹੈ।

ਪਰ ਜਲਵਾਯੂ ਸੰਕਟ ਨੇ ਧਰਤੀ ਉਤੇ ਵੱਡਾ ਸੰਕਟ ਪੈਦਾ ਕੀਤਾ ਹੋਇਆ ਹੈ। ਧਰਤੀ ਨਿੱਤ ਪ੍ਰਤੀ ਮਨੁੱਖੀ ਕਾਰਨਾਮਿਆਂ ਕਾਰਨ ਗਰਮ ਹੋ ਰਹੀ ਹੈ। ਦੁਨੀਆ ਦੇ ਦੇਸ਼ਾਂ ਨੇ ਪੈਰਿਸ ਜਲਵਾਯੂ ਸੰਧੀ ਕੀਤੀ ਹੈ। ਉਸ ਵਿੱਚ ਸ਼ਾਮਲ ਦੁਨੀਆ ਦੇ ਮੁਲਕਾਂ ਨੇ ਇਹ ਤਹਿ ਕੀਤਾ ਹੈ ਕਿ ਇਸ ਸਦੀ ਦੇ ਅੰਤ ਤੱਕ ਕੁਦਰਤੀ ਗਰਮਾਹਟ ਨੂੰ ਦੋ ਡਿਗਰੀ ਸੈਟੀਗਰੇਟ ਤੱਕ ਸੀਮਤ ਕਰ ਦਿੱਤਾ ਜਾਏਗਾ ਪਰ ਜਿਸ ਦੁਰਗਤੀ ਨਾਲ ਧਰਤੀ ਉਤੇ ਦਰਖ਼ਤਾਂ ਦਾ ਕਤਲੇਆਮ ਹੋ ਰਿਹਾ ਹੈ, ਕਾਰਬਨ ਦੀ ਬੇਲੋੜੀ ਪੈਦਾਇਸ਼ ਹੋ ਰਹੀ ਹੈ, ਉਸਨੂੰ ਵੇਖਕੇ ਤਾਂ ਇਵੇਂ ਲੱਗਦਾ ਹੈ ਕਿ ਧਰਤੀ ਦਾ ਤਾਪਮਾਨ ਤਾਂ 2050 ਤੋਂ ਪਹਿਲਾ ਹੀ ਵੱਧ ਜਾਏਗਾ। ਫਿਰ ਸਦੀ ਦੇ ਅੰਤ ਤੱਕ ਕੀ ਹੋਏਗਾ, ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦੇ ਅਨੁਸਾਰ ਤਾਂ 600 ਵਰਿ੍ਹਆਂ ਵਿੱਚ ਧਰਤੀ ਅੱਗ ਦਾ ਗੋਲਾ ਬਣ ਜਾਏਗੀ। ਇਹੋ ਜਿਹੀਆਂ ਸਥਿਤੀਆਂ ‘ਚ ਮਨੁੱਖ ਹੋਰ ਕਿਹੜੀ ਧਰਤੀ ਲੱਭੇਗਾ? ਕਿਹੜੀ ਮਾਂ ਨੂੰ ਮਾਸੀ ਕਹੇਗਾ?

ਬ੍ਰਹਿਮੰਡ ਵਿੱਚ ਤਾਂ ਇੱਕ ਹੀ ਧਰਤੀ ਹੈ, ਇਹ ਧਰਤੀ ਸਾਡੀਆਂ ਲੋੜਾਂ ਨੂੰ ਪੂਰਿਆਂ ਕਰਨ ‘ਚ ਸਮਰੱਥ ਹੈ। ਇਹ ਧਰਤੀ ਸਾਨੂੰ ਅੰਨ ਦਿੰਦੀ ਹੈ, ਪਾਣੀ ਦਿੰਦੀ ਹੈ, ਸੁੰਦਰ ਵਾਤਾਵਰਨ ਦਿੰਦੀ ਹੈ, ਸਾਡੀ ਰੱਖਿਆ ਕਰਦੀ ਹੈ। ਪਰ ਜਿਸ ਢੰਗ ਨਾਲ ਅਸੀਂ ਇਸ ਧਰਤੀ ਉਤੇ ਦਬਾਅ ਬਣਾ ਰਹੇ ਹਾਂ, ਉਸ ਅਨੁਸਾਰ ਮਨੁੱਖੀ ਲੋੜਾਂ ਦੀ ਪੂਰਤੀ ਲਈ 1.7 ਧਰਤੀ ਦੀ ਲੋੜ ਹੈ। ਇਹ ਦੂਜੀ ਧਰਤੀ ਅਸੀਂ ਕਿਥੋਂ ਲਿਆਵਾਂਗੇ?

ਸਾਡੀ ਧਰਤੀ ਬ੍ਰਹਿੰਮਡ ਦਾ ਅਦਭੁੱਤ ਗ੍ਰਹਿ ਹੈ। ਮਨੁੱਖ ਨੇ ਜਿਹੜਾ ਗਿਆਨ ਹੁਣ ਤੱਕ ਪ੍ਰਾਪਤ ਕੀਤਾ ਹੈ, ਉਸ ਅਨੁਸਾਰ ਤਾਂ ਧਰਤੀ ਤਾਂ ਬ੍ਰਹਿੰਮਡ ਦਾ ਇਕੋ ਇੱਕ ਜੀਊਂਦਾ ਗ੍ਰਹਿ ਹੈ। ਇਸਦੇ ਕਣ-ਕਣ ਵਿੱਚ ਜੀਵਨ ਹੈ। ਸਮੁੰਦਰੀ ਤਹਿ ਤੋਂ ਲਗਭਗ 10 ਕਿਲੋਮੀਟਰ ਹੇਠ ਅੰਧੇਰੇ ਤੋਂ ਲੈਕੇ ਧਰਾਤਲ ਤੱਕ ਕੋਈ 12 ਕਿਲੋਮੀਟਰ ਉਪਰ ਤੱਕ ਧਰਤੀ ਜੀਵਨ ਨਾਲ ਭਰਪੂਰ ਹੈ। ਸਾਡੇ ਮਨ ‘ਚ ਸਦਾ ਹੀ ਇਹ ਤਮੰਨਾ ਰਹਿੰਦੀ ਹੈ ਕਿ ਜੇਕਰ ਅਸੀਂ ਕਿਸੇ ਹੋਰ ਬ੍ਰਹਿਮੰਡ ਤੋਂ ਧਰਤੀ ਨੂੰ ਵੇਖੀਏ ਤਾਂ, ਇਹ ਕਿਹੋ ਜਿਹੀ ਲੱਗਦੀ ਹੋਏਗੀ? ਅਤੇ ਜਦ ਮਨੁੱਖ ਨੇ ਕਿਸੇ ਹੋਰ ਥਾਂ ਤੋਂ ਨਿਹਾਰਿਆਂ ਤਾਂ ਇਹ ਅੰਤਾਂ ਦੀ ਸੁੰਦਰ ਲੱਗੀ। ਮਨੁੱਖ ਨੇ ਦੇਖਿਆ ਕਿ ਸਾਰੇ ਬ੍ਰਹਿਮੰਡ ਵਿੱਚ ਜੇਕਰ ਕੋਈ ਹੋਰ ਸੁੰਦਰ ਚੀਜ਼ ਹੈ, ਤਾਂ ਉਹ ਸਾਡੀ ਧਰਤੀ ਹੈ। ਅਸੀਂ ਆਪਣੀ ਅਤੀ-ਸੁੰਦਰ ਧਰਤੀ ਨੂੰ ਬਿਲੂ ਬਿਊਟੀ ਅਰਥਾਤ ਨੀਲ ਸੁੰਦਰੀ ਦਾ ਨਾਮ ਦਿੰਦੇ ਹਾਂ।

- Advertisement -

ਤਾਂ ਫਿਰ ਭਲਾ ਮਨੁੱਖ ਇਸ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਨਸ਼ਟ ਕਰਨ ਤੇ ਕਿਉਂ ਤੁਲਿਆ ਹੈ? ਕਿਉਂ ਉਹ ਧਰਤੀ ਉਤੇ ਰਹਿਕੇ ਇਸਦੇ ਸੁੰਦਰ ਵਾਤਾਵਰਨ ਦਾ, ਇਸਦੇ ਜੰਗਲਾਂ ਦਾ, ਇਸਦੇ ਅਤੀ ਸੁੰਦਰ ਦਿ੍ਰਸ਼ਾਂ ਦਾ ਨਜ਼ਾਰਾ ਮਾਨਣ ਦੀ ਥਾਂ ਇਸਨੂੰ ਗੰਦਗੀ ਦਾ ਢੇਰ ਬਣਾ ਰਿਹਾ ਹੈ? ਕਿਉਂ ਇਸਦੀ ਕੁੱਖ ਦੇ ਪਾਣੀ ਨੂੰ ਗੰਦਲਾ ਕਰਕੇ ਆਪਣੇ ਜੜ੍ਹੀਂ ਆਪ ਤੇਲ ਦੇ ਰਿਹਾ ਹੈ?

ਦੂਰ ਨਹੀਂ ਜਾਂਦੇ, ਖੇਤੀ ਦੇ ਮਾਡਲ ਦੀ ਗੱਲ ਕਰ ਲੈਂਦੇ ਹਾਂ। ਕੇਵਲ ਉਦਯੋਗਿਕ, ਖਪਤਵਾਦ ਅਤੇ ਪਦਾਰਥਕ ਸਹੂਲਤਾਂ ਨੂੰ ਹੀ ਵਿਕਾਸ ਦੇਣ ਵਾਲੇ ਸਿਧਾਂਤ ਨੂੰ ਲਾਗੂ ਕਰਦਿਆਂ ਮਨੁੱਖ ਨੇ ਦੁਨੀਆ ਭਰ ਵਿੱਚ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਬਣਾ ਲਿਆ। ਖੇਤੀਬਾੜੀ ਨੂੰ ਵੀ ਉਦਯੋਗਿਕ ਲੀਹਾਂ ਉਪਰ ਤੋਰਨ ਦੇ ਮਾਡਲ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਦਿੱਤਾ। ਕੀ ਮਨੁੱਖ ਖੇਤੀ ਨੂੰ ਕੁਦਰਤ ਨਾਲ ਇੱਕਸੁਰਤਾ ਵਾਲੀ ਕਿਰਤ ਪੱਖੀ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਵਾਲੀ ਨਹੀਂ ਸੀ ਬਣਾ ਸਕਦਾ?

ਅਸਲ ਵਿੱਚ ਜੀਊਣ ਵਾਸਤੇ ਸੱਤ ਤਾਰਾ ਹੋਟਲਾਂ ਦੀ ਆਯਾਸ਼ੀ ਦੇ ਬਜਾਇ, ਸਭ ਨੂੰ ਲੋੜ ਅਨੁਸਾਰ ਮਿਲਣ ਅਤੇ ਸਮਰੱਥਾ ਅਨੁਸਾਰ ਕੰਮ ਕਰਨ ਦੇ ਸਿਧਾਂਤ ਦੇ ਕੁਦਰਤੀ ਨਿਯਮਾਂ ਦੇ ਵੱਲ ਮੁੜਨਾ, ਅਸਲੀ ਤੌਰ ਤੇ ਕੁਦਰਤ ਨਾਲ ਸਾਂਝ ਪਾਉਣ ਦਾ ਇਕੋ ਰਾਸਤਾ ਹੈ। ਅੱਜ ਦੇ ਯੁੱਗ ਵਿੱਚ ਤਾਂ ਮਨੁੱਖ ਮਨੁੱਖ ਤੋਂ ਡਰਨ ਲੱਗ ਪਿਆ ਹੈ। ਆਰਥਿਕ ਤੌਰ ਤੇ ਕੰਮਜ਼ੋਰ ਤਬਕੇ ਦੀ ਹਾਲਾਤ ਬਹੁਤ ਖ਼ਰਾਬ ਹੈ। ਪਿੰਡਾਂ ਤੋਂ ਸ਼ਹਿਰਾਂ ਅਤੇ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਲੋਕ ਜਾਣ ਲਈ ਮਜ਼ਬੂਰ ਹਨ। ਜਿਸਦਾ ਸਿੱਟਾ ਪ੍ਰਵਾਸ ‘ਚ ਨਿਕਲਦਾ ਹੈ, ਜਿਹੜਾ ਬਹੁਤੀਆਂ ਹਾਲਤਾਂ ਵਿੱਚ ਨਾ ਰੋਟੀ ਦੇ ਸਕਦਾ ਹੈ, ਨਾ ਰਹਿਣ ਲਈ ਥਾਂ ਅਤੇ ਨਾ ਹੀ ਮਨੁੱਖੀ ਹਮਦਰਦੀ। ਧਰਤੀ ਉਤੇ ਮਨੁੱਖ ਦਾ ਜੀਊਣਾ ਔਖਾ ਹੋ ਗਿਆ ਹੈ।

ਧਰਤੀ ਨਾਲ ਕੀਤੇ ਜਾ ਰਹੇ ਜ਼ੁਲਮ ਦੀ, ਸ਼ਾਇਦ ਭਾਰਤ ਦੇ ਹਰਿਆਲੇ, ਪ੍ਰਕਿਰਤੀ ਭਰਪੂਰ, ਦਰਿਆਵਾਂ ਦੀ ਧਰਤੀ ਪੰਜਾਬ ਤੋਂ ਵੱਧ, ਹੋਰ ਕਿਸੇ ਸੂਬੇ ਦੀ ਉਦਾਹਰਨ ਦਿੱਤੀ ਹੀ ਨਹੀਂ ਜਾ ਸਕਦੀ। ਪੰਜ ਪਾਣੀਆਂ ਦੀ ਧਰਤੀ ਦੇ ਬੰਜਰ ਹੋਣ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਹੀ ਜਿਆਦਾ ਡੂੰਘਾ ਚਲਾ ਗਿਆ ਹੈ। ਇੱਕ ਸਰਵੇ ਅਨੁਸਾਰ ਪੰਜਾਬ ਦੇ 138 ਬਲਾਕਾਂ ਵਿੱਚੋਂ 109 ਬਲਾਕ ਤਾਂ ਅਤਿ ਸ਼ੋਸ਼ਤ ਖਿੱਤੇ ਵਿੱਚ ਚਲੇ ਗਏ ਹਨ। ਕੁਝ ਕੁ ਹੋਰ ਬਲਾਕ ਸੇਮ ਦੇ ਮਾਰੇ ਹਨ। ਪੰਜਾਬ ਦੀ ਪੌਣ, ਪਲੀਤ ਹੋ ਚੁੱਕੀ ਹੈ ਅਤੇ ਖੇਤੀਬਾੜੀ ਦੇ ਉਦਯੋਗਿਕ ਮਾਡਲ ਨੇ ਮਿੱਟੀ ਦੀ ਸ਼ਕਤੀ ਨੂੰ ਢਾਅ ਲਾਈ ਹੈ। ਤੰਦਰੁਸਤ ਤੇ ਰਿਸ਼ਟ-ਪੁਸ਼ਟ, ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀਆਂ ਦੇ ਘਰਾਂ ਵਿੱਚ ਕੈਂਸਰ, ਕਾਲਾ ਪੀਲੀਆ ਤੇ ਹੋਰ ਭਿਆਨਕ ਬੀਮਾਰੀਆਂ ਨੇ ਪੈਰ ਪਸਾਰ ਲਏ ਹਨ। ਸੂਬੇ ਦੀ ਆਰਥਿਕਤਾ ਦਾ ਵੀ ਲੱਕ ਟੁੱਟ ਗਿਆ ਹੈ। ਸੂਬੇ ਪੰਜਾਬ ਦੇ ਜ਼ੁੰਮੇ ਸਵਾ ਦੋ ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਿਆ ਹੈ। ਸੂਬੇ ਦੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਪੰਜਾਬ ਦੀ ਸਥਿਤੀ ਇਹ ਹੋ ਗਈ ਹੈ ਕਿ ਲੋਕਾਂ ਦੇ ਦਿਮਾਗਾਂ ਵਿੱਚ ਕੈਨੇਡਾ, ਅਮਰੀਕਾ, ਅਸਟ੍ਰੇਲੀਆ ਵਸ ਗਿਆ ਹੈ ਤੇ ਪੰਜਾਬ ਉਸ ਦੇ ਸੁਪਨਿਆਂ ਤੋਂ ਗਾਇਬ ਹੋ ਗਿਆ ਹੈ।

ਸਧਾਰਨ ਮਨੁੱਖ ਦਾ ਧਰਤੀ ਨਾਲ ਇੰਝ ਨਿਰਮੋਹੇ ਹੋਣਾ ਭਾਵੇਂ ਆਰਥਿਕ ਵਿਕਾਸ ਦੀ ਹੋੜ ਕਿਹਾ ਜਾਏ, ਪਰ ਅਸਲ ਅਰਥਾਂ ‘ਚ ਧੰਨ-ਕੁਬੇਰਾਂ ਵਲੋਂ ਆਰਥਿਕ ਤਾਕਤ, ਸਿਆਸੀ ਤਾਕਤ ਹਥਿਆਉਣ ਅਤੇ ਸਭ ਕੁਝ ਆਪਣੇ ਹਿੱਤਾਂ ‘ਚ ਢਾਲਣ ਕਾਰਨ ਹੋ ਰਿਹਾ ਹੈ।

-ਗੁਰਮੀਤ ਸਿੰਘ ਪਲਾਹੀ

Share this Article
Leave a comment